ਜਿਸ ਤਿਰੰਗੇ ਝੰਡੇ ਦਾ ਹੁਕਮਰਾਨ ਪ੍ਰਚਾਰ ਕਰ ਰਹੇ ਹਨ, ਉਸ ਵਿਚ ਸਿੱਖ ਕੌਮ ਦਾ ਨਾ ਤਾਂ ਕੋਈ ਰੰਗ ਹੈ ਅਤੇ ਨਾ ਹੀ ਕੋਈ ਚਿੰਨ੍ਹ : ਮਾਨ
ਫ਼ਤਹਿਗੜ੍ਹ ਸਾਹਿਬ, 10 ਅਗਸਤ ( ) “ਸ੍ਰੀ ਨਰਿੰਦਰ ਮੋਦੀ ਦੀ ਮੁਤੱਸਵੀ ਹਕੂਮਤ ਅਤੇ ਹੋਰ ਹਿੰਦੂਤਵ ਜਮਾਤਾਂ ਜਿਸ ਤਿਰੰਗੇ ਦਾ ਪ੍ਰਚਾਰ ਕਰ ਰਹੇ ਹਨ, ਉਸ ਵਿਚ ਸਿੱਖ ਕੌਮ ਦੇ ਮਾਣ-ਸਨਮਾਨ ਨੂੰ ਕਾਇਮ ਰੱਖਣ ਲਈ ਹੁਕਮਰਾਨਾਂ ਨੇ ਨਾ ਤਾਂ ਸਿੱਖ ਕੌਮ ਦੇ ਕਿਸੇ ਰੰਗ ਨੂੰ ਪਾਇਆ ਹੈ ਅਤੇ ਨਾ ਹੀ ਉਸ ਵਿਚ ਸਿੱਖ ਕੌਮ ਦੇ ਚਿੰਨ੍ਹ ਕਿਰਪਾਨ ਜਾਂ ਖੰਡਾ ਨਹੀਂ ਪਾਇਆ । ਫਿਰ ਇਸ ਤਿਰੰਗੇ ਝੰਡੇ ਨੂੰ ਸਿੱਖ ਕੌਮ ਕਿਸ ਤਰ੍ਹਾਂ ਪ੍ਰਵਾਨ ਕਰ ਸਕਦੀ ਹੈ ਜਾਂ ਆਪਣੇ ਘਰਾਂ-ਕਾਰੋਬਾਰਾਂ ਉਤੇ ਲਹਿਰਾਅ ਸਕਦੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋਂ ਅਤੇ ਹਿੰਦੂਤਵ ਜਮਾਤਾਂ ਵੱਲੋਂ 14-15 ਅਗਸਤ ਲਈ ਤਿਰੰਗੇ ਝੰਡੇ ਨੂੰ ਲਹਿਰਾਉਣ ਤੇ ਪ੍ਰਚਾਰਨ, ਲਿਖਤੀ ਹੁਕਮ ਕਰਕੇ ਸਾਡੇ ਗੁਰੂਘਰਾਂ ਉਤੇ ਇਸ ਤਿਰੰਗੇ ਨੂੰ ਝੁਲਾਉਣ ਦੇ ਜੋ ਤਾਨਾਸਾਹੀ ਹੁਕਮ ਕੀਤੇ ਜਾ ਰਹੇ ਹਨ, ਮੁਤੱਸਵੀ ਸੋਚ ਅਧੀਨ ਕਾਂਗਰਸ ਵੱਲੋਂ ‘ਭਾਰਤ ਜੋੜੋ’ ਯਾਤਰਾ 07 ਸਤੰਬਰ ਤੋਂ ਸੁਰੂ ਕਰਕੇ ਅਡੰਬਰ ਰਚੇ ਜਾ ਰਹੇ ਹਨ, ਅਸਲੀਅਤ ਵਿਚ ਅਜਿਹੇ ਫਿਰਕੂ ਪ੍ਰੌਗਰਾਮ ਇਨ੍ਹਾਂ ਦੀ ਪਾੜੋ ਅਤੇ ਰਾਜ ਕਰੋ ਦੀ ਸਿਆਸੀ ਨੀਤੀ ਦੇ ਹਿੱਸਾ ਹਨ ਅਤੇ ਮਨੁੱਖਤਾ ਨੂੰ ਜੋੜਨ ਦੀ ਬਜਾਇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਤੋੜਨ ਦੇ ਅਮਲ ਕਰ ਰਹੇ ਹਨ, ਉਸਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸਿੱਖ ਕੌਮ ਨੂੰ 14-15 ਅਗਸਤ ਨੂੰ ਆਪਣੇ ਘਰਾਂ-ਕਾਰੋਬਾਰਾਂ ਉਤੇ ਆਪਣੇ ਕੌਮੀ ਕੇਸਰੀ ਝੰਡੇ ਲਹਿਰਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਹ ਸਿੱਖ ਕੌਮ ਲਈ ਪ੍ਰਵਾਨ ਕਰਨ ਯੋਗ ਨਹੀ ਹਨ ਅਤੇ ਨਾ ਹੀ ਸਿੱਖ ਆਪਣੇ ਗੁਰੂਘਰਾਂ ਉਤੇ ਅਜਿਹੇ ਕਿਸੇ ਤਿਰੰਗੇ ਝੰਡੇ ਨੂੰ ਲਹਿਰਾਉਣ ਦੀ ਇਜਾਜਤ ਦੇਣਗੇ । ਉਨ੍ਹਾਂ ਕਿਹਾ ਕਿ ਇਹ ਤਿਰੰਗਾ ਝੰਡਾ ਤਾਂ ਕਾਂਗਰਸ ਦਾ ਝੰਡਾ ਸੀ ਜੋ ਸਾਡੇ ਉਤੇ ਉਸਨੂੰ ਹੀ ਥੋਪ ਦਿੱਤਾ ਗਿਆ । ਇਸ ਸੰਬੰਧੀ ਸਿੱਖ ਕੌਮ ਦੀ ਨਾ ਤਾਂ ਕੋਈ ਰਾਏ ਲਈ ਗਈ ਹੈ ਅਤੇ ਨਾ ਹੀ ਸਾਨੂੰ ਪਾਰਲੀਮੈਟ ਵਿਚ ਇਸ ਵਿਸ਼ੇ ਉਤੇ ਬੋਲਣ ਦਿੱਤਾ ਜਾਂਦਾ ਹੈ । ਜੇਕਰ ਇਸ ਝੰਡੇ ਵਿਚ ਸਾਡਾ ਮਾਣ-ਸਨਮਾਨ ਕਾਇਮ ਹੀ ਨਹੀ ਰੱਖਣਾ ਸੀ ਫਿਰ ਸਾਨੂੰ 1947 ਸਮੇਂ ਆਪਣੇ ਨਾਲ ਕਿਉ ਲਗਾਇਆ ਗਿਆ । ਇਹ ਬਹੁਤ ਹੀ ਦੁੱਖ ਅਤੇ ਅਫਸੋਸ ਵਾਲੇ ਅਮਲ ਹੁੰਦੇ ਆ ਰਹੇ ਹਨ ਕਿ ਜੋ ਲਦਾਖ ਦਾ 39,000 ਸਕੇਅਰ ਵਰਗ ਕਿਲੋਮੀਟਰ ਸਾਡੇ ਲਾਹੌਰ ਖਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ 1834 ਵਿਚ ਫਤਹਿ ਕਰਕੇ ਆਪਣੇ ਰਾਜਭਾਗ ਵਿਚ ਸਾਮਿਲ ਕੀਤਾ ਸੀ ਅਤੇ 1819 ਵਿਚ ਅਫਗਾਨੀਸਤਾਨ ਦਾ ਕਸਮੀਰ ਸੂਬਾ ਆਪਣੇ ਰਾਜਭਾਗ ਵਿਚ ਸਾਮਿਲ ਕੀਤਾ ਸੀ ਉਹ ਸਭ ਇਨ੍ਹਾਂ ਨੇ ਪਾਕਿਸਤਾਨ ਅਤੇ ਚੀਨ ਨੂੰ ਲੁੱਟਾ ਦਿੱਤੇ ਹਨ । ਜਦੋ ਹੁਣ ਚੀਨ ਦੀ ਤਵੱਜੋ ਇਸ ਸਮੇ ਤਾਈਵਾਨ ਉਤੇ ਕੇਦਰਿਤ ਹੈ ਫਿਰ ਇਹ ਮੁਤੱਸਵੀ ਹਿੰਦੂਤਵ ਹੁਕਮਰਾਨ ਹੁਣ ਚੀਨ ਤੋ ਉਹ ਖੋਹਿਆ ਹੋਇਆ ਇਲਾਕਾ ਵਾਪਸ ਲੈਣ ਲਈ ਕਿਉਂ ਅਮਲ ਨਹੀ ਕਰਦੇ ? ਸ. ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿਚ ਫਿਰ ਦੇਸ਼-ਵਿਦੇਸ਼ਾਂ ਵਿਚ ਬੈਠੀ ਸਿੱਖ ਕੌਮ ਨੂੰ 14-15 ਅਗਸਤ ਨੂੰ ਆਪਣੇ ਘਰਾਂ-ਕਾਰੋਬਾਰਾਂ ਵਹੀਕਲਜ ਆਦਿ ਤੇ ਖ਼ਾਲਸਾਈ ਕੌਮੀ ਨਿਸ਼ਾਨ ਸਾਹਿਬ ਝੁਲਾਉਣ ਦੀ ਜੋਰਦਾਰ ਅਪੀਲ ਵੀ ਕੀਤੀ ।