ਸੰਗਰੂਰ ਜਿਮਨੀ ਚੋਣ ਹਾਰ ਕੇ, ਹਰਿਆਣਾ-ਹਿਮਾਚਲ ਅਤੇ ਗੁਜਰਾਤ ਵਿਚ ਹੋਣ ਜਾ ਰਹੀ ਹਾਰ ਤੋਂ ਬੁਖਲਾਹਟ ਵਿਚ ਆ ਕੇ, ਭਗਵੰਤ ਮਾਨ ਗੈਰ-ਜਿ਼ੰਮੇਵਰਾਨੀ ਬਿਆਨਬਾਜੀ ਕਰ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 01 ਅਗਸਤ ( ) “ਕਿਉਂਕਿ ਸੰਗਰੂਰ ਲੋਕ ਸਭਾ ਜਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ 92 ਵਿਧਾਨਕਾਰਾਂ ਵੱਲੋਂ ਬੈਠਣ, 4 ਵਜ਼ੀਰਾਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੂਰਾ ਟਿੱਲ ਲਗਾਉਣ ਦੇ ਬਾਵਜੂਦ ਵੀ ਜਦੋਂ ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰਾਂ, ਨਿਵਾਸੀਆਂ ਅਤੇ ਸਮੁੱਚੇ ਪੰਜਾਬ ਨਿਵਾਸੀਆਂ ਨੇ ਸ. ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਫਤਵਾ ਦੇ ਦਿੱਤਾ ਅਤੇ ਸਾਨੂੰ ਸ਼ਾਨਦਾਰ ਜਿੱਤ ਦੇ ਕੇ ਪਾਰਲੀਮੈਂਟ ਵਿਚ ਭੇਜਿਆ ਤਾਂ ਕੇਵਲ ਪੰਜਾਬ ਵਿਚ ਹੀ ਨਹੀ ਬਲਕਿ ਦਿੱਲੀ ਤੇ ਪੂਰੀ ਇੰਡੀਆਂ ਵਿਚ ਆਮ ਆਦਮੀ ਪਾਰਟੀ ਦੇ ਸੇਖਚਿੱਲੀ ਦੇ ਸੁਪਨਿਆ ਦੀ ਤਰ੍ਹਾਂ ਹਰਿਆਣਾ, ਹਿਮਾਚਲ ਅਤੇ ਗੁਜਰਾਤ ਵਿਚ ਆਪਣੀਆ ਸਰਕਾਰਾਂ ਬਣਾਉਣ ਦੇ ਸੁਪਨੇ ਦੇ ਮਹਿਲ ਢਹਿ-ਢੇਰੀ ਹੋਣ ਜਾ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੀ ਪੂਰੀ ਤਰ੍ਹਾਂ ਫੂਕ ਨਿਕਲ ਗਈ ਤਾਂ ਸ. ਭਗਵੰਤ ਸਿੰਘ ਮਾਨ ਇਨ੍ਹਾਂ ਦੀ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ ਮੈਬਰਾਂ ਨੇ ਗੈਰ ਇਖਲਾਕੀ ਢੰਗ ਨਾਲ ਮੈਨੂੰ ਅਤੇ ਮੇਰੇ ਪਰਿਵਾਰਿਕ ਮੈਬਰਾਂ ਨੂੰ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਉਣ ਦੀ ਸਾਜਿਸ ਰਚੀ ਕਿ ਮੇਰੇ ਪੁੱਤਰ ਸ. ਇਮਾਨ ਸਿੰਘ ਮਾਨ ਦੇ ਸਿਵਾਲਿਕ ਦੀਆਂ ਪਹਾੜੀਆਂ ਵਿਚ ਚੰਡੀਗੜ੍ਹ ਦੇ ਨਜਦੀਕ ਜੋ ਸਾਡੀ 1.25 (ਸਵਾ ਏਕੜ) ਜੱਦੀ ਜ਼ਮੀਨ ਹੈ, ਉਸਨੂੰ ਝੂਠ ਦਾ ਸਹਾਰਾ ਲੈਕੇ 125 ਏਕੜ ਦਰਸਾਕੇ ਸਾਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਅਤੇ ਸਾਡੇ ਮਿੱਥੇ ਕੌਮੀ ਨਿਸ਼ਾਨੇ ਨੂੰ ਬਦਨਾਮ ਕਰਨ ਦੀ ਅਸਫਲ ਕੋਸਿ਼ਸ਼ ਸੁਰੂ ਕਰ ਦਿੱਤੀ । ਜਿਸਦਾ ਸੱਚ ਬੀਤੇ ਦਿਨੀਂ ਸ. ਕੁਸਲਪਾਲ ਸਿੰਘ ਮਾਨ ਜਰਨਲ ਸਕੱਤਰ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਰਫੰਸ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਝੂਠ ਅਤੇ ਸਾਡੇ ਸੱਚ ਦਾ ਨਿਤਾਰਾ ਕਰ ਦਿੱਤਾ ਤਾਂ ਇਹ ਫਿਰ ਬੁਖਲਾਹਟ ਵਿਚ ਆ ਕੇ ਸਾਡੇ ਉਤੇ ਬੀਤੇ ਸਮੇਂ ਦੇ ਇਤਿਹਾਸ ਦੇ ਹਵਾਲੇ ਦੇ ਕੇ ਨਿਰਆਧਾਰ ਦੋਸ਼ ਲਗਾਉਣੇ ਸੁਰੂ ਕਰ ਦਿੱਤੇ ਜਿਸ ਵਿਚ ਇਨ੍ਹਾਂ ਦੀ ਪਿੱਠ ਜੋ ਲੱਗ ਚੁੱਕੀ ਹੈ, ਇਕ ਵਾਰੀ ਫਿਰ ਅਦਾਲਤੀ ਕਟਹਿਰੇ ਵਿਚ ਲੱਗਣ ਲਈ ਤਿਆਰ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੇਰੇ ਅਤੇ ਮੇਰੇ ਪਰਿਵਾਰ ਸੰਬੰਧੀ ਨਿਰਆਧਾਰ ਅਤੇ ਕੀਤੀ ਜਾ ਰਹੀ ਹੋਛੀ ਬਿਆਨਬਾਜੀ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਪੰਜਾਬ ਵਿਚ ਆਪਣੀ ਹੋਈ ਹਾਰ ਅਤੇ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ, ਗੁਜਰਾਤ ਦੀਆਂ ਚੋਣਾਂ ਵਿਚ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਹੋਣ ਜਾ ਰਹੇ ਹਸ਼ਰ ਤੋਂ ਬੁਖਲਾਹਟ ਵਿਚ ਆ ਕੇ ਇਹ ਵੀ ਭੁੱਲ ਚੁੱਕੇ ਹਨ ਕਿ ਉਹ ਕਿਸ ਅਹਿਮ ਅਹੁਦੇ ਉਤੇ ਬਿਰਾਜਮਾਨ ਹਨ ਅਤੇ ਉਸ ਅਹੁਦੇ ਦਾ ਕੀ ਪ੍ਰੋਟੋਕੋਲ, ਨਿਯਮ, ਅਸੂਲ ਹੁੰਦੇ ਹਨ ਅਤੇ ਕਿਸੇ ਤਰ੍ਹਾਂ ਦੀ ਕੋਈ ਬਿਆਨਬਾਜੀ ਕਰਦੇ ਹੋਏ ਉਹ ਐਨੇ ਨਿਘਾਰ ਵੱਲ ਚਲੇ ਜਾਣਗੇ ਕਿ ਉਨ੍ਹਾਂ ਨੂੰ ਇਹ ਵੀ ਗਿਆਨ ਨਹੀ ਰਹੇਗਾ ਕਿ ਉਹ ਜੋ ਬੋਲ ਰਹੇ ਹਨ, ਉਸ ਵਿਚ ਇਖਲਾਕੀ, ਵਿਧਾਨਿਕ ਅਤੇ ਕਾਨੂੰਨੀ ਕਦਰਾਂ-ਕੀਮਤਾਂ ਗਾਇਬ ਹੋ ਜਾਣਗੀਆ । ਸ. ਮਾਨ ਨੇ ਅੱਗੇ ਚੱਲਕੇ ਕਿਹਾ ਕਿ ਇਨ੍ਹਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਤੇ ਇਨ੍ਹਾਂ ਦੇ ਬੀਜੇਪੀ-ਆਰ.ਐਸ.ਐਸ. ਦੇ ਹੁਕਮਾਂ ਤੇ ਕੰਮ ਕਰਨ ਵਾਲੇ ਦਿੱਲੀ ਦੇ ਕਰਿੰਦਿਆ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਅਸੀ (ਸਿੱਖ ਕੌਮ) ਨੇ ਅਹਿਮਦਸ਼ਾਹ ਅਬਦਾਲੀ, ਮੱਸਾ ਰੰਘੜ, ਜਕਰੀਆ ਖਾਂ, ਔਰੰਗਜੇਬ, ਇੰਦਰਾ ਗਾਂਧੀ, ਰਾਜੀਵ ਗਾਂਧੀ, ਬੇਅੰਤ ਸਿੰਘ, ਸ. ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਸਭ ਜਾਬਰਾਂ ਅਤੇ ਜਾਲਮਾਂ ਜਿਨ੍ਹਾਂ ਨੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ, ਅਸਹਿ ਤੇ ਅਕਹਿ ਜ਼ਬਰ ਜੁਲਮ ਕੀਤੇ ਹਨ, ਉਹ ਅਸੀ ਸਭ ਝੱਲੇ ਹਨ ਅਤੇ ਟਾਕਰਾ ਕੀਤਾ ਹੈ । ਉਨ੍ਹਾਂ ਦੇ ਨਾਮੋ-ਨਿਸਾਨ ਅੱਜ ਇਤਿਹਾਸ ਵਿਚੋ ਜਾਂ ਤਾਂ ਗਾਇਬ ਹਨ ਜਾਂ ਹਾਸੀਏ ਤੇ ਹਨ । ਅਸੀਂ ਤਾਂ ਬੀਤੇ ਸਮੇਂ ਵਿਚ ਵੀ ਅਤੇ ਅੱਜ ਵੀ ਅਜਿਹੀਆ ਤਾਕਤਾਂ ਅਤੇ ਉਨ੍ਹਾਂ ਦੀਆਂ ਪੰਜਾਬ ਤੇ ਸਿੱਖ ਵਿਰੋਧੀ ਸਾਜਿ਼ਸਾਂ ਦਾ ਦ੍ਰਿੜਤਾਂ ਨਾਲ ਟਾਕਰਾ ਵੀ ਕਰਦੇ ਆਏ ਹਾਂ ਅਤੇ ਫ਼ਤਹਿ ਵੀ ਪ੍ਰਾਪਤ ਕਰਦੇ ਆਏ ਹਾਂ, ਪਰ ਜੋ ਸ. ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਪਾਰਟੀ ਅਜਿਹੀਆ ਦਿਸ਼ਾਹੀਣ ਕਾਰਵਾਈਆ ਕਰਕੇ ਅਤੇ ਗੈਰ ਇਖਲਾਕੀ ਬਿਆਨਬਾਜੀ ਕਰਕੇ ਪੰਜਾਬ ਸੂਬੇ ਦੇ ਮਾਹੌਲ ਨੂੰ ਵਿਸਫੋਟਕ ਸਥਿਤੀ ਵੱਲ ਵਧਾ ਰਹੇ ਹਨ, ਉਸਦੇ ਨਿਕਲਣ ਵਾਲੇ ਮਾਰੂ ਨਤੀਜਿਆ ਦਾ ਸਾਇਦ ਇਨ੍ਹਾਂ ਨਵੇ ਇਨਕਲਾਬੀਆ ਨੂੰ ਗਿਆਨ ਨਹੀਂ ਅਤੇ ਇਨ੍ਹਾਂ ਤੋਂ ਇਹ ਬਣਦੀ ਜਾ ਰਹੀ ਸਥਿਤੀ ਕਾਬੂ ਨਹੀ ਹੋਣੀ ਜਿਸਦੇ ਜਿ਼ੰਮੇਵਾਰ ਇਹ ਸਿੱਧੇ ਤੌਰ ਤੇ ਹੋਣਗੇ । ਇਹ ਨਵੇ ਉੱਠੇ ਬਣਾਉਟੀ ਇਨਕਲਾਬ ਜਿ਼ੰਦਾਬਾਦ ਕਹਿਣ ਵਾਲੇ ਕਿੱਧਰ ਦੇ ਇਖਲਾਕੀ ਹਨ, ਜੋ ਮਹਾਰਾਜਾ ਰਣਜੀਤ ਸਿੰਘ ਵਰਗੀ ਸਿੱਖ ਕੌਮ ਦੀ ਮਹਾਨ ਸਖਸ਼ੀਅਤ ਅਤੇ ਲਾਹੌਰ ਖ਼ਾਲਸਾ ਰਾਜ ਦਰਬਾਰ ਦੇ ਬਾਦਸ਼ਾਹ ਦੀਆਂ ਲੰਮੇ ਸਮੇ ਤੋਂ ਪੰਜਾਬ ਦੇ ਸਮੁੱਚੇ ਸਰਕਾਰੀ ਦਫ਼ਤਰਾਂ ਵਿਚ ਲੱਗੀਆਂ ਸਤਿਕਾਰਿਤ ਫੋਟੋਆਂ ਉਤਰਵਾਕੇ ਉਸਦੀਆਂ ਫੋਟੋਆਂ ਜ਼ਬਰੀ ਲਗਵਾਈਆ ਜਿਸ ਨੂੰ ਇੰਡੀਆਂ ਹਕੂਮਤ, ਇਥੋ ਦੀ ਪਾਰਲੀਮੈਂਟ, ਪੰਜਾਬ ਦੀ ਅਸੈਬਲੀ ਨੇ ਤਾਂ ਕਦੀ ਸ਼ਹੀਦ ਪ੍ਰਵਾਨ ਨਹੀ ਕੀਤਾ । ਜੇਕਰ ਐਨੇ ਹੀ ਇਹ ਆਮ ਆਦਮੀ ਪਾਰਟੀ ਅਤੇ ਭਗਵੰਤ ਸਿੰਘ ਮਾਨ ਸੰਜ਼ੀਦਾ ਹਨ, ਪਹਿਲੇ ਇੰਡੀਅਨ ਪਾਰਲੀਮੈਂਟ ਅਤੇ ਅਸੈਬਲੀ ਵਿਚ ਉਸਨੂੰ ਸ਼ਹੀਦ ਦਾ ਦਰਜਾ ਤਾਂ ਦਿਵਾਉਣ ਦੇ ਮਤੇ ਪਾਸ ਕਰਵਾ ਲੈਣ । ਉਨ੍ਹਾਂ ਕਿਹਾ ਕਿ ਜਦੋਂ ਆਈ.ਬੀ. ਅਤੇ ਦਿੱਲੀ ਪੁਲਿਸ ਨੇ ਭਾਈ ਸੁੱਭਦੀਪ ਸਿੰਘ ਮੂਸੇਵਾਲਾ ਦੇ ਕਤਲ ਹੋਣ ਦੀ ਪੰਜਾਬ ਸਰਕਾਰ ਨੂੰ ਅਗਾਊ ਤੌਰ ਤੇ ਜਾਣਕਾਰੀ ਦੇ ਦਿੱਤੀ ਸੀ, ਉਸ ਉਪਰੰਤ ਵੀ ਉਸਦੀ ਸੁਰੱਖਿਆ ਨੂੰ ਘਟਾਉਣ ਅਤੇ ਸੋਸਲ ਮੀਡੀਆ ਉਤੇ ਖੁੱਲ੍ਹੀ ਜਾਣਕਾਰੀ ਦੇਣ ਦੀ ਗੁਸਤਾਖੀ ਕਰਕੇ ਕਾਤਲਾਂ ਨੂੰ ਅਜਿਹਾ ਕਰਨ ਲਈ ਉਤਸਾਹਿਤ ਕਰਨ ਲਈ ਪੰਜਾਬ ਸਰਕਾਰ ਕੀ ਜਿ਼ੰਮੇਵਾਰ ਨਹੀਂ ? ਜਦੋ ਉਨ੍ਹਾਂ ਨੂੰ ਜਾਣਕਾਰੀ ਸੀ ਫਿਰ ਉਸਦੀ ਸੁਰੱਖਿਆ ਕਿਉਂ ਘਟਾਈ ਗਈ ? ਤਫਤੀਸਕਾਰ ਅਫਸਰਾਨ ਵੱਲੋਂ ਇਸ ਗੱਲ ਦੀ ਡੂੰਘੀ ਤਹਿਕੀਕਾਤ ਕਰਨ ਅਤੇ ਇਸ ਹੋਏ ਕਤਲ ਵਿਚ ਪੰਜਾਬ ਸਰਕਾਰ ਅਤੇ ਅਫਸਰਾਨ ਦੀ ਜਿ਼ੰਮੇਵਾਰੀ ਨੂੰ ਵੀ ਸਾਹਮਣੇ ਲਿਆਉਣਾ ਬਣਦਾ ਹੈ ।