ਬੀਜੇਪੀ-ਆਰ.ਐਸ.ਐਸ. ਦੇ ਏਜੰਟ ਰਾਘਵ ਚੱਢਾ ਨੂੰ ਯੋਜਨਾ ਬੋਰਡ ਪੰਜਾਬ ਦੇ ਚੇਅਰਮੈਨ ਬਣਾਉਣ ਦੇ ਹੋ ਰਹੇ ਅਮਲ, ਅਸਲੀਅਤ ਵਿਚ ਸੀ.ਐਮ. ਦੇ ਅਹੁਦੇ ਉਤੇ ਕਾਬਜ ਹੋਣ ਦੀ ਸਾਜਿ਼ਸ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 08 ਜੁਲਾਈ ( ) “ਪੰਜਾਬ, ਪੰਜਾਬੀ, ਸਿੱਖ ਕੌਮ ਵਿਰੋਧੀ ਤਾਕਤਾਂ ਅਤੇ ਏਜੰਸੀਆਂ ਕਿਵੇਂ ਕੰਮ ਕਰਦੀਆ ਹਨ, ਉਨ੍ਹਾਂ ਦੀ ਸੋਚ ਦੇ ਅਮਲ ਦੀ ਪ੍ਰਤੱਖ ਉਦਾਹਰਣ ਉਦੋ ਸਾਹਮਣੇ ਆ ਜਾਂਦੀ ਹੈ ਕਿ ਜਦੋ ਤੋਂ ਆਮ ਆਦਮੀ ਪਾਰਟੀ ਪੰਜਾਬ ਵਿਚ ਸਤ੍ਹਾ ਵਿਚ ਆਈ ਹੈ, ਉਸ ਸਮੇ ਤੋ ਸ੍ਰੀ ਕੇਜਰੀਵਾਲ ਅਤੇ ਉਨ੍ਹਾਂ ਦੀ ਚੰਡਾਲ ਚੌਕੜੀ ਦੀਆਂ ਗਤੀਵਿਧੀਆ ਅਜਿਹੀਆ ਰਹੀਆ ਹਨ ਕਿ ਸ੍ਰੀ ਕੇਜਰੀਵਾਲ ਆਪਣੇ ਆਪ ਨੂੰ ਪੰਜਾਬ ਦੇ ਸੂਪਰ ਸੀ.ਐਮ. ਸਾਬਤ ਕਰ ਸਕਣ । ਪੰਜਾਬ ਆਮ ਆਦਮੀ ਪਾਰਟੀ ਦੇ ਸਭ ਕਰਤਾ-ਧਰਤਾ ਸ੍ਰੀ ਕੇਜਰੀਵਾਲ ਦੇ ਜੀ-ਹਜੂਰੀ ਸਾਬਤ ਹੋ ਸਕਣ । ਦੂਸਰਾ ਸ੍ਰੀ ਕੇਜਰੀਵਾਲ ਨੇ ਸੁਰੂ ਤੋ ਹੀ ਅਜਿਹੇ ਅਮਲ ਕੀਤੇ ਹਨ ਕਿ ਉਹ ਆਪ ਖੁਦ ਜਾਂ ਉਨ੍ਹਾਂ ਦੀ ਪਤਨੀ ਜਾਂ ਰਾਘਵ ਚੱਢਾ ਵਰਗੇ ਪੰਜਾਬ ਤੇ ਸਿੱਖ ਵਿਰੋਧੀ ਸੋਚ ਦੇ ਮਾਲਕ ਨੂੰ ਪੰਜਾਬ ਦਾ ਸੀ.ਐਮ. ਬਣਾਇਆ ਜਾ ਸਕੇ । ਪਰ ਪੰਜਾਬੀਆਂ ਦੀ ਅਣਖ ਗੈਰਤ ਦੀ ਵੱਡੀ ਗੱਲ ਉਭਰਨ ਤੇ ਉਨ੍ਹਾਂ ਦੇ ਚੁਣੋਤੀ ਭਰਪੂਰ ਵਰਤਾਰੇ ਨੂੰ ਮੁੱਖ ਰੱਖਦੇ ਹੋਏ ਸ੍ਰੀ ਕੇਜਰੀਵਾਲ ਅਤੇ ਸ੍ਰੀ ਰਾਘਵ ਚੱਢਾ ਵਰਗੇ ਮੁਕਾਰਤਾ ਨਾਲ ਭਰੇ ਲੋਕ ਆਪਣੇ ਇਸ ਮਨਸੂਬੇ ਵਿਚ ਕਾਮਯਾਬ ਨਹੀ ਹੋ ਸਕੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਮ ਆਦਮੀ ਪਾਰਟੀ ਦੇ ਮੁੱਖੀ ਸ੍ਰੀ ਕੇਜਰੀਵਾਲ ਵੱਲੋ ਪੰਜਾਬ ਸੂਬੇ ਦੇ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਸੰਬੰਧਤ ਵੱਡੀ ਵਿਦਵਤਾ ਅਤੇ ਤੁਜਰਬੇ ਵਾਲੀਆ ਸਖਸ਼ੀਅਤਾਂ ਨੂੰ ਨਜ਼ਰ ਅੰਦਾਜ ਕਰਕੇ ਕੱਲ੍ਹ ਦੇ ਛੋਕਰੇ ਰਾਘਵ ਚੱਢਾ ਨੂੰ ਪੰਜਾਬ ਯੋਜਨਾ ਬੋਰਡ ਦੇ ਚੇਅਰਮੈਨ ਬਣਾਉਣ ਦੀਆਂ ਕੀਤੀਆ ਜਾ ਰਹੀਆ ਕਾਰਵਾਈਆ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਅਮਲ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਦੀ ਡੂੰਘੀ ਸਾਜਿਸ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬੀਆਂ, ਸਿੱਖ ਕੌਮ ਅਤੇ ਪੰਜਾਬ ਨਾਲ ਸੰਬੰਧਤ ਆਮ ਆਦਮੀ ਪਾਰਟੀ ਦੇ ਆਗੂਆ ਨੂੰ ਆਪਣੇ ਜਹਿਨ ਵਿਚ ਇਹ ਗੱਲ ਰੱਖਣੀ ਪਵੇਗੀ ਕਿ ਇਸ ਸੀ.ਐਮ. ਦੀ ਕੁਰਸੀ ਤੱਕ ਪਹੁੰਚਣ ਦੀ ਸਾਜਿਸ ਦੀ ਪੂਰਤੀ ਕਰਨ ਲਈ ਇਨ੍ਹਾਂ ਤਾਕਤਾਂ ਨੇ ਆਪਣੀਆ ਕਾਰਵਾਈਆ ਕਰਨੀਆ ਨਹੀ ਛੱਡੀਆ । ਇਸੇ ਸੋਚ ਅਧੀਨ ਸ੍ਰੀ ਕੇਜਰੀਵਾਲ ਨੇ ਪਹਿਲੇ ਰਾਘਵ ਚੱਢਾ ਵਰਗੇ ਨਿਰਾਰਥਕ ਆਗੂ ਨੂੰ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਕੁੱਚਲਕੇ ਰਾਜ ਸਭਾ ਮੈਬਰ ਬਣਾਇਆ ਅਤੇ ਹੁਣ ਸਾਰੇ ਪੰਜਾਬ ਨੂੰ ਅਤੇ ਸਿੱਖਾਂ ਦੀ ਅਣਖ ਨੂੰ ਚੁਣੋਤੀ ਦਿੰਦੇ ਹੋਏ ਪੰਜਾਬ ਯੋਜਨਾ ਬੋਰਡ ਦੇ ਚੇਅਰਮੈਨ ਲਗਾਉਣ ਲਈ ਸਰਗਰਮੀਆ ਕੀਤੀਆ ਜਾ ਰਹੀਆ ਹਨ । ਅਸੀ ਸ. ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਪੁੱਛਣਾ ਚਾਹਵਾਂਗੇ ਕਿ ਇਨ੍ਹਾਂ ਦਿੱਲੀ ਵਾਲਿਆ ਨੂੰ ਪੰਜਾਬ ਵਿਚ ਕੋਈ ਅਜਿਹੀ ਸਖਸ਼ੀਅਤ ਨਜ਼ਰ ਹੀ ਨਹੀ ਆਉਦੀ ਜੋ ਹਰ ਵਾਰ ਆਪਣੇ ਪਾਲਤੂਆ ਨੂੰ ਪੰਜਾਬੀਆ ਅਤੇ ਸਿੱਖ ਕੌਮ ਉਤੇ ਥੋਪਣ ਦੇ ਅਮਲ ਕਰ ਦਿੰਦੇ ਹਨ ।
ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਹਿਤੈਸੀ ਸੋਚ ਰੱਖਣ ਵਾਲਿਆ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਪੰਜਾਬ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਉਤੇ ਰਾਘਵ ਚੱਢਾ ਵਰਗੇ ਨੂੰ ਥੋਪਣ ਦੇ ਹੋ ਰਹੇ ਅਮਲ ਅਸਲੀਅਤ ਵਿਚ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਲਈ ਵੱਡੀ ਖਤਰੇ ਦੀ ਘੰਟੀ ਹੈ । ਕਿਉਂਕਿ ਸ੍ਰੀ ਕੇਜਰੀਵਾਲ ਬੀਜੇਪੀ-ਆਰ.ਐਸ.ਐਸ. ਉਸ ਸਾਜਿਸ ਨੂੰ ਨੇਪਰੇ ਚਾੜਨਾ ਚਾਹੁੰਦੇ ਹਨ ਜਿਸ ਰਾਹੀ ਇਸ ਅਤਿ ਸੰਜ਼ੀਦਾ ਸਰਹੱਦੀ ਸੂਬੇ ਦੀ ਵਾਂਗਡੋਰ ਆਰ.ਐਸ.ਐਸ. ਦੀ ਸੋਚ ਉਤੇ ਅਮਲੀ ਰੂਪ ਵਿਚ ਪਹਿਰਾ ਦੇਣ ਵਾਲੇ ਦੇ ਹਵਾਲੇ ਕੀਤੀ ਜਾ ਸਕੇ । ਫਿਰ ਜਿਵੇ ਜੰਮੂ-ਕਸ਼ਮੀਰ ਵਿਚ ਇਨ੍ਹਾਂ ਮੁਤੱਸਵੀ ਅਤੇ ਮੁਕਾਰਤਾ ਨਾਲ ਭਰੀਆ ਤਾਕਤਾਂ ਨੇ ਕਸ਼ਮੀਰੀਆ ਦੇ ਸਭ ਵਿਧਾਨਿਕ, ਸਮਾਜਿਕ ਹੱਕ ਕੁੱਚਲਕੇ, ਜੰਮੂ ਕਸਮੀਰ ਦੀ ਖੁਦਮੁਖਤਿਆਰੀ ਨੂੰ ਕੁੱਚਲਿਆ ਹੈ । ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਦੀ ਹਰ ਖੇਤਰ ਵਿਚ ਫੈਸਲਾਕੁੰਨ ਸ਼ਕਤੀ ਨੂੰ ਖੇਰੂ-ਖੇਰੂ ਕੀਤਾ ਜਾ ਸਕੇ । ਜਿਸ ਵਿਚ ਇਹ ਤਾਕਤਾਂ ਨਾ ਤਾਂ ਪਹਿਲੇ ਕਾਮਯਾਬ ਹੋਈਆ ਹਨ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਕਾਮਯਾਬ ਹੋਣਗੀਆ । ਕਿਉਂਕਿ ਪੰਜਾਬੀਆ ਤੇ ਸਿੱਖ ਕੌਮ ਦੇ ਇਤਿਹਾਸ ਦੇ ਪੰਨੇ ਪ੍ਰਤੱਖ ਕਰਦੇ ਹਨ ਕਿ ਉਨ੍ਹਾਂ ਨੇ ਕਦੀ ਵੀ ਅਜਿਹੇ ਦਿਸ਼ਾਹੀਣ ਅਤੇ ਸਾਜਿਸਾਂ ਰਚਣ ਵਾਲੇ ਲੋਕਾਂ ਅਤੇ ਹੁਕਮਰਾਨਾਂ ਦੀ ਕਦੀ ਵੀ ਅਧੀਨਗੀ ਨੂੰ ਪ੍ਰਵਾਨ ਨਹੀ ਕੀਤਾ ਅਤੇ ਹਮੇਸ਼ਾਂ ਆਜਾਦ, ਅਣਖ ਗੈਰਤ ਦੀ ਵਿਚਾਰਧਾਰਾ ਤੇ ਪਹਿਰਾ ਦਿੱਤਾ ਹੈ ।