ਸੰਗਰੂਰ ਲੋਕ ਸਭਾ ਹਲਕੇ ਦੇ ਨਿਵਾਸੀਆ ਨੇ ਪੰਜਾਬ ਵਿਚ ਕ੍ਰਾਂਤੀਕਾਰੀ ਸਿਆਸੀ ਤਬਦੀਲੀ ਲਿਆਉਣ ਲਈ ਜੋ ਅਹਿਮ ਭੂਮਿਕਾ ਨਿਭਾਈ ਹੈ, ਉਸ ਲਈ ਅਸੀ ਧੰਨਵਾਦੀ ਹਾਂ : ਮਾਨ

ਫ਼ਤਹਿਗੜ੍ਹ ਸਾਹਿਬ, 28 ਜੂਨ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਸੰਗਰੂਰ ਲੋਕ ਸਭਾ ਹਲਕੇ ਦੇ ਸਮੁੱਚੇ 9 ਵਿਧਾਨ ਸਭਾ ਹਲਕਿਆ ਦੇ ਨਿਵਾਸੀਆ ਤੇ ਵੋਟਰਾਂ ਦੀ ਇਸ ਗੱਲੋਂ ਧੰਨਵਾਦ ਕਰਦੀ ਹੈ ਕਿ ਉਨ੍ਹਾਂ ਨੇ ਵੱਡਾ ਉਦਮ ਕਰਦੇ ਹੋਏ ਜੋ ਆਪਣੀ ਵੋਟ ਸ਼ਕਤੀ ਰਾਹੀ ਸਮੁੱਚੇ ਪੰਜਾਬ ਦੀ ਸਿਆਸੀ ਤਬਦੀਲੀ ਲਿਆਉਣ ਲਈ ਕ੍ਰਾਂਤੀਕਾਰੀ ਉਦਮ ਕੀਤੇ ਹਨ ਅਤੇ ਸਾਨੂੰ ਸਮਾਜਿਕ, ਇਖਲਾਕੀ ਤੌਰ ਤੇ ਵੱਡਾ ਸਹਿਯੋਗ ਕੀਤਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰੂਰ ਲੋਕ ਸਭਾ ਹਲਕੇ ਦੇ ਨਿਵਾਸੀਆ ਵੱਲੋ ਸਮੁੱਚੇ ਪੰਜਾਬ ਵਿਚ ਸਹੀ ਦਿਸ਼ਾ ਵੱਲ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਲਈ ਨਿਭਾਈ ਗਈ ਅਹਿਮ ਭੂਮਿਕਾ ਲਈ ਧੰਨਵਾਦ ਕਰਦੇ ਹੋਏ ਅਤੇ ਸੰਗਰੂਰ ਨਿਵਾਸੀਆ ਨੂੰ ਇਸ ਹੋਈ ਜਿੱਤ ਉਤੇ ਮੁਬਾਰਕਬਾਦ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਜੇਲ੍ਹਾਂ ਵਿਚ ਲੰਮੇ ਸਮੇ ਤੋ ਬੰਦੀ ਬਣਾਏ ਗਏ ਸਿੰਘਾਂ ਜੋ ਬੀਤੇ 30 ਸਾਲਾਂ ਤੋ ਮੁਲਕ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਜਬਰੀ ਬੰਦੀ ਬਣਾਏ ਗਏ ਹਨ ਅਤੇ ਜਿਨ੍ਹਾਂ ਉਤੇ ਅਣਮਨੁੱਖੀ ਤਸੱਦਦ ਅਤੇ ਜ਼ਬਰ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਰਿਹਾਈ ਲਈ ਆਪਣੀਆ ਕੌਮੀ ਜਿ਼ੰਮੇਵਾਰੀਆ ਨੂੰ ਹਰ ਕੀਮਤ ਤੇ ਪੂਰਨ ਕਰਾਂਗੇ । ਸਾਡੀ ਪਾਰਟੀ ਫ਼ੌਜ ਵਿਚ ਭਰਤੀ ਦੀ ਅਗਨੀਪਥ ਯੋਜਨਾ ਰਾਹੀ ਬਣਾਏ ਗਈ ਪ੍ਰਕਿਰਿਆ ਨੂੰ ਰੱਦ ਕਰਦੀ ਹੈ । ਜਦੋਕਿ ਸਰਹੱਦਾਂ ਉਤੇ ਰਹਿੰਦੀਆ ਸੁਰੱਖਿਆ ਦੀਆ ਖਾਮੀਆ ਇਸ ਮੁਲਕ ਦੀ ਸਮੁੱਚੀ ਦਸ਼ਾ ਨੂੰ ਪ੍ਰਭਾਵਿਤ ਕਰਦੀ ਹੋਈ ਫ਼ੌਜੀ ਇਤਿਹਾਸਿਕ ਰਵਾਇਤਾ ਦਾ ਘਾਣ ਕਰੇਗੀ । ਇਹ ਸਮਾਂ ਹੁਕਮਰਾਨਾਂ ਲਈ ਪ੍ਰੀਖਿਆ ਦਾ ਸਮਾਂ ਹੈ ਕਿਉਂਕਿ ਇਥੇ ਵੱਡੀ ਗਿਣਤੀ ਵਿਚ ਭੁੱਖਮਰੀ ਨਾਲ ਲੋਕ ਮਰ ਰਹੇ ਹਨ । ਮਜਦੂਰ ਵਰਗ ਗਰੀਬੀ ਤੋ ਮਜਬੂਰ ਹੋ ਕੇ ਵਿਚਰ ਰਿਹਾ ਹੈ । ਇਹੀ ਵਜਹ ਹੈ ਕਿ ਅੱਜ ਪੰਜਾਬ ਦਾ ਮਜਦੂਰ, ਕਿਸਾਨ ਆਤਮਾ ਹੱਤਿਆ ਕਰਨ ਲਈ ਮਜਬੂਰ ਹੋ ਰਹੇ ਹਨ । ਨੌਜ਼ਵਾਨੀ ਵਿਚ ਵੱਧਦੀ ਬੇਰੁਜਗਾਰੀ ਦੇ ਗੰਭੀਰ ਮਸਲੇ ਨੂੰ ਹੱਲ ਕਰਨ ਲਈ ਇਹ ਜਰੂਰੀ ਹੈ ਕਿ ਪੰਜਾਬ ਦੀ ਵਾਹਗਾ ਸਰਹੱਦ ਦੁਵੱਲੇ ਵਪਾਰ ਲਈ ਖੋਲੀ ਜਾਵੇ, ਇਸਲਾਮਿਕ ਪਾਕਿਸਤਾਨ, ਇਸਲਾਮਿਕ ਮੁਲਕਾਂ, ਪੱਛਮੀ ਮੁਲਕਾਂ, ਸੋਵੀਅਤ ਯੂਨੀਅਨ, ਮੱਧ ਮੁਲਕ, ਰੂਸ ਅਤੇ ਚੀਨ ਨਾਲ ਵਪਾਰ ਨੂੰ ਪ੍ਰਫੁੱਲਿਤ ਕੀਤਾ ਜਾਵੇ । ਲਦਾਖ ਵਿਚ 2020 ਵਿਚ ਜੋ ਚੀਨ ਨੇ ਸਾਡੇ 900 ਵਰਗ ਕਿਲੋਮੀਟਰ ਇਲਾਕੇ ਤੇ ਕਬਜਾ ਕਰ ਲਿਆ ਹੈ, ਇਸਲਾਮਿਕ ਮਸਜਿਦਾਂ ਨੂੰ ਢਾਹਿਆ ਤੇ ਗਿਰਾਇਆ ਜਾ ਰਿਹਾ ਹੈ । ਇਸੇ ਤਰ੍ਹਾਂ ਗੋਆ ਦੇ ਚਰਚਾਂ ਉਤੇ ਹਮਲੇ ਹੋ ਰਹੇ ਹਨ । ਅਫਸਪਾ ਵਰਗੇ ਕਾਲੇ ਕਾਨੂੰਨ ਦੀ ਦੁਰਵਰਤੋ ਕਰਕੇ ਕਸ਼ਮੀਰ ਨਿਵਾਸੀਆ ਉਤੇ ਜ਼ਬਰ-ਜੁਲਮ ਢਾਹਿਆ ਜਾ ਰਿਹਾ ਹੈ । ਫ਼ੌਜ ਨੂੰ ਆਪਣੇ ਨਿਵਾਸੀਆ ਨੂੰ ਹੀ ਮਾਰਨ ਲਈ ਸ਼ਕਤੀਆ ਦੀ ਦੁਰਵਰਤੋ ਹੋ ਰਹੀ ਹੈ । ਉਨ੍ਹਾਂ ਨੂੰ ਅਗਵਾਹ, ਤਸੱਦਦ ਢਾਹੁਣ, ਜ਼ਬਰ-ਜ਼ਨਾਹ ਕਰਨ, ਲੱਤ-ਬਾਹ ਤੋੜਨ, ਨਜ਼ਰਬੰਦ ਕਰਨ ਅਤੇ ਤਸੱਦਦ ਕਰਕੇ ਮਾਰ ਦੇਣ ਦੀਆਂ ਕਾਰਵਾਈਆ ਹੋ ਰਹੀਆ ਹਨ । ਇਹ ਜ਼ਬਰ-ਤਸੱਦਦ ਦੀ ਇੰਤਹਾ ਹੈ ।

ਉਨ੍ਹਾਂ ਕਿਹਾ ਕਿ ਵਿਧਾਨ ਦੀ ਧਾਰਾ 21 ਰਾਹੀ ਜੋ ਇਥੋ ਦੇ ਨਾਗਰਿਕਾਂ ਦੀ ਜਿੰਦਗੀ ਜਿਊਂਣ, ਆਜਾਦੀ ਨਾਲ ਇਥੇ ਵਿਚਰਣ ਦੀ ਕਾਨੂੰਨੀ ਖੁੱਲ੍ਹ ਦਿੰਦਾ ਹੈ, ਉਸਨੂੰ ਕੁਚਲਿਆ ਜਾ ਰਿਹਾ ਹੈ । ਸੁਪਰੀਮ ਕੋਰਟ ਇੰਡੀਆ ਨੂੰ ਇਥੋ ਦੇ ਵਿਧਾਨ ਦੀ ਕਾਨੂੰਨਣ ਰੱਖਿਆ ਕਰਨ ਦੀ ਜਿ਼ੰਮੇਵਾਰੀ ਹੈ, ਉਹ ਵੀ ਹੁਕਮਰਾਨਾਂ ਦੇ ਪ੍ਰਭਾਵ ਹੇਠ ਆਪਣੇ ਨਾਗਰਿਕਾਂ ਦੀ ਵਿਧਾਨਿਕ ਹੱਕਾਂ ਦੀ ਰਾਖੀ ਕਰਨ ਵਿਚ ਅਸਫਲ ਸਾਬਤ ਹੋ ਚੁੱਕੀ ਹੈ । ਇਸ ਗੱਲ ਦੀ ਹੋਰ ਵੀ ਗਹਿਰਾ ਅਫਸੋਸ ਤੇ ਵਿਤਕਰੇ ਵਾਲੀ ਕਾਰਵਾਈ ਹੈ ਕਿ ਛੱਤੀਸਗੜ੍ਹ, ਮੱਧਪ੍ਰਦੇਸ਼, ਬਿਹਾਰ, ਝਾਰਖੰਡ, ਉੜੀਸਾ, ਮਹਾਰਾਸਟਰਾਂ ਦੇ ਆਦਿਵਾਸੀਆ ਅਤੇ ਕਬੀਲਿਆ ਨੂੰ ਨਕਸਲਾਈਟ ਅਤੇ ਮਾਓਵਾਦੀ ਗਰਦਾਨਕੇ ਆਪਣੇ ਹੀ ਨਾਗਰਿਕਾਂ ਨੂੰ ਮੌਤ ਦੇ ਮੂੰਹ ਵਿਚ ਧਕੇਲਿਆ ਜਾ ਰਿਹਾ ਹੈ । ਪੰਜਾਬ ਦੇ ਵਿਧਾਨਿਕ, ਮਲਕੀਅਤ ਵਾਲੇ ਪਾਣੀਆ ਨੂੰ ਖੋਹਿਆ ਜਾ ਰਿਹਾ ਹੈ । ਪੰਜਾਬ ਯੂਨੀਵਰਸਿਟੀ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਜੋ ਹਰਿਆਣਾ, ਰਾਜਸਥਾਂਨ, ਹਿਮਾਚਲ ਨੂੰ ਗੈਰ ਕਾਨੂੰਨੀ ਢੰਗ ਨਾਲ ਦੇ ਦਿੱਤੇ ਹਨ, ਉਨ੍ਹਾਂ ਨੂੰ ਸਾਨੂੰ ਵਾਪਸ ਨਹੀ ਦਿੱਤਾ ਜਾ ਰਿਹਾ । ਇਹ ਮੁੱਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਿਸ਼ੇਸ਼ ਰਹਿਣਗੇ ਜਿਨ੍ਹਾਂ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ ਨਿਰਪੱਖਤਾ ਵਾਲੇ ਅਮਲਾਂ ਦਾ ਜਨਾਜ਼ਾਂ ਕੱਢਕੇ ਬੀਤੇ 11 ਸਾਲਾਂ ਤੋ ਐਸ.ਜੀ.ਪੀ.ਸੀ. ਦੀ ਜਰਨਲ ਚੋਣ ਨਹੀ ਕਰਵਾਈ ਜਾ ਰਹੀ । ਇਹ ਸਭ ਹਿੰਦੂਤਵ ਹੁਕਮਰਾਨਾਂ ਦੀਆਂ ਫ਼ਾਂਸੀਵਾਦੀ ਨੀਤੀਆ ਹੀ ਇਥੋ ਦੇ ਰਾਜ ਪ੍ਰਬੰਧ ਦੀ ਅਸਫਲਤਾ ਨੂੰ ਪ੍ਰਤੱਖ ਕਰ ਰਹੇ ਹਨ । ਸਾਡੀ ਪਾਰਟੀ ਇਨ੍ਹਾਂ ਸਭ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਹੋ ਰਹੀਆ ਜਿਆਦਤੀਆ, ਜ਼ਬਰ, ਵਿਤਕਰਿਆ ਅਤੇ ਬੇਇਨਸਾਫ਼ੀਆ ਨੂੰ ਖਤਮ ਕਰਵਾਉਣ ਦੀ ਜਿ਼ੰਮੇਵਾਰੀ ਨਿਭਾਏਗੀ ।

Leave a Reply

Your email address will not be published. Required fields are marked *