ਇੰਡੀਆ ਦੀ ਵਿਦੇਸ਼ ਨੀਤੀ ਫੇਲ੍ਹ ਅਮਰੀਕਾ ਵੱਲੋ ਤੇਲ ਉਤੇ ਲਗਾਏ ਭਾਰੀ ਟੈਕਸ ਦੀ ਬਦੌਲਤ ਤੇਲ ਦੀਆਂ ਕੀਮਤਾਂ ਵਿਚ ਵਾਧਾ : ਮਾਨ
ਫ਼ਤਹਿਗੜ੍ਹ ਸਾਹਿਬ, 16 ਜੁਲਾਈ ( ) “ਇੰਡੀਆ ਆਪਣੇ ਤੇਲ ਦੀ ਖਪਤ ਦੀ ਮੁਲਕੀ ਮੰਗ ਨੂੰ ਪੂਰਾ ਕਰਨ ਲਈ ਰੂਸ ਤੋ ਤੇਲ ਮੰਗਵਾ ਰਿਹਾ ਹੈ । ਪਰ ਅਮਰੀਕਾ ਨੇ ਰੂਸ ਤੋ ਇੰਡੀਆ ਆਉਣ ਵਾਲੇ ਤੇਲ ਉਤੇ ਜੋ ਭਾਰੀ ਟੈਰਿਫ ਲਗਾ ਦਿੱਤਾ ਹੈ ਇਸ ਨਾਲ ਤੇਲ ਦੀਆਂ ਕੀਮਤਾਂ ਵਿਚ ਬਹੁਤ ਵੱਡਾ ਭਾਰੀ ਵਾਧਾ ਹੋ ਜਾਵੇਗਾ । ਜਿਸ ਨਾਲ ਜਿੰਮੀਦਾਰਾਂ ਕਿਤੇ ਨਾਲ ਸੰਬੰਧਤ ਮੁਲਕ ਨਿਵਾਸੀਆ ਉਤੇ ਅਤੇ ਆਪੋ ਆਪਣੇ ਵਹੀਕਲਜ ਦੀ ਵਰਤੋ ਕਰਨ ਵਾਲੇ ਨਿਵਾਸੀਆ ਉਤੇ ਮਾਲੀ ਬੋਝ ਪੈਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਅਮਲ ਨਾਲ ਜਿਥੇ ਇੰਡੀਆ ਦੀ ਵਿਦੇਸ ਨੀਤੀ ਅਸਫਲ ਹੋਈ ਜਾਪਦੀ ਹੈ, ਉਥੇ ਟਰਾਸਪੋਰਟ ਰਾਹੀ ਆਉਣ-ਜਾਣ ਵਾਲੀਆ ਸਭ ਤਰ੍ਹਾਂ ਦੀਆਂ ਵਸਤਾਂ ਦੀ ਢੋਆ ਢੁਆਈ ਕਾਰਨ ਕੀਮਤਾਂ ਵਿਚ ਵਾਧਾ ਹੋਣ ਅਤੇ ਇਥੋ ਦੀ ਆਰਥਿਕਤਾ ਉਤੇ ਠਾਅ ਲੱਗੇਗੀ । ਜਿਸਦਾ ਸਮੁੱਚਾ ਬੋਝ ਮੁਲਕ ਨਿਵਾਸੀਆ ਉਤੇ ਪਵੇਗਾ । ਇਸ ਲਈ ਜਿੰਮੀਦਾਰ ਵਰਗ ਨੂੰ ਚਾਹੀਦਾ ਹੈ ਕਿ ਉਹ ਤੇਲ ਦੀਆਂ ਕੀਮਤਾਂ ਵਿਚ ਹੋਣ ਜਾ ਰਹੇ ਅਸਹਿ ਵਾਧੇ ਨੂੰ ਮੁੱਖ ਰੱਖਕੇ ਉਸ ਤੋ ਪਹਿਲੇ ਉਹ ਆਪਣੀਆ ਫਸਲਾਂ ਦੀ ਬਿਜਾਈ ਤੇ ਪਾਲਣ-ਪੋਸ਼ਣ ਲਈ ਹੁਣੇ ਤੋ ਹੀ ਲੋੜ ਅਨੁਸਾਰ ਆਪੋ ਆਪਣੇ ਤੇਲ ਦੇ ਢੋਲ ਭਰਵਾਕੇ ਰੱਖ ਲੈਣ । ਤਾਂ ਕਿ ਉਹ ਆਪਣੀਆ ਫਸਲਾਂ ਦੀ ਸਹੀ ਦੇਖਭਾਲ ਕਰ ਸਕਣ ਅਤੇ ਉਨ੍ਹਾਂ ਦੀ ਲਾਗਤ ਖਰਚਿਆ ਵਿਚ ਵਾਧਾ ਨਾ ਹੋਵੇ ਅਤੇ ਉਨ੍ਹਾਂ ਨੂੰ ਸਹੀ ਬਣਦਾ ਲਾਭ ਪ੍ਰਾਪਤ ਹੋ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਵੱਲੋ ਰੂਸ ਤੋ ਇੰਡੀਆ ਆਉਣ ਵਾਲੇ ਤੇਲ ਉਤੇ ਲਗਾਏ ਭਾਰੇ ਟੈਰਿਫ ਦੀ ਬਦੌਲਤ ਇੰਡੀਆ ਦੀ ਵਿਦੇਸ ਨੀਤੀ ਫੇਲ ਹੋ ਜਾਣ ਅਤੇ ਜਿੰਮੀਦਾਰਾਂ ਉਤੇ ਪੈਣ ਵਾਲੇ ਮਾਲੀ ਬੋਝ ਤੋ ਬਚਣ ਲਈ ਹੁਣੇ ਤੋ ਹੀ ਆਪਣੀ ਲੋੜ ਅਨੁਸਾਰ ਤੇਲ ਦੇ ਢੋਲ ਭਰਵਾਕੇ ਰੱਖਣ ਦੀ ਜਿੰਮੀਦਾਰ ਵਰਗ ਨੂੰ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।