ਮੁੰਬਈ ਹਾਈਕੋਰਟ ਵੱਲੋ ਸਿੱਖਾਂ ਨੂੰ ਹੈਲਮਟ ਪਹਿਨਣ ਤੋਂ ਛੋਟ ਦੇਣ ਵਾਲੀ ਪਟੀਸ਼ਨ ਨੂੰ ਰੱਦ ਕਰਕੇ ਸਿੱਖ ਕੌਮ ਨਾਲ ਵੱਡਾ ਜ਼ਬਰ ਤੇ ਵਿਤਕਰਾ ਕੀਤਾ ਜਾ ਰਿਹੈ : ਮਾਨ
ਫ਼ਤਹਿਗੜ੍ਹ ਸਾਹਿਬ, 02 ਜੁਲਾਈ ( ) “ਮੁੰਬਈ ਹਾਈਕੋਰਟ ਨੇ ਦੋਪਹੀਆ ਵਾਹਨ ਚਲਾਉਦੇ ਸਮੇਂ ਪੱਗ ਬੰਨਣ ਵਾਲੇ ਸਿੱਖ ਮਰਦਾਂ ਨੂੰ ਹੈਲਮਟ ਤੋਂ ਛੋਟ ਦੇਣ ਸੰਬੰਧੀ ਇਕ ਆਈ ਪਟੀਸ਼ਨ ਉਤੇ ਗੌਰ ਕਰਦੇ ਹੋਏ ਜੋ ਇਸ ਨੂੰ ਰੱਦ ਕਰਨ ਦੇ ਹੁਕਮ ਕੀਤੇ ਹਨ, ਇਹ ਸਿੱਖ ਕੌਮ ਤੇ ਸਿੱਖ ਧਰਮ ਦੇ ਨਿਵਾਸੀਆ ਜਿਨ੍ਹਾਂ ਨੂੰ ਬਤੌਰ ਧਾਰਮਿਕ ਮਾਣ-ਸਨਮਾਨ ਦੇ ਚਿੰਨ੍ਹ ਦੇ ਤੌਰ ਸਿੱਖ ਕੌਮ ਦੇ ਜਨਮ ਤੋਂ ਹੀ ਦਸਤਾਰਾਂ ਸਜਾਉਦੇ ਆ ਰਹੇ ਹਨ, ਉਨ੍ਹਾਂ ਨੂੰ ਹੈਲਮਟ ਤੋਂ ਛੋਟ ਦੇਣ ਸੰਬੰਧੀ ਪਾਈ ਗਈ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਜੋ ਫੈਸਲਾ ਕੀਤਾ ਹੈ, ਇਹ ਸਿੱਖ ਕੌਮ ਤੇ ਸਿੱਖ ਧਰਮ ਦੀ ਦਸਤਾਰ ਉਤੇ ਇਕ ਕੋਝਾ ਹਮਲਾ ਹੈ । ਕਿਉਂਕਿ ਸਿੱਖ ਕਦੀ ਵੀ ਟੋਪੀ ਜਾਂ ਹੈਲਮਟ ਨਹੀ ਪਹਿਨਦੇ । ਬਲਕਿ ਉਹ ਸਦਾ ਹੀ ਆਪਣੇ ਸਿਰ ਉਤੇ ਦਸਤਾਰਾਂ ਸਜਾਉਦੇ ਹਨ । ਜੋ ਕਿ ਉਨ੍ਹਾਂ ਦੀ ਸਿੱਖ ਜਨਮ ਦੇ ਸਮੇ ਤੋ ਹੀ ਰਵਾਇਤ ਚੱਲਦੀ ਆ ਰਹੀ ਹੈ । ਇਸ ਲਈ ਇਸ ਫੈਸਲੇ ਨੂੰ ਕਦਾਚਿਤ ਸਹੀ ਜਾਂ ਸਿੱਖ ਕੌਮ ਦੀਆਂ ਭਾਵਨਾਵਾ ਦੀ ਤਰਜਮਾਨੀ ਕਰਨ ਵਾਲਾ ਨਹੀ ਕਿਹਾ ਜਾ ਸਕਦਾ । ਬਲਕਿ ਸਿੱਖਾਂ ਦੇ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਹਨ । ਜਿਸ ਉਤੇ ਉਪਰੋਕਤ ਮੁੰਬਈ ਹਾਈਕੋਰਟ ਦੇ ਨਾਗਪੁਰ ਬੈਂਚ ਦੇ ਜਸਟਿਸ ਉਰਮਿਲਾ ਜੋਸੀ, ਫਾਲਕੇ ਅਤੇ ਨਿਵੇਦਿਤਾ ਮਹਿਤਾ ਨੂੰ ਫਿਰ ਤੋ ਗੌਰ ਕਰਦੇ ਹੋਏ ਸਿੱਖ ਕੌਮ ਦੇ ਮਾਣ-ਸਨਮਾਨ ਨੂੰ ਮੁੱਖ ਰੱਖਦੇ ਹੋਏ ਪੂਨਰ ਵਿਚਾਰ ਕਰਨ ਦੀ ਸਖਤ ਲੋੜ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਨਾਗਪੁਰ ਹਾਈਕੋਰਟ ਬੈਂਚ ਦੇ ਉਪਰੋਕਤ ਜਸਟਿਸ ਵੱਲੋ 2 ਪਹੀਆ ਵਾਹਨ ਚਲਾਉਦੇ ਸਮੇ ਸਿੱਖਾਂ ਨੂੰ ਹੈਲਮਟ ਤੋ ਛੋਟ ਨਾ ਦੇਣ ਦੇ ਕੀਤੇ ਗਏ ਫੈਸਲੇ ਦਾ ਵਿਰੋਧ ਕਰਦੇ ਹੋਏ ਅਤੇ ਇਸ ਉਤੇ ਮੁੜ ਵਿਚਾਰ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਦੂਸਰੀ ਸੰਸਾਰ ਜੰਗ ਸਮੇ ਦੇ ਉਸ ਸਮੇ ਦੇ ਬਰਤਾਨੀਆ ਦੇ ਵਜੀਰ ਏ ਆਜਮ ਮਿਸਟਰ ਚਰਚਿਲ ਵੱਲੋ ਜੰਗ ਸਮੇ ਸਿੱਖਾਂ ਨੂੰ ਹੈਲਮਟ ਪਹਿਨਣ ਤੋਂ ਛੋਟ ਦੇ ਕੇ ਜੰਗ ਵਿਚ ਸਾਮਿਲ ਹੋਣ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਜਦੋ ਇਕ ਅੰਗਰੇਜ ਵਜੀਰ ਏ ਆਜਮ ਸਿੱਖਾਂ ਦੀ ਦਸਤਾਰ ਦਾ ਸਤਿਕਾਰ ਤੇ ਮਾਣ ਸਨਮਾਨ ਕਰਦੇ ਹੋਏ ਸਿੱਖ ਕੌਮ ਨੂੰ ਇਸ ਤੋ ਛੋਟ ਦੇ ਸਕਦਾ ਹੈ, ਤਾਂ ਇੰਡੀਅਨ ਕਾਨੂੰਨ ਅਜਿਹਾ ਨਾ ਕਰਕੇ ਸਿੱਖਾਂ ਨਾਲ 1947 ਤੋ ਹੁੰਦੇ ਆ ਰਹੇ ਜ਼ਬਰ ਅਤੇ ਵਿਤਕਰਿਆ ਵਿਚ ਵਾਧਾ ਹੀ ਕੀਤਾ ਹੈ । ਜਿਸ ਨਾਲ ਇੰਡੀਆ ਵਿਚ ਵੱਸਣ ਵਾਲੇ ਸਿੱਖਾਂ ਦੇ ਮਨ-ਆਤਮਾ ਬੁਰੀ ਤਰ੍ਹਾਂ ਵਲੂੰਧਰੇ ਜਾਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਕ ਜਮਹੂਰੀਅਤ ਪਸੰਦ ਮੁਲਕ ਵਿਚ ਘੱਟ ਗਿਣਤੀ ਸਿੱਖ ਕੌਮ ਦੇ ਧਾਰਮਿਕ ਅਤੇ ਸਮਾਜਿਕ ਅਧਿਕਾਰਾਂ ਨੂੰ ਹੁਕਮਰਾਨਾਂ ਜਾਂ ਕਾਨੂੰਨ ਵੱਲੋ ਕੁੱਚਲਣ ਦੀ ਕਾਰਵਾਈ ਕਦਾਚਿਤ ਚੰਗੇ ਨਤੀਜੇ ਨਹੀ ਦੇ ਸਕਦੀ । ਇਸ ਲਈ ਸੰਬੰਧਤ ਜੱਜ ਸਾਹਿਬਾਨ ਅਤੇ ਹੁਕਮਰਾਨਾਂ ਨੂੰ ਸੰਜ਼ੀਦਾ ਢੰਗ ਨਾਲ ਚਾਹੀਦਾ ਹੈ ਕਿ ਸਿੱਖਾਂ ਦੀਆਂ ਧਾਰਮਿਕ ਰਵਾਇਤਾ ਦਾ ਮਾਣ ਸਨਮਾਨ ਕਰਦੇ ਹੋਏ ਅਤੇ ਸਾਡੀ ਦਸਤਾਰ ਨਾਲ ਸੰਬੰਧਤ ਇੱਜਤ-ਮਾਣ ਨੂੰ ਕਾਇਮ ਰੱਖਦੇ ਹੋਏ ਹੀ ਅਜਿਹੇ ਫੈਸਲੇ ਹੋਣੇ ਚਾਹੀਦੇ ਹਨ ਨਾ ਕਿ ਸਿੱਖਾਂ ਉਤੇ ਜ਼ਬਰੀ ਅਜਿਹੇ ਫੈਸਲੇ ਥੋਪਕੇ ਸਾਡੀਆ ਰਵਾਇਤਾ ਦਾ ਘਾਣ ਹੋਣਾ ਚਾਹੀਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਦੀਆਂ ਧਾਰਮਿਕ ਤੇ ਸਮਾਜਿਕ ਰਵਾਇਤਾ ਦਾ ਕਾਨੂੰਨ ਅਤੇ ਹੁਕਮਰਾਨ ਸਨਮਾਨ ਕਰਦੇ ਹੋਏ ਕੇਵਲ ਕਿਸੇ ਇਕ ਸੂਬੇ ਵਿਚ ਹੀ ਨਹੀ ਬਲਕਿ ਪੂਰੇ ਇੰਡੀਆ ਵਿਚ ਸਿੱਖ ਕੌਮ ਨੂੰ ਹੈਲਮਟ ਤੋ ਛੋਟ ਦੇਣ ਦਾ ਉਚੇਚਾ ਪ੍ਰਬੰਧ ਕਰ ਦੇਣਗੇ ।