ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਗਏ ਨਿਹੰਗ ਸਿੰਘਾਂ ਉਤੇ ਕਰਨਪ੍ਰਿਯਾਗ ਵਿਖੇ ਸਵੈਰੱਖਿਆ ਲਈ ਸ੍ਰੀ ਸਾਹਿਬ ਦੀ ਵਰਤੋ ਕੀਤੀ : ਮਾਨ
ਫ਼ਤਹਿਗੜ੍ਹ ਸਾਹਿਬ, 17 ਜੂਨ ( ) “ਸਿੱਖ ਕੌਮ ਦਾ ਕਿਸੇ ਵੀ ਕੌਮ, ਫਿਰਕੇ, ਕਬੀਲੇ ਆਦਿ ਨਾਲ ਕਿਸੇ ਤਰ੍ਹਾਂ ਦਾ ਨਾ ਤਾਂ ਵੈਰ ਵਿਰੋਧ ਹੈ, ਨਾ ਕੋਈ ਈਰਖਾ ਹੈ । ਅਸੀਂ ਤਾਂ ਬਿਨ੍ਹਾਂ ਕਿਸੇ ਤਰ੍ਹਾਂ ਦੇ ਲਿੰਗ, ਜਾਤ-ਪਾਤ ਆਦਿ ਦੇ ਭੇਦਭਾਵ ਤੋ ਸਮੁੱਚੀ ਮਨੁੱਖਤਾ ਲਈ ਆਉਣ ਵਾਲੀ ਕਿਸੇ ਵੀ ਔਕੜ, ਆਫਤ ਵਿਚ ਆਪਣੀਆ ਇਨਸਾਨੀ ਜਿੰਮੇਵਾਰੀਆ ਨੂੰ ਪੂਰਨ ਕਰਕੇ ਖੁਸ਼ੀ ਪ੍ਰਾਪਤ ਕਰਨ ਵਾਲੀ ਅਤੇ ਹਰ ਮੁਸ਼ਕਿਲ ਨੂੰ ਹੱਲ ਕਰਨ ਵਾਲੀ ਕੌਮ ਹਾਂ । ਇਹ ਮਨੁੱਖਤਾ ਪੱਖੀ ਕਿਰਦਾਰ ਸਾਡੀਆ ਗੱਲਾਂ ਵਿਚ ਨਹੀ ਬਲਕਿ ਬੀਤੇ ਇਤਿਹਾਸ ਤੇ ਅਜੋਕੇ ਸਮੇ ਵਿਚ ਅਮਲੀ ਰੂਪ ਵਿਚ ਪ੍ਰਤੱਖ ਦੇਖ ਸਕਦੇ ਹੋ । ਜਿਵੇ ਕੋਵਿਡ 19 ਦੀ ਆਫਤ ਸਮੇ, ਦੂਸਰੇ ਸੂਬਿਆਂ ਵਿਚ ਕੁਦਰਤੀ ਕਰੋਪੀਆਂ, ਹੜ੍ਹਾ, ਤੂਫਾਨ ਆਦਿ ਸਮੇ ਲੋੜਵੰਦਾਂ ਲਈ ਦਵਾਈਆ, ਲੰਗਰ, ਪਹਿਨਣ ਲਈ ਕੱਪੜਾ ਆਦਿ ਪ੍ਰਦਾਨ ਕਰਨ ਸਮੇ । ਪਰ ਦੁੱਖ ਤੇ ਅਫਸੋਸ ਹੈ ਕਿ ਬੀਤੇ ਕੁਝ ਸਮੇ ਤੋ ਹਿਮਾਚਲ, ਹਰਿਆਣਾ, ਯੂਪੀ, ਉਤਰਾਖੰਡ ਆਦਿ ਸੂਬਿਆਂ ਵਿਚ ਪੰਜਾਬ ਤੋ ਯਾਤਰਾ ਕਰਨ ਜਾਂ ਆਪਣੇ ਕਾਰੋਬਾਰ ਲਈ ਜਾਣ ਵਾਲੇ ਸਿੱਖਾਂ ਉਤੇ ਜੋ ਯੋਜਨਾਬੰਦ ਢੰਗ ਨਾਲ ਹਜੂਮ ਇਕੱਠਾ ਕਰਕੇ ਹਮਲੇ ਕਰਨ ਦੇ ਅਮਲ ਹੋ ਰਹੇ ਹਨ, ਇਹ ਤਾਂ ਇਥੋ ਦੇ ਅਮਨ-ਚੈਨ ਨੂੰ ਸੱਟ ਮਾਰਨ ਦੇ ਨਾਲ-ਨਾਲ ਸਿੱਖ ਹੱਕ-ਹਕੂਕਾ ਦਾ ਘਾਣ ਕਰਨ ਵਾਲੀਆ ਗੈਰ ਇਨਸਾਨੀ ਕਾਰਵਾਈਆ ਵੀ ਹਨ । ਜੋ ਉਤਰਾਖੰਡ ਵਿਖੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਉਪਰੰਤ ਕੁਝ ਨਿਹੰਗ ਸਿੰਘ ਵਾਪਸ ਪਰਤ ਰਹੇ ਸਨ ਤਾਂ ਉਨ੍ਹਾਂ ਉਤੇ ਉਥੋ ਦੇ ਨਿਵਾਸੀਆ ਵੱਲੋ ਇਕੱਤਰ ਹੋ ਕੇ ਹਮਲਾ ਕਰਨ ਦੀ ਕਾਰਵਾਈ ਸ਼ਰਮਨਾਕ ਹੈ । ਜੇਕਰ ਉਨ੍ਹਾਂ ਨੇ ਆਪਣੀ ਸਵੈਰੱਖਿਆ ਲਈ ਕਿਰਪਾਨਾ ਕੱਢਕੇ ਆਪਣਾ ਬਚਾਅ ਕੀਤਾ ਤਾਂ ਇਸਨੂੰ ਕਿਸੇ ਤਰ੍ਹਾਂ ਵੀ ਕਾਨੂੰਨ ਨੂੰ ਹੱਥ ਵਿਚ ਲੈਣਾ ਨਹੀ ਕਿਹਾ ਜਾ ਸਕਦਾ । ਬਲਕਿ ਉਤਰਾਖੰਡ ਦੇ ਸੰਬੰਧਤ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਨੇ ਸਿੱਖ ਯਾਤਰੂਆ ਉਤੇ ਧਾਵਾ ਬੋਲਣ ਦਾ ਅਮਲ ਕੀਤਾ ਹੈ, ਉਨ੍ਹਾਂ ਦੀ ਛਾਣਬੀਨ ਕਰਕੇ ਉਨ੍ਹਾਂ ਤੇ ਬਣਦੇ ਕੇਸ ਦਰਜ ਕਰਕੇ ਸਿੱਖ ਕੌਮ ਨੂੰ ਇਨਸਾਫ਼ ਦਿੱਤਾ ਜਾਵੇ । ਨਾ ਕਿ ਸਵੈਰੱਖਿਆ ਲਈ ਕਿਰਪਾਨਾ ਕੱਢਣ ਵਾਲੇ ਨਿਹੰਗ ਸਿੰਘਾਂ ਤੇ ਕਿਸੇ ਤਰ੍ਹਾਂ ਦਾ ਹਕੂਮਤੀ ਜਬਰ ਜੁਲਮ ਹੋਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਪੁਸ਼ਕਰ ਸਿੰਘ ਧਾਮੀ ਅਤੇ ਡੀਜੀਪੀ ਉਤਰਾਖੰਡ ਨੂੰ ਉਚੇਚੇ ਤੌਰ ਤੇ ਸੁਬੋਧਿਤ ਹੁੰਦੇ ਹੋਏ, ਨਿਹੰਗ ਸਿੰਘਾਂ ਉਤੇ ਮੰਦਭਾਵਨਾ ਅਧੀਨ ਹਮਲੇ ਕਰਨ ਵਾਲੇ ਅਤੇ ਭੜਕਾਹਟ ਪੈਦਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਕਾਨੂੰਨੀ ਅਮਲ ਕਰਕੇ ਇਨਸਾਫ਼ ਦੇਣ ਅਤੇ ਜਿਨ੍ਹਾਂ ਨਿਹੰਗ ਸਿੰਘਾਂ ਨੇ ਸਵੈਰੱਖਿਆ ਲਈ ਕੋਈ ਅਮਲ ਕੀਤਾ ਹੈ, ਉਨ੍ਹਾਂ ਵਿਰੁੱਧ ਕਿਸੇ ਤਰ੍ਹਾਂ ਦਾ ਵੀ ਜ਼ਬਰ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਸਥਾਂਨ ਜੇਕਰ ਦੂਸਰੇ ਸੂਬਿਆਂ ਵਿਚ ਹਨ ਅਤੇ ਉਹ ਨਿਰੰਤਰ ਬੀਤੇ ਲੰਮੇ ਸਮੇ ਤੋ ਇਨ੍ਹਾਂ ਸਥਾਨਾਂ ਦੇ ਇਕ ਅੱਛੇ ਸ਼ਹਿਰੀ ਦੀ ਤਰ੍ਹਾਂ ਦਰਸ਼ਨ ਕਰਨ ਆਉਦੇ-ਜਾਂਦੇ ਰਹਿੰਦੇ ਹਨ, ਪਰ ਇਨ੍ਹਾਂ ਸੂਬਿਆਂ ਵਿਚ ਕੁਝ ਲੋਕਾਂ ਵੱਲੋ ਮੰਦਭਾਵਨਾ ਅਧੀਨ ਜੇਕਰ ਕੋਈ ਇਸ ਤਰ੍ਹਾਂ ਗੈਰ ਕਾਨੂੰਨੀ ਹਮਲਾ ਹੁੰਦਾ ਹੈ, ਤਾਂ ਇਹ ਉਨ੍ਹਾਂ ਸੂਬਿਆਂ ਦੇ ਅੱਛੇ ਰਾਜ ਪ੍ਰਬੰਧ ਹੋਣ ਉਤੇ ਵੀ ਵੱਡਾ ਪ੍ਰਸ਼ਨ ਚਿੰਨ੍ਹ ਲੱਗਦਾ ਹੈ । ਫਿਰ ਸੰਵਿਧਾਨ ਵਿਚ ਜਦੋ ਸਭ ਕੌਮਾਂ, ਧਰਮਾਂ, ਕਬੀਲਿਆ, ਫਿਰਕਿਆ ਨੂੰ ਬਰਾਬਰਤਾ ਦੇ ਹੱਕ ਹਾਸਲ ਹਨ, ਫਿਰ ਸਿੱਖਾਂ ਉਤੇ ਇਸ ਤਰ੍ਹਾਂ ਕਦੀ ਹਰਿਆਣਾ, ਕਦੇ ਹਿਮਾਚਲ, ਕਦੇ ਉਤਰਾਖੰਡ ਆਦਿ ਵਿਚ ਯੋਜਨਾਬੰਦ ਹਮਲੇ ਹੋਣਾ ਅਤਿ ਮੰਦਭਾਗਾ, ਨਿੰਦਣਯੋਗ ਅਤੇ ਵਿਤਕਰੇ ਭਰੀਆ ਕਾਰਵਾਈਆ ਹਨ । ਜਿਸ ਨੂੰ ਸੰਬੰਧਤ ਸੂਬਿਆਂ ਅਤੇ ਸੈਟਰ ਦੇ ਹੁਕਮਰਾਨਾਂ ਵੱਲੋ ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣ ਅਤੇ ਇਨ੍ਹਾਂ ਸੂਬਿਆਂ ਵਿਚ ਜਾਣ ਵਾਲੇ ਸਿੱਖ ਯਾਤਰੂਆ ਤੇ ਕਾਰੋਬਾਰੀਆ ਦੇ ਜਾਨ-ਮਾਲ ਦੀ ਹਿਫਾਜਤ ਕਰਨ ਦੀ ਵਿਧਾਨਿਕ ਜਿੰਮੇਵਾਰੀ ਹੈ । ਨਾ ਕਿ ਮੁਤੱਸਵੀ ਸੋਚ ਅਧੀਨ ਅਜਿਹੇ ਜਬਰ ਹੋਣ ਦੀ ਗੱਲ ਹੋਣੀ ਚਾਹੀਦੀ ਹੈ ।