ਸਭ ਵਰਕਰਾਂ ਨੂੰ ਐਸ.ਆਈ.ਆਰ ਅਧੀਨ ਵੋਟਾਂ ਬਣਾਉਣ ਦੀ ਹਦਾਇਤ ਦੇ ਨਾਲ-ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਕਮਰਕੱਸੇ ਕਰ ਲੈਣ : ਮਾਨ
ਖਾਲਸਾ ਰਾਜ ਵਿਚ ਕਿਸੇ ਵੀ ਕੌਮ, ਧਰਮ, ਕਬੀਲੇ, ਵਰਗ ਆਦਿ ਨਾਲ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਕਿਸੇ ਤਰ੍ਹਾਂ ਦਾ ਵਿਤਕਰਾ ਤੇ ਬੇਇਨਸਾਫ਼ੀ ਹੋਣ ਦੀ ਕੋਈ ਰਤੀਭਰ ਵੀ ਗੁਜਾਇਸ ਨਹੀ ਹੋਵੇਗੀ
ਫ਼ਤਹਿਗੜ੍ਹ ਸਾਹਿਬ, 29 ਮਈ ( ) “2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੁੱਦੇ ਨੂੰ ਮੁੱਖ ਰੱਖਕੇ ਚੋਣ ਕਮਿਸਨ ਦੀਆਂ ਹੋਈਆ ਹਦਾਇਤਾ ਅਨੁਸਾਰ ਜੋ ਐਸ.ਆਈ.ਆਰ ਸਕੀਮ ਅਧੀਨ ਨਵੀ ਵੋਟਰ ਸੂਚੀ ਬਣਨ ਜਾ ਰਹੀ ਹੈ, ਜਿਸ ਸੰਬੰਧੀ ਚੋਣ ਕਮਿਸਨ ਵੱਲੋ ਹਰ ਘਰ ਵਿਚ ਹਰ ਵੋਟਰ ਲਈ ਨਵਾ ਫਾਰਮ ਪਹੁੰਚਾਉਣ ਦੀ ਹਦਾਇਤ ਹੋਈ ਹੈ, ਉਸ ਅਨੁਸਾਰ ਪੰਜਾਬ ਦੇ ਸਮੁੱਚੇ ਬਸਿੰਦਿਆ ਵਿਸੇਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਜੁੜੇ ਹੋਏ ਸਮਰੱਥਕਾਂ, ਵਰਕਰਾਂ, ਅਹੁਦੇਦਾਰਾਂ ਨੂੰ ਆਪੋ ਆਪਣੀਆ ਨਵੀਆ ਵੋਟਾਂ ਬਣਾਉਣ ਦੀ ਸੰਜੀਦਗੀ ਭਰੀ ਹਦਾਇਤ ਕੀਤੀ ਗਈ ਹੈ, ਉਥੇ ਵਿਧਾਨ ਸਭਾ ਹਲਕਾ ਵਾਈਜ ਹਰ ਪਿੰਡ ਪੱਧਰ ਤੇ ਪੋਲਿੰਗ ਬੂਥ ਤੱਕ ਪਾਰਟੀ ਮੈਬਰਾਂ ਵੱਲੋ ਆਪਣੀ ਜਿੰਮੇਵਾਰੀ ਨਿਭਾਉਣ ਲਈ ਹੁਣੇ ਤੋ ਆਪਣੀ ਤਿਆਰੀ ਕਰਨ ਦਾ ਵੀ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋ ਸੰਦੇਸ ਦਿੱਤਾ ਗਿਆ ਹੈ । ਇਸਦੇ ਨਾਲ ਹੀ ਚੋਣ ਪਾਰਲੀਮੈਟ ਬੋਰਡ ਜੋ 6 ਮੈਬਰੀ ਹੈ, ਉਸ ਵੱਲੋ ਸਮੂਹ ਜਿ਼ਲ੍ਹਾ ਪ੍ਰਧਾਨਾਂ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨਾਂ ਨਾਲ ਰਾਬਤਾ ਕਰਕੇ ਹਰ ਵਿਧਾਨ ਸਭਾ ਸੀਟ ਉਤੇ ਪਾਰਟੀ ਦੇ 2 ਉਮੀਦਵਾਰਾਂ ਦੀ ਸੂਚੀ ਹਾਈ ਕਮਾਡ ਨੂੰ ਤੁਰੰਤ ਭੇਜਣ ਦਾ ਫੈਸਲਾ ਵੀ ਕੀਤਾ ਗਿਆ ਹੈ । ਤਾਂ ਕਿ ਕਿਸੇ ਸਮੇ ਵੀ ਚੋਣ ਕਮਿਸਨ ਇੰਡੀਆ ਵੱਲੋ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੇ ਪਾਰਟੀ ਪੂਰੀ ਸਰਗਰਮੀ ਨਾਲ ਅਤੇ ਜਿੰਮੇਵਾਰੀ ਨਾਲ ਆਪਣੀ ਜਿੰਮੇਵਾਰੀ ਨਿਭਾਕੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਹੱਕਾਂ ਦੀ ਰਾਖੀ ਕਰਨ ਲਈ ਵਿਧਾਨਕਾਰਾ ਨੂੰ ਸਾਨ ਨਾਲ ਜਿੱਤਾਕੇ ਪੰਜਾਬ ਦੇ ਰਾਜ ਪ੍ਰਬੰਧ ਵਿਚ ਭਾਗੀਦਾਰ ਬਣਾਇਆ ਜਾ ਸਕੇ ।”
ਇਹ ਫੈਸਲਾ ਬੀਤੇ ਦਿਨੀਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿ਼ਲ੍ਹਾ ਪ੍ਰਧਾਨਾਂ, ਕਾਰਜਕਾਰਨੀ ਮੈਬਰਾਂ, ਜਿ਼ਲ੍ਹਾ ਯੂਥ ਪ੍ਰਧਾਨਾਂ, ਇਸਤਰੀ ਵਿੰਗ ਦੀਆ ਜਿ਼ਲ੍ਹਾ ਪ੍ਰਧਾਨਾਂ, ਪੀ.ਏ.ਸੀ ਮੈਬਰਜ ਅਤੇ ਸਮੁੱਚੇ ਅਹੁਦੇਦਾਰਾਂ ਦੀ ਇਕ ਹੋਈ 5 ਘੰਟਿਆ ਦੀ ਹੰਗਾਮੀ ਮੀਟਿੰਗ ਵਿਚ ਵਿਚਾਰਾਂ ਆਉਣ ਉਪਰੰਤ ਕੀਤੇ ਗਏ ਫੈਸਲਿਆ ਤੋ ਪਾਰਟੀ ਦੇ ਮੁੱਖ ਬੁਲਾਰੇ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਪ੍ਰੈਸ ਲਈ ਪ੍ਰੈਸ ਨੋਟ ਜਾਰੀ ਕਰਦੇ ਹੋਏ ਜਾਣਕਾਰੀ ਦਿੱਤੀ ਗਈ। ਇਸ ਮੀਟਿੰਗ ਵਿਚ ਉਚੇਚੇ ਤੌਰ ਤੇ ਪਾਰਟੀ ਦੇ ਕੁਝ ਰਹਿੰਦੇ ਡੈਲੀਗੇਟਸ ਦੀ ਜਿੰਮੇਵਾਰੀ ਤੁਰੰਤ ਪੂਰੀ ਕਰਨ ਦੀ ਹਦਾਇਤ ਵੀ ਕੀਤੀ ਗਈ ਤਾਂ ਕਿ ਸਮੇ ਅਨੁਸਾਰ ਡੈਲੀਗੇਟ ਇਜਲਾਸ ਬੁਲਾਕੇ ਅਗਲੇਰੀ ਕਾਰਵਾਈ ਪੂਰਨ ਕੀਤੀ ਜਾ ਸਕੇ । ਇਸ ਮੀਟਿੰਗ ਵਿਚ ਵੱਖ-ਵੱਖ ਬੁਲਾਰਿਆ ਦੇ ਆਏ ਵਿਚਾਰਾਂ ਨੂੰ ਮੁੱਖ ਰੱਖਕੇ ਪਾਰਟੀ ਪ੍ਰਧਾਨ ਵੱਲੋ ਕੁਝ ਸਮਾਂ ਪਹਿਲੇ ਬਣਾਏ ਗਏ ਪਾਰਲੀਮੈਟ ਬੋਰਡ ਦੇ 6 ਮੈਬਰਾਂ ਨੂੰ ਸਿੱਖ ਕੌਮ ਦੀਆਂ ਅੰਤਰੀਵ ਭਾਵਨਾਵਾ ਅਨੁਸਾਰ ਜਿਥੇ ਹਰ ਹਲਕੇ ਵਿਚੋ ਸਾਨਦਾਰ ਜਿੱਤ ਕੱਢਣ ਵਾਲੇ ਉਮੀਦਵਾਰਾਂ ਦੀ ਚੋਣ ਕਰਨ ਲਈ ਕਿਹਾ ਗਿਆ ਉਥੇ ਇਸੇ ਬੋਰਡ ਨੂੰ ਪੰਥਕ ਭਾਵਨਾ ਨੂੰ ਮੁੱਖ ਰੱਖਕੇ ਦੂਸਰੇ ਪੰਥਕ ਦਰਦ ਰੱਖਣ ਵਾਲੇ ਵੱਖ-ਵੱਖ ਦਲਾਂ ਨਾਲ ਇਕ ਸਾਂਝਾ ਪੰਥਕ ਮੁਹਾਜ ਬਣਾਉਣ ਲਈ ਜਮੀਨ ਤਿਆਰ ਕਰਨ ਅਤੇ ਦੂਸਰੀਆ ਪੰਜਾਬ ਤੇ ਪੰਥ ਵਿਰੋਧੀ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਤੇ ਹੋਰ ਫਿਰਕੂ ਸੰਗਠਨਾਂ ਵਿਰੁੱਧ ਸਾਂਝੇ ਪੰਥਕ ਮੁਹਾਜ ਵੱਲੋ ਇਕ ਉਮੀਦਵਾਰ ਖੜ੍ਹਾ ਕਰਕੇ ਖਾਲਸਾ ਪੰਥ ਦੀ ਨਿਰੋਲ ਸਰਕਾਰ ਬਣਾਉਣ ਦੀ ਇੱਛਾ ਅਧੀਨ ਸਰਗਰਮੀਆ ਵਧਾਉਣ ਤੇ ਪੰਥਕ ਜਿੰਮੇਵਾਰੀਆ ਨੂੰ ਪੂਰਨ ਕਰਨ ਦੀ ਹਦਾਇਤ ਵੀ ਦਿੱਤੀ ਗਈ । ਸ. ਮਾਨ ਨੇ ਆਪਣੀ ਤਕਰੀਰ ਵਿਚ ਸਮੁੱਚੇ ਹਾਜਰੀਨ ਅਹੁਦੇਦਾਰ ਤੇ ਮੈਬਰਾਨ ਨੂੰ ਵੋਟਾਂ ਬਣਾਉਣ ਸੰਬੰਧੀ, 25 ਹਜਾਰ ਦੇ ਕਰੀਬ ਜੋ ਪੰਜਾਬ ਵਿਚ ਪੋਲਿੰਗ ਬੂਥ ਹਨ, ਉਨ੍ਹਾਂ ਉਤੇ ਆਪਣੇ 3-3 ਜਿੰਮੇਵਾਰ ਮੈਬਰਾਂ ਦੀ ਤੁਰੰਤ ਚੋਣ ਕਰਕੇ ਪਾਰਟੀ ਦੇ ਮੁੱਖ ਦਫਤਰ ਨੂੰ ਸੂਚਿਤ ਕਰਨ ਰਹਿੰਦੀ ਮੈਬਰਸਿਪ ਅਤੇ ਡੈਲੀਗੇਟਸ ਦੀਆਂ ਜਿੰਮੇਵਾਰੀਆ ਤੁਰੰਤ ਪੂਰੀਆ ਕਰਨ ਦੀ ਜੋਰਦਾਰ ਗੁਜਾਰਿਸ ਕਰਨ ਦੇ ਨਾਲ-ਨਾਲ ਇਹ ਵੀ ਜਿ਼ਲ੍ਹਾ ਪ੍ਰਧਾਨਾਂ ਨੂੰ ਜਿੰਮੇਵਾਰੀ ਸੌਪੀ ਕਿ ਹਰ ਜਿ਼ਲ੍ਹਾ ਆਪਣੇ-ਆਪਣੇ ਜਿੰਮੇਵਾਰੀ ਨੂੰ ਪੂਰਨ ਕਰਦੇ ਹੋਏ 01 ਜੂਨ ਨੂੰ ਬਰਗਾੜੀ ਵਿਖੇ ਹੋਣ ਵਾਲੇ ਪਸਚਾਤਾਪ ਇਕੱਠ ਦੀ ਅਰਦਾਸ ਵਿਚ, 02 ਜੂਨ ਨੂੰ ਪਿੰਡ ਰੋਡੇ ਵਿਖੇ ਸੰਤ ਜਰਨੈਲ ਸਿੰਘ ਜੀ ਦੇ ਰੋਡੇ ਪਰਿਵਾਰ ਵੱਲੋ ਮਨਾਏ ਜਾਣ ਵਾਲੇ ਜਨਮ ਦਿਹਾੜੇ ਸਮੇ ਅਤੇ 06 ਜੂਨ ਨੂੰ ਘੱਲੂਘਾਰਾ ਦਿਹਾੜਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਉਣ ਸਮੇ ਵੱਧ ਤੋ ਵੱਧ ਸੰਗਤਾਂ ਲੈਕੇ ਪਹੁੰਚਣ ਦੀ ਜਿੰਮੇਵਾਰੀ ਨਿਭਾਉਣ।
ਇਸ ਇਕੱਠ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਇੰਡੀਆ ਤੇ ਪੰਜਾਬ ਵਿਚ ਵੱਸਣ ਵਾਲੀਆ ਵੱਖ-ਵੱਖ ਕੌਮਾਂ, ਧਰਮਾਂ, ਕਬੀਲਿਆ, ਵਰਗਾਂ ਨੂੰ ਉਚੇਚੇ ਤੌਰ ਤੇ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਸਾਡੇ ਵੱਲੋ ਕਾਇਮ ਕੀਤੇ ਜਾਣ ਵਾਲੇ ਖਾਲਸਾ ਰਾਜ ਵਿਚ ਕਿਸੇ ਵੀ ਕੌਮ, ਧਰਮ, ਕਬੀਲੇ, ਵਰਗ ਆਦਿ ਨਾਲ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਕਿਸੇ ਤਰ੍ਹਾਂ ਦਾ ਵਿਤਕਰਾ ਤੇ ਬੇਇਨਸਾਫ਼ੀ ਹੋਣ ਦੀ ਕੋਈ ਰਤੀਭਰ ਵੀ ਗੁਜਾਇਸ ਨਹੀ ਹੋਵੇਗੀ । ਬਲਕਿ ਬਰਾਬਰਤਾ ਦੀ ਸੋਚ ਤੇ ਹਰ ਖੇਤਰ ਵਿਚ ਮੁਸਲਿਮ, ਸਿੱਖ, ਇਸਾਈ, ਹਿੰਦੂ, ਫਾਰਸੀ, ਬੋਧੀ, ਜੈਨੀ ਅਤੇ ਹੋਰ ਵਰਗਾਂ ਨੂੰ ਮਹਾਰਾਜਾ ਰਣਜੀਤ ਜੀ ਦੇ ਲਾਹੌਰ ਖਾਲਸਾ ਰਾਜ ਦਰਬਾਰ ਦੀ ਸੋਚ ਅਨੁਸਾਰ ਉੱਚ ਅਹੁਦਿਆ ਅਤੇ ਹੋਰ ਸਰਕਾਰੀ ਨੌਕਰੀਆ ਵਿਚ ਬਰਾਬਰਤਾ ਦਾ ਸਨਮਾਨ ਕਾਇਮ ਰੱਖਦੇ ਹੋਏ ਇਨਸਾਫ ਵਾਲਾ ਰਾਜ ਦਿੱਤਾ ਜਾਵੇਗਾ । ਇਸ ਲਈ ਕਿਸੇ ਵੀ ਵਰਗ, ਕੌਮ, ਧਰਮ ਜਾਂ ਕਬੀਲੇ ਆਦਿ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਹੋਰ ਪੰਥਕ ਧਿਰਾਂ ਵੱਲੋ ਕਾਇਮ ਕੀਤੇ ਜਾਣ ਵਾਲੇ ਰਾਜ ਪ੍ਰਬੰਧ ਵਿਚ ਕਿਸੇ ਤਰ੍ਹਾਂ ਦਾ ਕਿੰਤੂ-ਪ੍ਰੰਤੂ ਨਹੀ ਹੋਣਾ ਚਾਹੀਦਾ । ਅਜਿਹਾ ਮੌਕਾ ਪੈਦਾ ਨਹੀ ਹੋਣ ਦਿੱਤਾ ਜਾਵੇਗਾ ਜਿਸ ਨਾਲ ਕਿਸੇ ਵਰਗ ਨਾਲ ਕੋਈ ਬੇਇਨਸਾਫ਼ੀ ਹੋਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਅਹੁਦੇਦਾਰ, ਵਰਕਰ ਆਪੋ ਆਪਣੀਆ ਪਾਰਟੀ ਪ੍ਰਤੀ ਜਿੰਮੇਵਾਰੀਆ ਨੂੰ ਪੂਰਨ ਕਰਦੇ ਹੋਏ, ਸਰਬੱਤ ਦੇ ਭਲੇ ਵਾਲੀ ਪਾਰਟੀ ਪਾਲਸੀ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਹੋਏ 2027 ਵਿਚ ਹਰ ਕੀਮਤ ਤੇ ਪੰਥਕ ਸਰਕਾਰ ਕਾਇਮ ਕਰਨ ਵਿਚ ਯੋਗਦਾਨ ਪਾਉਣਗੇ ਅਤੇ ਪੰਜਾਬ ਵਿਰੋਧੀ ਫਿਰਕੂ ਜਮਾਤਾਂ ਨੂੰ ਕਰਾਰੀ ਹਾਰ ਦੇਣਗੇ ।