ਕੇਰਲਾ ਦੇ ਸਬਰੀਮਾਲਾ ਮੰਦਰ ਵਿਚ ਬੀਬੀਆਂ ਨੂੰ ਜਾਣ ‘ਤੇ ਲਗਾਈ ਪਾਬੰਦੀ ਔਰਤ ਵਰਗ ਦਾ ਅਪਮਾਨ ਕਰਨ ਦੇ ਤੁੱਲ : ਮਾਨ
ਫ਼ਤਹਿਗੜ੍ਹ ਸਾਹਿਬ, 08 ਅਪ੍ਰੈਲ ( ) “ਕੇਰਲਾ ਦੇ ਸਬਰੀਮਾਲਾ ਮੰਦਰ ਵਿਚ ਜੋ ਹੁਕਮਰਾਨਾਂ ਵੱਲੋ ਸਭ ਵਿਧਾਨਿਕ, ਸਮਾਜਿਕ, ਧਾਰਮਿਕ, ਬਰਾਬਰਤਾ ਦੇ ਨਿਯਮਾਂ, ਅਸੂਲਾਂ ਦਾ ਉਲੰਘਣ ਕਰਕੇ ਦਾਖਲ ਹੋਣ ਤੇ ਜ਼ਬਰੀ ਪਾਬੰਦੀ ਲਗਾਈ ਜਾ ਰਹੀ ਹੈ, ਇਹ ਤਾਂ ਵੱਡੇ-ਵੱਡੇ ਰਾਜੇ, ਮਹਾਰਾਜਿਆ ਅਤੇ ਉੱਚ ਸਖਸ਼ੀਅਤਾਂ ਨੂੰ ਜਨਮ ਦੇਣ ਵਾਲੀ ਔਰਤ ਵਰਗ ਦਾ ਅਪਮਾਨ ਕਰਨ ਦੇ ਤੁੱਲ ਕਾਰਵਾਈਆ ਹਨ । ਜਦੋਕਿ ਸਿੱਖ ਧਰਮ ਵਿਚ ਤਾਂ ਸਾਡੇ ਗੁਰੂ ਸਾਹਿਬਾਨ ਨੇ ਔਰਤ ਵਰਗ ਨੂੰ ਉੱਚ ਦਰਜੇ ਦਾ ਸਤਿਕਾਰ ਮਾਣ ਦਿੰਦੇ ਹੋਏ ਅਤੇ ਬਰਾਬਰਤਾ ਦੇ ਹੱਕ ਪ੍ਰਦਾਨ ਕਰਦੇ ਹੋਏ ਉਚਾਰਿਆ ਸੀ ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’। ਫਿਰ ਇੰਡੀਆ ਦੀ ਸੁਪਰੀਮ ਕੋਰਟ ਵੀ ਔਰਤ ਵਰਗ ਨੂੰ ਵਿਧਾਨਿਕ ਲੀਹਾਂ ਅਨੁਸਾਰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੋਈ ਪੂਰੀ ਰੱਖਿਆ ਦੀ ਗੱਲ ਕਰਦੀ ਹੈ । ਵਿਧਾਨ ਦੀ ਧਾਰਾ 14 ਇਥੋ ਦੇ ਸਭ ਵਰਗਾਂ ਨੂੰ ਬਰਾਬਰਤਾ ਦੀ ਸੋਚ ਅਧੀਨ ਵਿਚਰਦੀ ਹੈ । ਪਰ ਦੇਸ਼ ਦੇ ਹੁਕਮਰਾਨ ਆਪਣੀ ਸੌੜੀ ਸੋਚ ਅਧੀਨ ਪੁਰਾਤਨ ਮੰਨੂਸਮ੍ਰਿਤੀ ਅਨੁਸਾਰ ਅੱਜ ਅਜੋਕੇ ਯੁੱਗ ਵਿਚ ਵੀ ਮੰਦਰ ਵਿਚ ਔਰਤਾਂ ਦੇ ਦਾਖਲੇ ਉਤੇ ਪਾਬੰਦੀ ਲਗਾਉਣ ਨੂੰ ਠੀਕ ਦਰਸਾ ਰਹੀ ਹੈ । ਅਜਿਹੇ ਹੁਕਮਰਾਨਾਂ ਦੇ ਅਮਲ ਤਾਂ ਵਿਧਾਨਿਕ, ਸਮਾਜਿਕ, ਧਾਰਮਿਕ ਕਦਰਾਂ ਕੀਮਤਾਂ ਦਾ ਘਾਣ ਕਰਨ ਵਾਲੇ ਤਾਨਾਸਾਹੀ ਸੋਚ ਨੂੰ ਪ੍ਰਤੱਖ ਕਰਦੇ ਹਨ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਪਾਰਲੀਮੈਟ ਦੀਆਂ ਜੋ ਮੁਲਕ ਵਿਚ ਚੋਣਾਂ ਹੁੰਦੀਆ ਹਨ, ਪਾਰਲੀਮੈਟ ਇਨ੍ਹਾਂ ਚੋਣਾਂ ਵਿਚ ਬੀਬੀਆਂ ਦੇ ਕੋਟੇ ਨੂੰ ਵਧਾਉਣ ਦੀ ਗੱਲ ਕਰ ਰਹੀ ਹੈ । ਪਰ ਫਿਰ ਵੀ ਜੇਕਰ ਹੁਕਮਰਾਨ ਉਪਰੋਕਤ ਮੰਦਰ ਵਿਚ ਬੀਬੀਆ ਨਾਲ ਵਿਤਕਰਾ ਕਰਦੇ ਹਨ, ਇਹ ਤਾਂ ਬਰਾਬਰਤਾ ਦੀ ਸੋਚ ਦਾ ਘਾਣ ਕਰਨ ਅਤੇ ਮਨੁੱਖਤਾ ਵਿਰੋਧੀ ਸੋਚ ਨੂੰ ਬੁੜਾਵਾ ਦੇਣ ਦੀ ਕਾਰਵਾਈ ਹੋਵੇਗੀ । ਜੋ ਜਮਹੂਰੀਅਤ ਪਸ਼ੰਦ ਮੁਲਕ ਵਿਚ ਕਤਈ ਪ੍ਰਵਾਨ ਨਹੀ ਕੀਤੀ ਜਾ ਸਕਦੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੇਰਲਾ ਦੇ ਸਬਰੀਮਾਲਾ ਮੰਦਰ ਵਿਚ ਸਭ ਕਦਰਾਂ ਕੀਮਤਾਂ ਦਾ ਘਾਣ ਕਰਕੇ, ਬਰਾਬਰਤਾ ਦੀ ਸੋਚ ਨੂੰ ਚੁਣੋਤੀ ਦੇ ਕੇ ਉਸ ਮੰਦਰ ਵਿਚ ਬੀਬੀਆ ਦੇ ਜਾਣ ਤੇ ਲਗਾਈ ਜਾਣ ਵਾਲੀ ਪਾਬੰਦੀ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਅਜਿਹੇ ਵਿਤਕਰੇ ਭਰੇ ਅਤੇ ਬੀਬੀਆ ਦਾ ਅਪਮਾਨ ਕਰਨ ਵਾਲੀਆ ਕਾਰਵਾਈਆ ਨੂੰ ਕਤਈ ਵੀ ਪ੍ਰਵਾਨ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਹੁਕਮਰਾਨ ਆਪਣੀ ਮੰਨੂਸਮ੍ਰਿਤੀ ਦੀ ਸੋਚ ਅਧੀਨ, ਛੂਆ-ਛਾਤ, ਗੁਲਾਮੀਅਤ ਨੂੰ ਮਜ਼ਬੂਤ ਕਰਨ ਵਾਲੀਆ ਕਾਰਵਾਈਆ ਕਰਦੇ ਆ ਰਹੇ ਹਨ ਇਸੇ ਸੋਚ ਅਧੀਨ ਜਦੋਂ ਹਿੰਦੂਆ ਦੇ ਰਾਮ ਮੰਦਰ ਦੀ ਸਿਲਾ ਦਾ ਉਦਘਾਟਨ ਕੀਤਾ ਗਿਆ, ਤਾਂ ਵਿਧਾਨਿਕ ਤੇ ਸਮਾਜਿਕ ਲੀਹਾ ਦਾ ਉਲੰਘਣ ਕਰਕੇ ਮੁਲਕ ਦੀ ਪ੍ਰੈਜੀਡੈਟ ਬੀਬੀ ਦ੍ਰੋਪਦੀ ਮੁਰਮੂ ਜਿਸਦਾ ਪ੍ਰੋਟੋਕੋਲ ਸ੍ਰੀ ਮੋਦੀ ਤੇ ਇਨ੍ਹਾਂ ਸਭ ਤੋ ਉਪਰ ਬਣਦਾ ਸੀ, ਬੀਬੀ ਦੇ ਆਦਿਵਾਸੀਆ ਵਿਚੋ ਹੋਣ ਦੀ ਬਦੌਲਤ ਉਨ੍ਹਾਂ ਨੂੰ ਉਥੇ ਨਾ ਬੁਲਾਉਣ ਅਤੇ ਔਰਤ ਵਰਗ ਦਾ ਸਤਿਕਾਰ ਨਾ ਕਰਨ ਦੀ ਗੱਲ ਅਤਿ ਨਿੰਦਣਯੋਗ ਸੀ । ਜਦੋਕਿ ਜਮਹੂਰੀਅਤ, ਧਾਰਮਿਕ, ਸਮਾਜਿਕ ਨਿਯਮ ਮੰਗ ਕਰਦੇ ਹਨ ਕਿ ਔਰਤ ਵਰਗ ਦਾ ਕਿਸੇ ਵੀ ਸਥਾਂਨ ਤੇ ਕਿਸੇ ਵੀ ਸਮੇ ਵਿਤਕਰਾ ਨਹੀ ਹੋਣਾ ਚਾਹੀਦਾ ਅਤੇ ਇਨ੍ਹਾਂ ਦੇ ਬਰਾਬਰਤਾ ਦੇ ਸਤਿਕਾਰ ਨੂੰ ਹਰ ਕੀਮਤ ਤੇ ਬਰਕਰਾਰ ਰੱਖਣਾ ਚਾਹੀਦਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੁਕਮਰਾਨਾਂ ਵੱਲੋ ਬੀਬੀਆ ਨਾਲ ਕੀਤੇ ਜਾ ਰਹੇ ਇਸ ਵਿਤਕਰੇ ਅਤੇ ਅਪਮਾਨ ਨੂੰ ਕਤਈ ਸਹਿਣ ਨਹੀ ਕਰੇਗਾ ਅਤੇ ਨਾ ਹੀ ਬਰਾਬਰਤਾ ਦੇ ਹੱਕ ਨੂੰ ਕੁੱਚਲਣ ਦੀ ਇਜਾਜਤ ਦੇਵੇਗਾ ।