28 ਮਾਰਚ ਨੂੰ ਐਸ.ਜੀ.ਪੀ.ਸੀ ਦੇ ਹੋਏ ਬਜਟ ਇਜਲਾਸ ਵਿਚ ਜਰਨਲ ਚੋਣਾਂ ਸੰਬੰਧੀ ਮਤਾ ਪਾਸ ਨਾ ਕਰਨ ਤੋਂ ਮੌਜੂਦਾ ਐਸ.ਜੀ.ਪੀ.ਸੀ ਦੀ ਗੈਰ-ਸੰਜੀਦਗੀ ਪ੍ਰਤੱਖ ਹੋ ਰਹੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 06 ਅਪ੍ਰੈਲ ( ) “ਜੋ 28 ਮਾਰਚ ਨੂੰ ਐਸ.ਜੀ.ਪੀ.ਸੀ ਦਾ ਸਲਾਨਾ ਬਜਟ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਇਆ ਹੈ, ਉਸ ਸੰਬੰਧੀ ਅਸੀ ਇਕ ਦਿਨ ਪਹਿਲੇ ਮਿਤੀ 27 ਮਾਰਚ ਨੂੰ ਉਚੇਚੇ ਤੌਰ ਤੇ ਪ੍ਰੈਸ ਰਾਹੀ ਜਨਤਕ ਬਿਆਨ ਦਿੰਦੇ ਹੋਏ ਐਸ.ਜੀ.ਪੀ.ਸੀ ਦੇ ਮੌਜੂਦਾ ਅਧਿਕਾਰੀਆ ਨੂੰ ਇਹ ਸੰਜੀਦਾ ਅਪੀਲ ਕੀਤੀ ਸੀ ਕਿ ਇਸ ਇਜਲਾਸ ਵਿਚ ਬੀਤੇ 15 ਸਾਲਾਂ ਤੋ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਜੋ ਨਹੀ ਕਰਵਾਈਆ ਜਾ ਰਹੀਆ ਅਤੇ ਸਿੱਖ ਕੌਮ ਦਾ ਗੁਰੂਘਰਾਂ ਦੇ ਪ੍ਰਬੰਧ ਵਿਚ ਫਿਰ ਤੋ ਫਤਵਾ ਲੈਣ ਦਾ ਪ੍ਰਬੰਧ ਨਹੀ ਕੀਤਾ ਜਾ ਰਿਹਾ, ਉਸ ਸੰਬੰਧੀ ਐਸ.ਜੀ.ਪੀ.ਸੀ ਇਹ ਜਰਨਲ ਚੋਣਾਂ ਕਰਵਾਉਣ ਲਈ ਸੈਟਰ ਦੀ ਮੋਦੀ ਹਕੂਮਤ ਨੂੰ ਦਬਾਅ ਪਾ ਕੇ ਇਸ ਇਜਲਾਸ ਵਿਚ ਇਹ ਜਰਨਲ ਚੋਣਾਂ ਤੁਰੰਤ ਕਰਵਾਉਣ ਦਾ ਮਤਾ ਪਾਸ ਕਰੇ । ਪਰ ਬਹੁਤ ਦੁੱਖ ਤੇ ਅਫਸੋਸ ਹੈ ਕਿ ਬੀਤੇ ਕਈ ਸਾਲਾਂ ਤੋ ਸਮੁੱਚੀ ਸਿੱਖ ਕੌਮ ਤੇ ਸਾਡੇ ਵੱਲੋ ਇਨ੍ਹਾਂ ਜਰਨਲ ਚੋਣਾਂ ਕਰਵਾਉਣ ਦੀ ਕੀਤੀ ਜਾ ਰਹੀ ਮੰਗ ਨੂੰ ਨਜਰਅੰਦਾਜ ਕਰਕੇ ਮੌਜੂਦਾ ਸੈਟਰ ਨਾਲ ਇਕਮਿਕ ਹੋਏ ਇਨ੍ਹਾਂ ਐਸ.ਜੀ.ਪੀ.ਸੀ ਦੀ ਅਗਜੈਕਟਿਵ ਤੇ ਅਧਿਕਾਰੀਆ ਨੇ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਕਰਵਾਉਣ ਦਾ ਮਤਾ ਪਾਸ ਨਾ ਕਰਕੇ ਪ੍ਰਤੱਖ ਕਰ ਦਿੱਤਾ ਹੈ ਕਿ ਮੌਜੂਦਾ ਐਸ.ਜੀ.ਪੀ.ਸੀ ਜੋ ਲੇਮਡੱਕ ਵਿਚ ਜਾ ਚੁੱਕੀ ਹੈ ਅਤੇ ਜਿਸ ਨੂੰ ਕਾਨੂੰਨੀ ਤੌਰ ਤੇ ਸਿੱਖ ਕੌਮ ਦੇ ਵੱਡੇ ਮਸਲਿਆ ਸੰਬੰਧੀ ਕੋਈ ਫੈਸਲਾ ਲੈਣ ਦਾ ਕਾਨੂੰਨੀ ਅਧਿਕਾਰ ਨਹੀ ਹੈ, ਕੇਵਲ ਤੇ ਕੇਵਲ ਪ੍ਰਬੰਧ ਹੀ ਦੇਖ ਸਕਦੀ ਹੈ, ਇਹ ਮੈਬਰ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਕਰਵਾਉਣ ਲਈ ਬਿਲਕੁਲ ਸੁਹਿਰਦ ਨਹੀ ਹਨ ਅਤੇ ਨਾ ਹੀ ਇਹ ਚੋਣਾਂ ਕਰਵਾਉਣ ਦੇ ਹੱਕ ਵਿਚ ਹਨ ਅਤੇ ਆਪਣੇ ਗੈਰ ਕਾਨੂੰਨੀ ਪ੍ਰਬੰਧ ਨੂੰ ਚੱਲਦਾ ਰੱਖਣਾ ਚਾਹੁੰਦੇ ਹਨ । ਜਦੋਕਿ ਸੈਟਰ ਦੇ ਹੁਕਮਰਾਨਾਂ ਦੀ ਵੀ ਇਹੋ ਇੱਛਾ ਹੈ । ਇਸ ਲਈ ਸਿੱਖ ਕੌਮ ਇਸ ਵਿਸੇ ਤੇ ਅਗਲੇ ਕਦਮ ਚੁੱਕਣ ਲਈ ਸਮੂਹਿਕ ਤੌਰ ਤੇ ਰਾਏ ਮਸਵਰਾਂ ਕਰੇ ਕਿ ਸਾਨੂੰ ਇਹ ਜਰਨਲ ਚੋਣਾਂ ਕਰਵਾਉਣ ਲਈ ਹੁਣ ਕੀ ਪੈਤੜਾ ਅਪਣਾਉਣਾ ਚਾਹੀਦਾ ਹੈ ਤਾਂ ਕਿ ਅਸੀ ਸਿੱਖ ਕੌਮ ਫਿਰ ਤੋ ਇਨ੍ਹਾਂ ਗੁਰੂਘਰਾਂ ਦੇ ਪ੍ਰਬੰਧ ਲਈ ਅਗਲਾ ਪ੍ਰੋਗਰਾਮ ਉਲੀਕ ਸਕੀਏ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਐਸ.ਜੀ.ਪੀ.ਸੀ ਦੀ ਅਗਜੈਕਟਿਵ ਅਤੇ ਮੈਬਰਾਂ ਵੱਲੋ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਨਾ ਕਰਵਾਉਣ ਦੇ ਅਮਲਾਂ ਨੂੰ ਚੱਲਦਾ ਰੱਖਣ ਦੀ ਸਿੱਖ ਸਿਧਾਤਾਂ ਅਤੇ ਜਮਹੂਰੀਅਤ ਵਿਰੋਧੀ ਅਮਲਾਂ ਉਤੇ ਸਮੁੱਚੀ ਸਿੱਖ ਕੌਮ, ਵਿਦਵਾਨਾਂ, ਸਿੱਖ ਜਥੇਬੰਦੀਆ ਆਦਿ ਨੂੰ ਸੁਚੇਤ ਕਰਦੇ ਹੋਏ ਅਤੇ ਇਸ ਵਿਸੇ ਤੇ ਸਮੂਹਿਕ ਤੌਰ ਤੇ ਕੋਈ ਸਾਂਝੇ ਤੌਰ ਤੇ ਅਗਲਾ ਕਦਮ ਉਠਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਵਾਰ-ਵਾਰ ਸਿੱਖ ਕੌਮ ਵੱਲੋ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਕਰਵਾਉਣ ਦੀ ਮੰਗ ਉੱਠਣ ਤੇ ਵੀ ਐਸ.ਜੀ.ਪੀ.ਸੀ ਦੇ ਮੌਜੂਦਾ ਅਧਿਕਾਰੀ ਤੇ ਅਗਜੈਕਟਿਵ ਚੋਣਾਂ ਕਰਵਾਉਣ ਵੱਲ ਵੱਧਣ ਲਈ ਤਿਆਰ ਨਹੀ ਤਾਂ ਸਾਨੂੰ ਆਪਣੇ ਸਿਧਾਤਾਂ, ਸੋਚ ਉਤੇ ਪਹਿਰਾ ਦਿੰਦੇ ਹੋਏ ਇਕਤਾਕਤ ਹੋ ਕੇ ਸੈਟਰ ਦੀ ਮੋਦੀ ਹਕੂਮਤ ਨੂੰ ਇਹ ਚੋਣਾਂ ਕਰਵਾਉਣ ਲਈ ਕੋਈ ਵੱਡਾ ਜਬਰਦਸਤ ਕਦਮ ਉਠਾਉਣ ਲਈ ਸਾਂਝੀਆ ਵਿਚਾਰਾਂ ਵੀ ਕਰਨੀਆ ਪੈਣਗੀਆ ਅਤੇ ਇਸ ਵਿਸੇ ਤੇ ਸੰਜੀਦਗੀ ਨਾਲ ਕੋਈ ਐਕਸਨ ਵੀ ਕਰਨਾ ਪਵੇਗਾ । ਜਿਸ ਲਈ ਸਿੱਖ ਕੌਮ ਨੂੰ ਆਪਣੀ ਕੌਮੀ ਜਿੰਮੇਵਾਰੀ ਸਮਝਕੇ ਤਿਆਰ-ਬਰ-ਤਿਆਰ ਵੀ ਰਹਿਣਾ ਚਾਹੀਦਾ ਹੈ ਅਤੇ ਸੈਟਰ ਦੀ ਹਾਂ ਵਿਚ ਹਾਂ ਮਿਲਾਉਣ ਵਾਲੇ ਐਸ.ਜੀ.ਪੀ.ਸੀ ਉਤੇ ਕਾਬਜ ਗੈਰ ਸਿਧਾਤਿਕ ਧਿਰ ਨੂੰ ਇਨ੍ਹਾਂ ਪ੍ਰਬੰਧਾਂ ਤੋ ਦੂਰ ਕਰਨ ਲਈ ਜਮਹੂਰੀਅਤ ਤੇ ਕਾਨੂੰਨੀ ਢੰਗ ਨਾਲ ਕੋਈ ਅਮਲ ਵੀ ਕਰਨਾ ਪਵੇਗਾ ।