ਸਿੱਖ ਕੌਮ ਦੇ ਗ੍ਰੰਥ ਸਾਹਿਬ ਅਤੇ ਗੁਟਕਿਆ ਦਾ ਹੀ ਅਪਮਾਨ ਕਿਉਂ ਕੀਤਾ ਜਾਂਦਾ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ, 18 ਮਾਰਚ ( ) “ਭਾਵੇ ਪੰਜਾਬ ਸੂਬਾ ਹੋਵੇ, ਭਾਵੇ ਦੂਸਰੇ ਸੂਬੇ ਹੋਣ ਅਕਸਰ ਹੀ ਜਦੋ ਵੀ ਧਾਰਮਿਕ ਗ੍ਰੰਥਾਂ ਦਾ ਅਪਮਾਨ ਤੇ ਬੇਅਦਬੀਆਂ ਦੀ ਗੱਲ ਆਉਦੀ ਹੈ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਗੁਟਕਿਆ ਸੰਬੰਧੀ ਹੀ ਹੁੰਦੀ ਹੈ । ਇਸ ਗੱਲ ਤੋ ਇਹ ਸੰਜ਼ੀਦਾ ਪ੍ਰਸ਼ਨ ਉੱਠਦਾ ਹੈ ਕਿ ਜਦੋ ਵੀ ਅਜਿਹੀਆ ਬੇਅਦਬੀਆਂ ਹੁੰਦੀਆ ਹਨ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਟਕਿਆ ਨਾਲ ਹੀ ਕਿਉਂ ਹੁੰਦੀਆ ਹਨ ? ਇਸ ਤੋ ਇਹ ਵੀ ਅਰਥ ਨਿਕਲਦਾ ਹੈ ਭਾਵੇ ਹਕੂਮਤੀ ਪੱਧਰ ਤੇ ਭਾਵੇ ਫਿਰਕੂ ਮੁਤੱਸਵੀ ਸੰਗਠਨਾਂ ਵੱਲੋ ਅਜਿਹੇ ਅਪਮਾਨ ਕੀਤੇ ਅਤੇ ਕਰਵਾਏ ਜਾਂਦੇ ਹਨ । ਉਹ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਹੀ ਸੱਟ ਮਾਰਨ ਲਈ ਕੀਤੀਆ ਜਾਂਦੀਆ ਹਨ । ਇਸ ਗੱਲ ਦੀ ਵੀ ਗਹਿਰੀ ਚਿੰਤਾ ਹੈ ਕਿ ਸੈਟਰ ਦੇ ਹੁਕਮਰਾਨ ਅਤੇ ਪੰਜਾਬ ਦੇ ਹੁਕਮਰਾਨ ਇਸ ਵਿਸੇ ਉਤੇ ਕੋਈ ਸਖਤੀ ਨਾਲ ਕਾਨੂੰਨ ਬਣਾਕੇ ਫੌਰੀ ਅਮਲ ਕਰਨ ਦੀ ਜਿੰਮੇਵਾਰੀ ਕਿਉਂ ਨਹੀਂ ਨਿਭਾਉਦੇ ? ਜਦੋਕਿ ਇਹ ਸਿੱਖ ਕੌਮ ਦੀਆਂ ਭਾਵਨਾਵਾ ਨਾਲ ਸੰਬੰਧਤ ਮਸਲਾ ਬਹੁਤ ਹੀ ਗੰਭੀਰ ਅਤੇ ਇਸ ਨੂੰ ਪਹਿਲ ਦੇ ਆਧਾਰ ਤੇ ਹੁਕਮਰਾਨਾਂ ਵੱਲੋ ਹੱਲ ਕਰਨ ਦੀ ਜਿੰਮੇਵਾਰੀ ਬਣਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬ ਦੇ ਲੰਮੇ ਸਮੇ ਤੋ ਹੁੰਦੀਆ ਆ ਰਹੀਆ ਅਪਮਾਨਿਤ ਕਾਰਵਾਈਆ ਵਿਰੁੱਧ ਪੰਜਾਬ ਸਰਕਾਰ ਵੱਲੋ ਸਖਤ ਕਾਨੂੰਨ ਬਣਾਉਣ ਨੂੰ ਲੈਕੇ ਸਮਾਣਾ ਵਿਖੇ ਟਾਵਰ ਉਤੇ ਭਾਈ ਗੁਰਜੀਤ ਸਿੰਘ ਖਾਲਸਾ ਲੰਮੇ ਸਮੇ ਤੋ ਮੋਰਚਾ ਲਗਾਕੇ ਬੈਠੇ ਹਨ, ਉਸ ਸਥਾਂਨ ਦੇ ਨਜਦੀਕ ਹੀ ਇਕ ਗੁਟਕਾ ਸਾਹਿਬ ਦੇ ਹੋਏ ਅਪਮਾਨ ਉਤੇ ਵੱਡਾ ਰੋਹ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਬੀਤੇ 15 ਸਾਲਾਂ ਤੋਂ ਐਸ.ਜੀ.ਪੀ.ਸੀ ਦੀਆਂ ਹੁਕਮਰਾਨਾਂ ਵੱਲੋ ਚੋਣਾਂ ਨਹੀ ਕਰਵਾਈਆ ਜਾ ਰਹੀਆ, ਇਹ ਵੀ ਇਕ ਵੱਡਾ ਮੁੱਖ ਕਾਰਨ ਹੈ ਕਿ ਕਾਨੂੰਨੀ ਤੌਰ ਤੇ ਪ੍ਰਵਾਨਤਾ ਗੁਆ ਚੁੱਕੀ ਐਸ.ਜੀ.ਪੀ.ਸੀ ਇਸ ਗੰਭੀਰ ਵਿਸੇ ਉਤੇ ਅਮਲ ਹੀ ਨਹੀ ਕਰ ਰਹੀ । ਜਦੋਕਿ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਕਰਵਾਉਣਾ ਵੀ ਹੁਕਮਰਾਨਾਂ ਦੀ ਵੱਡੀ ਜਿੰਮੇਵਾਰੀ ਹੈ । ਉਨ੍ਹਾਂ ਕਿਹਾ ਕਿ ਯੂਐਸ ਕਮਿਸਨ ਆਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਵੱਲੋ ਜਦੋ ਪ੍ਰਤੱਖ ਰੂਪ ਵਿਚ ਇਹ ਫੈਸਲਾ ਦਿੱਤਾ ਗਿਆ ਹੈ ਕਿ ਇੰਡੀਆ ਵਿਚ ਧਾਰਮਿਕ ਆਜਾਦੀ ਪੂਰਨ ਰੂਪ ਵਿਚ ਪ੍ਰਦਾਨ ਨਹੀ ਕੀਤੀ ਗਈ । ਵਿਸੇਸ ਤੌਰ ਤੇ ਸਿੱਖ ਅਤੇ ਮੁਸਲਮਾਨਾਂ ਦੇ ਸੰਬੰਧ ਵਿਚ ਇਹ ਮਸਲਾ ਅਤਿ ਗੰਭੀਰ ਬਣਿਆ ਹੋਇਆ ਹੈ । ਇਸੇ ਤਰ੍ਹਾਂ ਕਸਮੀਰ ਵਿਚ ਉਨ੍ਹਾਂ ਨੂੰ ਆਪਣੀਆ ਮਸਜਿਦਾਂ ਵਿਚ ਨਮਾਜ ਨਹੀ ਪੜ੍ਹਨ ਦਿੱਤੀ ਜਾ ਰਹੀ । ਜੋ ਦੋਵੇ ਹੀ ਮਾਰਸ਼ਲ ਕੌਮਾਂ ਹਨ । ਉਨ੍ਹਾਂ ਨਾਲ ਹੁਕਮਰਾਨਾਂ ਵੱਲੋ ਅਜਿਹਾ ਵਿਵਹਾਰ ਕਰਨਾ ਬਿਲਕੁਲ ਵੀ ਨਾ ਤਾਂ ਮੁਨਾਸਿਬ ਹੈ ਅਤੇ ਨਾ ਹੀ ਸਹਿਯੋਗ ਹੈ । ਇਸ ਲਈ ਇਸ ਵਿਸੇ ਉਤੇ ਸੈਟਰ ਅਤੇ ਪੰਜਾਬ ਦੀਆਂ ਦੋਵਾਂ ਸਰਕਾਰਾਂ ਨੂੰ ਫੌਰੀ ਸੰਜ਼ੀਦਾ ਮੀਟਿੰਗ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਿਆ ਦੇ ਹੋ ਰਹੇ ਅਪਮਾਨ ਕਰਨ ਵਾਲੇ ਦੋਸ਼ੀਆਂ ਲਈ ਸਖਤ ਤੋ ਸਖਤ ਕਾਨੂੰਨ ਬਣਾਕੇ ਤੁਰੰਤ ਲਾਗੂ ਕਰਨਾ ਬਣਦਾ ਹੈ । ਤਾਂ ਕਿ ਕੋਈ ਵੀ ਨਫਰਤ ਭਰਿਆ ਇਨਸਾਨ ਜਾਂ ਫਿਰਕਾ ਸਿੱਖਾਂ ਤੇ ਮੁਸਲਮਾਨਾਂ ਦੀਆਂ ਭਾਵਨਾਵਾ ਨੂੰ ਠੇਸ ਨਾ ਪਹੁੰਚਾ ਸਕੇ।
ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਅਤੇ ਅਫਸੋਸ ਵਾਲੇ ਅਮਲ ਹੁਕਮਰਾਨਾਂ ਵੱਲੋ ਹੋ ਰਹੇ ਹਨ ਕਿ ਹੁਣੇ ਹੀ 14 ਮਾਰਚ ਨੂੰ ਮੋਗਾ ਵਿਖੇ ਇੰਡੀਆ ਦੇ ਗ੍ਰਹਿ ਵਜੀਰ ਅਮਿਤ ਸ਼ਾਹ ਆਏ ਤਾਂ ਇਕ ਬੇਨਤੀਜਾ ਨਿਰਾਰਥਕ ਚੋਣ ਰੈਲੀ ਕਰਕੇ ਚਲੇ ਗਏ । ਪ੍ਰੰਤੂ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਲੰਮੇ ਸਮੇ ਤੋ ਲਟਕਦੇ ਆ ਰਹੇ ਗੰਭੀਰ ਮਸਲਿਆ ਜਿਵੇ ਬੰਦੀ ਸਿੰਘਾਂ ਦੀ ਬਿਨ੍ਹਾਂ ਸ਼ਰਤ ਰਿਹਾਈ, ਗ੍ਰੰਥ ਸਾਹਿਬ ਅਤੇ ਗੁਟਕਿਆ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਲਈ ਕਾਨੂੰਨ, 15 ਸਾਲਾਂ ਤੋ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਨਾ ਕਰਵਾਉਣ, ਪੰਜਾਬ ਦੇ ਦਰਿਆਵਾ ਤੇ ਪਾਣੀਆ, ਹੈੱਡਵਰਕਸਾਂ ਤੋ ਪੈਦਾ ਹੋਣ ਵਾਲੀ ਬਿਜਲੀ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬ ਤੋ ਬਾਹਰ ਰੱਖੇ ਪੰਜਾਬੀ ਬੋਲਦੇ ਇਲਾਕਿਆ, ਪੰਜਾਬ ਦੀ ਬੇਰੁਜਗਾਰੀ ਨੂੰ ਦੂਰ ਕਰਨ ਲਈ ਪੰਜਾਬ ਨੂੰ ਕੋਈ ਵੱਡੀ ਇੰਡਸਟਰੀ ਦੇਣ, ਪੰਜਾਬੀ ਬੋਲੀ, ਸੱਭਿਆਚਾਰ, ਵਿਰਸੇ-ਵਿਰਾਸਤ ਨਾਲ ਹੋ ਰਹੇ ਵੱਡੇ ਵਿਤਕਰਿਆ ਤੋ ਤੋਬਾ ਕਰਨ, ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਸਰਹੱਦਾਂ ਵਪਾਰ ਲਈ ਖੋਲਣ ਆਦਿ ਗੰਭੀਰ ਮਸਲਿਆ ਵਿਚੋ ਕਿਸੇ ਇਕ ਵੀ ਮਸਲੇ ਦਾ ਨਾ ਤਾਂ ਹੱਲ ਕੀਤਾ ਗਿਆ ਅਤੇ ਨਾ ਹੀ ਇਸ ਰੈਲੀ ਵਿਚ ਉਪਰੋਕਤ ਗੰਭੀਰ ਮੁੱਦਿਆ ਨੂੰ ਛੋਹਿਆ ਗਿਆ । ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਸੈਟਰ ਅਤੇ ਪੰਜਾਬ ਦੇ ਹੁਕਮਰਾਨ ਸਰਹੱਦੀ ਸੂਬੇ ਪੰਜਾਬ ਦੇ ਅਮਨ ਚੈਨ ਅਤੇ ਜਮਹੂਰੀਅਤ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਲਈ ਬਿਲਕੁਲ ਸੰਜ਼ੀਦਾ ਨਹੀ ਹਨ । ਕੇਵਲ ਤੇ ਕੇਵਲ ਇਨ੍ਹਾਂ ਭਖਦੇ ਮਸਲਿਆ ਨੂੰ ਹੋਰ ਵਧਾਕੇ ਆਪਣੇ ਚੋਣ ਮਕਸਦਾਂ ਤੇ ਸਿਆਸੀ ਸੋਚ ਨੂੰ ਪੂਰਾ ਕਰਨ ਤੱਕ ਸੀਮਤ ਹਨ । ਜਿਸਦੇ ਨਤੀਜੇ ਕਦਾਚਿਤ ਇੰਡੀਆ ਤੇ ਪੰਜਾਬ ਸੂਬੇ ਲਈ ਲਾਹੇਬੰਦ ਨਹੀ ਹੋ ਸਕਦੇ ।