ਅਮਿਤ ਸ਼ਾਹ ਦੀ ਮੋਗਾ ਰੈਲੀ, ਖੋਦਿਆ ਪਹਾੜ ਨਿਕਲਿਆ ਚੂਹਾ ਦੀ ਪੰਜਾਬੀ ਕਹਾਵਤ ਨੂੰ ਪੂਰਨ ਕਰਦੀ ਹੋਈ ਫੇਲ੍ਹ ਸਾਬਤ ਹੋਈ : ਮਾਨ
ਫ਼ਤਹਿਗੜ੍ਹ ਸਾਹਿਬ, 16 ਮਾਰਚ ( ) “ਅਸੀ ਬਹੁਤ ਲੰਮੇ ਸਮੇ ਤੋ ਪੰਜਾਬੀਆਂ ਤੇ ਸਿੱਖ ਕੌਮ ਨੂੰ ਬਾਦਲੀਲ ਢੰਗ ਨਾਲ ਸੁਚੇਤ ਕਰਦੇ ਆ ਰਹੇ ਹਾਂ ਕਿ ਸੈਟਰ ਵਿਚ ਹਕੂਮਤ ਕਰਨ ਵਾਲੀਆ ਜਮਾਤਾਂ ਭਾਵੇ ਉਹ ਬੀਜੇਪੀ-ਆਰ.ਐਸ.ਐਸ, ਕਾਂਗਰਸ ਜਾਂ ਹੋਰ ਕਿਉ ਨਾ ਹੋਣ, ਉਹ ਜਮਾਤਾਂ ਸਹਰੱਦੀ ਸੂਬੇ ਪੰਜਾਬ ਦੇ ਨਿਵਾਸੀਆ ਅਤੇ ਇਥੇ ਵੱਸਣ ਵਾਲੀ ਬਹੁਗਿਣਤੀ ਸਿੱਖ ਕੌਮ ਲਈ ਕਦੀ ਵੀ ਚੰਗੀ ਸੋਚ ਨਹੀ ਰੱਖਦੇ । ਕੇਵਲ ਤੇ ਕੇਵਲ ਪੰਜਾਬੀਆਂ ਤੇ ਸਿੱਖਾਂ ਨੂੰ ਗੁੰਮਰਾਹ ਕਰਕੇ ਪੰਜਾਬ ਸੂਬੇ ਦੀ ਰਾਜ ਸਤ੍ਹਾ ਤੇ ਕਾਬਜ ਹੋਣ ਲਈ ਹੀ ਤਰਲੋ ਮੱਛੀ ਹੁੰਦੇ ਹਨ । ਇਸ ਲਈ ਅਜਿਹੀਆ ਜਮਾਤਾਂ ਤੋ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਬਿਹਤਰੀ ਲਈ ਕੋਈ ਰਤੀਭਰ ਵੀ ਉਮੀਦ ਨਹੀ ਰੱਖੀ ਜਾ ਸਕਦੀ । ਜੋ 14 ਮਾਰਚ ਨੂੰ ਮੋਗਾ ਵਿਖੇ ਬੀਜੇਪੀ ਨੇ ਆਪਣੀ ਰੈਲੀ ਰੱਖੀ ਸੀ, ਜਿਸ ਵਿਚ ਕੇਵਲ ਤੇ ਕੇਵਲ ਪੰਜਾਬ ਦੀਆਂ 2027 ਦੀਆਂ ਆਉਣ ਵਾਲੀਆ ਚੋਣਾਂ ਨੂੰ ਮੁੱਖ ਰੱਖਕੇ ਪੰਜਾਬੀਆਂ ਤੇ ਸਿੱਖਾਂ ਨੂੰ ਬੀਜੇਪੀ ਵੱਲੋ ਉਲਾਰ ਕਰਨ ਲਈ ਪੈਤੜਾ ਵਰਤਣਾ ਸੀ, ਉਹ ਉਸ ਸਮੇ ਪੂਰਨ ਰੂਪ ਵਿਚ ਫੇਲ ਸਾਬਤ ਹੋ ਗਿਆ ਕਿ ਸ੍ਰੀ ਅਮਿਤ ਸ਼ਾਹ ਨੇ ਇਸ ਰੈਲੀ ਵਿਚ ਆ ਕੇ ਇੱਧਰ-ਉੱਧਰ ਦੀਆਂ ਗੱਲਾਂ ਕਰਕੇ ਕੇਵਲ ਤੇ ਕੇਵਲ ਖਾਨਾਪੂਰਤੀ ਕੀਤੀ । ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਸੰਬੰਧਤ ਕਿਸੇ ਵੀ ਸੰਜੀਦਾ ਮਸਲੇ ਜੋ ਲੰਮੇ ਸਮੇ ਤੋ ਲਟਕਦੇ ਆ ਰਹੇ ਹਨ ਕਿਸੇ ਨੂੰ ਵੀ ਹੱਲ ਕਰਨ ਦਾ ਨਾ ਤਾਂ ਐਲਾਨ ਕੀਤਾ ਅਤੇ ਨਾ ਹੀ ਉਨ੍ਹਾਂ ਮੁੱਦਿਆ ਨੂੰ ਛੋਹਿਆ ਗਿਆ । ਜਿਵੇਕਿ ਪੰਜਾਬ ਦੇ ਪਾਣੀਆ, ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਚੰਡੀਗੜ੍ਹ ਯੂਨੀਵਰਸਿਟੀ ਦੇ ਮਸਲੇ, ਮਜਦੂਰ-ਵਪਾਰੀਆ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਪੰਜਾਬ ਦੀ 35 ਲੱਖ ਦੀ ਬੇਰੁਜਗਾਰੀ ਨੂੰ ਦੂਰ ਕਰਨ ਲਈ, ਇਥੇ ਸਾਜਸੀ ਢੰਗਾਂ ਨਾਲ ਹੁੰਦੇ ਆ ਰਹੇ ਸਿੱਖ ਨੌਜਵਾਨੀ ਦੇ ਝੂਠੇ ਪੁਲਿਸ ਮੁਕਾਬਲਿਆ, ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਵਿਚ ਸਾਮਿਲ ਕਰਨ, ਸ੍ਰੀ ਗੁਰੂ ੁਗ੍ਰੰਥ ਸਾਹਿਬ ਦੀਆਂ ਹੋ ਰਹੀਆ ਬੇਅਦਬੀਆ ਸੰਬੰਧੀ ਸਖਤ ਕਾਨੂੰਨ ਬਣਾਉਣ, ਪੰਜਾਬ ਦੀ ਕਾਨੂੰਨੀ ਵਿਵਸਥਾਂ ਦੀ ਵਿਗੜਦੀ ਹਾਲਤ ਨੂੰ ਸਹੀ ਕਰਨ ਆਦਿ ਕਿਸੇ ਵੀ ਮਸਲੇ ਨੂੰ ਹੱਲ ਕਰਨ ਜਾਂ ਪੰਜਾਬੀਆ ਨੂੰ ਕੁਝ ਦੇਣ ਦਾ ਕੋਈ ਐਲਾਨ ਨਾ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਸੈਟਰ ਦੇ ਹੁਕਮਰਾਨ ਪੰਜਾਬ ਸੂਬੇ ਅਤੇ ਇਥੋ ਦੇ ਨਿਵਾਸੀਆ ਦੀ ਬਿਹਤਰੀ ਕਰਨ ਜਾਂ ਉਨ੍ਹਾਂ ਦੇ ਮਸਲੇ ਨੂੰ ਹੱਲ ਕਰਨ ਦੀ ਨਾ ਤਾਂ ਸਮਰੱਥਾਂ ਸ਼ਕਤੀ ਰੱਖਦੇ ਹਨ ਅਤੇ ਨਾ ਹੀ ਉਨ੍ਹਾਂ ਦੀ ਅਜਿਹੀ ਕੋਈ ਚੰਗੀ ਭਾਵਨਾ ਹੈ । ਜਿਸ ਤੋ ਪ੍ਰਤੱਖ ਹੋ ਗਿਆ ਹੈ ਕਿ ਖੋਦਿਆ ਪਹਾੜ ਨਿਕਲਿਆ ਚੂਹਾ ਦੀ ਕਹਾਵਤ ਪੂਰਨ ਹੁੰਦੀ ਹੋਈ ਇਹ ਰੈਲੀ ਪੂਰਨ ਰੂਪ ਵਿਚ ਫੇਲ ਸਾਬਤ ਹੋਈ ਹੈ । ਇਹ ਅਮਲ ਉਸੇ ਤਰ੍ਹਾਂ ਦਾ ਹੋਇਆ ਹੈ ਜਿਵੇ ਸ੍ਰੀ ਮੋਦੀ ਦੇ ਜਲੰਧਰ ਬੱਲਾ ਵਿਖੇ ਆਉਣ ਤੇ 8 ਹਜਾਰ ਪੁਲਿਸ ਮੁਲਾਜਮ ਲਗਾਇਆ ਗਿਆ ਉਸੇ ਤਰ੍ਹਾਂ ਹੁਣ ਵੀ ਫ਼ੌਜ, ਪੁਲਿਸ, ਏਅਰ ਫੋਰਸ ਤੇ ਲੱਖਾਂ ਰੁਪਏ ਖਰਚ ਕਰਕੇ ਕੁਝ ਨਹੀ ਨਿਕਲਿਆ । ਜੋ ਅਤਿ ਅਫਸੋਸਨਾਕ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 14 ਮਾਰਚ ਨੂੰ ਮੋਗਾ ਵਿਖੇ ਬੀਜੇਪੀ ਦੀ ਕਈ ਦਿਨਾਂ ਦੇ ਰੌਲੇ ਪੈਣ ਉਪਰੰਤ ਅਤੇ ਅਫਵਾਹਾ ਫੈਲਾਉਣ ਦੇ ਬਾਵਜੂਦ ਪੰਜਾਬ ਸੂਬੇ ਅਤੇ ਪੰਜਾਬੀਆ ਲਈ ਕੁਝ ਵੀ ਨਾ ਹੋਣ ਉਤੇ, ਇਸ ਰੈਲੀ ਵਿਚ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਧੋਖਾ ਕਰਕੇ ਪਹੁੰਚਣ ਵਾਲੇ ਸਿੱਖ ਆਗੂਆ ਨੂੰ ਪੰਜਾਬੀਆ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਇਸ ਰੈਲੀ ਦੇ ਪੂਰਨ ਰੂਪ ਵਿਚ ਅਸਫਲ ਹੋਣ ਜਾਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਧੜਾਧੜ ਬੀਤੇ ਸਮੇ ਵਿਚ ਵੱਖ-ਵੱਖ ਰਾਜਸੀ ਪਾਰਟੀਆ ਵਿਚੋ ਆਗੂ ਬੀਜੇਪੀ ਵਰਗੀ ਪੰਜਾਬ ਵਿਰੋਧੀ ਪਾਰਟੀ ਵਿਚ ਸਾਮਿਲ ਹੋਏ ਹਨ, ਜਿਨ੍ਹਾਂ ਵਿਚ ਕੇਵਲ ਸਿੰਘ ਢਿੱਲੋਂ, ਸ. ਦੀਦਾਰ ਸਿੰਘ ਭੱਟੀ, ਜਗਦੀਪ ਸਿੰਘ ਚੀਮਾਂ, ਪ੍ਰੋ. ਸਰਚਾਦ ਸਿੰਘ, ਰਵਨੀਤ ਸਿੰਘ ਬਿੱਟੂ ਅਤੇ ਹੁਣ ਸ. ਜਗਮੀਤ ਸਿੰਘ ਬਰਾੜ, ਰਿਪਜੀਤ ਸਿੰਘ ਬਰਾੜ, ਓਕਾਰ ਸਿੰਘ ਬਰਾੜ, ਚਰਨਜੀਤ ਸਿੰਘ ਬਰਾੜ ਆਦਿ ਜੋ ਸਿਆਸੀ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਅਧੀਨ ਆਪਣੇ ਇਖਲਾਕ ਨੂੰ ਦਾਗੀ ਕਰਕੇ ਸਾਮਿਲ ਹੋਏ ਹਨ ਉਨ੍ਹਾਂ ਨੂੰ ਕਿਸੇ ਨੂੰ ਵੀ ਰਾਜ ਸਭਾ ਦੀ ਮੈਬਰੀ ਨਾ ਮਿਲਣ ਅਤੇ ਪੰਜਾਬ ਸੂਬੇ ਲਈ ਕੁਝ ਵੀ ਸੈਟਰ ਵੱਲੋ ਨਾ ਦੇਣ ਉਤੇ ਵੱਡਾ ਪ੍ਰਸਾਨ ਚਿੰਨ੍ਹ ਲਗਾਉਦੇ ਹੋਏ ਕਿਹਾ ਕਿ ਜਦੋ ਇਨ੍ਹਾਂ ਦਿਸ਼ਾਹੀਣ ਪੰਜਾਬ ਵਿਰੋਧੀ ਹੁਕਮਰਾਨਾਂ ਕੋਲ ਪੰਜਾਬ ਸੂਬੇ ਤੇ ਪੰਜਾਬੀਆਂ ਨੂੰ ਕੁਝ ਦੇਣ ਜਾਂ ਉਨ੍ਹਾਂ ਦੇ ਮਸਲੇ ਹੱਲ ਕਰਨ ਦੀ ਭਾਵਨਾ ਹੀ ਨਹੀ ਹੈ, ਫਿਰ ਇਨ੍ਹਾਂ ਪਿੱਛੇ ਲੱਗ ਕੇ ਆਪਣੇ ਇਖਲਾਕ ਨੂੰ ਦਾਗੀ ਕਰਨ ਅਤੇ ਪੰਜਾਬ ਦੇ ਫਖਰ ਵਾਲੇ ਇਤਿਹਾਸ ਤੋ ਮੂੰਹ ਮੋੜਨ ਦਾ ਕੀ ਫਾਇਦਾ ਹੈ ? ਉਨ੍ਹਾਂ ਸ੍ਰੀ ਅਮਿਤ ਸ਼ਾਹ ਨੂੰ ਵੀ ਪੰਜਾਬੀਆ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਕਿਹਾ ਕਿ ਇਹ ਤਾਂ ਸਿੱਖ ਕੌਮ ਦੇ ਉਹ ਕਾਤਲ ਇੰਡੀਆ ਦੀ ਮੋਦੀ ਹਕੂਮਤ ਜਿਸ ਵਿਚ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਨੇ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਇਥੋ ਤੱਕ ਇਨ੍ਹਾਂ ਆਗੂਆ ਨੇ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨਾਂ, ਨਿਯਮਾਂ ਦਾ ਘੋਰ ਉਲੰਘਣ ਕਰਨ ਦੇ ਨਾਲ-ਨਾਲ ਬਰਤਾਨੀਆ, ਕੈਨੇਡਾ, ਅਮਰੀਕਾ, ਪਾਕਿਸਤਾਨ ਦੀ ਪ੍ਰਭੂਸਤਾ ਨੂੰ ਵੀ ਤੋੜਿਆ ਹੈ ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਵੀ ਉਲੰਘਣ ਕੀਤਾ ਹੈ । ਲੇਕਿਨ ਅਫਸੋਸ ਹੈ ਕਿ ਅਮਰੀਕਾ, ਕੈਨੇਡਾ, ਬਰਤਾਨੀਆ ਅਤੇ ਪਾਕਿਸਤਾਨ ਇਨ੍ਹਾਂ ਵਿਰੁੱਧ ਕੋਈ ਅਮਲ ਕਰਦੇ ਨਜਰ ਨਹੀ ਆ ਰਹੇ ।