21 ਫਰਵਰੀ ਨੂੰ ਖ਼ਾਲਸਾ ਪੰਥ ਬੰਦੀ ਸਿੰਘਾਂ ਦੀ ਰਿਹਾਈ ਲਈ ‘ਹਵਾਰਾ’ ਵਿਖੇ ਰੱਖੇ ਇਕੱਠ ਵਿਚ ਹੁੰਮ-ਹੁੰਮਾਕੇ ਪਹੁੰਚਣ : ਮਾਨ
ਫ਼ਤਹਿਗੜ੍ਹ ਸਾਹਿਬ, 20 ਫਰਵਰੀ ( ) “ਮੌਜੂਦਾ ਸਮੇਂ ਵਿਚ ਜਦੋਂ ਸਮੁੱਚੇ ਖ਼ਾਲਸਾ ਪੰਥ ਅਤੇ ਪੰਜਾਬ ਸੂਬੇ ਅੱਗੇ ਅਤਿ ਗੰਭੀਰ ਮਸਲੇ ਖੜ੍ਹੇ ਹਨ, ਜੋ ਲੰਮੇ ਸਮੇ ਤੋ ਸੈਂਟਰ ਤੇ ਪੰਜਾਬ ਦੀਆਂ ਹਕੂਮਤਾਂ ਹੱਲ ਕਰਨ ਵਿਚ ਦਿਲਚਸਪੀ ਨਹੀ ਰੱਖਦੀਆ, ਜਿਵੇਕਿ 35-35 ਸਾਲਾਂ ਤੋਂ ਜ਼ਬਰੀ ਗੈਰ ਕਾਨੂੰਨੀ ਬੰਦੀ ਬਣਾਕੇ ਰੱਖੇ ਗਏ ਸਿੱਖਾਂ ਨੂੰ ਰਿਹਾਅ ਨਹੀ ਕੀਤਾ ਜਾ ਰਿਹਾ । ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਪ੍ਰਵਾਨ ਕਰਨ ਵਾਲੇ ਪੁਰਾਤਨ ਅੰਗਰੇਜ਼ਾਂ ਸਮੇ ਦੇ ਬਣੇ 1909 ਦੇ ‘ਆਨੰਦ ਮੈਰਿਜ’ ਐਕਟ ਨੂੰ ਬਹਾਲ ਨਾ ਕਰਨਾ ਅਤੇ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਸੰਬੰਧਤ ਅਨੇਕਾ ਮਾਲੀ, ਸਿਆਸੀ, ਭੂਗੋਲਿਕ, ਧਾਰਮਿਕ ਮਸਲਿਆ ਨੂੰ ਜਾਣਬੁੱਝ ਕੇ ਲਟਕਾਕੇ ਪੰਜਾਬ ਸੂਬੇ ਨੂੰ ਬਦਨਾਮ ਵੀ ਕੀਤਾ ਜਾ ਰਿਹਾ ਹੈ ਅਤੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਜ਼ਬਰ ਵੀ ਨਿਰੰਤਰ ਕੀਤਾ ਜਾਂਦਾ ਆ ਰਿਹਾ ਹੈ । ਇਸ ਤੋ ਇਲਾਵਾ ਸਿੱਖ ਕੌਮ ਦੇ ਵੱਖ-ਵੱਖ ਧੜਿਆ, ਜਥੇਬੰਦੀਆਂ ਦੇ ਆਪੋ ਆਪਣੇ ਮਿਸਨ ਨੂੰ ਕਾਇਮ ਰੱਖਦੇ ਹੋਏ ਸਮੁੱਚੀ ਏਕਤਾ ਨੂੰ ਅਮਲੀ ਰੂਪ ਦੇਣ ਦਾ ਵੀ ਵੱਡਾ ਗੰਭੀਰ ਮੁੱਦਾ ਹੈ । ਇਸ ਲਈ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਬਣੀ ਇਨਸਾਫ਼ ਕਮੇਟੀ ਅਤੇ ਸਮੁੱਚੀ ਸਿੱਖ ਕੌਮ ਦੀਆਂ ਜਥੇਬੰਦੀਆਂ ਵੱਲੋ 21 ਫਰਵਰੀ ਨੂੰ ਸ. ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਬੰਦੀ ਤਿਹਾੜ ਜੇਲ੍ਹ ਦਿੱਲੀ ਦੇ ਗ੍ਰਹਿ ਪਿੰਡ ਹਵਾਰਾ ਵਿਖੇ ਜੋ ਪੰਥਕ ਇਕੱਠ ਰੱਖਿਆ ਗਿਆ ਹੈ, ਉਸ ਵਿਚ ਸਮੁੱਚਾ ਖ਼ਾਲਸਾ ਪੰਥ ਹੁੰਮ-ਹੁੰਮਾਕੇ ਪਹੁੰਚੇ ਅਤੇ ਹੋਣ ਵਾਲੇ ਸਰਬਸੰਮਤੀ ਦੇ ਫੈਸਲਿਆ ਨੂੰ ਪ੍ਰਵਾਨਗੀ ਦੇ ਕੇ ਸੰਘਰਸ ਨੂੰ ਦ੍ਰਿੜਤਾ ਨਾਲ ਅੱਗੇ ਵਧਾਉਣ ਵਿਚ ਯੋਗਦਾਨ ਪਾਵੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਖ਼ਾਲਸਾ ਪੰਥ ਦੇ ਲੰਮੇ ਸਮੇ ਤੋ ਦਰਪੇਸ ਆ ਰਹੇ ਗੰਭੀਰ ਮਸਲਿਆ ਦਾ ਸਮੂਹਿਕ ਤੌਰ ਤੇ ਹੱਲ ਕਰਨ ਲਈ ਅਤੇ ਸਮੁੱਚੇ ਵੱਖ-ਵੱਖ ਧੜਿਆ ਤੇ ਸੰਗਠਨਾਂ ਨੂੰ ਇਕ ਪਲੇਟਫਾਰਮ ਤੇ ਇਕੱਤਰ ਕਰਦੇ ਹੋਏ ਅਗਲੀ ਧਾਰਮਿਕ ਤੇ ਸਿਆਸੀ ਚੱਲਣ ਵਾਲੀ ਲੜਾਈ ਨੂੰ ਮੰਜਿਲ ਤੇ ਪਹੁੰਚਾਉਣ ਲਈ ਹਵਾਰਾ ਵਿਖੇ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਬੇਸੱਕ ਖ਼ਾਲਸਾ ਪੰਥ ਵਿਚ ਵਿਚਰਣ ਵਾਲੇ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜਿਕ ਜਥੇਬੰਦੀਆਂ ਆਪੋ ਆਪਣੇ ਪੱਧਰ ਤੇ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਹੋ ਰਹੀਆ ਵਧੀਕੀਆ, ਜ਼ਬਰ-ਜੁਲਮ ਦਾ ਅੰਤ ਕਰਨ ਲਈ ਲੰਮੇ ਸਮੇ ਤੋ ਸੰਘਰਸ ਕਰਦੇ ਆ ਰਹੇ ਹਨ । ਲੇਕਿਨ ਖ਼ਾਲਸਾ ਪੰਥ ਦੀ ਅਸੀਮਤ ਸ਼ਕਤੀ ਨੂੰ ਜਦੋ ਤੱਕ ਅਸੀ ਸਭ ਇਕ ਨਿਸ਼ਾਨ ਥੱਲ੍ਹੇ ਅਤੇ ਕੌਮੀ ਮਿਸਨ ਥੱਲ੍ਹੇ ਇਕ ਪਲੇਟਫਾਰਮ ਤੇ ਇਕੱਤਰ ਕਰਕੇ ਦ੍ਰਿੜਤਾ ਨਾਲ ਸੰਘਰਸ ਨੂੰ ਅੱਗੇ ਨਹੀ ਵਧਾਵਾਂਗੇ, ਉਦੋ ਤੱਕ ਸੈਟਰ ਅਤੇ ਪੰਜਾਬ ਵਿਚ ਰਾਜ ਭਾਗ ਕਰਨ ਵਾਲੀਆ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਪੰਥ ਵਿਰੋਧੀ ਸ਼ਕਤੀਆਂ ਨੂੰ ਅਸੀ ਭਾਂਜ ਦੇਣ ਵਿਚ ਸਫਲ ਨਹੀ ਹੋ ਸਕਾਂਗੇ । ਇਸ ਲਈ ਜੋ ਅੱਛੀ ਭਾਵਨਾ ਨੂੰ ਲੈਕੇ ਅਤੇ ਏਕਤਾ ਦੇ ਮਿਸਨ ਨੂੰ ਮੁੱਖ ਰੱਖਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਸਿੱਖ ਕੌਮ ਦੇ ਹੋਰ ਮਸਲਿਆ ਦੇ ਸਮੂਹਿਕ ਹੱਲ ਲਈ 21 ਫਰਵਰੀ ਨੂੰ ਹਵਾਰਾ ਵਿਖੇ ਇੱਕਠ ਰੱਖਿਆ ਗਿਆ ਹੈ, ਉਸ ਵਿਚ ਨਵੇ ਨਿਰੋਏ ਉਤਸਾਹ ਅਤੇ ਕੌਮੀ ਮੰਜਿਲ ਦੀ ਪ੍ਰਾਪਤੀ ਲਈ ਗੁਰੂ ਨਾਨਕ ਨਾਮ ਲੇਵਾ ਦਾ ਅਤੇ ਪੰਜਾਬ ਸੂਬੇ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੀ ਹਰ ਆਤਮਾ ਦਾ ਇਹ ਫਰਜ ਬਣ ਜਾਂਦਾ ਹੈ ਕਿ ਉਹ ਉਪਰੋਕਤ ਰੱਖੇ ਗਏ ਪੰਥਕ ਇਕੱਠ ਵਿਚ ਆਪੋ ਆਪਣੇ ਇਲਾਕੇ ਦੀ ਸੰਗਤ ਨੂੰ ਨਾਲ ਲੈਕੇ ਸਮੂਲੀਅਤ ਕਰਨਗੇ ਅਤੇ ਮਿਸਨ ਦੀ ਪ੍ਰਾਪਤੀ ਲਈ ਆਪਣਾ ਯੋਗਦਾਨ ਪਾਉਣਗੇ ।