ਪੰਥਕ ਏਕਤਾ ਨੂੰ ਪ੍ਰਣਾਈ ਅਤੇ ਸਮਰਪਿਤ ਸੋਚ ਨੂੰ ਲੈਕੇ, ਸਿੱਖ ਲੀਡਰਸਿਪ ਅਤੇ ਕੌਮ 26 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 22 ਜਨਵਰੀ ( ) “ਸੈਂਟਰ ਤੇ ਪੰਜਾਬ ਸਰਕਾਰ ਵੱਲੋ ਆਪਣੀ ਸਿਆਸੀ ਤੇ ਮਾਲੀ ਸਵਾਰਥਾਂ ਦੀ ਪੂਰਤੀ ਲਈ ਲੰਮੇ ਸਮੇ ਤੋ ਪੰਜਾਬ ਦੀ ਪਵਿੱਤਰ ਧਰਤੀ ਉਤੇ ਗੈਰ ਸਮਾਜਿਕ, ਗੈਰ ਕਾਨੂੰਨੀ, ਗੈਰ ਇਨਸਾਨੀਅਤ ਅਮਲ ਕਰਕੇ ਇਸ ਸੂਬੇ ਨੂੰ ਸਿਆਸਤ ਦੀ ਪ੍ਰਯੋਗਸਾਲਾ ਬਣਾਕੇ ਕੀਤੀਆ ਜਾਂਦੀਆ ਆ ਰਹੀਆ ਕਾਰਵਾਈਆ ਅਤਿ ਦੁੱਖਦਾਇਕ ਅਤੇ ਇਥੋ ਦੇ ਨਿਵਾਸੀਆ ਨਾਲ ਵੱਡਾ ਧੋਖਾ-ਫਰੇਬ ਕਰਨ ਦੇ ਤੁੱਲ ਹਨ । ਅਜਿਹੇ ਹਾਲਾਤਾਂ ਨੂੰ ਬਣਾਉਣ ਵਿਚ ਜੇਕਰ ਸੈਟਰ ਦੇ ਹੁਕਮਰਾਨ ਅਤੇ ਮੁਤੱਸਵੀ ਰਾਜਸੀ ਜਮਾਤਾਂ ਜਿੰਮੇਵਾਰ ਹਨ, ਤਾਂ ਇਸ ਵਿਚ ਸਿੱਖ ਲੀਡਰਸਿਪ ਦੀ ਸੂਬੇ ਤੇ ਕੌਮ ਪ੍ਰਤੀ ਦੂਰਅੰਦੇਸ਼ੀ, ਇੱਛਾ ਸ਼ਕਤੀ ਦੀ ਘਾਟ ਦੇ ਨਾਲ-ਨਾਲ ਇਨ੍ਹਾਂ ਦੀਆਂ ਆਪਣੀਆ ਦੁਨਿਆਵੀ ਤੇ ਰਾਜਸੀ ਲਾਲਸਾਵਾਂ ਵੀ ਜਿੰਮੇਵਾਰ ਹਨ । ਅਜਿਹੇ ਅਤਿ ਗੰਭੀਰ ਹਾਲਾਤਾਂ ਵਿਚ ਸੂਬੇ ਦੇ ਨਿਵਾਸੀਆ ਤੇ ਸਿੱਖ ਕੌਮ ਨੂੰ ਕਿਵੇ ਕੱਢਿਆ ਜਾਵੇ ਇਹ ਸਵਾਲ ਸਭ ਤੋ ਅਹਿਮ ਤੇ ਮਹੱਤਵਪੂਰਨ ਹੈ । ਕਿਉਂਕਿ ਰਾਤ ਦੇ ਹਨ੍ਹੇਰੇ ਤੋ ਬਾਅਦ ਦਿਨ ਅਵੱਸ ਚੜਨਾ ਹੁੰਦਾ ਹੈ ਜੋ ਕੁਦਰਤ ਦਾ ਨਿਯਮ ਹੈ । ਮੌਜੂਦਾ ਹੋ ਰਿਹਾ ਵਰਤਾਰਾ ਦਿਨ ਚੜਨ ਦਾ ਇਸਾਰਾ ਕਰ ਰਿਹਾ ਹੈ । ਇਹੀ ਵਜਹ ਹੈ ਕਿ ਪੰਜਾਬ ਵਿਚ ਵਿਚਰਣ ਵਾਲੀਆਂ ਸਭ ਪੰਥਕ ਧਿਰਾਂ ਵੱਲੋ ਅਤੇ ਸਿੱਖਾਂ ਦੀ ਬਹੁਗਿਣਤੀ ਵੱਲੋ ਸਮੁੱਚੀ ਪੰਥਕ ਏਕਤਾ ਦੀ ਜੋਰ-ਸੋਰ ਨਾਲ ਉੱਠ ਰਹੀ ਸੰਜ਼ੀਦਾ ਆਵਾਜ ਸਾਨੂੰ ਗੰਭੀਰ ਸੰਦੇਸ ਦੇ ਰਹੀ ਹੈ । ਇਸ ਆਵਾਜ ਨੂੰ ਆਪਣੀ ਅੰਤਰ ਆਤਮਾ ਵਿਚ ਰੱਖਕੇ ਹਰ ਸਿੱਖ ਆਗੂ ਅਤੇ ਹਰ ਗੁਰੂ ਦਾ ਸਿੱਖ ਇਸ ਕੌਮੀ ਭਾਵਨਾ ਦੀ ਰਹਿਨੁਮਾਈ ਹੇਠ 26 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ‘ਸਰਬੱਤ ਖ਼ਾਲਸਾ’ ਦੀ ਮਨਾਈ ਜਾ ਰਹੀ 40ਵੀਂ ਵਰ੍ਹੇਗੰਢ ਸਮਾਗਮ ਸਮੇ ਸਮੁੱਚੀ ਪੰਥਕ ਏਕਤਾ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਯੋਗਦਾਨ ਪਾਉਣਾ ਤੇ ਉਥੇ ਪਹੁੰਚਣਾ ਅਤਿ ਜਰੂਰੀ ਹੈ ।”
ਇਹ ਅਪੀਲ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 26 ਜਨਵਰੀ ਨੂੰ ਸਮੁੱਚੇ ਖ਼ਾਲਸਾ ਪੰਥ ਵੱਲੋ ਸਿੱਖ ਕੌਮ ਦੀ ਸਰਬਉੱਚ ਸੰਸਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਰਬੱਤ ਖ਼ਾਲਸਾ ਦੀ ਮਨਾਈ ਜਾ ਰਹੀ 40ਵੀਂ ਵਰ੍ਹੇਗੰਢ ਸਮੇ ਸੰਜ਼ੀਦਗੀ ਨਾਲ ਸਮੁੱਚੇ ਖ਼ਾਲਸਾ ਪੰਥ ਨੂੰ ਪੰਥਕ ਏਕਤਾ ਲਈ ਪਹੁੰਚਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੁਦਰਤ ਕਾਫ਼ੀ ਲੰਮੇ ਸਮੇ ਉਪਰੰਤ ਔਖੇ ਸਮੇ ਨੂੰ ਸਹੀ ਸਮੇ ਵੱਲ ਲਿਆਉਣ ਲਈ ਸਮੇ-ਸਮੇ ਤੇ ਮਾਹੌਲ ਉਸਾਰਦੀ ਆਈ ਹੈ । 26 ਜਨਵਰੀ ਦੇ ਦਿਹਾੜੇ ਨੂੰ ਮੁੱਖ ਰੱਖਕੇ ਜੇਕਰ ਪੰਜਾਬ ਦੇ ਸਹਿਰਾਂ, ਪਿੰਡਾਂ ਦੀਆਂ ਗਲੀਆਂ ਵਿਚ ਪੰਥਕ ਏਕਤਾ ਕਰਨ ਦੀ ਗੱਲ ਹੋ ਰਹੀ ਹੈ, ਤਾਂ ਇਹ ਵੀ ਉਸ ਕੁਦਰਤ ਦਾ ਆਪਣਾ ਵਰਤਾਰਾ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਲਈ ਜਿਥੇ ਸਮੁੱਚੀ ਸਿੱਖ ਲੀਡਰਸਿਪ ਤੇ ਖਾਲਸਾ ਪੰਥ ਨੂੰ ਸਰਬੱਤ ਖਾਲਸਾ ਦੇ ਸਮਾਗਮ ਵਿਚ ਪੰਥਕ ਏਕਤਾ ਨੂੰ ਸਾਕਾਰ ਕਰਦੇ ਹੋਏ ਆਪਣੇ ਮਿੱਥੇ ਕੌਮੀ ਨਿਸਾਨੇ ਵੱਲ ਵੱਧਣ, ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਤਾਕਤਾਂ ਦੇ ਮੰਦਭਾਵਨਾ ਭਰੇ ਮਨਸੂਬਿਆ ਨੂੰ ਅਸਫਲ ਬਣਾਉਣ ਲਈ ਸਮੂਹਿਕ ਰੂਪ ਵਿਚ ਇਸ ਸਮੇ ਆਪੋ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਉਥੇ ਪਹੁੰਚਣ ਵਾਲੇ ਕਿਸੇ ਵੀ ਧਿਰ ਦੇ ਕਿਸੇ ਵੀ ਸਿਆਸੀ ਲੀਡਰ ਵੱਲੋ ਦੁਨਿਆਵੀ ਤੇ ਸਿਆਸੀ ਲਾਲਸਾਵਾ ਦਾ ਗੁਲਾਮ ਬਣਕੇ ਕੋਈ ਅਜਿਹਾ ਅਮਲ ਨਹੀ ਹੋਣਾ ਚਾਹੀਦਾ ਜਿਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾਂ ਦੀ ਸਰਬਉੱਚਤਾ ਨੂੰ ਕੋਈ ਠੇਸ ਪਹੁੰਚੇ । ਬਲਕਿ ਇਸ ਸੋਚ ਨੂੰ ਪ੍ਰਪੱਕ ਕਰਦੇ ਹੋਏ ਆਪਣੇ ਛੋਟੇ-ਮੋਟੇ ਵਿਚਾਰਕ ਵਖਰੇਵਿਆਂ ਤੋ ਉਪਰ ਉੱਠਕੇ ਪੰਥਕ ਏਕਤਾ ਦੇ ਮਿਸਨ ਨੂੰ ਪੂਰਨ ਕਰਨ ਲਈ ਅਮਲੀ ਰੂਪ ਵਿਚ ਇਮਾਨਦਾਰੀ ਨਾਲ ਆਪਣੇ ਫਰਜ ਪੂਰਨ ਕਰਨੇ ਚਾਹੀਦੇ ਹਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੀਆ ਪੰਥਕ ਧਿਰਾਂ ਕੌਮ ਨੂੰ ਹਰ ਤਰ੍ਹਾਂ ਦੀ ਪੈਦਾ ਹੋਈ ਨਮੋਸੀ ਵਿਚੋ ਕੱਢਣ ਦੀ ਜਿੰਮੇਵਾਰੀ ਨਿਭਾਉਣ ਦੇ ਨਾਲ-ਨਾਲ “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ”॥ ਦੇ ਅਰਥ ਭਰਪੂਰ ਮਹਾਂਵਾਕ ਉਤੇ ਪਹਿਰਾ ਦਿੰਦੇ ਹੋਏ ਆਪਣੀਆ ਕੌਮੀ ਜਿੰਮੇਵਾਰੀਆ ਨੂੰ ਪੂਰਨ ਕਰਨਗੇ ।