ਬੀਜੇਪੀ ਵਿਚ ਜਾਣ ਵਾਲੇ ਸਿੱਖਾਂ ਨੂੰ ਆਉਣ ਵਾਲੇ ਸਮੇਂ ਵਿਚ ਆਪਣੀ ਹੀ ਜ਼ਮੀਰ ਦੇ ਗੁਨਾਹਗਾਰ ਹੋਣ ਤੋਂ ਕੋਈ ਨਹੀ ਬਚਾਅ ਸਕੇਗਾ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 17 ਜਨਵਰੀ ( ) “ਸਮੁੱਚੀ ਦੁਨੀਆਂ, ਇਤਿਹਾਸਕਾਰਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਆਉਣ ਵਾਲੇ ਸਮੇ ਦੀ ਸਿਆਸੀ ਤੇ ਇਖਲਾਕੀ ਜਾਣਕਾਰੀ ਰੱਖਣ ਵਾਲੀਆ ਆਤਮਾਵਾ ਨੂੰ ਇਹ ਭਰਪੂਰ ਜਾਣਕਾਰੀ ਹੈ ਕਿ ਜਦੋਂ ਤੋਂ ਮੁਲਕ ਆਜ਼ਾਦ ਹੋਇਆ ਹੈ, ਉਸ ਸਮੇ ਤੋ ਲੈਕੇ ਅੱਜ ਤੱਕ ਮੁਤੱਸਵੀ ਹੁਕਮਰਾਨ ਭਾਵੇ ਉਹ ਕਾਂਗਰਸ, ਬੀਜੇਪੀ-ਆਰ.ਐਸ.ਐਸ ਜਾਂ ਹੋਰ ਕਿਸੇ ਵੀ ਸਿਆਸੀ ਜਮਾਤ ਨਾਲ ਸੰਬੰਧਤ ਹੋਵੇ, ਉਨ੍ਹਾਂ ਸਭਨਾਂ ਨੇ ਮੰਦਭਾਵਨਾ ਭਰੀ ਫਿਰਕੂ ਸੋਚ ਅਧੀਨ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਵੱਡੇ ਧੋਖੇ-ਫਰੇਬ ਕੀਤੇ ਹਨ । ਅੱਜ ਵੀ ਇਹ ਦੁੱਖਦਾਇਕ ਤੇ ਬੇਇਨਸਾਫ਼ੀ ਵਾਲਾ ਵਰਤਾਰਾ ਨਿਰੰਤਰ ਜਾਰੀ ਹੈ ਅਤੇ ਇਹ ਮੁਤੱਸਵੀ ਸੋਚ ਵਾਲੇ ਬੀਤੇ ਸਮੇ ਦੇ ਅਤੇ ਮੌਜੂਦਾ ਸਮੇ ਦੇ ਹੁਕਮਰਾਨ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਵੱਡੇ ਦੋਸ਼ੀ ਹਨ । ਕਿਉਂਕਿ ਇਨ੍ਹਾਂ ਦੇ ਅਮਲ ਅਤੇ ਵਰਤਾਰੇ ਕਦੀ ਵੀ ਪੰਜਾਬ ਸੂਬੇ ਤੇ ਸਿੱਖ ਕੌਮ ਪੱਖੀ ਨਹੀ ਰਹੇ । ਇਸ ਲਈ ਜੋ ਨਿਰਆਧਾਰ ਅਤੇ ਗੁੰਮਰਾਹਕੁੰਨ ਸੋਚ ਨੂੰ ਆਧਾਰ ਬਣਾਕੇ, ਬਿਨ੍ਹਾਂ ਕਿਸੇ ਦਲੀਲ ਦੇ ਜੋ ਸਿੱਖ ਲੀਡਰਸਿਪ ਬੀਜੇਪੀ ਵਿਚ ਸਾਮਿਲ ਹੋਣ ਦੀ ਹੋੜ ਵਿਚ ਜਾ ਰਹੇ ਹਨ, ਉਨ੍ਹਾਂ ਨੂੰ ਆਪਣੀ ਹੀ ਜਮੀਰ ਦੇ ਗੁਨਾਹਗਾਰ ਹੋਣ ਤੋ ਕੋਈ ਵੀ ਨਹੀ ਬਚਾਅ ਸਕੇਗਾ । ਇਨ੍ਹਾਂ ਕੋਲ ਕੇਵਲ ਇਕ ਪਛਤਾਵਾ ਹੀ ਰਹਿ ਜਾਵੇਗਾ । ਕਿਉਂਕਿ ਇਹ ਸਿੱਖ ਲੀਡਰਸਿਪ ਕੇਵਲ ਤੇ ਕੇਵਲ ਆਪਣੇ ਰਾਜਸੀ ਤੇ ਮਾਲੀ ਹਿੱਤਾ ਦੀ ਪੂਰਤੀ ਨੂੰ ਮੁੱਖ ਰੱਖਕੇ ਕੁਝ ਥੋੜੇ ਸਮੇ ਦੇ ਸਵਾਸਾਂ ਲਈ ਇਹ ਗੁਨਾਹ ਕਰ ਰਹੀ ਹੈ ਅਤੇ ਪੰਜਾਬੀਆਂ ਤੇ ਸਿੱਖਾਂ ਨਾਲ ਇਹ ਵੀ ਧੋਖਾ ਕਰ ਰਹੇ ਹਨ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇ ਦੇ ਪੰਜਾਬ ਦੇ ਵਾਪਰੇ ਦੁਖਾਂਤ ਅਤੇ ਅਜੋਕੇ ਸਮੇ ਵਿਚ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨਾਲ ਬੀਜੇਪੀ ਦੀ ਸੈਟਰ ਹਕੂਮਤ ਵੱਲੋ ਕੀਤੀਆ ਜਾ ਰਹੀਆ ਬੇਇਨਸਾਫ਼ੀਆਂ ਤੋ ਜਾਣੂ ਕਰਵਾਉਦੇ ਹੋਏ ਬੀਜੇਪੀ ਵਿਚ ਜਾਣ ਵਾਲੀ ਸਿੱਖ ਲੀਡਰਸਿਪ ਨੂੰ ਆਪਣੀ ਜਮੀਰ ਨੂੰ ਖਤਮ ਕਰਕੇ ਸਿਆਸੀ ਅਤੇ ਇਖਲਾਕੀ ਮੌਤ ਪ੍ਰਾਪਤ ਨਾ ਕਰਨ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਜਾਦੀ ਤੋ ਪਹਿਲੇ ਸਿੱਖਾਂ ਨਾਲ ਜੋ ਉੱਤਰੀ ਭਾਰਤ ਵਿਚ ਆਜਾਦ ਖਿੱਤਾ ਦੇਣ ਦਾ ਅਤੇ ਆਪਣੀ ਅਣਖ-ਗੈਰਤ ਨਾਲ ਜਿ਼ੰਦਗੀ ਜਿਊਂਣ ਦਾ ਬਚਨ ਕੀਤਾ ਸੀ, ਉਸਨੇ ਸਮੁੱਚੀ ਸਿੱਖ ਕੌਮ ਨਾਲ ਵੱਡੇ ਧੋਖਾ ਤੇ ਫਰੇਬ ਹੀ ਨਹੀ ਕੀਤੇ, ਬਲਕਿ ਸੂਬੇ ਦੇ ਸਾਧਨਾਂ, ਖਜਾਨਿਆ ਦੀ ਬੇਰਹਿੰਮੀ ਨਾਲ ਲੁੱਟਣ ਦੇ ਨਾਲ-ਨਾਲ ਅਜਿਹੇ ਅਮਲ ਕੀਤੇ ਜਿਸ ਨਾਲ ਸਿੱਖ ਕੌਮ ਨੂੰ ਬਦਨਾਮ ਕਰਕੇ ਕੁੱਟਿਆ ਤੇ ਮਾਰਿਆ ਜਾ ਸਕੇ । ਇਸ ਕਾਂਗਰਸ ਦੇ ਸਭ ਮਨੁੱਖਤਾ ਤੇ ਇਨਸਾਫ ਵਿਰੋਧੀ ਵਰਤਾਰੇ ਵਿਚ ਬੀਤੇ ਸਮੇ ਦੀ ਅਤੇ ਮੌਜੂਦਾ ਬੀਜੇਪੀ ਤੇ ਆਰ.ਐਸ.ਐਸ ਦੀ ਲੀਡਰਸਿਪ ਵਾਲੇ ਉਨ੍ਹਾਂ ਨਾਲ ਹਮੇਸ਼ਾਂ ਘਿਓ ਖਿਚੜੀ ਰਹੇ । ਜਦੋ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਗਿਆ ਤਾਂ ਉਸ ਸਮੇ ਬੀਜੇਪੀ ਦੇ ਆਗੂ ਸ੍ਰੀ ਅਡਵਾਨੀ ਨੇ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ । ਦੂਸਰੇ ਮਹੱਤਵਪੂਰਨ ਬੀਜੇਪੀ ਆਗੂ ਸ੍ਰੀ ਵਾਜਪਾਈ ਨੇ ਇਸ ਹਮਲੇ ਉਪਰੰਤ ਸਿੱਖ ਕੌਮ ਦੀ ਕਾਤਲ ਮਰਹੂਮ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦੇ ਕੇ ਸਨਮਾਨ ਕੀਤਾ ਸੀ । ਬੀਜੇਪੀ ਨੇ ਹੀ ਇਹ ਨਫਰਤ ਭਰਿਆ ਨਾਅਰਾ ਦਿੱਤਾ ਸੀ ਕਿ ‘ਕੱਛ, ਕੜਾ, ਕਿਰਪਾਨ ਇਨਕੋ ਭੇਜੋ ਪਾਕਿਸਤਾਨ’। ਉਸ ਸਮੇ ਬੀਜੇਪੀ ਦੇ ਆਗੂ ਹਰਬੰਸ ਲਾਲ ਖੰਨਾ ਦੀ ਅਗਵਾਈ ਵਿਚ ਪੂਰੇ ਅੰਮ੍ਰਿਤਸਰ ਸਹਿਰ ਵਿਚ ਲੱਡੂ ਹੀ ਨਹੀ ਵੰਡੇ ਗਏ ਸਨ ਬਲਕਿ ਅੰਮ੍ਰਿਤਸਰ ਰੇਲਵੇ ਸਟੇਸਨ ਤੇ ਸੁਸੋਭਿਤ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਦੀ ਤੋੜਭੰਨ ਕਰਕੇ ਤੋਹੀਨ ਕੀਤੀ ਗਈ ਅਤੇ ਸਿਗਰਟਾਂ ਬੀੜੀਆ ਮੂੰਹ ਵਿਚ ਪਾ ਕੇ ਵੱਡੇ ਕਾਫਲੇ ਸਮੇਤ ਜਲੂਸ ਕੱਢਿਆ ਗਿਆ ਸੀ । ਜਦੋ ਦਿੱਲੀ ਵਿਚ 1984 ਵਿਚ ਕਤਲੇਆਮ ਹੋਇਆ ਤਾਂ ਇਹ ਸਭ ਬੀਜੇਪੀ ਦੇ ਫਿਰਕੂ ਲੀਡਰ ਤੇ ਇਨ੍ਹਾਂ ਦੇ ਗੂੰਡੇ ਸਿੱਖ ਬੀਬੀਆ ਨਾਲ ਬਲਾਤਕਾਰ ਕਰਨ ਵਾਲਿਆ, ਸਿੱਖ ਨੌਜਵਾਨੀ, ਬੱਚੇ, ਬੀਬੀਆਂ ਅਤੇ ਬਜੁਰਗਾਂ ਦੇ ਗਲਾਂ ਵਿਚ ਟਾਈਰ ਪਾ ਕੇ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਕਰਦੇ ਹੋਏ, ਅੱਗਾਂ ਲਗਾਉਣ ਵਾਲਿਆ ਵਿਚ ਮੋਹਰੀ ਸਨ । ਜੋ ਢਾਈ ਦਹਾਕੇ ਪੰਜਾਬ ਤੇ ਇਸਦੇ ਨਾਲ ਲੱਗਦੇ ਸੂਬਿਆਂ ਵਿਚ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆ ਵਿਚ ਲੱਖਾਂ ਦੀ ਗਿਣਤੀ ਵਿਚ ਕਤਲੇਆਮ ਹੋਇਆ, ਉਸ ਲਈ ਭਾਵੇ ਸੈਟਰ ਦੀ ਕਾਂਗਰਸ ਤੇ ਉਸ ਸਮੇ ਦੀ ਪੰਜਾਬ ਦੀ ਬਾਦਲ ਸਰਕਾਰ ਜਿੰਮੇਵਾਰ ਹੈ । ਜਿਨ੍ਹਾਂ ਨੇ ਕਾਤਲ ਪੁਲਿਸ ਅਫਸਰਾਂ ਦੀਆਂ ਨਿਯੁਕਤੀਆ ਤੇ ਤਰੱਕੀਆ ਕੀਤੀਆ । ਉਸ ਕਤਲੇਆਮ ਵਿਚ ਬੀਜੇਪੀ ਦੀ ਸਭ ਲੀਡਰਸਿਪ ਕਾਂਗਰਸ ਦੀ ਪਿੱਠ ਤੇ ਖੜ੍ਹੀ ਸੀ । ਬੀਤੇ 12 ਸਾਲਾਂ ਤੋਂ ਬੀਜੇਪੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਸਿੱਖਾਂ ਤੇ ਪੰਜਾਬੀਆਂ ਦੇ ਇਕ ਵੀ ਮਸਲੇ ਨੂੰ ਹੱਲ ਨਹੀ ਕੀਤਾ ਗਿਆ । ਨਾ ਹੀ ਸਜ਼ਾਵਾਂ ਪੂਰੀਆ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ । ਨਾ ਹੀ ਪੰਜਾਬ ਦੇ ਵਿਕਾਸ ਲਈ ਸੈਟਰ ਪੂਲ ਵਿਚੋ ਕੋਈ ਮਦਦ ਕੀਤੀ ਜਾ ਰਹੀ ਹੈ, ਨਾ ਹੀ ਇਥੋ ਦੀ ਬੇਰੁਜਗਾਰੀ ਨੂੰ ਖਤਮ ਕਰਨ ਅਤੇ ਪੰਜਾਬ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਵੱਡੀ ਇੰਡਸਟਰੀ ਦਿੱਤੀ ਜਾ ਰਹੀ ਹੈ । ਇਥੋ ਤੱਕ ਪੰਜਾਬ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਅਤੇ ਵਪਾਰ ਲਈ ਸਾਡੀਆਂ ਸਰਹੱਦਾਂ ਨਹੀ ਖੋਲੀਆ ਜਾ ਰਹੀਆ ਅਤੇ ਨਾਲ ਹੀ ਕਰਤਾਰਪੁਰ ਲਾਘੇ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ । ਪੰਜਾਬ ਦੇ ਹਿੱਸੇ ਦੀ ਜੀ.ਐਸ.ਟੀ. ਅਤੇ ਪਾਣੀਆਂ ਦੀ ਰਿਅਲਟੀ ਕੀਮਤ ਜੋ ਕਰੋੜਾਂ ਵਿਚ ਬਣਦੀ ਹੈ, ਉਹ ਨਹੀ ਦਿੱਤੀ ਜਾ ਰਹੀ । ਬਲਕਿ ਭਾਖੜਾ ਡੈਮ ਦੇ ਰਾਤੋ ਰਾਤ ਸਾਰੇ ਗੇਟ ਖੋਲ੍ਹਕੇ ਪੰਜਾਬ ਨੂੰ ਹੜਾਂ ਵਿਚ ਖਤਮ ਕਰਨ ਦੀਆਂ ਸਾਜਿਸਾਂ ਕੀਤੀਆ ਜਾ ਰਹੀਆ ਹਨ । ਫਿਰ ਹੜ੍ਹਾਂ ਤੋ ਪੀੜਤਾਂ ਦੀ ਰਾਹਤ ਲਈ ਪੰਜਾਬ ਨਾਲ ਮਜਾਕ ਕੀਤਾ ਜਾਂਦਾ ਰਿਹਾ ਹੈ ਅਤੇ ਖੁਦ ਵਜੀਰ ਏ ਆਜਮ ਮੋਦੀ ਵੱਲੋ ਇਸ ਸੰਕਟ ਦੀ ਘੜੀ ਵਿਚ ਕੋਈ ਵੀ ਹਮਦਰਦੀ ਪੂਰਵਕ ਬਿਆਨ ਨਹੀ ਆਇਆ । ਦੂਸਰੇ ਸੂਬਿਆਂ ਦੇ ਪ੍ਰਵਾਸੀਆਂ ਨੂੰ ਇਥੇ ਲੱਖਾਂ ਦੀ ਗਿਣਤੀ ਵਿਚ ਰਾਸਨ ਕਾਰਡ ਤੇ ਵੋਟਰ ਕਾਰਡ ਰਾਤੋ ਰਾਤ ਦੇ ਕੇ ਇਥੋ ਦੀ ਸਿੱਖ ਕੌਮ ਦੀ ਬਹੁਗਿਣਤੀ ਹੋਣ ਨੂੰ ਖਤਮ ਕਰਨ ਦੇ ਅਮਲ ਹੋ ਰਹੇ ਹਨ । ਸਾਡੇ ਸੱਭਿਆਚਾਰ, ਅਮੀਰ ਵਿਰਸੇ ਵਿਰਾਸਤ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ । ਵਿਦਿਆਰਥੀਆਂ ਦੀਆਂ ਕਿਤਾਬਾਂ ਵਿਚ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਬਾਰੇ ਗਲਤ ਦਰਜ ਕਰਕੇ ਸਾਡੇ ਇਤਿਹਾਸ ਨੂੰ ਦਾਗੀ ਕਰਨ ਦੀਆਂ ਸਾਜਿਸਾਂ ਹੋ ਰਹੀਆ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕਰਨ ਵਾਲੇ ਕਿਸੇ ਇਕ ਵੀ ਦੋਸ਼ੀ ਨੂੰ ਹੁਕਮਰਾਨਾਂ ਵੱਲੋ ਨਾ ਤਾਂ ਸਜ਼ਾ ਦਿੱਤੀ ਗਈ ਹੈ ਅਤੇ ਨਾ ਹੀ ਇਸ ਵਿਸੇ ਤੇ ਕੋਈ ਸਖਤ ਕਾਨੂੰਨ ਬਣਾਇਆ ਜਾ ਰਿਹਾ ਹੈ । ਬਲਕਿ ਸਾਡੇ ਤਖਤ ਸ੍ਰੀ ਹਜੂਰ ਸਾਹਿਬ, ਪਟਨਾ ਸਾਹਿਬ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਤੇ ਹਕੂਮਤੀ ਤਾਕਤ ਦੀ ਦੁਰਵਰਤੋ ਕਰਕੇ ਗੈਰ ਸਿੱਖਾਂ ਤੇ ਸਿੱਖ ਵਿਰੋਧੀ ਤਾਕਤਾਂ ਦੇ ਕਬਜੇ ਕਰਵਾਏ ਜਾ ਰਹੇ ਹਨ । ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ ਦੀ 15 ਸਾਲਾਂ ਤੋ ਚੋਣ ਨਹੀ ਕਰਵਾਈ ਜਾ ਰਹੀ । ਨਿਊਜੀਲੈਡ ਵਿਚ ਸਿੱਖ ਰਵਾਇਤ ਅਨੁਸਾਰ ਨਿਕਲਣ ਵਾਲੇ ਨਗਰ ਕੀਰਤਨਾਂ ਉਤੇ ਸਾਜਸੀ ਢੰਗ ਨਾਲ ਹਮਲੇ ਕਰਵਾਏ ਜਾ ਰਹੇ ਹਨ । ਨਿਊਜੀਲੈਡ ਸਰਕਾਰ ਨੂੰ ਸ੍ਰੀ ਮੋਦੀ ਵੱਲੋ ਇਸ ਵਿਸੇ ਤੇ ਕਿਸੇ ਤਰ੍ਹਾਂ ਦਾ ਨੋਟਿਸ ਜਾ ਰੋਸ ਨਾ ਭੇਜਣ ਦੇ ਅਮਲ ਇਸ ਸਾਜਿਸ ਨੂੰ ਪ੍ਰਤੱਖ ਕਰਦੇ ਹਨ । ਸਾਡੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ, ਦਰਿਆਵਾ ਦੇ ਪਾਣੀਆ ਨੂੰ ਪਹਿਲੋ ਹੀ ਵੱਡੀ ਮਾਤਰਾ ਵਿਚ ਗੈਰ ਕਾਨੂੰਨੀ ਢੰਗ ਨਾਲ ਲੁੱਟਿਆ ਗਿਆ ਹੈ । ਹੁਣ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ, ਪੰਜਾਬ ਯੂਨੀਵਰਸਿਟੀ ਵਰਗੇ ਵਿਦਿਅਕ ਅਦਾਰੇ ਉਤੇ ਗੈਰ ਕਾਨੂੰਨੀ ਢੰਗ ਨਾਲ ਸੈਟਰ ਵੱਲੋ ਕਬਜੇ ਕਰਨ ਜਾਂ ਇਨ੍ਹਾਂ ਦੇ ਕਾਨੂੰਨੀ ਅਧਿਕਾਰ ਸੰਬੰਧੀ ਵਿਵਾਦ ਫੈਲਾਉਣ ਦੀਆਂ ਸਾਜਿਸਾਂ ਹੋ ਰਹੀਆ ਹਨ। ਭਾਖੜਾ ਬਿਆਸ ਮੈਨੇਜਮੈਟ ਬੋਰਡ ਦੇ ਪਾਣੀਆ ਦੀ ਵੰਡ ਕਰਨ ਵਾਲੇ ਅਦਾਰੇ ਉਤੇ ਸੈਟਰ ਜਬਰੀ ਆਜਾਰੇਦਾਰੀ ਕਾਇਮ ਕਰ ਰਹੀ ਹੈ ।
ਜਦੋ ਸੈਟਰ ਦੀ ਬੀਜੇਪੀ ਮੋਦੀ ਸਰਕਾਰ ਦੀਆਂ ਕਾਰਵਾਈਆ ਤੇ ਅਮਲ ਅੱਜ ਵੀ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਵਿਰੋਧੀ ਹਨ, ਪਾੜੋ ਅਤੇ ਰਾਜ ਕਰੋ ਦੀ ਨੀਤੀ ਉਤੇ ਅਮਲ ਹੋ ਰਿਹਾ ਹੈ, ਫਿਰ ਇਸ ਫਿਰਕੂ ਮੁਤੱਸਵੀ ਪੰਜਾਬ ਤੇ ਸਿੱਖ ਕੌਮ ਵਿਰੋਧੀ ਜਮਾਤ ਵਿਚ ਜਾਣ ਵਾਲੀ ਸਿੱਖ ਲੀਡਰਸਿਪ ਕੇਵਲ ਤੇ ਕੇਵਲ ਸ੍ਰੀ ਅਮਿਤ ਸ਼ਾਹ ਵੱਲੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਹੀਦੀ ਦਿਹਾੜੇ ਉਤੇ ਪ੍ਰਗਟਾਏ ਉਨ੍ਹਾਂ ਵਿਚਾਰਾਂ ਜੋ ਕਿ ਅਸਲੀਅਤ ਵਿਚ ਸਹੀ ਹਨ, ਪਰ ਸਿੱਖ ਕੌਮ ਨੂੰ ਗੁੰਮਰਾਹ ਕਰਨ ਹਿੱਤ ‘ਹਾਥੀ ਦੇ ਦੰਦ ਖਾਣ ਵਾਲੇ ਹੋਰ ਅਤੇ ਦਿਖਾਉਣ ਵਾਲੇ ਹੋਰ’ ਦੀ ਕਹਾਵਤ ਨੂੰ ਸੱਚ ਸਾਬਤ ਕਰਦੇ ਇਸ ਲਈ ਨਜਰ ਆ ਰਹੇ ਹਨ ਕਿ ਸੂਬੇ ਦੀਆਂ ਆਉਣ ਵਾਲੀਆ ਚੋਣਾਂ ਨੂੰ ਮੁੱਖ ਰੱਖਕੇ ਭਰਮਾਇਆ ਤੇ ਗੁੰਮਰਾਹ ਤਾਂ ਕੀਤਾ ਜਾ ਰਿਹਾ ਹੈ, ਪਰ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਕਿਸੇ ਇਕ ਵੀ ਮਸਲੇ ਨੂੰ ਹੱਲ ਕਰਨ ਦੀ ਗੱਲ ਜੇਕਰ ਬੀਜੇਪੀ ਵਿਚ ਜਾਣ ਵਾਲੀ ਸਿੱਖ ਲੀਡਰਸਿਪ ਸਾਬਤ ਕਰ ਦੇਵੇ, ਫਿਰ ਤਾਂ ਉਨ੍ਹਾਂ ਵੱਲੋ ਬੀਜੇਪੀ ਵਿਚ ਜਾਣ ਦੇ ਆਧਾਰ ਨੂੰ ਕਿਸੇ ਹੱਦ ਤੱਕ ਸਹੀ ਮੰਨਿਆ ਜਾ ਸਕੇਗਾ ਵਰਨਾ ਇਹ ਲੀਡਰਸਿਪ ਆਉਣ ਵਾਲੇ ਸਮੇ ਵਿਚ ਆਪਣੀ ਹੀ ਆਤਮਾ ਦੀ ਦੋਸ਼ੀ ਬਣਕੇ ਰਹਿ ਜਾਵੇਗੀ ਅਤੇ ਬੀਜੇਪੀ ਵੱਲੋ ਇਨ੍ਹਾਂ ਦੀ ਸਿਆਸੀ ਮਕਸਦਾਂ ਲਈ ਪੂਰਤੀ ਕਰਕੇ ਮੱਖਣ ਵਿਚੋ ਬਾਲ ਵਾਗੂ ਬਾਹਰ ਕਰ ਦਿੱਤਾ ਜਾਵੇਗਾ । ਫਿਰ ਅਜਿਹੀ ਆਪਣੀ ਹੀ ਆਤਮਾ ਦੀ ਦੋਸ਼ੀ ਬਣੀ ਲੀਡਰਸਿਪ ਕੋਲ ਪਛਤਾਵੇ ਤੋ ਇਲਾਵਾ ਕੁਝ ਨਹੀ ਬਚੇਗਾ । ਸੋ ਬਿਹਤਰ ਇਹੀ ਹੋਵੇਗਾ ਕਿ ਉਹ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਮੁਫਾਦਾਂ ਨੂੰ ਮੁੱਖ ਰੱਖਕੇ ਪੰਜਾਬ ਸੂਬੇ ਦੀ ਖੁਦਮੁਖਤਿਆਰੀ, ਕੌਮੀ ਆਜਾਦੀ ਤੇ ਇਨਸਾਫ ਲਈ ਜੂਝਦੇ ਰਹਿਣ ਤੇ ਆਪਣੀ ਜਮੀਰ ਨੂੰ ਖਤਮ ਕਰਨ ਦੀ ਗੁਸਤਾਖੀ ਨਾ ਕਰਨ ।