ਬੀਬੀ ਆਤਿਸੀ ਵੱਲੋ ਗੁਰੂ ਤੇਗ ਬਹਾਦਰ ਸਾਹਿਬ ਸੰਬੰਧੀ ਅਪਮਾਨਜਨਕ ਸ਼ਬਦਾਂ ਦੀ ਕੀਤੀ ਵਰਤੋਂ ਅਸਹਿ, ਫੌਰੀ ਕਾਨੂੰਨੀ ਕਾਰਵਾਈ ਹੋਵੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 09 ਜਨਵਰੀ ( ) “ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਅਤੇ ਉਨ੍ਹਾਂ ਦੀ ਸਮੁੱਚੀ ਦਿੱਲੀ ਦੀ ਗੈਰ ਪੰਜਾਬੀ, ਪੰਜਾਬ ਵਿਚ ਆਈ ਟੀਮ ਵੱਲੋ 2027 ਦੀਆਂ ਚੋਣਾਂ ਨੂੰ ਮੁੱਖ ਰੱਖਕੇ ਪੰਜਾਬੀਆਂ ਤੇ ਸਿੱਖਾਂ ਨੂੰ ਉਲਝਾਉਣ ਲਈ ਕਈ ਤਰ੍ਹਾਂ ਦੇ ਸਬਜਬਾਗ ਦਿਖਾਕੇ ਅਮਲ ਕੀਤੇ ਜਾ ਰਹੇ ਹਨ । ਪਰ ਦੂਸਰੇ ਪਾਸੇ ਸ੍ਰੀ ਕੇਜਰੀਵਾਲ ਦੀ ਖਾਸਮ-ਖਾਸ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਬੀਬੀ ਆਤਿਸੀ ਵੱਲੋ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੰਬੰਧੀ ਅਪਮਾਨਜਨਕ ਸ਼ਬਦਾਂ ਦੀ ਵਰਤੋ ਕਰਕੇ ਸਮੁੱਚੇ ਸੰਸਾਰ ਵਿਚ ਵੱਸਦੇ ਸਿੱਖਾਂ ਦੇ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਈ ਗਈ ਹੈ, ਉਹ ਕਤਈ ਵੀ ਬਰਦਾਸਤ ਕਰਨ ਯੋਗ ਨਹੀ ਅਤੇ ਨਾ ਹੀ ਅਜਿਹੀ ਬਜਰ ਗੁਸਤਾਖੀ ਲਈ ਮੁਆਫ਼ੀ ਦਿੱਤੀ ਜਾ ਸਕਦੀ ਹੈ । ਇਨ੍ਹਾਂ ਦੇ ਅਜਿਹੇ ਅਮਲ ਦਿੱਲੀ ਵਾਲਿਆ ਦੀ ਪੰਜਾਬ ਸੂਬੇ ਤੇ ਸਿੱਖ ਕੌਮ ਪ੍ਰਤੀ ਸੋਚ ਨੂੰ ਪ੍ਰਤੱਖ ਕਰਦੇ ਹਨ । ਬੇਸੱਕ ਬੀਤੇ ਸਮੇ ਵਿਚ ਪੰਜਾਬੀਆਂ ਅਤੇ ਸਿੱਖਾਂ ਨੂੰ ਗੁੰਮਰਾਹ ਕਰਕੇ ਆਮ ਆਦਮੀ ਪਾਰਟੀ ਪੰਜਾਬ ਵਿਚ ਸਰਕਾਰ ਬਣਾਉਣ ਵਿਚ ਕਾਮਯਾਬ ਹੋ ਗਈ ਸੀ । ਪਰ ਇਸ ਗੈਰ ਪੰਜਾਬੀ ਟੀਮ ਜਿਸ ਵਿਚ ਸ੍ਰੀ ਸਿਸੋਦੀਆ, ਰਾਘਵ ਚੱਡਾ, ਸੰਜੇ ਸਿੰਘ ਅਤੇ ਇਨ੍ਹਾਂ ਦੀ ਵੱਡੀ ਗਿਣਤੀ ਵਿਚ ਟੀਮ ਨੇ ਪੰਜਾਬ ਸੂਬੇ ਅਤੇ ਇਸਦੇ ਸਾਧਨਾਂ ਨੂੰ ਲੁੱਟਣ ਤੇ ਦੁਰਵਰਤੋ ਕਰਨ ਹਿੱਤ ਚੰਡੀਗੜ੍ਹ ਦੇ 39 ਸੈਕਟਰ ਦੀਆਂ ਵਜੀਰਾਂ ਦੀਆਂ ਕੋਠੀਆ ਉਤੇ ਕਬਜੇ ਕੀਤੇ ਹੋਏ ਹਨ ਅਤੇ ਪੰਜਾਬ ਦੇ ਖਜਾਨੇ ਵਿਚੋ ਵੱਡੇ ਪੱਧਰ ਤੇ ਖਰਚੇ ਕਰਕੇ ਇਸ ਨੂੰ ਲੁੱਟਣ ਵਿਚ ਕੋਈ ਕਸਰ ਨਹੀ ਛੱਡੀ ਜਾ ਰਹੀ ਅਤੇ ਇਹ ਲੋਕ ਇਥੋ ਦੇ ਸਾਧਨਾਂ ਅਤੇ ਆਪਣੀ ਸਿਆਸੀ ਤਾਕਤ ਦੀ ਦੁਰਵਰਤੋ ਕਰਦੇ ਨਜਰ ਆ ਰਹੇ ਹਨ । ਨਿੱਤ ਦਿਹਾੜੇ ਪੰਜਾਬ ਵਿਚ ਕਾਨੂੰਨੀ ਵਿਵਸਥਾਂ ਦੀ ਹਾਲਤ ਨਿੱਘਰਦੀ ਜਾ ਰਹੀ ਹੈ । ਕਤਲੇਆਮ ਹੋ ਰਹੇ ਹਨ, ਝੂਠੇ ਮੁਕਾਬਲੇ ਹੋ ਰਹੇ ਹਨ । ਸਭ ਪਾਸੇ ਅਫਰਾ-ਤਫਰੀ ਫੈਲਦੀ ਨਜਰ ਆ ਰਹੀ ਹੈ । ਇਸ ਲਈ ਇਨ੍ਹਾਂ ਦੇ ਸਰਕਾਰੀ ਸਾਧਨਾਂ ਰਾਹੀ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਪੰਜਾਬੀਆਂ ਅਤੇ ਸਿੱਖਾਂ ਨੂੰ ਹੁਣ ਗੁੰਮਰਾਹ ਨਹੀ ਕਰ ਸਕਣਗੇ ਅਤੇ ਪੰਜਾਬੀਆਂ ਤੇ ਸਿੱਖਾਂ ਨੂੰ ਵੀ ਚਾਹੀਦਾ ਹੈ ਕਿ ਦਿੱਲੀ ਤੇ ਹੋਰ ਬਾਹਰਲੇ ਸੂਬਿਆਂ ਤੋ ਸਵਾਰਥੀ ਹਿੱਤਾ ਦੀ ਪੂਰਤੀ ਲਈ ਆਏ ਇਨ੍ਹਾਂ ਹੁਕਮਰਾਨਾਂ ਨੂੰ ਪੰਜਾਬ ਸੂਬੇ, ਇਥੋ ਦੇ ਮਹਾਨ ਵਿਰਸੇ, ਵਿਰਾਸਤ, ਸੱਭਿਆਚਾਰ, ਅਮੀਰ ਪ੍ਰੰਪਰਾਵਾਂ ਤੇ ਮਰਿਯਾਦਾਵਾ ਦਾ ਕਤਈ ਵੀ ਘਾਣ ਕਰਨ ਦੀ ਇਜਾਜਤ ਨਾ ਦਿੱਤੀ ਜਾਵੇ ਅਤੇ ਆਉਣ ਵਾਲੇ ਸਮੇ ਵਿਚ ਪੰਜਾਬ ਦੇ ਮਾਹੌਲ ਨੂੰ ਅਮਨਮਈ ਤੇ ਜਮਹੂਰੀਅਤ ਪੱਖੀ ਰੱਖਣ ਲਈ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਸੂਬੇ ਦੀਆਂ ਗਰਜਾਂ ਪ੍ਰਤੀ ਸੁਹਿਰਦ ਹੋ ਕੇ ਅਮਲ ਕਰਨ ਤਾਂ ਕਿ ਇਹ ਬਾਹਰੀ ਹਮਲਾਵਰ ਤੇ ਸਿੱਖ ਵਿਰੋਧੀ ਤਾਕਤਾਂ ਸਾਡੇ ਸਰਹੱਦੀ ਸੂਬੇ ਦਾ ਸਾਜਿਸਾਂ ਰਾਹੀ ਹੋਰ ਮਾਲੀ, ਇਖਲਾਕੀ, ਧਾਰਮਿਕ ਤੇ ਸੱਭਿਆਚਾਰਕ ਨੁਕਸਾਨ ਨਾ ਕਰ ਸਕੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਵੱਲੋ ਸਾਡੇ ਗੁਰੂ ਸਾਹਿਬਾਨ ਸੰਬੰਧੀ ਮੰਦਭਾਵਨਾ ਅਧੀਨ ਵਰਤੇ ਗਏ ਅਪਮਾਨਜਨਕ ਸ਼ਬਦਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਉਸ ਵਿਰੁੱਧ ਫੌਰੀ ਕਾਨੂੰਨੀ ਅਮਲ ਕਰਕੇ ਸਿੱਖ ਕੌਮ ਵਿਚ ਉੱਠੇ ਰੋਹ ਨੂੰ ਸ਼ਾਂਤ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ।