ਬੀਜੇਪੀ-ਆਰ.ਐਸ.ਐਸ ਦੇ ਜ਼ਬਰ-ਜੁਲਮ ਮੁਗਲਾਂ ਤੋਂ ਘੱਟ ਨਹੀਂ, ਇਸ ਲਈ ਇਸ ਜਮਾਤ ਨੂੰ ਮੁਕਤਸਰ ਵਿਖੇ ਕਾਨਫਰੰਸ ਨਹੀਂ ਕਰਨ ਦੇਣੀ ਚਾਹੀਦੀ : ਮਾਨ
ਫ਼ਤਹਿਗੜ੍ਹ ਸਾਹਿਬ, 02 ਜਨਵਰੀ ( ) “ਸਾਨੂੰ ਜਾਣਕਾਰੀ ਮਿਲੀ ਹੈ ਕਿ ਸੈਂਟਰ ਦੀ ਮੁਤੱਸਵੀ ਬੀਜੇਪੀ-ਆਰ.ਐਸ.ਐਸ. ਜਮਾਤਾਂ ਜਿਨ੍ਹਾਂ ਨੇ ਸਿੱਖ ਕੌਮ ਤੇ ਪੰਜਾਬ ਸੂਬੇ ਨਾਲ ਵੱਡੇ ਜ਼ਬਰ ਤੇ ਬੇਇਨਸਾਫ਼ੀਆਂ ਕੀਤੀਆ ਹਨ । ਜਿਸਨੇ ਸ੍ਰੀ ਮੋਦੀ ਦੀ ਜਾਬਰ ਚੰਡਾਲ ਚੌਕੜੀ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ, ਨੇ ਬਾਹਰਲੇ ਮੁਲਕਾਂ ਵਿਚ ਸਿੱਖਾਂ ਦੇ ਕਤਲ ਕਰਵਾਏ ਹਨ । ਇਸ ਪੰਜਾਬ ਤੇ ਸਿੱਖ ਕੌਮ ਵਿਰੋਧੀ ਜਾਲਮ ਪਾਰਟੀ ਜੋ ਗੁਰੂਆਂ ਦੀ ਪਵਿੱਤਰ ਮੁਕਤਸਰ ਦੀ ਧਰਤੀ ਉਤੇ ਕਾਨਫਰੰਸ ਕਰਨੀ ਚਾਹੁੰਦੇ ਹਨ, ਪੰਜਾਬੀਆਂ ਅਤੇ ਸਿੱਖਾਂ ਨੂੰ ਇਹ ਕਾਨਫਰੰਸ ਬਿਲਕੁਲ ਨਹੀ ਹੋਣ ਦੇਣੀ ਚਾਹੀਦੀ । ਕਿਉਂਕਿ ਪੰਜਾਬ ਦੀ ਇਸ ਪਵਿੱਤਰ ਧਰਤੀ ਉਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇ ਦੇ ਮੁਗਲ ਜਾਬਰਾਂ ਵਿਰੁੱਧ ਲੜਾਈ ਲੜਕੇ ਬੁਰਾਈ ਦਾ ਨਾਸ ਕੀਤਾ ਸੀ ਅਤੇ ਸੱਚ-ਹੱਕ ਦੀ ਆਵਾਜ ਬੁਲੰਦ ਕੀਤੀ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ-ਆਰ.ਐਸ.ਐਸ ਦੀ ਪੰਜਾਬ ਤੇ ਸਿੱਖ ਵਿਰੋਧੀ ਪਾਰਟੀ ਦੀਆਂ ਜਾਲਮਨਾਂ ਨੀਤੀਆਂ ਤੇ ਅਮਲਾਂ ਨੂੰ ਮੁੱਖ ਰੱਖਦੇ ਹੋਏ ਸਮੁੱਚੇ ਪੰਜਾਬੀਆਂ ਤੇ ਸਿੱਖਾਂ ਨੂੰ ਮੁਕਤਸਰ ਦੀ ਪਵਿੱਤਰ ਧਰਤੀ ਉਤੇ ਇਨ੍ਹਾਂ ਦੀ ਕਾਨਫਰੰਸ ਕਰਨ ਦੀ ਇਜਾਜਤ ਕਤਈ ਨਹੀ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਦੇ ਡੈਮਾਂ ਦੇ ਕੀਮਤੀ ਪਾਣੀਆਂ ਨੂੰ ਨਿਰੰਤਰ ਲੰਮੇ ਸਮੇ ਤੋ ਖੋਹਦੀ ਆ ਰਹੀ ਹੈ ਅਤੇ ਸਮੁੱਚੇ ਡੈਮਾਂ ਅਤੇ ਬੀ.ਬੀ.ਐਮ.ਬੀ ਉਤੇ ਸਾਜਸੀ ਢੰਗ ਨਾਲ ਆਪਣੀ ਅਜਾਰੇਦਾਰੀ ਗੈਰ ਕਾਨੂੰਨੀ ਢੰਗ ਨਾਲ ਕਾਇਮ ਕਰ ਲਈ ਗਈ ਹੈ । ਜੋ ਚੰਡੀਗੜ੍ਹ ਪੰਜਾਬ ਦੇ 28 ਪਿੰਡਾਂ ਨੂੰ ਉਜਾੜਕੇ ਰਾਜਧਾਨੀ ਬਣਾਈ ਗਈ ਸੀ, ਉਸਨੂੰ ਅਤੇ ਪੰਜਾਬ ਦੇ ਵੱਡੇ ਕੌਮਾਂਤਰੀ ਪੱਧਰ ਤੇ ਵਿਦਿਅਕ ਅਦਾਰੇ ਪੰਜਾਬ ਯੂਨੀਵਰਸਿਟੀ ਨੂੰ ਸਾਜਿਸਾਂ ਰਾਹੀ ਆਪਣੇ ਅਧੀਨ ਕਰਨ ਉਤੇ ਵਿਊਤਾ ਬਣਾ ਰਹੇ ਹਨ । ਜਿਨ੍ਹਾਂ ਨੇ ਅਜੇ ਤੱਕ ਸਜ਼ਾਵਾਂ ਪੂਰੀਆ ਕਰ ਚੁੱਕੇ ਸਿੱਖ ਨੌਜਵਾਨਾਂ ਨੂੰ ਰਿਹਾਅ ਨਹੀ ਕੀਤਾ ਜਾ ਰਿਹਾ ਅਤੇ ਪੰਜਾਬ ਵਿਚ ਕੋਈ ਵੀ ਵੱਡੀ ਇੰਡਸਟਰੀ ਨਾ ਦੇ ਕੇ ਅਤੇ ਪੰਜਾਬ ਦੀਆਂ ਸਰਹੱਦਾਂ ਨਾ ਖੋਲ੍ਹਕੇ ਸਾਨੂੰ ਮਾਲੀ ਤੌਰ ਤੇ ਕੰਮਜੋਰ ਕਰਨ ਦੇ ਅਮਲ ਕਰਦੇ ਆ ਰਹੇ ਹਨ। ਜੋ ਪੰਜਾਬ ਵਿਚ ਜਾਤਾਂ-ਪਾਤਾਂ, ਧਰਮਾਂ ਦੀ ਸੌੜੀ ਸੋਚ ਨੂੰ ਉਭਾਰਕੇ ਨਫਰਤ ਪੈਦਾ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਦੀ ਤਾਕ ਵਿਚ ਹਨ । ਪੰਜਾਬ ਦੇ ਰਾਜਸੀ ਆਗੂਆਂ ਨੂੰ ਆਪਣੀ ਸਰਪ੍ਰਸਤੀ ਹੇਠ ਚੱਲਣ ਵਾਲੇ ਗੈਗਸਟਰਾਂ ਰਾਹੀ ਨਿਸ਼ਾਨਾਂ ਬਣਾਉਣ ਦੇ ਮਨੁੱਖਤਾ ਵਿਰੋਧੀ ਅਮਲ ਕਰ ਰਹੇ ਹਨ । ਅਜਿਹੀ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਜਮਾਤ ਨੂੰ ਮੁਕਤਸਰ ਦੀ ਪਵਿੱਤਰ ਧਰਤੀ ਉਤੇ ਪੰਜਾਬੀਆਂ ਤੇ ਸਿੱਖਾਂ ਨੂੰ ਇਨ੍ਹਾਂ ਵੱਲੋ ਕਾਨਫਰੰਸ ਕਰਨ ਦੀ ਕਤਈ ਵੀ ਇਜਾਜਤ ਨਹੀ ਦੇਣੀ ਚਾਹੀਦੀ । ਤਾਂ ਕਿ ਇਹ ਪੰਜਾਬ ਦੇ ਮਾਹੌਲ ਨੂੰ ਹੋਰ ਗੰਧਲਾ ਕਰਕੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਨਾ ਕਰ ਸਕਣ ਅਤੇ ਪੰਜਾਬ ਨੂੰ ਬਲਦੀ ਦੇ ਬੂਥੇ ਵਿਚ ਨਾ ਝੌਕ ਸਕਣ ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਤੇ ਸਿੱਖਾਂ ਨੂੰ ਚਾਹੀਦਾ ਹੈ ਕਿ ਜਿਥੇ ਇਹ ਉਪਰੋਕਤ ਪੰਜਾਬ ਤੇ ਸਿੱਖ ਕੌਮ ਪੱਖੀ ਫਰਜ ਦੀ ਪੂਰਤੀ ਕਰਨ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਮੁਕਤਸਰ ਦੀ ਪਵਿੱਤਰ ਧਰਤੀ ਉਤੇ 14 ਜਨਵਰੀ ਨੂੰ ਹੋਣ ਜਾ ਰਹੀ ਸ਼ਹੀਦੀ ਮੀਰੀ-ਪੀਰੀ ਕਾਨਫਰੰਸ ਵਿਚ ਵੀ ਆਪੋ ਆਪਣੇ ਸਾਧਨਾਂ ਰਾਹੀ ਸੰਗਤਾਂ ਨੂੰ ਲੈਕੇ ਪਹੁੰਚਣ ਅਤੇ ਇਨ੍ਹਾਂ ਫਿਰਕੂਆਂ ਨੂੰ ਪੰਜਾਬ ਵਿਰੋਧੀ ਸੋਚ ਦੀ ਬਦੌਲਤ ਦ੍ਰਿੜਤਾ ਨਾਲ ਚੁਣੋਤੀ ਦੇਣ ਦੇ ਫਰਜ ਵੀ ਅਦਾ ਕਰਨ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਆਪਣੇ ਦੋਵੇ ਸੂਬੇ ਪ੍ਰਤੀ ਅਤੇ ਕੌਮ ਪ੍ਰਤੀ ਫਰਜਾਂ ਦੀ ਪੂਰਤੀ ਕਰਕੇ ਪੰਜਾਬ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਨੂੰ ਅਸਫਲ ਕਰਨ ਵਿਚ ਆਪਣਾ ਯੋਗਦਾਨ ਪਾਉਣਗੇ ।