ਸਿੱਖਾਂ ਉਤੇ ਹੋਣ ਵਾਲੇ ਜੁਲਮ ਸੰਬੰਧੀ ਬੀਤੇ ਸਮੇ ਦੇ ਮੁਗਲਾਂ ਅਤੇ ਅਜੋਕੇ ਹੁਕਮਰਾਨਾਂ ਦੇ ਅਮਲ ਵਿਚ ਕੋਈ ਰਤੀਭਰ ਵੀ ਅੰਤਰ ਨਹੀ : ਮਾਨ
ਫ਼ਤਹਿਗੜ੍ਹ ਸਾਹਿਬ, 22 ਨਵੰਬਰ ( ) “ਜਦੋਂ ਬੀਤੇ ਸਮੇ ਵਿਚ ਇਥੇ ਮੁਗਲ ਹਾਕਮ ਹਕੂਮਤ ਕਰਦੇ ਸਨ ਤਾਂ ਉਸ ਸਮੇ ਸਰਬੱਤ ਦਾ ਭਲਾ ਲੋੜਨ ਵਾਲੀ ਅਤੇ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਹਿੱਤ ਹਰ ਤਰ੍ਹਾਂ ਦੀਆਂ ਕੁਰਬਾਨੀਆਂ, ਸ਼ਹਾਦਤਾਂ ਅਤੇ ਤਿਆਗ ਕਰਨ ਵਾਲੀ ਸਿੱਖ ਕੌਮ ਉਤੇ ਮੁਗਲ ਹੁਕਮਰਾਨ ਗੈਰ ਇਨਸਾਨੀਅਤ ਢੰਗਾਂ ਰਾਹੀ ਜ਼ਬਰ ਜੁਲਮ ਕਰਦੇ ਰਹੇ ਹਨ ਅਤੇ ਉਨ੍ਹਾਂ ਦੇ ਜ਼ਬਰ ਜੁਲਮ, ਅਣਮਨੁੱਖੀ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਕੁੱਚਲਣ ਵਾਲੇ ਸਨ । ਲੇਕਿਨ ਅਜੋਕੇ ਹਿੰਦੂਤਵ ਹੁਕਮਰਾਨਾਂ ਅਤੇ ਮੁਗਲਾਂ ਦੀਆਂ ਸਿੱਖ ਕੌਮ ਪ੍ਰਤੀ ਕੀਤੇ ਜਾਣ ਵਾਲੇ ਅਮਲਾਂ ਦੀ ਨਿਰਪੱਖਤਾ ਨਾਲ ਜੇਕਰ ਪੜਚੋਲ ਕੀਤੀ ਜਾਵੇ ਤਾਂ ਅੱਜ ਵੀ ਉਸੇ ਤਰ੍ਹਾਂ ਦਾ ਜ਼ਬਰ ਜੁਲਮ ਹਿੰਦੂਤਵ ਹੁਕਮਰਾਨ ਸਿੱਖ ਕੌਮ ਨਾਲ ਪ੍ਰਤੱਖ ਕਰਦੇ ਨਜਰ ਆ ਰਹੇ ਹਨ । ਕਿਉਂਕਿ ਉਸ ਸਮੇ ਸਿੱਖ ਹੱਕਾਂ, ਸਿੱਖ ਧਰਮ ਅਤੇ ਇਨਸਾਨੀਅਤ, ਮਨੁੱਖੀ ਕਦਰਾਂ ਕੀਮਤਾਂ ਦੀ ਗੱਲ ਕਰਨ ਵਾਲੇ ਸਿੱਖਾਂ ਨੂੰ ਮੁਗਲ ਹੁਕਮਰਾਨ ਕੋਹ-ਕੋਹਕੇ ਸ਼ਹੀਦ ਕਰਦੇ ਰਹੇ ਹਨ ਅਤੇ ਸੱਚ ਦੀ ਆਵਾਜ ਨੂੰ ਬੁਲੰਦ ਕਰਨ ਤੋ ਰੋਕਣ ਲਈ ਅਸਫਲ ਕੋਸਿਸਾਂ ਕਰਦੇ ਰਹੇ ਹਨ । ਅੱਜ ਵੀ ਮੌਜੂਦਾ ਮੋਦੀ ਹਕੂਮਤ ਅਤੇ ਉਸਦੀ ਚੰਡਾਲ ਚੌਕੜੀ ਵਿਜਾਰਤ ਵਿਚ ਸਾਮਿਲ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਜੋ ਮੁਗਲਾਂ ਦੇ ਜ਼ਬਰ ਜੁਲਮ ਨੂੰ ਵੀ ਮਾਤ ਪਾ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਗਲ ਹੁਕਮਰਾਨਾਂ ਅਤੇ ਮੌਜੂਦਾ ਹਿੰਦੂਤਵ ਹੁਕਮਰਾਨਾਂ ਵੱਲੋ ਸਿੱਖ ਕੌਮ ਉਤੇ ਕੀਤੇ ਜਾਣ ਵਾਲੇ ਜ਼ਬਰ ਜੁਲਮਾਂ ਵਿਚ ਰਤੀਭਰ ਵੀ ਕੋਈ ਅੰਤਰ ਨਾ ਹੋਣ ਦੀ ਗੱਲ ਕਰਦੇ ਹੋਏ ਅਤੇ ਸਿੱਖ ਕੌਮ ਦੀ ਹੱਕ-ਸੱਚ ਦੀ ਆਵਾਜ ਨੂੰ ਜ਼ਬਰੀ ਦਬਾਉਣ ਦੇ ਹੋ ਰਹੇ ਦੁੱਖਦਾਇਕ ਅਮਲਾਂ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਸਿੱਖ ਕੌਮ ਵੱਲੋ ਕਿਸੇ ਵੀ ਜਬਰ ਜੁਲਮ ਅੱਗੇ ਈਨ ਨਾ ਮੰਨਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਅਸੀ ਆਉਣ ਵਾਲੇ ਕੱਲ੍ਹ 23 ਨਵੰਬਰ ਨੂੰ ਗੁਰਦੁਆਰਾ ਜਫ਼ਰਨਾਮਾ ਦੀਨਾਂ ਕਾਂਗੜ (ਮੋਗਾ) ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾਂ ਸ਼ਹੀਦੀ ਦਿਹਾੜਾ ਮਨਾਉਣ ਜਾ ਰਹੇ ਹਾਂ, ਉਸ ਵਿਚ ਗੁਰੂ ਸਾਹਿਬਾਨ ਦੇ ਪਾਏ ਪੂਰਨਿਆ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਦਾ ਪ੍ਰਣ ਕਰਨ ਦੇ ਨਾਲ-ਨਾਲ ਬੀਤੇ 14 ਸਾਲਾਂ ਤੋ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਨਾ ਕਰਵਾਉਣ, ਹੁਕਮਰਾਨਾਂ ਵੱਲੋ ਗੈਰ ਕਾਨੂੰਨੀ ਤੇ ਅਣਮਨੁੱਖੀ ਢੰਗ ਨਾਲ ਸਿੱਖਾਂ ਦਾ ਕਤਲੇਆਮ ਕਰਨ ਅਤੇ ਉਨ੍ਹਾਂ ਦੇ ਵਿਧਾਨਿਕ ਹੱਕਾਂ ਨੂੰ ਕੁੱਚਲਣ ਵਿਰੁੱਧ ਅਤੇ ਇੰਡੀਅਨ ਰਵਾਇਤ ਅਨੁਸਾਰ ਸਿੱਖਾਂ ਨੂੰ ਸੈਟਰ ਸਰਕਾਰ ਦੇ ਵੱਡੇ ਅਹੁਦਿਆ ਤੇ ਸੂਬੇ ਦੇ ਅਹੁਦਿਆ ਵਿਚ ਦਿੱਤੇ ਜਾਣ ਵਾਲੇ ਸਤਿਕਾਰ ਮਾਣ ਨੂੰ ਖਤਮ ਕਰਨ ਵਿਰੁੱਧ, ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਨੂੰ ਮੰਦਭਾਵਨਾ ਅਧੀਨ ਰਿਹਾਅ ਨਾ ਕਰਨ ਵਿਰੁੱਧ ਜਿਥੇ ਆਵਾਜ ਬੁਲੰਦ ਕੀਤੀ ਜਾਵੇਗੀ, ਉਥੇ ਜੋ ਸਿੱਖਾਂ ਦੀ ਸਹਿਮਤੀ ਤੇ ਰਾਏ ਤੋ ਬਗੈਰ ਜੋ ਹੁਕਮਰਾਨ ਸਮੇ-ਸਮੇ ਨਾਲ ਗੁਆਂਢੀ ਮੁਲਕਾਂ ਨਾਲ ਜੰਗ ਲਗਾਕੇ ਜੋ ਮਨੁੱਖਤਾ ਦਾ ਘਾਣ ਕਰਦੇ ਆ ਰਹੇ ਹਨ, ਉਸ ਸੰਬੰਧੀ ਵੀ ਵਿਚਾਰਾਂ ਕੀਤੀਆ ਜਾਣਗੀਆ। ਕਿਉਂਕਿ ਇਹ ਉਪਰੋਕਤ ਮੁੱਦੇ ਮੌਜੂਦਾ ਹਾਲਾਤਾਂ ਵਿਚ ਅਤਿ ਸੰਜ਼ੀਦਾ ਹਨ ।