ਜੰਮੂ-ਕਸਮੀਰ ਵਿਚ ਸਾਂਬਾ ਜਿਲ੍ਹੇ ਦੇ ਥਾਣਾ ਰਾਮਗੜ੍ਹ ਦੇ ਗੁਰਦੁਆਰਾ ਸਿੰਘ ਸਭਾ ਕੌਲਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਗਨ ਭੇਟ ਹੋਏ ਸਰੂਪ ਅਤਿ ਦੁੱਖਦਾਇਕ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 10 ਅਕਤੂਬਰ ( ) “ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਨੁੱਖਤਾ, ਇਨਸਾਨੀਅਤ ਦੀ ਗੱਲ ਕਰਦੇ ਹਨ । ਕਿਸੇ ਤਰ੍ਹਾਂ ਦੀ ਨਫਰਤ, ਦਵੈਤ, ਈਰਖਾ ਆਦਿ ਦੀ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਥਾਂ ਨਹੀ ਹੈ । ਫਿਰ ਵੀ ਜੇਕਰ ਮੁਲਕ ਦੇ ਵੱਖ-ਵੱਖ ਸਥਾਨਾਂ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕਰਨ ਜਾਂ ਅਪਮਾਨਿਤ ਕਰਨ ਦੇ ਦੁਖਾਤ ਵਾਪਰੇ ਹਨ ਤਾਂ ਇਸ ਵਿਚ ਮੁਤੱਸਵੀ ਹੁਕਮਰਾਨਾਂ ਦੇ ਸਵਾਰਥੀ ਹਿੱਤਾ ਤੋ ਇਲਾਵਾ ਘੱਟ ਗਿਣਤੀ ਸਿੱਖ ਕੌਮ ਵਿਰੁੱਧ ਈਰਖਾ, ਦਵੈਤ ਪ੍ਰਤੱਖ ਨਜਰ ਆ ਰਹੀ ਹੈ । ਬੀਤੇ ਸਮੇ ਵਿਚ 2015 ਵਿਚ ਅਤੇ ਉਸ ਤੋ ਬਾਅਦ ਅਜਿਹੇ ਦੁਖਾਤਾਂ ਦੇ ਜਿੰਮੇਵਾਰਾਂ ਨੂੰ ਕਾਨੂੰਨ ਤੇ ਹੁਕਮਰਾਨਾਂ ਨੇ ਬਣਦੀਆ ਸਜਾਵਾਂ ਨਾ ਦੇ ਕੇ ਬਹੁਤ ਵੱਡੀ ਗੁਸਤਾਖੀ ਕੀਤੀ ਹੈ । ਜਦੋਕਿ ਚਾਹੀਦਾ ਇਹ ਸੀ ਕਿ ਜਿਸ ਵੀ ਅਪਰਾਧੀ ਵੱਲੋ ਅਜਿਹੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕੀਤਾ ਜਾਂਦਾ ਹੈ ਉਨ੍ਹਾਂ ਨੂੰ ਫੌਰੀ ਸਖਤ ਕਾਨੂੰਨਾਂ ਰਾਹੀ ਸਖਤ ਸਜ਼ਾ ਦੇਣ ਦਾ ਪ੍ਰਬੰਧ ਹੁੰਦਾ ਜਿਸ ਨਾਲ ਅਜਿਹੀਆ ਘਿਣੋਨੀਆ ਕਾਰਵਾਈਆ ਕਰਨ ਵਾਲੇ ਸਾਜਿਸਕਾਰਾਂ ਅਤੇ ਅਪਰਾਧੀਆ ਨੂੰ ਸਜਾਵਾਂ ਪ੍ਰਤੀ ਇਕ ਵੱਡਾ ਡਰ ਬੈਠਦਾ ਅਤੇ ਅਜਿਹੀਆ ਘਟਨਾਵਾ ਮੁੜ ਨਾ ਵਾਪਰਦੀਆ । ਜੇਕਰ ਅੱਜ ਫਿਰ ਜੰਮੂ ਕਸਮੀਰ ਦੇ ਕੌਲਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕਰਨ ਦੇ ਦੁੱਖਦਾਇਕ ਅਮਲ ਹੋਏ ਹਨ, ਤਾਂ ਇਸ ਵਿਚ ਇਥੋ ਦੇ ਹੁਕਮਰਾਨ ਅਤੇ ਅਦਾਲਤਾਂ ਸਿੱਧੇ ਤੌਰ ਤੇ ਜਿੰਮੇਵਾਰ ਹਨ । ਜਿਨ੍ਹਾਂ ਨੇ ਸਮੁੱਚੀ ਮਨੁੱਖਤਾ ਨੂੰ ਆਪਣੇ ਅੱਛੇ ਜੀਵਨ ਦੀ ਅਗਵਾਈ ਦੇਣ ਵਾਲੇ, ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੇ, ਇਨਸਾਨੀਅਤ ਕਦਰਾਂ ਕੀਮਤਾਂ ਦੀ ਪੈਰਵੀ ਕਰਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਅਤੇ ਹੋਣ ਵਾਲੀਆ ਬੇਅਦਬੀਆ ਨੂੰ ਸਖਤੀ ਨਾਲ ਰੋਕਣ ਲਈ ਨਾ ਤਾਂ ਕੋਈ ਕਾਨੂੰਨ ਬਣਾਇਆ ਹੈ, ਨਾ ਹੀ ਕੋਈ ਅਮਲੀ ਰੂਪ ਵਿਚ ਸਜਾ ਦੇਣ ਦਾ ਪ੍ਰਬੰਧ ਕੀਤਾ ਹੈ । ਜੇਕਰ ਅਜਿਹੀਆ ਦੁੱਖਦਾਇਕ ਘਟਨਾਵਾ ਨੂੰ ਰੋਕਣ ਲਈ ਇਹ ਜਰੂਰੀ ਹੈ ਕਿ ਜਾਂ ਤਾਂ ਸਰਕਾਰ ਇਸ ਅਤਿ ਗੰਭੀਰ ਅਤੇ ਸਿੱਖ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਉਣ ਵਾਲੇ ਕਾਰਵਾਈਆ ਵਿਰੁੱਧ ਸਖਤੀ ਨਾਲ ਪੇਸ ਆਵੇ ਜਾਂ ਫਿਰ ਸਿੱਖ ਕੌਮ ਨੂੰ ਆਪਣੀਆ ਰਵਾਇਤਾ ਅਨੁਸਾਰ ਅਜਿਹੇ ਦੋਸ਼ੀਆਂ ਨੂੰ ਸਿੰਝਣ ਤੋ ਬਿਲਕੁਲ ਨਾ ਵਰਜੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਹੁਕਮਰਾਨਾਂ ਵੱਲੋ ਸਿੱਖ ਕੌਮ ਦੇ ਸਰਬਉੱਚ ਅਤੇ ਅਤਿ ਸਤਿਕਾਰਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਰ-ਵਾਰ ਹੋਣ ਵਾਲੇ ਅਪਮਾਨ ਅਤੇ ਅਗਨ ਭੇਟ ਦੀਆਂ ਦੁਖਾਂਤਕ ਕਾਰਵਾਈਆ ਉਤੇ ਸੰਜੀਦਗੀ ਨਾਲ ਕੋਈ ਵੀ ਅਮਲ ਨਾ ਕਰਨ ਦੀ ਬਦੌਲਤ ਅਜਿਹੇ ਦੁਖਾਂਤ ਵਾਰ-ਵਾਰ ਵਾਪਰਣ ਲਈ ਜਿੰਮੇਵਾਰ ਠਹਿਰਾਉਦੇ ਹੋਏ ਅਤੇ ਇਸ ਵਿਸੇ ਉਤੇ ਫੌਰੀ ਸਖਤ ਕਾਨੂੰਨ ਬਣਾਉਣ ਜਾਂ ਫਿਰ ਸਿੱਖਾਂ ਨੂੰ ਆਪਣੀਆ ਰਵਾਇਤਾ ਅਨੁਸਾਰ ਅਜਿਹੇ ਦੋਸ਼ੀਆ ਨਾਲ ਸਿੰਝਣ ਨੂੰ ਪ੍ਰਵਾਨ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਦੀਆ ਤੋ ਸਿੱਖ ਕੌਮ ਹਰ ਧਰਮ, ਕੌਮ, ਫਿਰਕੇ, ਕਬੀਲੇ ਨਾਲ ਸੰਬੰਧਤ ਧਰਮਾਂ, ਗ੍ਰੰਥਾਂ ਦਾ ਉਸੇ ਤਰ੍ਹਾਂ ਸਤਿਕਾਰ ਕਰਦੀ ਆਈ ਹੈ ਜਿਵੇ ਸਿੱਖ ਕੌਮ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਦੀ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਜਦੋ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਕਾਇਮ ਰੱਖਣ ਅਤੇ ਇਸਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਬਣਦੀਆ ਸਜਾਵਾ ਦੇਣ ਦੀ ਗੱਲ ਕਰਦੀ ਹੈ, ਤਾਂ ਹੁਕਮਰਾਨ, ਇਥੋ ਦਾ ਹਿੰਦੂਤਵ ਮੀਡੀਆ, ਸਰਕਾਰੀ ਪ੍ਰਚਾਰ ਸਾਧਨ ਸਿੱਖਾਂ ਨੂੰ ਹੀ ਬਿਨ੍ਹਾਂ ਵਜਹ ਅੱਤਵਾਦੀ, ਵੱਖਵਾਦੀ, ਸਰਾਰਤੀ ਅਨਸਰ, ਗਰਮਦਲੀਏ ਆਦਿ ਬਦਨਾਮਨੁਮਾ ਨਾਮ ਦੇ ਕੇ ਕੇਵਲ ਬਦਨਾਮ ਹੀ ਨਹੀ ਕਰਦੇ ਬਲਕਿ ਜਿਸ ਸਿੱਖ ਕੌਮ ਦੀਆਂ ਅੰਤਰੀਵ ਭਾਵਨਾਵਾ ਨੂੰ ਠੇਸ ਪਹੁੰਚਾਇਆ ਜਾਂਦਾ ਹੈ, ਉਸੇ ਨੂੰ ਹੀ ਹੁਕਮਰਾਨ ਤੇ ਕਾਨੂੰਨ ਨਿਸ਼ਾਨਾਂ ਬਣਾਕੇ ਮਾਨਸਿਕ ਤੇ ਸਰੀਰਕ ਤਸੱਦਦ ਕਰਦੇ ਆ ਰਹੇ ਹਨ । ਜਿਸ ਨੂੰ ਕਿਸੇ ਵੀ ਰੂਪ ਵਿਚ ਪ੍ਰਵਾਨ ਨਹੀ ਕੀਤਾ ਜਾ ਸਕਦਾ । ਨਾ ਹੀ ਇਸ ਨੂੰ ਇਨਸਾਫ ਦੇ ਤਕਾਜੇ ਵਿਚ ਕੋਈ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ । ਇਸ ਲਈ ਜੇਕਰ ਹੁਕਮਰਾਨ ਇਹ ਚਾਹੁੰਦਾ ਹੈ ਕਿ ਸਮੁੱਚੇ ਮੁਲਕ ਵਿਚ ਅਮਨ ਚੈਨ, ਜਮਹੂਰੀਅਤ ਕਦਰਾਂ ਕੀਮਤਾਂ ਸਥਾਈ ਤੌਰ ਤੇ ਕਾਇਮ ਰਹਿਣ ਤਾਂ ਹੁਕਮਰਾਨਾਂ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਦੋਸ਼ੀਆ ਨੂੰ ਕਦੀ ਵੀ ਨਹੀ ਬਖਸਣਾ ਚਾਹੀਦਾ ਅਤੇ ਉਸ ਲਈ ਤੁਰੰਤ ਸਖਤ ਕਾਨੂੰਨ ਬਣਾਕੇ ਸਿੱਖ ਮਨਾਂ ਦੀ ਸੰਤੁਸਟੀ ਵੀ ਕਰਨੀ ਚਾਹੀਦੀ ਹੈ ਅਤੇ ਅਜਿਹਾ ਪ੍ਰਬੰਧ ਹੋਣਾ ਚਾਹੀਦਾ ਹੈ ਜਿਸ ਨਾਲ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਦੇ ਮਨ ਆਤਮਾ ਨੂੰ ਵਲੂੰਧਰ ਦੀ ਕੋਈ ਵੀ ਗੁਸਤਾਖੀ ਨਾ ਕਰ ਸਕੇ । ਉਨ੍ਹਾਂ ਹੁਕਮਰਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਬਿਨ੍ਹਾਂ ਕਿਸੇ ਭੇਦਭਾਵ ਦੇ ਮਨੁੱਖਤਾ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਸਤਿਕਾਰ ਨੂੰ ਕਾਇਮ ਰੱਖਣ ਅਤੇ ਉਨ੍ਹਾਂ ਨੂੰ ਜਿਵੇ ਸੁਪਰੀਮ ਕੋਰਟ ਨੇ ਜਿਊਦਾ-ਜਾਗਦਾ ਗੁਰੂ ਦਾ ਕਾਨੂੰਨੀ ਰੂਪ ਦਿੱਤਾ ਹੈ, ਉਨ੍ਹਾਂ ਦੇ ਸਤਿਕਾਰ ਤੇ ਹਿਫਾਜਤ ਲਈ ਉਚੇਚੇ ਤੌਰ ਤੇ ਸਖਤੀ ਨਾਲ ਪ੍ਰਬੰਧ ਕਰਨਾ ਹੋਵੇਗਾ, ਵਰਨਾ ਜਿਸ ਮੁਲਕ ਵਿਚ ਅਨੇਕਾ ਘੱਟ ਗਿਣਤੀ ਕੌਮਾਂ, ਕਬੀਲੇ ਤੇ ਫਿਰਕੇ ਵੱਸਦੇ ਹਨ, ਉਨ੍ਹਾਂ ਦੀਆਂ ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਇਥੋ ਦੇ ਹਾਲਤਾਂ ਨੂੰ ਵੱਡੇ ਵਿਸਫੋਟ ਵੱਲ ਧਕੇਲ ਦੇਣਗੀਆ ਜਿਸਦੇ ਨਿਕਲਣ ਵਾਲੇ ਨਤੀਜੇ ਕਦਾਚਿਤ ਇਨਸਾਨੀਅਤ ਤੇ ਮਨੁੱਖਤਾ ਪੱਖੀ ਨਹੀ ਹੋ ਸਕਣਗੇ । ਸ. ਟਿਵਾਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਵੱਲੋ ਇਸ ਦੁਖਾਂਤ ਵਾਪਰਣ ਤੇ ਫੌਰੀ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਉਥੇ ਪਹੁੰਚਣ ਤੇ ਸੰਤੁਸਟੀ ਪ੍ਰਗਟ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਨੂੰ ਅਜਿਹੇ ਮਸਲਿਆ ਤੇ ਹਰ ਤਰ੍ਹਾਂ ਦੇ ਵਿਚਾਰਕ ਵਖਰੇਵਿਆ ਨੂੰ ਪਾਸੇ ਰੱਖਕੇ ਸਮੂਹਿਕ ਤੌਰ ਤੇ ਅਮਲ ਕਰਨੇ ਹੋਣਗੇ । ਤਦ ਹੀ ਅਸੀ ਅਜਿਹੀਆ ਹੋਣ ਵਾਲੀਆ ਅਪਮਾਨਿਤ ਕਾਰਵਾਈਆ ਨੂੰ ਰੋਕਣ ਲਈ ਹੁਕਮਰਾਨਾਂ ਨੂੰ ਮਜਬੂਰ ਕਰਨ ਵਿਚ ਕਾਮਯਾਬ ਹੋ ਸਕਾਂਗੇ ।