1600 ਕਰੋੜ ਦਾ ਤੁੱਛ ਜਿਹਾ ਪੈਕਜ ਤਾਂ ਹੋਏ ਵੱਡੇ ਨੁਕਸਾਨ ਦੀ ਭਰਪਾਈ ਨਹੀ ਕਰਦਾ, ਸੈਂਟਰ ਦਾ ਪੰਜਾਬ ਪ੍ਰਤੀ ਇਹ ਵਰਤਾਰਾ ਅਤਿ ਦੁੱਖਦਾਇਕ ਅਤੇ ਵਿਤਕਰੇ ਭਰਿਆ : ਮਾਨ
ਫ਼ਤਹਿਗੜ੍ਹ ਸਾਹਿਬ, 10 ਸਤੰਬਰ ( ) “ਜਦੋਂ ਪੰਜਾਬ ਦੇ ਤਿੰਨੇ ਹੈੱਡਵਰਕਸਾਂ ਦੇ ਡੈਮਾਂ ਦਾ ਪਾਣੀ ਇਕਦਮ ਛੱਡਦੇ ਹੋਏ ਸਮੁੱਚੇ ਪੰਜਾਬ ਨੂੰ ਪਾਣੀ ਵਿਚ ਡਬੋ ਦਿੱਤਾ ਗਿਆ । ਜਿਸ ਨਾਲ ਕਿਸਾਨਾਂ ਦੀ ਝੋਨੇ, ਨਰਮੇ, ਮੱਕੀ ਦੀ ਫ਼ਸਲ ਤਾਂ ਤਬਾਹ ਹੋਈ ਹੀ ਹੈ । ਲੇਕਿਨ ਉਨ੍ਹਾਂ ਦੇ ਰਹਿਣ ਵਾਲੇ ਘਰ ਵੀ ਖੰਡਰ ਬਣਕੇ ਰਹਿ ਗਏ ਹਨ ਅਤੇ ਜੋ ਉਨ੍ਹਾਂ ਦਾ ਡੰਗਰ ਵੱਛੇ ਦਾ ਵੱਡੀ ਗਿਣਤੀ ਵਿਚ ਨੁਕਸਾਨ ਹੋਇਆ ਹੈ ਉਹ ਹੋਰ ਵੀ ਦੁੱਖਦਾਇਕ ਹੈ । ਭਾਵੇਕਿ ਅੱਜ 20-22 ਦਿਨ ਬੀਤ ਜਾਣ ਮਗਰੋ ਮਾਝੇ, ਦੋਆਬੇ ਅਤੇ ਮਾਲਵੇ ਦੇ ਪਿੰਡਾਂ ਵਿਚ 7-8 ਫੁੱਟ ਪਾਣੀ ਘੱਟਕੇ 2-3 ਫੁੱਟ ਰਹਿ ਗਿਆ ਹੈ ਪਰ ਅਜੇ ਵੀ ਇਸ ਪਾਣੀ ਦੀ ਸਤ੍ਹਾ ਖਤਮ ਹੋਣ ਨੂੰ, ਨੁਕਸਾਨੇ ਗਏ ਪੰਜਾਬੀਆਂ ਦੇ ਖੇਤਾਂ ਅਤੇ ਘਰਾਂ ਨੂੰ ਸਹੀ ਸੂਰਤ ਵਿਚ ਆਉਣ ਲਈ 6 ਮਹੀਨੇ ਜਾਂ ਸਾਲ ਦਾ ਸਮਾਂ ਘੱਟੋ ਘੱਟ ਲੱਗੇਗਾ । ਇਹ ਤਾਂ ਬਾਹਰਲੇ ਮੁਲਕਾਂ ਵਿਚ ਬੈਠੇ ਦਰਦ ਰੱਖਣ ਵਾਲੇ ਪੰਜਾਬੀਆਂ ਅਤੇ ਇਥੋ ਦੇ ਕਲਾਕਾਰ, ਸਮਾਜਿਕ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੀ ਬਹੁਤ ਵੱਡੀ ਦੇਣ ਹੈ ਕਿ ਜਿਸ ਵੱਡੀ ਪੀੜ੍ਹਾ ਦੇ ਦੁਖਾਂਤ ਵਿਚ ਸੈਂਟਰ ਦੀ ਸਰਕਾਰ ਪੰਜਾਬੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਨਹੀ ਬਹੁੜੀ ਉਸਦਾ ਬਹੁਤ ਵੱਡੇ ਹਿੱਸੇ ਦੀ ਸੇਵਾ ਪੰਜਾਬੀਆਂ ਨੇ ਖੁਦ ਕਰ ਦਿੱਤੀ ਹੈ । ਹੁਣ ਜਦੋ 20 ਦਿਨ ਮਗਰੋ ਬਾਹਰਲੇ ਮੁਲਕਾਂ ਦੇ ਆਨੰਦਮਈ ਦੌਰੇ ਕਰਕੇ ਵਾਪਸ ਪਰਤੇ ਹਨ ਅਤੇ ਪੰਜਾਬੀਆਂ ਨੂੰ ਇਹ ਆਸ ਬੱਝੀ ਸੀ ਕਿ ਸ੍ਰੀ ਮੋਦੀ ਖੁੱਲ੍ਹਦਿਲੀ ਨਾਲ 25-30 ਹਜਾਰ ਕਰੋੜ ਰੁਪਏ ਦੀ ਰਾਸੀ ਦੀ ਮਦਦ ਦਾ ਪੰਜਾਬ ਲਈ ਐਲਾਨ ਕਰਨਗੇ । ਉਸ ਸਮੇ ਬਹੁਤ ਦੁੱਖ ਅਤੇ ਮਨ ਆਤਮਾ ਨੂੰ ਗਹਿਰੀ ਸੱਟ ਵੱਜੀ ਜਦੋ ਸ੍ਰੀ ਮੋਦੀ ਨੇ ਕੇਵਲ 1600 ਕਰੋੜ ਰੁਪਏ ਦੀ ਤੁੱਛ ਜਿਹਾ ਰਾਹਤ ਫੰਡ ਐਲਾਨ ਕਰਕੇ ਪੰਜਾਬੀਆਂ ਦੇ ਇਸ ਵੱਡੇ ਦੁੱਖ ਦੀ ਘੜੀ ਵਿਚ ਇਕ ਭੱਦਾ ਮਜਾਕ ਕੀਤਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋ 20-22 ਦਿਨ ਦੇ ਦੁਖਾਂਤ ਵਾਪਰਣ ਉਪਰੰਤ ਪੰਜਾਬ ਪਹੁੰਚਕੇ ਜਦੋ ਪੰਜਾਬੀਆਂ ਤੇ ਸਿੱਖ ਕੌਮ ਨੂੰ ਫਿਰ ਤੋ ਆਪਣੀ ਪਹਿਲੀ ਸਥਿਤੀ ਵਿਚ ਆਉਣ ਲਈ 25-30 ਹਜਾਰ ਕਰੋੜ ਦੇ ਪੈਕਜ ਦੀ ਸਖਤ ਲੋੜ ਸੀ ਉਸ ਸਮੇ ਕੇਵਲ 1600 ਕਰੋੜ ਦਾ ਪੈਕਜ ਦੇਣ ਦਾ ਐਲਾਨ ਕਰਕੇ ਬੀਤੇ ਸਮੇ ਦੇ ਪੰਜਾਬੀਆਂ ਨਾਲ ਹੁੰਦੇ ਆ ਰਹੇ ਵਿਤਕਰੇ ਅਤੇ ਬੇਇਨਸਾਫ਼ੀਆਂ ਨੂੰ ਫਿਰ ਦੁਹਰਾਕੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਦੇ ਮਨਾਂ ਨੂੰ ਡੂੰਘਾਂ ਦੁੱਖ ਹੀ ਨਹੀ ਪਹੁੰਚਾਇਆ, ਬਲਕਿ ਇਸ ਅਮਲ ਤੋ ਇੰਝ ਜਾਪਦਾ ਹੈ ਕਿ ਇਹ ਮੁਤੱਸਵੀ ਹੁਕਮਰਾਨ ਪੰਜਾਬੀਆਂ ਤੇ ਸਿੱਖ ਕੌਮ ਨਾਲ ਬਦਲੇ ਦੀ ਭਾਵਨਾ ਨਾਲ ਅਜਿਹਾ ਦੁੱਖਦਾਇਕ ਅਮਲ ਕਰ ਰਹੇ ਹਨ ਅਤੇ ਪੁਰਾਣੀ ਰੰਜਿਸ ਹੀ ਕੱਢੀ ਹੈ । ਉਨ੍ਹਾਂ ਇਨ੍ਹਾਂ ਹੁਕਮਰਾਨਾਂ ਦੇ ਜ਼ਬਰ ਜੁਲਮਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਜਦੋ ਇਹ ਹੁਕਮਰਾਨ ਨਿਰਦੋਸ ਸਿੱਖ ਨੌਜਵਾਨੀ ਜੋ ਬਾਹਰਲੇ ਮੁਲਕਾਂ ਵਿਚ ਕੌਮਾਂਤਰੀ ਕਾਨੂੰਨਾਂ ਦੀ ਦੇਖਰੇਖ ਹੇਠ ਆਪਣੀ ਆਜਾਦੀ ਦੇ ਸੰਘਰਸ਼ ਦੀ ਗੱਲ ਕਰ ਰਹੀ ਹੈ ਉਨ੍ਹਾਂ ਨੂੰ ਸ੍ਰੀ ਮੋਦੀ ਤੇ ਉਸਦੀ ਜੂੰਡਲੀ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਵੱਲੋ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ, ਹਰਿਆਣਾ ਤੇ ਪੰਜਾਬ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਵਿਚ ਕਤਲ ਕਰਵਾਏ ਗਏ । ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਗਈ । ਇਨ੍ਹਾਂ ਮੁਲਕਾਂ ਦੀ ਪ੍ਰਭੂਸਤਾ ਨੂੰ ਵੀ ਇੰਡੀਅਨ ਹੁਕਮਰਾਨਾਂ ਵੱਲੋ ਚੁਣੋਤੀ ਦਿੱਤੀ ਗਈ ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਘਾਣ ਕੀਤਾ ਗਿਆ ।
ਸ. ਮਾਨ ਨੇ ਪੰਜਾਬ ਸਰਕਾਰ ਵੱਲੋ ਜੋ ਪ੍ਰਤੀ ਏਕੜ 20 ਹਜਾਰ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ, ਇਹ ਵੀ ਸ੍ਰੀ ਮੋਦੀ ਦੀ ਤਰ੍ਹਾਂ ਹੀ ਵਰਤਾਰਾ ਹੈ । ਕਿਉਂਕਿ ਘੱਟੋ ਘੱਟ 1 ਕਿੱਲੇ ਦੀ ਜਮੀਨ ਨੂੰ ਸਹੀ ਕਰਨ ਅਤੇ ਫਿਰ ਤੋ ਉਪਜਾਊ ਬਣਾਉਣ ਤੇ ਨੁਕਸਾਨੀ ਗਈ ਫਸਲ ਦਾ ਮੁਆਵਜਾ 75 ਹਜਾਰ ਪ੍ਰਤੀ ਏਕੜ ਬਣਦਾ ਹੈ । ਜੋ ਦੋਵਾਂ ਸਰਕਾਰਾਂ ਨੂੰ ਪਹਿਲ ਦੇ ਆਧਾਰ ਤੇ ਦੇਣ ਦਾ ਐਲਾਨ ਕਰਨਾ ਬਣਦਾ ਸੀ । ਉਹ ਵੀ ਪੂਰਨ ਨਹੀ ਕੀਤਾ ਗਿਆ । ਸ. ਮਾਨ ਨੇ ਕੌਮਾਂਤਰੀ ਕਾਨੂੰਨਾਂ ਤੇ ਲੀਹਾਂ ਉਤੇ ਇਹ ਸੰਜੀਦਗੀ ਭਰੀ ਮੰਗ ਕਰਦੇ ਹੋਏ ਕਿਹਾ ਕਿ ਜੋ ਬੀਤੇ ਸਮੇ ਦੇ ਹੜ੍ਹਾਂ ਤੋ ਇਲਾਵਾ 2025 ਦੇ ਇਨ੍ਹਾਂ ਬਨਾਉਟੀ ਹੜ੍ਹਾ ਨੇ ਪੰਜਾਬੀਆਂ ਤੇ ਸਿੱਖ ਕੌਮ ਦਾ ਬਹੁਤ ਭਾਰੀ ਨੁਕਸਾਨ ਕੀਤਾ ਹੈ । ਜਿਸ ਲਈ ਸੈਟਰ ਦੀ ਮੋਦੀ ਹਕੂਮਤ, ਭਾਖੜਾ-ਬਿਆਸ ਮੈਨੇਜਮੈਟ ਬੋਰਡ ਦੇ ਚੇਅਰਮੈਨ ਸ੍ਰੀ ਤ੍ਰਿਪਾਠੀ ਅਤੇ ਹੋਰ ਮੈਬਰਾਨ ਦੀ ਕੌਮਾਂਤਰੀ ਸੰਸਥਾਵਾਂ ਰਾਹੀ ਜਿਥੇ ਨਿਰਪੱਖ ਜਾਂਚ ਹੋਵੇ, ਉਥੇ ਇੰਟਰਨੈਸਨਲ ਕਰੀਮੀਨਲ ਕੋਰਟ ਆਫ ਦ ਹੇਗ ਦੀ ਕੌਮਾਂਤਰੀ ਅਦਾਲਤ ਰਾਹੀ ਜੋ ਸਿੱਖ ਕੌਮ ਦੇ ਦੋਸ਼ੀ ਹਨ, ਉਨ੍ਹਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਵੱਸ ਸਜ਼ਾ ਮਿਲਣੀ ਚਾਹੀਦੀ ਹੈ । ਉਨ੍ਹਾਂ ਇਹ ਵੀ ਮੰਗ ਕੀਤੀ ਜੋ ਪੰਜਾਬ ਦੇ ਡੈਮਾਂ ਨਾਲ ਸੰਬੰਧਤ ਦਰਿਆ ਅਤੇ ਨਦੀਆ ਹਨ, ਉਨ੍ਹਾਂ ਦੀ ਪੱਕੇ ਤੌਰ ਤੇ ਕੋਈ ਵਿਊਤਬੰਦੀ ਹੋਣੀ ਚਾਹੀਦੀ ਹੈ ਜਿਸ ਨਾਲ ਇਨ੍ਹਾਂ ਦੇ ਕੰਡੇ ਕੰਕਰੀਟ ਦੇ ਪੱਕੇ ਬਣਨ ਅਤੇ ਇਨ੍ਹਾਂ ਦੀ ਡੂੰਘਾਈ ਤੇ ਉਚਾਈ ਹੋਰ ਵਧਾਈ ਜਾਵੇ ਅਤੇ ਡੈਮਾਂ ਤੋ ਪਾਣੀ ਛੱਡਣ ਦੇ ਲਈ ਵੀ ਅਜਿਹੇ ਨਿਯਮ ਤਹਿ ਕੀਤੇ ਜਾਣ ਜਿਸ ਨਾਲ ਕੋਈ ਵੀ ਹਕੂਮਤ ਇਨ੍ਹਾਂ ਡੈਮਾਂ ਦੇ ਪਾਣੀਆਂ ਨੂੰ ਬਤੌਰ ਫੌਜੀ ਹਥਿਆਰ ਦੇ ਵਰਤਕੇ ਪੰਜਾਬੀਆਂ, ਪਾਕਿਸਤਾਨੀਆਂ ਦਾ ਜਾਨੀ-ਮਾਲੀ ਨੁਕਸਾਨ ਕਰਨ ਦੀਆਂ ਸਾਜਿਸਾਂ ਨਾ ਰਚ ਸਕਣ ।