ਬਰਨਾਲਾ ਜਿ਼ਲ੍ਹੇ ਦੇ ਪਿੰਡ ਘੁੰਨਸ ਦੇ ਗੁੱਜਰਾਂ ਦੇ 35 ਡੰਗਰ ਮਾਰੇ ਜਾਣ ਦਾ ਸਰਕਾਰ ਤੁਰੰਤ ਮੁਆਵਜਾ ਪ੍ਰਦਾਨ ਕਰੇ : ਮਾਨ
ਸੰਗਰੂਰ/ਬਰਨਾਲਾ, 29 ਅਗਸਤ ( ) “ਬਰਨਾਲਾ ਜਿ਼ਲ੍ਹੇ ਵਿਚ ਬਾਬਾ ਬਲਵੀਰ ਸਿੰਘ ਘੁੰਨਸ ਦੇ ਜੱਦੀ ਪਿੰਡ ਅਤੇ ਆਲੇ-ਦੁਆਲੇ ਦੇ ਵੱਡੀ ਗਿਣਤੀ ਦੇ ਪਿੰਡ ਹੜ੍ਹਾਂ ਦੇ ਕਾਰਨ ਲਪੇਟ ਵਿਚ ਆ ਗਏ । ਜਿਸ ਕਾਰਨ ਉਪਰੋਕਤ ਘੁੰਨਸ ਪਿੰਡ ਦੇ ਜੋ ਗੁੱਜਰ ਮਿਹਨਤ, ਮੁਸੱਕਤ ਕਰਕੇ ਆਪਣੇ ਪਸੂਆਂ ਦਾ ਦੁੱਧ ਵੇਚਕੇ ਆਪਣਾ ਜੀਵਨ ਨਿਰਵਾਹ ਕਰਦੇ ਸਨ, ਇਨ੍ਹਾਂ ਹੜ੍ਹਾਂ ਰਾਹੀ ਉਨ੍ਹਾਂ ਦੇ 35 ਡੰਗਰ ਮੌਤ ਦੇ ਮੂੰਹ ਵਿਚ ਚਲੇ ਗਏ ਹਨ । ਜਿਸ ਨਾਲ ਇਨ੍ਹਾਂ ਪਰਿਵਾਰਾਂ ਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਇਨ੍ਹਾਂ ਗੁੱਜਰਾਂ ਨਾਲ ਵਾਪਰੇ ਦੁਖਾਂਤ ਦੀ ਜਿਥੇ ਡੂੰਘੀ ਹਮਦਰਦੀ ਹੈ, ਉਥੇ ਸਰਕਾਰ ਵੱਲੋ ਅਜੇ ਤੱਕ ਇਨ੍ਹਾਂ ਦੀ ਕੋਈ ਸਾਰ ਨਾ ਲੈਣ ਉਤੇ ਡੂੰਘਾਂ ਦੁੱਖ ਜਾਹਰ ਕੀਤਾ ਜਾ ਰਿਹਾ ਹੈ । ਜਿਸਦੀ ਜਾਣਕਾਰੀ ਸਾਨੂੰ ਅੱਜ ਇਨ੍ਹਾਂ ਪਿੰਡਾਂ ਵਿਚ ਹੜ੍ਹਾਂ ਦੀ ਬਦੌਲਤ ਹੋਏ ਨੁਕਸਾਨ ਦੀ ਪੂਰਤੀ ਲਈ ਕੀਤੇ ਗਏ ਦੌਰੇ ਉਪਰੰਤ ਸਾਨੂੰ ਮਿਲੀ ।”
ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਪਾਰਟੀ ਦੇ ਉੱਘੇ ਆਗੂਆ ਸਮੇਤ ਹੜ੍ਹਾਂ ਤੋ ਪ੍ਰਭਾਵਿਤ ਪਿੰਡਾਂ ਦੇ ਦੌਰੇ ਕਰਦੇ ਹੋਏ ਇਲਾਕਾ ਨਿਵਾਸੀਆ ਨੇ ਦਿੱਤੀ । ਬਾਬਾ ਬਲਵੀਰ ਸਿੰਘ ਘੁੰਨਸ ਨਾਲ ਗੱਲ ਕਰਦੇ ਹੋਏ ਇਹ ਜਾਣਕਾਰੀ ਮਿਲੀ ਕਿ ਇਹ ਗਰੀਬ ਗੁੱਜਰ ਲੰਮੇ ਸਮੇ ਤੋ ਇਥੇ ਮਿਹਨਤ ਕਰਕੇ ਵੱਸਦੇ ਸਨ । ਜਿਨ੍ਹਾਂ ਦੇ 35 ਡੰਗਰ ਖਤਮ ਹੋਣ ਨਾਲ ਇਨ੍ਹਾਂ ਦੇ ਜੀਵਨ ਨਿਰਵਾਹ ਉਤੇ ਡੂੰਘਾਂ ਪ੍ਰਸਨ ਲੱਗ ਚੁੱਕਾ ਹੈ । ਉਸ ਸੰਬੰਧੀ ਸ. ਮਾਨ ਨੇ ਚਿੰਤਾ ਜਾਹਰ ਕਰਦੇ ਹੋਏ ਜਿਥੇ ਇਲਾਕਾ ਨਿਵਾਸੀਆ ਤੇ ਪਾਰਟੀ ਮੈਬਰਾਂ ਨੂੰ ਇਨ੍ਹਾਂ ਪਰਿਵਾਰਾਂ ਦੀ ਖਬਰਸਾਰ ਰੱਖਣ ਦੀ ਗੱਲ ਕੀਤੀ, ਉਥੇ ਉਨ੍ਹਾਂ ਨੇ ਜਿ਼ਲ੍ਹਾ ਪ੍ਰਸਾਸਨ ਬਰਨਾਲਾ ਅਤੇ ਪੰਜਾਬ ਸਰਕਾਰ ਨੂੰ ਇਨ੍ਹਾਂ ਗਰੀਬ ਗੁੱਜਰਾਂ ਦੀ ਔਖੇ ਸਮੇ ਬਾਂਹ ਫੜਦੇ ਹੋਏ, ਜਿੰਨੀ ਕੀਮਤ ਦੇ ਇਨ੍ਹਾਂ ਦੇ ਡੰਗਰ ਸਨ, ਉਹ ਇਨ੍ਹਾਂ ਨੂੰ ਪੰਜਾਬ ਸਰਕਾਰ ਵੱਲੋ ਤੁਰੰਤ ਪਹੁੰਚਦਾ ਕਰਨ ਦੀ ਗੰਭੀਰਤਾ ਭਰੀ ਅਪੀਲ ਵੀ ਕੀਤੀ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਜਿਲ੍ਹਾ ਪ੍ਰਸਾਸਨ ਇਸ ਸੰਬੰਧੀ ਪੰਜਾਬ ਦੀ ਸ. ਭਗਵੰਤ ਮਾਨ ਸਰਕਾਰ ਦੇ ਧਿਆਨ ਹਿੱਤ ਲਿਆਉਦੇ ਹੋਏ ਫੌਰੀ ਇਨ੍ਹਾਂ ਦੀ ਮਾਲੀ ਤੌਰ ਤੇ ਮਦਦ ਕਰਨ ਦਾ ਪ੍ਰਬੰਧ ਕਰੇਗਾ ਤਾਂ ਕਿ ਇਹ ਆਪਣੇ ਜੀਵਨ ਨਿਰਵਾਹ ਲਈ ਅੱਗੋ ਲਈ ਆਪਣਾ ਡੰਗਰ ਵੱਛਾ ਖਰੀਦਕੇ ਦੁੱਧ ਵੇਚਦੇ ਹੋਏ ਜਿੰਦਗੀ ਬਸਰ ਕਰ ਸਕਣ ।