ਮੁੱਖ ਮੰਤਰੀ ਪੰਜਾਬ ਦੀ ਸਿਹਤ ਬੀਮਾ ਯੋਜਨਾ ਸਵਾਗਤਯੋਗ, ਪਰ ਇਸ ਨੂੰ ਲੋੜਵੰਦਾਂ ਲਈ ਪਾਰਦਰਸੀ ਢੰਗ ਨਾਲ ਲਾਗੂ ਵੀ ਕੀਤਾ ਜਾਵੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 12 ਜੁਲਾਈ ( ) “ਸਮੇ-ਸਮੇ ਤੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਇਥੋ ਦੇ ਨਿਵਾਸੀਆ ਦੀ ਮਾਲੀ, ਸਿਹਤ ਸੰਬੰਧੀ, ਵਿਦਿਅਕ ਅਤੇ ਇਖਲਾਕ ਨੂੰ ਚੰਗੇਰਾ ਬਣਾਉਣ ਹਿੱਤ ਯੋਜਨਾਵਾ ਦਾ ਐਲਾਨ ਹੁੰਦਾ ਰਹਿੰਦਾ ਹੈ । ਪਰ ਅਜਿਹੀ ਕਿਸੇ ਯੋਜਨਾ ਨੂੰ ਪਾਰਦਰਸੀ ਢੰਗ ਨਾਲ ਸਹੀ ਲੌੜਵੰਦਾਂ ਤੱਕ ਪਹੁੰਚਣ ਵਿਚ ਅਕਸਰ ਹੀ ਅਣਗਹਿਲੀ ਹੁੰਦੀ ਰਹੀ ਹੈ । ਜਿਸ ਕਾਰਨ ਲੋਕ ਭਲਾਈ ਯੋਜਨਾਵਾ ਬਣਨ ਦੇ ਬਾਵਜੂਦ ਵੀ ਜੋ ਲੋਕ ਅਸਲ ਵਿਚ ਅਜਿਹੀਆ ਯੋਜਨਾਵਾ ਦੇ ਸਹੀ ਹੱਕਦਾਰ ਹੁੰਦੇ ਹਨ, ਉਨ੍ਹਾਂ ਤੱਕ ਇਹ ਨਹੀ ਪਹੁੰਚਦੀਆ । ਲੇਕਿਨ ਜਿਨ੍ਹਾਂ ਨੂੰ ਇਨ੍ਹਾਂ ਯੋਜਨਾਵਾ ਦੀ ਲੋੜ ਨਹੀ ਹੁੰਦੀ ਉਹ ਆਪਣੀ ਅਮੀਰੀਅਤ ਅਤੇ ਸਰਕਾਰੀ ਦਰਬਾਰੇ ਪਹੁੰਚ ਦੀ ਬਦੌਲਤ ਨਜਾਇਜ ਢੰਗ ਨਾਲ ਫਾਇਦਾ ਉਠਾਉਣ ਵਿਚ ਕਾਮਯਾਬ ਹੋ ਜਾਂਦੇ ਹਨ ਅਤੇ ਲੋੜਵੰਦ ਪਰਿਵਾਰ ਇਸ ਤਰ੍ਹਾਂ ਦੁਸਵਾਰੀਆ ਨਾਲ ਵਿਲਕਦੇ ਰਹਿੰਦੇ ਹਨ । ਉਸਦਾ ਵੱਡਾ ਕਾਰਨ ਇਹ ਹੈ ਕਿ ਅਫਸਰਸਾਹੀ ਅਤੇ ਸੰਬੰਧਤ ਵਿਭਾਗ ਦੇ ਅਮਲੇ ਫੈਲੇ ਵਿਚ ਰਿਸਵਤਖੋਤੀ ਅਤੇ ਸਿਫਾਰਸੀ ਮੰਦਭਾਗੇ ਰੁਝਾਨ ਦੀ ਬਦੌਲਤ ਲੋੜਵੰਦਾ ਤੱਕ ਇਹ ਨਹੀ ਪਹੁੰਚਦੀਆ । ਇਸ ਲਈ ਯੋਜਨਾਵਾ ਦਾ ਐਲਾਨ ਹੋਣ ਉਪਰੰਤ ਵੀ ਅੱਜ ਦੇ ਨਿਜਾਮ ਉਤੇ ਉਸ ਨੂੰ ਲਾਗੂ ਕਰਨ ਵਿਚ ਵੱਡਾ ਪ੍ਰਸਨ ਚਿੰਨ ਲੱਗਿਆ ਹੋਇਆ ਹੈ । ਇਸ ਲਈ ਇਹ ਜਰੂਰੀ ਹੈ ਕਿ ਲੋਕਾਂ ਦੀ ਸਿਹਤ, ਵਿਦਿਅਕ ਸਹੂਲਤਾਂ, ਰੁਜਗਾਰ ਦੇ ਮਸਲਿਆ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਸਹੀ ਕਰਨ ਲਈ ਇਨ੍ਹਾਂ ਯੋਜਨਾਵਾ ਨੂੰ ਲੋੜਵੰਦਾਂ ਤੱਕ ਪਹੁੰਚਾਕੇ ਸਮਾਜਿਕ ਪਾੜੇ ਨੂੰ ਖਤਮ ਕਰਨ ਦੀ ਜਿੰਮੇਵਾਰੀ ਨਿਭਾਈ ਜਾਵੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁੱਖ ਮੰਤਰੀ ਪੰਜਾਬ ਵੱਲੋ ਲੋਕਾਂ ਦੀ ਭਲਾਈ ਲਈ ਸਿਹਤ ਯੋਜਨਾ ਦਾ ਐਲਾਨ ਕਰਨ ਦਾ ਸਵਾਗਤ ਕਰਨ ਦੇ ਨਾਲ-ਨਾਲ ਇਸ ਨੂੰ ਸਹੀ ਰੂਪ ਵਿਚ ਲੋੜਵੰਦਾ ਤੱਕ ਜਿੰਮੇਵਾਰੀ ਨਾਲ ਪਹੁੰਚਾਉਣ ਦੀ ਜੋਰਦਾਰ ਢੰਗ ਨਾਲ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਜਾਹਰ ਕੀਤਾ ਕਿ ਅਮੀਰੀਅਤ ਤੇ ਪਹੁੰਚ ਵਾਲੇ ਲੋਕਾਂ ਦੇ ਸਿਆਸੀ ਪ੍ਰਭਾਵ ਦੀ ਬਦੌਲਤ ਇਥੋ ਦੀ ਪੁਲਿਸ ਆਪਣੇ ਹੀ ਆਮ ਨਿਵਾਸੀਆ ਦੀ ਸਹੀ ਢੰਗ ਨਾਲ ਨਾ ਤਾਂ ਸੁਣਵਾਈ ਕਰਦੀ ਹੈ ਨਾ ਹੀ ਉਨ੍ਹਾਂ ਨੂੰ ਬਣਦਾ ਇਨਸਾਫ ਦਿੱਤਾ ਜਾਂਦਾ ਹੈ । ਨਿਜਾਮੀ ਢੰਗ ਵਿਚ ਉਤਪੰਨ ਹੋ ਚੁੱਕੀਆ ਕਮੀਆ ਦੀ ਬਦੌਲਤ ਸੂਬੇ ਦੇ ਵਿਕਾਸ, ਇਥੋ ਦੀ ਮਾਲੀ ਹਾਲਤ, ਮਜਲੂਮਾਂ ਤੇ ਗਰੀਬਾਂ ਦੇ ਜੀਵਨ ਪੱਧਰ ਨੂੰ ਸਹੀ ਕਰਨ ਲਈ ਤੇ ਬੇਰੁਜਗਾਰੀ ਨੂੰ ਦੂਰ ਕਰਨ ਲਈ ਰੁਕਾਵਟ ਬਣੀਆ ਹੋਈਆ ਹਨ । ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਵੱਲੋ ਬੀਤੇ ਸਮੇ ਵਿਚ ਪੰਜਾਬੀਆ ਨੂੰ ਕਈ ਤਰ੍ਹਾਂ ਦੇ ਸਬਜਬਾਗ ਦਿਖਾਉਣ ਦੀ ਬਦੌਲਤ ਬੀਤੇ ਸਮੇ ਵਿਚ ਇਹ ਚੋਣਾਂ ਜਰੂਰ ਜਿੱਤ ਗਏ ਹਨ । ਪਰ ਅੱਜ ਵੀ ਪੰਜਾਬ ਨਾਲ ਸੰਬੰਧਤ ਮਸਲਿਆ ਨੂੰ ਹੱਲ ਕਰਨ ਲਈ ਸਹੀ ਪਹੁੰਚ ਤੇ ਇਮਾਨਦਾਰੀ ਦੀ ਘਾਟ ਹੈ । ਗੈਰ ਪੰਜਾਬੀਆਂ ਜਿਨ੍ਹਾਂ ਦਾ ਪੰਜਾਬ ਸੂਬੇ ਪੰਜਾਬੀਆ, ਤੇ ਸਿੱਖ ਕੌਮ ਦੇ ਮਸਲਿਆ ਨਾਲ ਕੋਈ ਦਰਦ ਨਹੀ । ਉਨ੍ਹਾਂ ਨੂੰ ਪੰਜਾਬ ਦੇ ਸਰਕਾਰੀ ਪ੍ਰਬੰਧ ਉਤੇ ਤਾਨਾਸਾਹੀ ਸੋਚ ਅਧੀਨ ਕਾਬਜ ਕਰਕੇ ਅਸਲੀਅਤ ਵਿਚ ਪੰਜਾਬੀ ਵਿਰਸੇ-ਵਿਰਾਸਤ ਅਤੇ ਇਥੇ ਸਦੀਆ ਤੋ ਚੱਲਦੇ ਆ ਰਹੇ ਇਖਲਾਕੀ ਗੁਣਾਂ ਨੂੰ ਬੁਰੀ ਤਰ੍ਹਾਂ ਢਾਹ ਲਗਾਈ ਜਾ ਰਹੀ ਹੈ । ਅਜਿਹਾ ਬੀਜੇਪੀ ਆਰ.ਐਸ.ਐਸ ਦੀ ਸੋਚ ਤੇ ਚੱਲਣ ਦੀ ਬਦੌਲਤ ਹੀ ਪੰਜਾਬ, ਪੰਜਾਬੀਆਂ ਨਾਲ ਵਿਤਕਰੇ ਕੀਤੇ ਜਾ ਰਹੇ ਹਨ । ਬੀਤੇ 7 ਮਹੀਨਿਆ ਤੋ ਪੰਜਾਬ ਵਿਚ 19 ਝੂਠੇ ਪੁਲਿਸ ਮੁਕਾਬਲੇ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਇਥੇ ਕਾਨੂੰਨ ਤੇ ਨਿਆ ਨਾਮ ਦੀ ਕੋਈ ਚੀਜ ਨਹੀ ਰਹੀ । ਇਹ ਸਰਕਾਰ ਪੰਜਾਬੀਆ ਦੀ ਭਾਵਨਾਵਾ ਅਨੁਸਾਰ ਪ੍ਰਬੰਧ ਕਰਨ ਤੇ ਇਨਸਾਫ ਦੇਣ ਵਿਚ ਬੁਰੀ ਤਰ੍ਹਾਂ ਅਸਫਲ ਹੋ ਚੁੱਕੀ ਹੈ ਜਿਸਦਾ ਜੁਆਬ ਪੰਜਾਬੀ 2027 ਦੀਆਂ ਚੋਣਾ ਵਿਚ ਅਵੱਸ ਦੇਣਗੇ ।