ਭਗਵੰਤ ਸਿੰਘ ਮਾਨ ਦੀ ਸਰਕਾਰ ਵੀ ਬੇਅੰਤ ਸਿੰਘ, ਕੇਪੀਐਸ ਗਿੱਲ ਦੇ ਝੂਠੇ ਮੁਕਾਬਲੇ ਦੇ ਰਾਹ ਤੁਰਨਾ ਇਨਸਾਨੀਅਤ ਵਿਰੋਧੀ : ਮਾਨ
ਫ਼ਤਹਿਗੜ੍ਹ ਸਾਹਿਬ, 10 ਜੁਲਾਈ ( ) “ਜਿਵੇ ਬੀਤੇ ਸਮੇ ਵਿਚ ਬੇਅੰਤ ਸਿੰਘ ਸਰਕਾਰ ਅਤੇ ਪੁਲਿਸ ਡੀਜੀਪੀ ਕੇ.ਪੀ.ਐਸ. ਗਿੱਲ ਦੇ ਸਮੇ ਹਰ ਤਰ੍ਹਾਂ ਦੇ ਕਾਨੂੰਨ, ਸਮਾਜਿਕ ਨਿਯਮਾਂ, ਕਦਰਾਂ ਕੀਮਤਾਂ ਦਾ ਘਾਣ ਕਰਕੇ ਪੰਜਾਬੀਆਂ ਅਤੇ ਸਿੱਖ ਨੌਜਵਾਨੀ ਦਾ ਝੂਠੇ ਪੁਲਿਸ ਮੁਕਾਬਲਿਆ ਵਿਚ ਨੌਜਵਾਨੀ ਉਤੇ ਜਬਰ ਕਰਦੇ ਰਹੇ ਹਨ, ਹੁਣ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਸਰਕਾਰ ਅਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ ਅਧੀਨ ਉਸੇ ਤਰ੍ਹਾਂ ਝੂਠੇ ਮੁਕਾਬਲੇ ਬਣਾਉਣ ਦੇ ਗੈਰ ਇਨਸਾਨੀਅਤ ਰਾਹ ਦੇ ਤੁਰ ਪਈ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਰੜੇ ਸ਼ਬਦਾਂ ਵਿਚ ਨਿੰਦਾ ਹੀ ਨਹੀ ਕਰਦਾ, ਬਲਕਿ ਅਜਿਹੀਆ ਕਾਰਵਾਈਆ ਨੂੰ ਕਦਾਚਿਤ ਬਰਦਾਸਤ ਨਹੀ ਕੀਤਾ ਜਾਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਅਬੋਹਰ ਦੇ ਇਕ ਕੱਪੜਾ ਵਪਾਰੀ ਨੂੰ ਕੁਝ ਅਣਪਛਾਤਿਆ ਵੱਲੋ ਮਾਰਨ ਉਪਰੰਤ ਪੰਜਾਬ ਪੁਲਿਸ ਵੱਲੋ ਪਟਿਆਲੇ ਦੇ ਇਕ ਆਮ ਗਰੀਬ ਘਰ ਵਿਚੋ ਜਸਪ੍ਰੀਤ ਸਿੰਘ ਨਾਮ ਦੇ ਨੌਜਵਾਨ ਨੂੰ ਰਾਤੀ ਭਾਰੀ ਫੋਰਸ ਨਾਲ ਜ਼ਬਰੀ ਚੁੱਕ ਕੇ ਲਿਜਾਣ ਉਪਰੰਤ ਹਥਿਆਰ ਬਰਾਮਦ ਕਰਨ ਦੇ ਬਹਾਨੇ ਨਾਲ ਕਿਸੇ ਸੁੰਨਸਾਨ ਥਾ ਤੇ ਲਿਜਾਕੇ ਇਕ ਹੋਰ ਰਾਮ ਸਰਨ ਨਾਮ ਦੇ ਨੌਜਵਾਨ ਦਾ ਝੂਠਾ ਮੁਕਾਬਲਾ ਬਣਾਉਣ ਦੇ ਗੈਰ ਇਨਸਾਨੀਅਤ ਅਮਲਾਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਨੂੰ ਕਦਾਚਿਤ ਬਰਦਾਸਤ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਦੋ ਉਪਰੋਕਤ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਦੀ ਕਹਾਣੀ ਘੜੀ ਗਈ ਹੈ, ਇਹ ਕੇਵਲ ਮੌਜੂਦਾ ਭਗਵੰਤ ਮਾਨ ਸਰਕਾਰ ਵੱਲੋ ਕਾਨੂੰਨੀ ਵਿਵਸਥਾਂ ਉਤੇ ਸਰਕਾਰ ਦਾ ਪੂਰਾ ਕੰਟਰੋਲ ਹੋਣ ਦੀ ਗੱਲ ਨੂੰ ਸਾਬਤ ਕਰਨ ਲਈ ਅਤੇ ਆਪਣੀਆ ਨਾਕਾਮੀਆ ਨੂੰ ਛੁਪਾਉਣ ਲਈ ਕੀਤਾ ਗਿਆ ਹੈ । ਕਿਉਂਕਿ ਪੁਲਿਸ ਨੇ ਇਹ ਵੀ ਦਿਖਾਇਆ ਹੈ ਕਿ ਜਦੋ ਉਪਰੋਕਤ ਨੌਜਵਾਨਾਂ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਕਿਸੇ ਸਥਾਂਨ ਤੇ ਲਿਜਾਇਆ ਗਿਆ ਤਾਂ ਉਥੇ ਝਾੜੀਆ ਵਿਚ ਛੁਪੇ ਲੋਕਾਂ ਨੇ ਗੋਲੀ ਚਲਾਕੇ ਇਨ੍ਹਾਂ ਨੌਜਵਾਨਾਂ ਨੂੰ ਮਾਰ ਦਿੱਤਾ ਹੈ । ਪਰ ਪ੍ਰਸਨ ਇਹ ਉੱਠਦਾ ਹੈ ਕਿ ਜਦੋ ਪੁਲਿਸ ਦੀ ਹਿਫਾਜਤ ਵਿਚ ਉਪਰੋਕਤ ਨੌਜਵਾਨ ਸਨ ਤਾਂ ਕੇਵਲ 2 ਨੌਜਵਾਨਾਂ ਨੂੰ ਹੀ ਨਿਸਾਨਾਂ ਕਿਉਂ ਬਣਾਇਆ ਗਿਆ, ਪੁਲਿਸ ਨੇ ਉਨ੍ਹਾਂ ਬਦਮਾਸਾਂ ਨੂੰ ਘੇਰਨ ਦੀ ਕੋਸਿਸ ਕਿਉ ਨਾ ਕੀਤੀ, ਪੁਲਿਸ ਉਤੇ ਤਾਂ ਕੋਈ ਝਰੀਟ ਵੀ ਨਹੀ ਆਈ । ਤਾਂ ਫਿਰ ਇਹ ਝੂਠਾ ਮੁਕਾਬਲਾ ਨਹੀ ਤਾਂ ਹੋਰ ਕੀ ਹੈ ?
ਸ. ਮਾਨ ਨੇ ਇਸ ਗੱਲ ਦੀ ਵੀ ਪੰਜਾਬ ਸਰਕਾਰ ਤੇ ਪੁਲਿਸ ਦੀਆਂ ਆਪਹੁਦਰੀਆ ਕਾਰਵਾਈਆ ਦਾ ਸਖਤ ਨੋਟਿਸ ਲੈਦੇ ਹੋਏ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਕਿ ਸ. ਪਰਮਿੰਦਰ ਸਿੰਘ ਝੌਟਾ ਜੋ ਕਿ ਕਾਨੂੰਨ ਦੇ ਦਾਇਰੇ ਵਿਚ ਰਹਿਕੇ ਜਿਥੇ ਕਿਤੇ ਵੀ ਲੋਕਾਈ ਨਾਲ ਬੇਇਨਸਾਫ਼ੀ, ਜ਼ਬਰ ਧੱਕਾ ਹੁੰਦਾ ਹੈ, ਤਾਂ ਉਹ ਨਿਰੰਤਰ ਆਵਾਜ ਉਠਾਉਦਾ ਆ ਰਿਹਾ ਹੈ ਅਤੇ ਪੁਲਿਸ ਵੱਲੋ ਉਸ ਉਤੇ ਤਾਂ ਪਹਿਲੇ ਜ਼ਬਰ ਕੀਤਾ ਹੀ ਗਿਆ ਸੀ, ਲੇਕਿਨ ਹੁਣ ਬਦਲੇ ਅਤੇ ਮੰਦਭਾਵਨਾ ਦੀ ਸੋਚ ਅਧੀਨ ਉਸਦੇ ਬਿਰਧ ਬਾਪ ਉਤੇ ਵੀ ਪੁਲਿਸ ਨੇ ਬਿਨ੍ਹਾਂ ਕਿਸੇ ਤੱਥਾਂ ਤੇ 7-8 ਕੇਸ ਝੂਠੇ ਦਰਜ ਕਰ ਦਿੱਤੇ ਹਨ । ਤਾਂ ਕਿ ਹੱਕ-ਸੱਚ ਦੀ ਆਵਾਜ ਉਠਾਉਣ ਵਾਲੇ ਅਤੇ ਲੋਕਾਂ ਦੇ ਦੁੱਖ ਦਰਦ ਵਿਚ ਖਲੋਣ ਵਾਲੇ ਸ. ਪਰਮਿੰਦਰ ਸਿੰਘ ਝੌਟਾ ਨੂੰ ਇਹ ਆਪਣੇ ਨੇਕ ਨੀਤੀ ਦੇ ਕੰਮਾਂ ਤੇ ਉਦਮਾਂ ਨੂੰ ਕਰਨ ਤੋ ਰੋਕਿਆ ਜਾ ਸਕੇ । ਜਦੋ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਉਥੇ ਇਨਸਾਨੀ ਅਤੇ ਜਾਨਵਰਾਂ ਦੀ ਜਿੰਦਗਾਨੀਆਂ ਦੀ ਕੀ ਸੁਰੱਖਿਆ ਹੋ ਸਕਦੀ ਹੈ ? ਇੰਝ ਜਾਪਦਾ ਹੈ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬੀਤੇ ਸਮੇ ਦੀਆਂ ਕਾਂਗਰਸ ਦੀਆਂ ਪੰਜਾਬ ਤੇ ਸਿੱਖ ਕੌਮ ਵਿਰੌਧੀ ਨੀਤੀਆ, ਮੌਜੂਦਾ ਸੈਟਰ ਦੀ ਬੀਜੇਪੀ ਦੀਆਂ ਘੱਟ ਗਿਣਤੀ ਕੌਮਾਂ ਮਾਰੂ ਨੀਤੀਆ, ਬੀਜੇਪੀ-ਆਰ.ਐਸ.ਐਸ ਦੇ ਏਜੰਡੇ ਉਤੇ ਹੀ ਅਮਲ ਕਰਕੇ ਹਿੰਦੂਤਵ ਸੋਚ ਨੂੰ ਹੀ ਅੱਗੇ ਵਧਾ ਰਹੇ ਹਨ ਅਤੇ ਇਹ ਤਿੰਨੋ ਜਮਾਤਾਂ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਦੁਸਮਣ ਜਮਾਤਾਂ ਬਣ ਚੁੱਕੀਆ ਹਨ । ਇਸੇ ਲਈ ਦਿਨ ਦਿਹਾੜੇ ਨਿਰਦੋਸ਼ਾਂ ਤੇ ਬੇਕਸੂਰਾਂ ਦੇ ਝੂਠੇ ਮੁਕਾਬਲਿਆ ਵਿਚ ਮੌਤ ਦੇ ਮੂੰਹ ਵਿਚ ਧਕੇਲਿਆ ਜਾ ਰਿਹਾ ਹੈ । ਜੋ ਅਸਹਿ ਹੈ । ਸ. ਮਾਨ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀਆਂ ਗੈਰ ਕਾਨੂੰਨੀ ਇਨਸਾਨੀਅਤ ਵਿਰੋਧੀ ਕਾਰਵਾਈਆ ਉਤੇ ਖਬਰਦਾਰ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਬਦਲੇ ਦੀ ਭਾਵਨਾ ਅਧੀਨ ਸੱਚ-ਹੱਕ ਦੀ ਆਵਾਜ ਉਠਾਉਣ ਵਾਲਿਆ ਵਿਰੁੱਧ ਇਹ ਸ਼ਰਮਨਾਕ ਅਮਲ ਬੰਦ ਨਾ ਕੀਤੇ ਤਾਂ ਪੰਜਾਬੀਆਂ ਤੇ ਸਿੱਖਾਂ ਨੂੰ ਮਜਬੂਰ ਹੋ ਕੇ ਇਕ ਵੱਡੀ ਲੋਕ ਲਹਿਰ ਖੜ੍ਹੀ ਕਰਨੀ ਪਵੇਗੀ । ਜਿਸਦੇ ਨਿਕਲਣ ਵਾਲੇ ਨਤੀਜਿਆ ਲਈ ਅਜਿਹੀਆ ਆਪਹੁਦਰੀਆ ਗੈਰ ਕਾਨੂੰਨੀ ਹਕੂਮਤੀ ਕਾਰਵਾਈਆ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੀਆ । ਸ. ਮਾਨ ਨੇ ਸ. ਝੋਟੇ ਦੇ ਪਿਤਾ ਉਤੇ ਬਣਾਏ ਝੂਠੇ ਕੇਸ ਜਿਥੇ ਵਾਪਸ ਲੈਣ ਦੀ ਮੰਗ ਕੀਤੀ, ਉਥੇ ਅਬੋਹਰ ਵਿਖੇ 2 ਨੌਜਵਾਨਾਂ ਦੇ ਬਣਾਏ ਗਏ ਝੂਠੇ ਪੁਲਿਸ ਮੁਕਾਬਲੇ ਦੇ ਦੁਖਾਂਤ ਦੀ ਕਿਸੇ ਨਿਰਪੱਖ ਏਜੰਸੀ ਤੋ ਸੀਮਤ ਸਮੇ ਵਿਚ ਜਾਂਚ ਕਰਵਾਉਣ ਅਤੇ ਇਸ ਵਿਚ ਸਾਮਿਲ ਕਾਤਲ ਅਫਸਰਸਾਹੀ ਨੂੰ ਕਾਨੂੰਨ ਅਨੁਸਾਰ ਸਜਾਵਾਂ ਦੇਣ ਦੀ ਵੀ ਜੋਰਦਾਰ ਮੰਗ ਉਠਾਈ ।