ਜਰਮਨ ਚੋਣਾਂ ਵਿਚ ਜਿੱਤ ਉਪਰੰਤ ਫਰਾਂਇਡਰਿਚ ਮਰਜ਼ ਕੰਜਰਵੇਟਿਵ ਪਾਰਟੀ ਦੇ ਆਗੂ ਦੇ ਚਾਂਸਲਰ ਬਣਨ ਉਤੇ ਮੁਬਾਰਕਬਾਦ : ਮਾਨ
ਫ਼ਤਹਿਗੜ੍ਹ ਸਾਹਿਬ, 08 ਮਈ ( ) “ਜਰਮਨ ਵਿਚ ਹੁਣੇ ਹੀ ਹੋਈਆ ਚੋਣਾਂ ਵਿਚ ਉਥੋ ਦੀ ਕੰਜਰਵੇਟਿਵ ਪਾਰਟੀ ਦੇ ਆਗੂ ਫਰਾਂਇਡਰਿਚ ਮਰਜ਼ ਵੱਲੋ ਬਤੌਰ ਜਰਮਨ ਚਾਂਸਲਰ ਦੇ ਸੌਹ ਚੁੱਕਣ ਦੇ ਸਮੇ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਨੇ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਕੰਜਰਵੇਟਿਵ ਪਾਰਟੀ ਅਤੇ ਮਿਸਟਰ ਮਰਜ਼ ਦੀ ਆਪਣੇ ਮੁਲਕ ਲਈ ਨਿਭਾਉਣ ਜਾ ਰਹੇ ਜਿੰਮੇਵਾਰੀਆਂ ਅਤੇ ਉਨ੍ਹਾਂ ਦੀ ਕਾਮਯਾਬੀ ਲਈ ਜਿਥੇ ਵਧਾਈ ਦਿੱਤੀ, ਉਥੇ ਇਨ੍ਹਾਂ ਜਿੰਮੇਵਾਰੀਆਂ ਨੂੰ ਬਾਖੂਬੀ ਪੂਰਨ ਕਰਨ ਦੀ ਦ੍ਰਿੜਤਾ, ਬੁੱਧੀ ਅਤੇ ਸ਼ਕਤੀ ਬਖਸਣ ਲਈ ਅਰਦਾਸ ਵੀ ਕੀਤੀ ।”
ਉਨ੍ਹਾਂ ਕਿਹਾ ਕਿ ਜਦੋਂ ਸਮੁੱਚੇ ਸੰਸਾਰ ਵਿਚ ਸਭ ਮੁਲਕ ਆਪਣੀ ਮਾਲੀ, ਸਮਾਜਿਕ, ਧਾਰਮਿਕ, ਇਖਲਾਕੀ ਖੇਤਰ ਵਿਚ ਅੱਗੇ ਵੱਧਣ ਲਈ ਸਰਗਰਮ ਹਨ ਅਤੇ ਕਈ ਮੁਲਕਾਂ ਵੱਲੋ ਇਸ ਮਿਸਨ ਦੀ ਪ੍ਰਾਪਤੀ ਲਈ ਜੰਗਾਂ-ਯੁੱਧਾਂ ਨੂੰ ਵੀ ਉਤਸਾਹਿਤ ਕੀਤਾ ਜਾ ਰਿਹਾ ਹੈ । ਜਿਸ ਨਾਲ ਮਨੁੱਖਤਾ ਅਤੇ ਇਨਸਾਨੀਅਤ ਦਾ ਨਾਸ਼ ਹੀ ਹੁੰਦਾ ਹੈ । ਅਜਿਹੇ ਸਮੇ ਤੇ ਮਿਸਟਰ ਫਰਾਂਇਡਰਿਚ ਮਰਜ਼ ਵੱਲੋ ਜਰਮਨ ਦੇ ਚਾਂਸਲਰ ਦੀ ਸੌਹ ਚੁੱਕਣ ਉਪਰੰਤ ਕੌਮਾਂਤਰੀ ਪੱਧਰ ਦੀ ਉਨ੍ਹਾਂ ਦੀ ਜਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਉਹ ਸਿੱਖ ਕੌਮ ਦੇ ਮਨੁੱਖਤਾ ਪੱਖੀ ਮਿਸਨ, ਸਰਬੱਤ ਦੇ ਭਲੇ ਨੂੰ ਮੁੱਖ ਰੱਖਕੇ ਕੇਵਲ ਜਰਮਨ ਮੁਲਕ ਨੂੰ ਹੀ ਹਰ ਖੇਤਰ ਵਿਚ ਅੱਗੇ ਲਿਜਾਣ ਦੀ ਜਿੰਮੇਵਾਰੀ ਹੀ ਨਾ ਨਿਭਾਉਣ ਬਲਕਿ ਸਮੁੱਚੇ ਸੰਸਾਰ ਵਿਚ ਅਮਨ ਚੈਨ ਨੂੰ ਕਾਇਮ ਰੱਖਣ ਲਈ ਵੀ ਆਪਣਾ ਨਿੱਘਾ ਯੋਗਦਾਨ ਪਾਉਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮਿਸਟਰ ਮਰਜ਼ ਜਰਮਨ ਵਿਚ ਵੱਸਣ ਵਾਲੀ ਸਿੱਖ ਕੌਮ ਨਾਲ ਇਨਸਾਨੀਅਤ ਅਤੇ ਮਨੁੱਖਤਾ ਦੇ ਨਾਤੇ ਜਿਥੇ ਚੰਗੇ ਸੰਬੰਧ ਕਾਇਮ ਰੱਖਦੇ ਹੋਏ ਸਾਡੀ ਕੌਮ ਨਾਲ ਅੱਛੇ ਸੰਬੰਧ ਬਣਾਉਣਗੇ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਹਿੰਦੂਤਵ ਹੁਕਮਰਾਨਾਂ ਦੇ ਸਿੱਖ ਕੌਮ ਉਤੇ ਕੀਤੇ ਜਾ ਰਹੇ ਜ਼ਬਰ ਜੁਲਮਾਂ ਦਾ ਅੰਤ ਕਰਨ ਲਈ ਅਤੇ ਕੌਮੀ ਅਣਖ ਗੈਰਤ ਨੂੰ ਕਾਇਮ ਰੱਖਣ ਲਈ ਜੋ ਆਜਾਦੀ ਦੀ ਲੜਾਈ ਲੜੀ ਜਾ ਰਹੀ ਹੈ, ਉਸਦੇ ਮਕਸਦ ਨੂੰ ਸਮਝਦੇ ਹੋਏ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਆਪਣਾ ਰੁਤਬਾ ਦਿਵਾਉਣ ਲਈ ਆਪਣੇ ਇਸ ਅਹਿਮ ਅਹੁਦੇ ਦੀ ਵਰਤੋ ਕਰਨਗੇ । ਸ. ਮਾਨ ਨੇ ਸਮੁੱਚੇ ਜਰਮਨ ਨਿਵਾਸੀਆ ਕੰਜਰਵੇਟਿਵ ਪਾਰਟੀ ਅਤੇ ਉਥੇ ਵੱਸਣ ਵਾਲੇ ਸਿੱਖਾਂ ਨੂੰ ਇਸ ਹੋਈ ਜਿੱਤ ਅਤੇ ਉਨ੍ਹਾਂ ਦੇ ਸੌਹ ਚੁੱਕ ਸਮਾਗਮ ਦੇ ਮੌਕੇ ਤੇ ਹਾਰਦਿਕ ਮੁਬਾਰਕਬਾਦ ਵੀ ਭੇਜੀ ।