ਜਿੰਮੀਦਾਰ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ, ਜੇਕਰ ਉਨ੍ਹਾਂ ਨਾਲ ਹੀ ਬੇਇਨਸਾਫ਼ੀ ਹੁੰਦੀ ਰਹੇ ਫਿਰ ਤਾਂ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੀ ਅਮਲ ਹੋਣਗੇ : ਮਾਨ
ਫ਼ਤਹਿਗੜ੍ਹ ਸਾਹਿਬ, 05 ਮਾਰਚ ( ) “ਪੰਜਾਬ ਦੇ ਕਿਸਾਨ-ਮਜਦੂਰਾਂ ਵੱਲੋਂ ਜੋ ਲੰਮੇ ਸਮੇ ਤੋ ਆਪਣੀਆ ਜਾਇਜ ਮੰਗਾਂ ਦੀ ਪੂਰਤੀ ਕਰਵਾਉਣ ਲਈ ਸੰਘਰਸ ਵਿੱਢਿਆ ਹੋਇਆ ਹੈ, ਉਸਦਾ ਸਿੱਧਾ ਸੰਬੰਧ ਪੰਜਾਬ ਦੀ ਮਾਲੀ ਤੇ ਆਰਥਿਕ ਹਾਲਤ ਨਾਲ ਹੈ । ਕਿਉਂਕਿ ਕਿਸਾਨੀ ਕਿੱਤਾ ਤਾਂ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਜਿਸ ਨੂੰ ਹਰ ਕੀਮਤ ਤੇ ਮਜਬੂਤ ਤੇ ਸਹੀ ਰੱਖਣਾ ਸਰਕਾਰਾਂ, ਕਿਸਾਨ ਯੂਨੀਅਨਾਂ, ਪੰਜਾਬੀਆਂ ਸਭ ਦਾ ਸਾਂਝਾ ਫਰਜ ਹੈ । ਜਦੋ ਕਿਸਾਨ ਵਰਗ ਵੱਲੋ ਜਮਹੂਰੀਅਤ ਢੰਗ ਨਾਲ ਅੱਜ ਚੰਡੀਗੜ੍ਹ ਵਿਖੇ ਰੋਸ ਮੁਜਾਹਰਾ ਕਰਨ ਜਾ ਰਹੇ ਸਨ, ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋ ਗੈਰ ਵਿਧਾਨਿਕ ਤੇ ਤਾਨਾਸਾਹੀ ਹੁਕਮ ਕਰਕੇ ਕਿਸਾਨਾਂ ਦੀਆਂ ਵੱਡੇ ਪੱਧਰ ਤੇ ਗ੍ਰਿਫਤਾਰੀਆ ਕਰਨਾ ਤੇ ਉਨ੍ਹਾਂ ਵਿਚ ਹਕੂਮਤੀ ਦਹਿਸਤ ਪਾਉਣ ਦੇ ਅਮਲ ਤਾਂ ਕਿਸਾਨ ਵਰਗ ਪੰਜਾਬ ਦੀ ਰੀੜ੍ਹ ਦੀ ਹੱਡੀ ਨੂੰ ਵੱਡਾ ਨੁਕਸਾਨ ਪਹੁੰਚਾਉਣ ਵਾਲੇ ਗੈਰ ਇਖਲਾਕੀ ਕਾਰਵਾਈਆ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋ ਪੰਜਾਬ ਦੇ ਕਿਸਾਨਾਂ ਉਤੇ ਤਾਨਾਸਾਹੀ ਨੀਤੀਆ ਅਧੀਨ ਕੀਤੇ ਜਾ ਰਹੇ ਅਮਲ, ਗ੍ਰਿਫਤਾਰੀਆ ਤੇ ਜ਼ਬਰ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਨ੍ਹਾਂ ਅਮਲਾਂ ਨੂੰ ਪੰਜਾਬ ਦੀ ਆਰਥਿਕਤਾ ਨੂੰ ਖੁਦ ਹੀ ਨੁਕਸਾਨ ਪਹੁੰਚਾਉਣ ਵਾਲੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਪੰਜਾਬ ਦੇ ਕਿਸਾਨ ਸੰਘਰਸ ਕਰ ਰਹੇ ਹਨ ਜਿਸ ਵਿਚ ਉਹ ਖੇਤੀ ਪ੍ਰਧਾਨ ਸੂਬੇ ਨਾਲ ਸੰਬੰਧਤ ਦਰਪੇਸ ਆਉਣ ਵਾਲੀਆ ਕਿਸਾਨੀ-ਮਜਦੂਰੀ ਮੁਸਕਿਲਾਂ ਨੂੰ ਸਰਕਾਰ ਕੋਲ ਉਠਾਕੇ ਹੱਲ ਕਰਵਾਉਣ ਦੀ ਜੱਦੋ ਜਹਿਦ ਕਰ ਰਹੇ ਹਨ, ਇਨ੍ਹਾਂ ਮਸਲਿਆ ਨੂੰ ਜਦੋ ਹਕੂਮਤੀ ਪੱਧਰ ਤੇ ਹੱਲ ਕਰਨ ਅਤੇ ਕਿਸਾਨਾਂ ਮਜਦੂਰਾਂ ਵਿਚ ਪਾਈ ਜਾਣ ਵਾਲੀ ਬੇਚੈਨੀ ਨੂੰ ਦੂਰ ਕਰਨ ਦੀ ਜਿੰਮੇਵਾਰੀ ਬਣਦੀ ਹੈ ਉਸ ਸਮੇ ਹੁਕਮਰਾਨਾਂ ਵੱਲੋ ਆਪਣੀ ਤਾਕਤ ਤੇ ਪੁਲਿਸ ਦੀ ਵਰਤੋ ਕਰਕੇ ਉਨ੍ਹਾਂ ਤੇ ਜ਼ਬਰ ਢਾਹੁਣਾ ਤਾਂ ਗੈਰ ਇਨਸਾਨੀਅਤ ਵਾਲੀਆ ਕਾਰਵਾਈਆ ਹਨ । ਜਦੋਕਿ ਚਾਹੀਦਾ ਇਹ ਹੈ ਕਿ ਰੀੜ੍ਹ ਦੀ ਹੱਡੀ ਤੇ ਪੰਜਾਬ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਪੰਜਾਬ ਸਰਕਾਰ ਸੈਟਰ ਉਤੇ ਆਪਣੀ ਯੋਜਨਾ ਰਾਹੀ ਦਬਾਅ ਪਾ ਕੇ ਸਾਡੀਆ ਅਟਾਰੀ, ਵਾਹਗਾ, ਸੁਲੇਮਾਨਕੀ, ਹੁਸੈਨੀਵਾਲਾ ਦੀਆਂ ਸਰਹੱਦਾਂ ਨੂੰ ਕਿਸਾਨੀ ਉਤਪਾਦਾਂ ਅਤੇ ਛੋਟੇ ਉਦਯੋਗਪਤੀਆਂ ਦੁਆਰਾ ਤਿਆਰ ਕੀਤੇ ਜਾਣ ਵਾਲੇ ਵਸਤਾਂ, ਮਸੀਨਾਂ ਨੂੰ ਅਰਬ ਮੁਲਕਾਂ ਮੱਧ ਏਸੀਆ ਅਤੇ ਇਸ ਤੋ ਵੀ ਅੱਗੇ ਸਹੀ ਕੀਮਤਾਂ ਤੇ ਵੇਚਣ ਲਈ ਸਰਹੱਦਾਂ ਨੂੰ ਪਹਿਲ ਦੇ ਆਧਾਰ ਤੇ ਖੁੱਲਵਾਕੇ ਕਿਸਾਨ ਅਤੇ ਵਪਾਰੀ ਨੂੰ ਖੁੱਲ੍ਹਾ ਹੱਥ ਦੇਵੇ ਤਾਂ ਕਿ ਸਾਡੇ ਕਿਸਾਨ ਅਤੇ ਵਪਾਰੀ ਆਰਥਿਕ ਤੌਰ ਤੇ ਵੱਧ ਲਾਭ ਪ੍ਰਾਪਤ ਕਰਕੇ ਮਜਬੂਤੀ ਵੱਲ ਵੱਧ ਸਕਣ। ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਜੋ ਸਾਡੀਆਂ ਪੰਜਾਬ ਦੇ ਉਦਯੋਗਪਤੀਆ ਦੁਆਰਾ ਖੇਤੀ ਉਪਕਰਨ ਮਸੀਨਾਂ ਤਿਆਰ ਕੀਤੇ ਜਾਂਦੇ ਹਨ, ਉਸ ਨੂੰ ਇਥੋ ਦਿੱਲੀ, ਗੁਜਰਾਤ ਫਿਰ ਕਰਾਚੀ ਫਿਰ ਲਾਹੌਰ ਭੇਜਿਆ ਜਾਂਦਾ ਹੈ ਜਿਸ ਉਤੇ ਬਹੁਤ ਵੱਡੀ ਲਾਗਤ ਲੱਗਦੀ ਹੈ । ਜਦੋਕਿ ਲਾਹੌਰ ਤਾਂ ਸਾਡੀ ਪੰਜਾਬ ਦੀ ਵੱਟ ਨਾਲ ਲੱਗਦਾ ਹੈ ਜਿਥੇ ਇਹ ਸਮਾਨ ਪਹੁੰਚਾਉਣ ਲਈ ਆਵਾਜਾਈ ਲਾਗਤ ਨਾਮਾਤਰ ਹੋਵੇਗੀ ਵਪਾਰੀਆ ਤੇ ਕਿਸਾਨਾਂ ਦੇ ਲਾਭ ਵਿਚ ਵੱਡਾ ਵਾਧਾ ਹੋਵੇਗਾ । ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਇਸ ਸਮੇ ਝੋਨੇ ਦੀ ਫਸਲ ਦੀ ਕੀਮਤ 8000 ਰੁਪਏ ਪ੍ਰਤੀ ਕੁਇੰਟਲ ਹੈ ਜਦੋਕਿ ਇਥੇ ਇੰਡੀਆ ਵਿਚ ਬਹੁਤ ਘੱਟ ਕੀਮਤ ਹੈ । ਜੇਕਰ ਪੰਜਾਬ ਸਰਕਾਰ ਤੇ ਸੈਟਰ ਸਰਕਾਰ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਇਥੋ ਦੀ ਬੇਰੁਜਗਾਰੀ ਦੀ ਸਮੱਸਿਆ ਨੂੰ ਦੂਰ ਕਰਨ, ਟਰਾਸਪੋਟਰਾਂ ਅਤੇ ਮਜਦੂਰਾਂ ਦੇ ਕਾਰੋਬਾਰ ਨੂੰ ਵਾਧਾ ਕਰਨ ਹਿੱਤ ਇਨ੍ਹਾਂ ਸਰਹੱਦਾਂ ਨੂੰ ਵਪਾਰ ਲਈ ਖੋਲ ਦੇਵੇ ਤਾਂ ਪੰਜਾਬ ਸੂਬਾ ਕੇਵਲ ਖੁਦ ਬ ਖੁਦ ਆਰਥਿਕਤਾ ਵਿਚ ਸੰਪਨ ਹੀ ਨਹੀ ਹੋ ਜਾਵੇਗਾ ਬਲਕਿ ਉਹ ਇੰਡੀਆ ਦੇ ਦੂਜੇ ਸੂਬਿਆਂ ਦੀ ਆਰਥਿਕਤਾ ਵਿਚ ਵਾਧਾ ਕਰਨ ਵਿਚ ਯੋਗਦਾਨ ਪਾਵੇਗਾ ।