ਇੰਡੀਆਂ ਵਿਚ ਦਲਿਤ ਵਰਗ ਤੇ ਘੱਟ ਗਿਣਤੀ ਕੌਮਾਂ ਸੁਰੱਖਿਅਤ ਨਹੀਂ : ਮਾਨ
ਫ਼ਤਹਿਗੜ੍ਹ ਸਾਹਿਬ, 14 ਜਨਵਰੀ ( ) “ਬੀਤੇ ਲੰਮੇ ਸਮੇਂ ਤੋਂ ਇੰਡੀਅਨ ਹੁਕਮਰਾਨ ਭਾਵੇ ਉਹ ਬੀਜੇਪੀ-ਆਰ.ਐਸ.ਐਸ ਹੋਵੇ, ਭਾਵੇ ਕਾਂਗਰਸ ਜਾਂ ਹੋਰ ਫਿਰਕੂ ਸੰਗਠਨ, ਉਹ ਇਥੇ ਵੱਸਣ ਵਾਲੇ ਦਲਿਤ ਵਰਗ ਅਤੇ ਘੱਟ ਗਿਣਤੀ ਕੌਮਾਂ ਨੂੰ ਜੋ ਇੰਡੀਅਨ ਵਿਧਾਨ ਦੀ ਧਾਰਾ 14, 19, 21 ਰਾਹੀ ਜਿੰਦਗੀ ਜਿਊਂਣ ਅਤੇ ਬਰਾਬਰਤਾ ਦੇ ਹੱਕ ਪ੍ਰਦਾਨ ਹਨ, ਉਨ੍ਹਾਂ ਨੂੰ ਨਿਰੰਤਰ ਕੁੱਚਲਕੇ ਇਨ੍ਹਾਂ ਵਰਗਾਂ ਉਤੇ ਜ਼ਬਰ-ਜੁਲਮ ਢਾਹੁੰਦੇ ਆ ਰਹੇ ਹਨ । ਤਾਂ ਕਿ ਇਨ੍ਹਾਂ ਵਰਗਾਂ ਨੂੰ ਹਿੰਦੂਤਵ ਹੁਕਮਰਾਨਾਂ ਤੇ ਸੋਚ ਦਾ ਗੁਲਾਮ ਬਣਾਇਆ ਜਾ ਸਕੇ । ਜੋ ਕਿ ਸਰਾਸਰ ਵਿਧਾਨਿਕ ਲੀਹਾਂ ਅਤੇ ਨਿਯਮਾਂ ਨੂੰ ਕੁੱਚਲਣ ਵਾਲੇ ਦੁੱਖਦਾਇਕ ਅਮਲ ਹਨ । ਇਸੇ ਸੋਚ ਅਧੀਨ ਬੀਤੇ ਕੁਝ ਦਿਨ ਪਹਿਲੇ ਰਾਜਸਥਾਂਨ ਦੇ ਬਾਰਮਰ ਜਿਲ੍ਹੇ ਵਿਚ ਇਕ ਦਲਿਤ ਪਰਿਵਾਰ ਨਾਲ ਸੰਬੰਧਤ ਇਨਸਾਨ ਨੂੰ ਦਰੱਖਤ ਨਾਲ ਬੰਨ੍ਹਕੇ ਗੈਰ ਇਨਸਾਨੀ ਤੇ ਗੈਰ ਵਿਧਾਨਿਕ ਢੰਗਾਂ ਰਾਹੀ ਬਹੁਤ ਬੇਰਹਿੰਮੀ ਨਾਲ ਕੁੱਟਮਾਰ ਤੇ ਤਸੱਦਦ ਕੀਤਾ ਗਿਆ । ਇਹ ਤਾਂ ਇਕ ਹੁਣੇ ਹੋਏ ਅਮਲ ਦੀ ਪ੍ਰਤੱਖ ਮਿਸਾਲ ਹੈ ਲੇਕਿਨ ਅਜਿਹਾ ਕੁਝ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਦਲਿਤ ਵਰਗ ਨਾਲ ਲੰਮੇ ਸਮੇ ਤੋ ਹੁਕਮਰਾਨ ਕਰਦੇ ਆ ਰਹੇ ਹਨ । ਜਿਸ ਤੋ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਇੰਡੀਅਨ ਵਿਧਾਨ ਵਿਚ ਘੱਟ ਗਿਣਤੀ ਕੌਮਾਂ ਤੇ ਦਲਿਤਾਂ ਦੇ ਬਰਾਬਰ ਹੱਕ ਸੁਰੱਖਿਅਤ ਹੋਣ ਤੇ ਵੀ ਹੁਕਮਰਾਨ ਵੱਡੇ ਵਿਤਕਰੇ ਤੇ ਜ਼ਬਰ ਢਾਹੁੰਦੇ ਆ ਰਹੇ ਹਨ । ਇਹ ਵਰਗ ਇਥੇ ਬਿਲਕੁਲ ਵੀ ਸੁਰੱਖਿਅਤ ਨਹੀ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਵਿਚ ਵੱਸਣ ਵਾਲੇ ਦਲਿਤਾਂ ਅਤੇ ਘੱਟ ਗਿਣਤੀ ਕੌਮਾਂ ਉਤੇ ਲੰਮੇ ਸਮੇ ਤੋ ਹੁੰਦੇ ਆ ਰਹੇ ਜ਼ਬਰ ਜੁਲਮ, ਬੇਇਨਸਾਫ਼ੀਆਂ ਤੇ ਵਿਤਕਰਿਆ ਵਿਰੁੱਧ ਆਵਾਜ ਉਠਾਉਦੇ ਹੋਏ ਅਤੇ ਹੁਕਮਰਾਨਾਂ ਨੂੰ ਅਜਿਹੀਆ ਕਾਰਵਾਈਆ ਤੋ ਸੰਜ਼ੀਦਗੀ ਨਾਲ ਤੋਬਾ ਕਰਕੇ ਘੱਟ ਗਿਣਤੀ ਕੌਮਾਂ ਅਤੇ ਦਲਿਤਾਂ ਨੂੰ ਬਰਾਬਰਤਾ ਦੇ ਆਧਾਰ ਤੇ ਅਧਿਕਾਰ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਹਰ ਖੇਤਰ ਵਿਚ ਜੀਵਨ ਮਾਲ ਨੂੰ ਸੁਰੱਖਿਅਤ ਕਰਨ ਨੂੰ ਯਕੀਨੀ ਬਣਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੀਆ ਕਾਰਵਾਈਆ ਦੀ ਬਦੌਲਤ ਹੀ ਇੰਡੀਆ ਵਿਚ ਵਿਸੇਸ ਤੌਰ ਤੇ ਸਰਹੱਦੀ ਸੂਬਿਆਂ ਵਿਚ ਇਨ੍ਹਾਂ ਵਰਗਾਂ ਵਿਚ ਬਹੁਤ ਵੱਡੀ ਬੇਚੈਨੀ ਅਤੇ ਰੋਹ ਪੈਦਾ ਹੋ ਰਿਹਾ ਹੈ । ਜੋ ਕਿ ਇਥੋ ਦੇ ਅਮਨ ਚੈਨ ਅਤੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦੇ ਰਾਹ ਵਿਚ ਵੱਡੀ ਰੁਕਾਵਟ ਬਣ ਸਕਦਾ ਹੈ । ਇਸ ਲਈ ਜਿੰਨੀ ਜਲਦੀ ਹੋ ਸਕੇ ਸੈਟਰ ਦੀ ਮੋਦੀ ਹਕੂਮਤ ਅਮਲੀ ਰੂਪ ਵਿਚ ਅਜਿਹਾ ਪ੍ਰਬੰਧ ਕਰੇ ਕਿ ਵੱਸਣ ਵਾਲੇ ਦਲਿਤ ਤੇ ਘੱਟ ਗਿਣਤੀ ਕੌਮਾਂ ਦੇ ਜਾਨ-ਮਾਲ ਤੇ ਉਨ੍ਹਾਂ ਦੇ ਹੱਕ ਹਕੂਕਾ ਦੀ ਰੱਖਿਆ ਹੋ ਸਕੇ ।