ਗੈਗਸਟਰ, ਬੀਜੇਪੀ ਹਕੂਮਤ ਦੀ ਆਪਸੀ ਸਾਂਝ ਨਾਲ ਸਿੱਖਾਂ ਦੇ ਕੀਤੇ ਜਾ ਰਹੇ ਕਤਲਾਂ ਦੇ ਦੁੱਖਦਾਇਕ ਅਮਲਾਂ ਤੋਂ ਹੁਕਮਰਾਨ ਤੋਬਾ ਕਰਨ ਤਾਂ ਬਿਹਤਰ ਹੋਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 09 ਜਨਵਰੀ ( ) “ਸੈਟਰ ਵਿਚ ਹਕੂਮਤ ਕਰ ਰਹੀ ਬੀਜੇਪੀ-ਆਰ.ਐਸ.ਐਸ ਹਕੂਮਤ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਵਿਚ ਭੰਬਲਭੂਸਾ ਤੇ ਖੱਲਲ ਪਾਉਣ ਹਿੱਤ ਬੀਤੇ ਲੰਮੇ ਸਮੇ ਤੋਂ ਅਣਮਨੁੱਖੀ ਸਾਜਿਸਾਂ ਤੇ ਅਮਲ ਕਰਦੇ ਆ ਰਹੇ ਹਨ । ਇਸੇ ਸ਼ਰਾਰਤੀ ਸੋਚ ਅਧੀਨ ਸ੍ਰੀ ਅਮਿਤ ਸ਼ਾਹ ਵੱਲੋਂ ਗੈਗਸਟਰ ਲਾਰੈਸ ਬਿਸਨੋਈ ਤੇ ਹੋਰ ਗੈਗਸਟਰ ਗਰੁੱਪਾਂ ਦੀ ਇਸ ਕੰਮ ਲਈ ਨਿਰੰਤਰ ਦੁਰਵਰਤੋ ਕਰਦੇ ਆ ਰਹੇ ਹਨ । ਹੁਣ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਦੇ ਸੰਬੰਧ ਵਿਚ ਜਦੋਂ ਅਰਸ ਡੱਲਾ ਗੈਗਸਟਰ ਦਾ ਨਾਮ ਪ੍ਰਤੱਖ ਰੂਪ ਵਿਚ ਸਾਹਮਣੇ ਆ ਗਿਆ ਹੈ ਤਾਂ ਹੁਣ ਇਸ ਪਿੱਛੇ ਕੰਮ ਕਰ ਰਹੀਆ ਸ਼ਕਤੀਆਂ ਤੇ ਹੁਕਮਰਾਨ ਅਤੇ ਸਿਆਸੀ ਪਾਰਟੀਆ ਦੇ ਆਗੂਆਂ ਦਾ ਸੱਚ ਸਾਹਮਣੇ ਆ ਚੁੱਕਾ ਹੈ । ਜੇਕਰ ਬੀਜੇਪੀ-ਆਰ.ਐਸ.ਐਸ ਹਕੂਮਤ ਆਪਣੇ ਇਸ ਅਣਮਨੁੱਖੀ ਅਤੇ ਕੌਮਾਂਤਰੀ ਕਾਨੂੰਨਾਂ, ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਨਸਾਨੀਅਤ ਵਿਰੋਧੀ ਅਮਲਾਂ ਤੋ ਤੋਬਾ ਕਰਕੇ ਸਿਰਕੱਢ ਖ਼ਾਲਿਸਤਾਨੀ ਸਿੱਖਾਂ ਨੂੰ ਕਤਲ ਕਰਨ ਦੇ ਦੁੱਖਦਾਇਕ ਅਮਲਾਂ ਤੋ ਤੋਬਾ ਕਰ ਲਵੇ ਤਾਂ ਬਿਹਤਰ ਹੋਵੇਗਾ । ਵਰਨਾ ਕੈਨੇਡਾ, ਅਮਰੀਕਾ, ਬਰਤਾਨੀਆ, ਪਾਕਿਸਤਾਨ, ਇੰਡੀਆ ਤੇ ਪੰਜਾਬ ਵਿਚ ਇਨ੍ਹਾਂ ਹੁਕਮਰਾਨਾਂ ਵਜੀਰ ਏ ਆਜਮ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਦੀ ਸਿੱਖਾਂ ਦੀ ਕਾਤਲ ਜੂੰਡਲੀ ਨੂੰ ਇਨ੍ਹਾਂ ਹੋ ਰਹੇ ਕਤਲਾਂ ਦੇ ਸੰਬੰਧ ਵਿਚ ਕੌਮਾਂਤਰੀ ਅਦਾਲਤਾਂ ਦੇ ਕਟਹਿਰੇ ਵਿਚ ਖੜ੍ਹੇ ਕਰਕੇ ਨਿਊਰਮਬਰਗ ਲਾਅ, ਟੋਕੀਓ ਟਰਾਈਲ ਦੇ ਕੌਮਾਂਤਰੀ ਕਾਨੂੰਨਾਂ ਅਧੀਨ ਸਜ਼ਾਵਾਂ ਮਿਲਣ ਤੋ ਕਤਈ ਇਨਕਾਰ ਨਹੀ ਕੀਤਾ ਜਾ ਸਕਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਖਾਲਿਸਤਾਨੀ ਸਿੱਖਾਂ ਦੇ ਸਾਜਸੀ ਢੰਗਾਂ ਰਾਹੀ ਹੁਕਮਰਾਨਾਂ ਅਤੇ ਗੈਗਸਟਰਾਂ ਵੱਲੋਂ ਸਾਂਝੀ ਰਣਨੀਤੀ ਅਧੀਨ ਕੀਤੇ ਜਾ ਰਹੇ ਸਿਆਸੀ ਕਤਲਾਂ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਹੁਕਮਰਾਨਾਂ ਦੀ ਉਪਰੋਕਤ ਸਿੱਖਾਂ ਦੀ ਕਾਤਲ ਜੂੰਡਲੀ ਨੂੰ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਕਾਤਲ ਜੂੰਡਲੀ ਦੇ ਨਾਲ-ਨਾਲ ਜੋ ਪੰਜਾਬ ਵਿਚ ਨਵੀਆ ਖੇਤਰੀ ਪਾਰਟੀਆ ਬਣ ਰਹੀਆ ਹਨ, ਉਨ੍ਹਾਂ ਦੇ ਵੱਡੇ-ਵਡੇਰਿਆ ਨੂੰ ਜਦੋਂ ਪੱਤਰਕਾਰਾਂ ਵੱਲੋ ਇਹ ਪੁੱਛਣ ਤੇ ਕਿ ਜੇਕਰ ਆਉਣ ਵਾਲੇ ਸਮੇ ਵਿਚ ਪੰਜਾਬ ਦੀਆਂ ਅਸੈਬਲੀ ਚੋਣਾਂ ਲੜਦੇ ਹੋਏ ਤੁਹਾਡੀ ਬਣਨ ਵਾਲੀ ਪਾਰਟੀ ਨੂੰ 30-40 ਸੀਟਾਂ ਤੇ ਜਿੱਤ ਪ੍ਰਾਪਤ ਹੋ ਗਈ ਫਿਰ ਕੀ ਆਪ ਜੀ ਬੀਜੇਪੀ ਜਾਂ ਹੋਰ ਕਿਸੇ ਨਾਲ ਰਲਕੇ ਸਰਕਾਰ ਬਣਾਉਗੇ ? ਫਿਰ ਜੁਆਬ ਮਿਲਣ ਤੇ ਜਦੋ ਆਖਿਆ ਗਿਆ ਕਿ ਇਹ ਤਾਂ ਆਉਣ ਵਾਲੇ ਸਮੇ ਤੇ ਦੇਖਿਆ ਜਾਵੇਗਾ, ਤੋ ਪ੍ਰਤੱਖ ਹੋ ਜਾਂਦਾ ਹੈ ਕਿ ਪੰਜਾਬ ਦੀ ਆਉਣ ਵਾਲੀ ਸਿਆਸੀ ਸਥਿਤੀ, ਸਿੱਖ ਕੌਮ ਦੇ ਕਾਤਲਾਂ ਅਤੇ ਪੰਜਾਬ ਵਿਰੋਧੀ ਤਾਕਤਾਂ ਨਾਲ ਸਾਂਝ ਨੂੰ ਵਧਾਇਆ ਜਾ ਸਕਦਾ ਹੈ, ਜੋ ਕੇਵਲ ਪੰਜਾਬ ਸੂਬੇ ਦੀ ਮੁੱਖ ਮੰਤਰੀਸਿਪ ਨੂੰ ਪ੍ਰਾਪਤ ਕਰਨ ਤੱਕ ਹੀ ਸੀਮਤ ਹੋ ਜਾਵੇਗਾ । ਫਿਰ ਤਾਂ ਸਿੱਖ ਕੌਮ ਦੇ ਸੰਪੂਰਨ ਬਾਦਸਾਹੀ ਆਜਾਦ ਸਿੱਖ ਰਾਜ (ਖਾਲਿਸਤਾਨ) ਦੇ ਮਿਸਨ ਦੀ ਪ੍ਰਾਪਤੀ ਵਿਚ ਸਾਡੀ ਸਿੱਖ ਲੀਡਰਸਿਪ ਹੀ ਵੱਡੀ ਰੁਕਾਵਟ ਦਾ ਕਾਰਨ ਬਣੇਗੀ । ਜਿਨ੍ਹਾਂ ਅਮਲਾਂ ਨੂੰ ਕੋਈ ਵੀ ਸੱਚਾ-ਸੁੱਚਾ ਸਿੱਖ ਕਤਈ ਪ੍ਰਵਾਨ ਨਹੀ ਕਰ ਸਕਦਾ । ਜਿਸ ਭਰਾਮਾਰੂ ਜੰਗ ਨੂੰ ਸਾਡੇ ਵਰਗੇ ਲੋਕ ਅਤੇ ਪੰਥਕ ਪਾਰਟੀਆ ਰੋਕਣ ਲਈ ਸੰਜੀਦਾ ਯਤਨ ਕਰਦੇ ਆ ਰਹੇ ਹਨ, ਫਿਰ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਨ ਲਈ ਅਸੀ ਬੀਜੇਪੀ, ਕਾਂਗਰਸ ਜਾਂ ਹੋਰ ਪੰਥ ਵਿਰੋਧੀ ਤਾਕਤਾਂ ਨੂੰ ਕਿਵੇ ਦੋਸ਼ੀ ਠਹਿਰਾਵਾਂਗੇ? ਇਸ ਲਈ ਅਸੀ ਪੰਥ ਵਿਚ ਵਿਚਰਣ ਵਾਲੀ ਸਿੱਖ ਲੀਡਰਸਿਪ ਅਤੇ ਆਉਣ ਵਾਲੇ ਸਮੇ ਵਿਚ ਬਣਨ ਜਾ ਰਹੀਆ ਖੇਤਰੀ ਪਾਰਟੀਆ ਨੂੰ ਇਹ ਕੌਮੀ ਰਾਏ ਅਨੁਸਾਰ ਮਸਵਰਾ ਦੇਣਾ ਆਪਣਾ ਫਰਜ ਸਮਝਦੇ ਹਾਂ ਕਿ ਉਹ ਬੇਸੱਕ ਆਪੋ ਆਪਣੇ ਸਿਆਸੀ ਮਕਸਦਾਂ ਦੀ ਪੂਰਤੀ ਲਈ ਆਪਣੀਆ ਪਾਰਟੀਆ ਅਧੀਨ ਜੋ ਮਰਜੀ ਅਮਲ ਕਰਨ, ਪਰ ਕੌਮੀ ਮਿਸਨ ਦੇ ਮੁੱਦੇ ਉਤੇ ਕਿਸੇ ਵੀ ਪੰਥ ਵਿਰੋਧੀ ਤਾਕਤ ਜਾਂ ਅਮਲ ਨੂੰ ਕਿਸੇ ਤਰ੍ਹਾਂ ਦਾ ਵੀ ਜਾਣੇ ਅਣਜਾਣੇ ਵਿਚ ਸਹਿਯੋਗ ਬਿਲਕੁਲ ਨਾ ਕਰਨ ਤਾਂ ਕਿ ਅਸੀ ਸਭ ਕੌਮੀ ਤਾਕਤ ਅਤੇ ਪੰਥਕ ਸ਼ਕਤੀ ਦੀ ਸਹੀ ਵਰਤੋ ਕਰਦੇ ਹੋਏ ਜਿਥੇ ਆਪਣੇ ਖਾਲਿਸਤਾਨ ਦੇ ਮਿਸਨ ਦੀ ਪ੍ਰਾਪਤੀ ਕਰ ਸਕੀਏ, ਉਥੇ ‘ਬੇਗਮਪੁਰਾ ਸਹਿਰ ਕੋ ਨਾਉ’ ਦੀ ਸਰਬੱਤ ਦੇ ਭਲੇ ਵਾਲੀ ਸੋਚ ਅਧੀਨ ਬਿਨ੍ਹਾਂ ਕਿਸੇ ਭੇਦਭਾਵ ਤੋ ਸਮੁੱਚੇ ਪੰਜਾਬੀਆਂ, ਪੰਜਾਬ ਸੂਬੇ ਅਤੇ ਸਿੱਖਾਂ ਦੀ ਬਿਹਤਰੀ ਕਰਨ ਵਿਚ ਅਤੇ ਉਨ੍ਹਾਂ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਵਿਚ ਆਪਣੀਆ ਜਿੰਮੇਵਾਰੀਆ ਪੂਰੀਆ ਕਰ ਸਕੀਏ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਵੱਖ-ਵੱਖ ਸਿਆਸੀ ਪੰਥਕ ਖੇਤਰੀ ਪਾਰਟੀਆਂ ਆਪਣੇ ਸਿਆਸੀ ਮਿਸਨ ਅਧੀਨ ਲੜਦੀਆ ਹੋਈਆ ਕੌਮੀ ਮਿਸਨ ਨੂੰ ਕਤਈ ਨਜਰ ਅੰਦਾਜ ਨਹੀ ਕਰਨਗੀਆ ਅਤੇ ਨਾ ਹੀ ਭਰਾਮਾਰੂ ਜੰਗ ਦੇ ਅਮਲਾਂ ਨੂੰ ਵਧਾਉਣ ਵਿਚ ਕਿਸੇ ਤਰ੍ਹਾਂ ਦੀਆਂ ਗੁਸਤਾਖੀ ਕਰਨਗੀਆ ।