ਮੁਤੱਸਵੀ ਲੋਕ ਬੰਗਲਾਦੇਸ਼ ਨੂੰ ਤਾਂ ‘ਅਕ੍ਰਿਤਘਣ’ ਕਰਾਰ ਦੇ ਰਹੇ ਨੇ, ਪਰ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸਿੱਖ ਜਰੈਨਲਾਂ ਦੀ ਤੋਹੀਨ ਕਰਨਾ ਕੀ ਅਕ੍ਰਿਤਘਣਤਾ ਨਹੀ ? : ਟਿਵਾਣਾ
ਫ਼ਤਹਿਗੜ੍ਹ ਸਾਹਿਬ, 19 ਦਸੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਨੁੱਖੀ ਹੱਕਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਹਰ ਕੀਮਤ ਤੇ ਕਾਇਮ ਰੱਖਣ ਤੇ ਕਾਨੂੰਨੀ ਵਿਵਸਥਾਂ ਨੂੰ ਬਰਕਰਾਰ ਰੱਖਣ ਦੇ ਪੂਰੀ ਤਰ੍ਹਾਂ ਹੱਕ ਵਿਚ ਹੈ । ਭਾਵੇ ਅਜਿਹਾ ਅਮਲ ਕਿਸੇ ਵੀ ਮੁਲਕ, ਸੂਬੇ, ਸ਼ਹਿਰ ਆਦਿ ਦੇ ਨਿਜਾਮ ਵਿਚ ਹੋਵੇ, ਮਨੁੱਖੀ ਕਦਰਾਂ ਕੀਮਤਾਂ ਅਤੇ ਮਨੁੱਖੀ ਹੱਕਾਂ ਦਾ ਘਾਣ ਕਰਨ ਦੀ ਇਜਾਜਤ ਕਿਸੇ ਵੀ ਹੁਕਮਰਾਨ ਜਾਂ ਅਫਸਰਾਨ ਨੂੰ ਨਹੀ ਹੋਣੀ ਚਾਹੀਦੀ । ਜੇਕਰ ਅਜਿਹਾ ਕੋਈ ਕਰਦਾ ਹੈ, ਤਾਂ ਉਸਦੀ ਕਾਨੂੰਨ ਅਨੁਸਾਰ ਉਸ ਨੂੰ ਸੀਮਤ ਸਮੇ ਵਿਚ ਸਜ਼ਾ ਅਵੱਸ ਮਿਲਣੀ ਚਾਹੀਦੀ ਹੈ ਭਾਵੇਕਿ ਉਹ ਕਿੰਨੇ ਵੀ ਵੱਡੇ ਤੋ ਵੱਡੇ ਅਹੁਦੇ ਤੇ ਬਿਰਾਜਮਾਨ ਕਿਉਂ ਨਾ ਹੋਵੇ । ਜਦੋ ਬੰਗਲਾਦੇਸ਼ ਵਿਚ ਮਨੁੱਖੀ ਹੱਕਾਂ ਦਾ ਹਣਨ ਹੋ ਰਿਹਾ ਹੈ, ਉਹ ਨਿੰਦਣਯੋਗ ਹੈ । ਪਰ ਜੇਕਰ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹਿੰਦੂਤਵ ਹੁਕਮਰਾਨ ਅਤੇ ਜਾਬਰ ਅਫਸਰਾਹੀ ਪੰਜਾਬ, ਕਸਮੀਰ, ਮਨੀਪੁਰ, ਛੱਤੀਸਗੜ੍ਹ, ਅਰੁਣਾਚਲ ਆਦਿ ਸੂਬਿਆਂ ਦੇ ਨਿਵਾਸੀਆ ਦੇ ਹੱਕ ਕੁੱਚਲਣ ਲਈ ਕਰਦੇ ਹਨ, ਫਿਰ ਉਸ ਨੂੰ ਕਿਵੇ ਸਹੀ ਠਹਿਰਾਇਆ ਜਾ ਸਕਦਾ ਹੈ ? ਜਦੋ ਕਿਸੇ ਸੂਬੇ ਜਾਂ ਮੁਲਕ ਵਿਚ ਹਿੰਦੂ ਕੌਮ ਨਾਲ ਗੈਰ ਕਾਨੂੰਨੀ, ਗੈਰ ਸਮਾਜਿਕ, ਗੈਰ ਇਖਲਾਕੀ ਢੰਗ ਨਾਲ ਜ਼ਬਰ ਜਾਂ ਬੇਇਨਸਾਫ਼ੀ ਹੁੰਦੀ ਹੈ ਤਾਂ ਇਥੋ ਦੇ ਹੁਕਮਰਾਨ, ਸਿਆਸੀ ਆਗੂ ਉੱਚੀ ਆਵਾਜ ਵਿਚ ਉਸਦਾ ਵਿਰੋਧ, ਪ੍ਰਚਾਰ ਤੇ ਪ੍ਰਸਾਰ ਕਰਦੇ ਹਨ । ਪਰ ਜੇਕਰ ਅਜਿਹਾ ਦੁੱਖਦਾਇਕ ਵਰਤਾਰਾ ਮੁਸਲਿਮ, ਸਿੱਖ, ਦਲਿਤ ਜਾਂ ਹੋਰ ਫਿਰਕਿਆ ਨਾਲ ਹੁਕਮਰਾਨਾਂ ਵੱਲੋ ਖੁਦ ਕੀਤਾ ਜਾਂਦਾ ਹੈ, ਤਾਂ ਹੁਕਮਰਾਨ ਤੇ ਇਥੋ ਦਾ ਗੋਦੀ ਮੀਡੀਆ ਪੀਲੀ ਪੱਤਰਕਾਰੀ ਰਾਹੀ ਉਸ ਨੂੰ ਗੈਰ ਦਲੀਲ ਢੰਗ ਨਾਲ ਜਾਇਜ ਠਹਿਰਾਉਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਦੇ ਹਨ । ਜਦੋ ਬੰਗਲਾਦੇਸ਼ ਵਿਚ ਉਥੇ ਵੱਸਣ ਵਾਲੀ ਘੱਟ ਗਿਣਤੀ ਹਿੰਦੂ ਕੌਮ ਉਤੇ ਹੋ ਰਹੇ ਜ਼ਬਰ ਜੁਲਮ ਨੂੰ ਇਹ ਹੁਕਮਰਾਨ ਤੇ ਮੁਤੱਸਵੀ ਆਗੂ ‘ਅਕ੍ਰਿਤਘਣ’ ਕਰਾਰ ਦੇ ਰਹੇ ਹਨ, ਫਿਰ ਜਿਨ੍ਹਾਂ ਸਿੱਖ ਜਰਨੈਲਾਂ, ਲੈਫ. ਜਰਨਲ ਜਗਜੀਤ ਸਿੰਘ ਅਰੋੜਾ ਅਤੇ ਮੇਜਰ ਜਰਨਲ ਸੁਬੇਗ ਸਿੰਘ ਨੇ, ਜਰਨਲ ਨਿਆਜੀ ਦੀ ਅਗਵਾਈ ਹੇਠ 90 ਹਜਾਰ ਦੀ ਫ਼ੌਜ ਨੂੰ ਆਤਮ ਸਮਰਪਣ ਕਰਵਾਕੇ ਅਤੇ ਉਨ੍ਹਾਂ ਕੋਲੋ ਉਨ੍ਹਾਂ ਦਾ ਨਿੱਜੀ ਰਿਵਾਲਵਰ ਪ੍ਰਾਪਤ ਕਰਦੇ ਹੋਏ ਬੰਗਲਾਦੇਸ਼ ਨੂੰ ਆਜਾਦ ਕਰਵਾਉਣ ਵਿਚ ਮੁੱਖ ਭੂਮਿਕਾ ਨਿਭਾਕੇ ਆਪਣੀ ਜਿੰਮੇਵਾਰੀ ਪੂਰਨ ਕੀਤੀ, ਉਨ੍ਹਾਂ 2 ਸਿੱਖ ਜਰਨੈਲਾਂ ਦੀ ਇੰਡੀਆ ਦੇ ਰੱਖਿਆ ਵਿਭਾਗ ਦੇ ਮੁੱਖ ਦਫਤਰ ਵਿਖੇ ਲੱਗੀਆ ਸਤਿਕਾਰਿਤ ਫੋਟੋਗ੍ਰਾਂਫਸ ਨੂੰ ਉਤਾਰਕੇ ਅਤੇ ਉਨ੍ਹਾਂ ਸਿੱਖ ਜਰਨੈਲਾਂ ਦੀ ਯਾਦਗਰ ਨਾ ਬਣਾਕੇ ਅਪਮਾਨ ਕਰਕੇ ਇਹ ਹੁਕਮਰਾਨ ਸਿੱਖ ਕੌਮ ਨਾਲ ਅਕ੍ਰਿਤਘਣਤਾ ਨਹੀ ਕਰ ਰਹੇ ?”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਅਤੇ ਮੁਤੱਸਵੀ ਆਗੂਆਂ ਵੱਲੋਂ ਇਕੋ ਸ਼ਬਦ ਨੂੰ ਆਪਣੇ ਹਿੱਤਾ ਵਿਚ ਪੂਰਦੇ ਹੋਏ ਸਹੀ ਅਤੇ ਦੂਸਰੀਆ ਘੱਟ ਗਿਣਤੀ ਕੌਮਾਂ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਹੋਣ ਤੇ ਉਸ ਨੂੰ ਵੀ ‘ਅਕ੍ਰਿਤਘਣਤਾ’ ਦੇ ਦਰਜੇ ਵਿਚ ਰੱਖਣ ਤੋ ਇਨਕਾਰੀ ਹੋਣ ਦੇ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਅਜਿਹੇ ਸ਼ਬਦਾਂ ਅਤੇ ਕਦਰਾਂ ਕੀਮਤਾਂ ਤੋ ਮੂੰਹ ਮੋੜਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਹੀ ਬਸ ਨਹੀ ਕਿ ਜਦੋਂ ਪੁਰਾਤਨ ਸਮਿਆ ਵਿਚ ਜਾਬਰ ਮੁਗਲ ਹੁਕਮਰਾਨ ਹਿੰਦੂ ਧੀਆਂ-ਭੈਣਾਂ ਨੂੰ ਜ਼ਬਰੀ ਚੁੱਕ ਕੇ ਲੈ ਜਾਂਦੇ ਸਨ । ਜਿਨ੍ਹਾਂ ਨੂੰ ਖਾਲਸਾ ਫ਼ੌਜਾਂ (ਨਿਹੰਗ ਸਿੰਘ) ਆਪਣੀ ਜਾਨ ਤੇ ਖੇਲਕੇ ਰਾਤ ਦੇ 12 ਵਜੇ ਧਾੜਵੀਆ ਉਤੇ ਹਮਲੇ ਕਰਕੇ ਇਨ੍ਹਾਂ ਧੀਆਂ-ਭੈਣਾਂ ਨੂੰ ਛੁਡਵਾਕੇ ਬਾਇੱਜਤ ਉਨ੍ਹਾਂ ਦੇ ਘਰੋ-ਘਰੀ ਪਹੁੰਚਾਉਣ ਦੀ ਇਨਸਾਨੀ ਜਿੰਮੇਵਾਰੀ ਨਿਭਾਉਦੇ ਰਹੇ ਹਨ । ਉਨ੍ਹਾਂ ਸੰਬੰਧੀ ਜੋ ਲੋਕ 12 ਵਜੇ ਦੀ ਗੱਲ ਕਰਕੇ ਇਕ ਮਜਾਕ ਦੇ ਰੂਪ ਵਿਚ ਪ੍ਰਚਾਰ ਕਰਦੇ ਹਨ, ਕੀ ਇਹ ਇਨ੍ਹਾਂ ਮੁਤੱਸਵੀਆਂ ਦੀ ਸਿੱਖ ਕੌਮ ਨਾਲ ਅਕ੍ਰਿਤਘਣਤਾ ਨਹੀ? ਦੂਸਰਾ 1947 ਦੀ ਵੰਡ ਤੋ ਪਹਿਲੇ ਇੰਡੀਆ ਦੇ ਹਿੰਦੂ ਹੁਕਮਰਾਨ ਨਹਿਰੂ, ਗਾਂਧੀ, ਪਟੇਲ ਆਦਿ ਨੇ ਕਲਕੱਤੇ ਦੀ ਕਾਂਗਰਸ ਦੀ ਇਕ ਬੈਠਕ ਵਿਚ ਸਿੱਖ ਕੌਮ ਨਾਲ ਇਹ ਵਾਅਦਾ ਕਰਕੇ ਕਿ ਆਜਾਦ ਹੋਣ ਉਪਰੰਤ ਸਿੱਖਾਂ ਨੂੰ ਉੱਤਰੀ ਭਾਰਤ ਵਿਚ ਇਕ ਆਜਾਦ ਖਿੱਤਾ ਦਿੱਤਾ ਜਾਵੇਗਾ, ਜਿਥੇ ਉਹ ਆਪਣੀ ਆਜਾਦੀ ਦਾ ਬਿਨ੍ਹਾਂ ਕਿਸੇ ਡਰ-ਭੈ ਤੋ ਨਿੱਘ ਮਾਣ ਸਕਣਗੇ ਅਤੇ ਆਪਣੀ ਆਜਾਦ ਬਾਦਸਾਹੀ ਦਾ ਪ੍ਰਬੰਧ ਕਰ ਸਕਣਗੇ, ਕਹਿਕੇ ਸਿੱਖ ਕੌਮ ਤੋ ਸਹਿਯੋਗ ਲੈਦੇ ਹੋਏ ਉਨ੍ਹਾਂ ਦੀਆਂ ਆਜਾਦੀ ਦੀ ਲਹਿਰ ਵਿਚ 80% ਕੁਰਬਾਨੀਆਂ ਤੇ ਸ਼ਹੀਦੀਆਂ ਹੋਣ ਦੇ ਬਾਵਜੂਦ ਉਨ੍ਹਾਂ ਨਾਲ ਕੀਤੇ ਗਏ ਉਪਰੋਕਤ ਇਕਰਾਰ ਤੋ ਮੁੰਨਕਰ ਹੋ ਕੇ ਇਹ ਹੁਕਮਰਾਨ ਅਕ੍ਰਿਤਘਣਤਾ ਨਹੀ ਕਰ ਰਹੇ ?
ਇਸ ਤੋ ਅੱਗੇ ਜਿਸ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੇ ਇੰਡੀਆ ਉਤੇ ਹੋਣ ਵਾਲੇ ਬਾਹਰੀ ਹਮਲਿਆ ਸਮੇ ਸਰਹੱਦਾਂ ਤੇ ਮੋਹਰੀ ਹੋ ਕੇ ਵੱਡੀ ਗਿਣਤੀ ਵਿਚ ਸ਼ਹਾਦਤਾਂ ਤੇ ਕੁਰਬਾਨੀਆਂ ਦੇ ਕੇ ਨਿਰੰਤਰ ਰਾਖੀ ਕਰਦੇ ਆ ਰਹੇ ਹਨ, ਜਿਸ ਸੂਬੇ ਨੇ ਸਮੁੱਚੇ ਮੁਲਕ ਦਾ ਢਿੱਡ ਭਰਨ ਲਈ ਆਨਾਜ ਪੈਦਾ ਕੀਤਾ । ਜਦੋ ਵੀ ਅੰਦਰੂਨੀ ਕਿਸੇ ਤਰ੍ਹਾਂ ਦਾ ਸੰਕਟ ਆਇਆ ਭਾਵੇ ਉਹ ਭੁੱਖਮਰੀ ਦਾ ਹੋਵੇ, ਭਾਵੇ ਹੜ੍ਹਾਂ-ਤੂਫਾਨਾਂ, ਕੁਦਰਤੀ ਆਫਤਾ ਰਾਹੀ ਮਨੁੱਖਤਾ ਦਾ ਹੋਣ ਵਾਲੇ ਨੁਕਸਾਨ ਸਮੇ ਦਾ ਹੋਵੇ, ਭਾਵੇ ਬਿਮਾਰੀਆ ਦੇ ਫੈਲਣ ਅਤੇ ਹੋਰ ਸਮਾਜਿਕ ਦੁੱਖ-ਤਕਲੀਫਾਂ ਸਮੇ ਹੋਵੇ, ਜੋ ਪੰਜਾਬੀ ਤੇ ਸਿੱਖ ਕੌਮ ਅਜਿਹੇ ਸਮਿਆ ਵਿਚ ਮੋਹਰੀ ਹੋ ਕੇ ਆਪਣੇ ਧਨ-ਦੌਲਤਾਂ ਦੇ ਭੰਡਾਰ ਰਾਹੀ, ਮੁਫਤ ਦਵਾਈਆ ਵੰਡਣ ਦੀ ਸੇਵਾ ਰਾਹੀ ਜਾਂ ਲੰਗਰ ਲਗਾਕੇ ਅਜਿਹੇ ਸਮਿਆ ਤੇ ਲੋਕਾਈ ਦੀ ਸੇਵਾ ਕਰਨ ਵਾਲੀ, ਇਥੋ ਤੱਕ ਕਰੋਨਾ ਦੇ ਵੱਡੇ ਦੁਖਾਂਤ ਸਮੇ ਜਦੋ ਕੋਈ ਆਪਣੇ ਪਰਿਵਾਰਿਕ ਮੈਬਰਾਂ ਦੇ ਨੇੜੇ ਨਹੀ ਸੀ ਜਾਂਦਾ, ਉਸ ਸਮੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਪੰਜਾਬੀਆਂ ਤੇ ਸਿੱਖਾਂ ਦੇ ਸਿੰਚਾਈ ਦੇ ਸੋਮਿਆ ਦਰਿਆਵਾ, ਨਹਿਰਾਂ ਦੇ ਪਾਣੀਆਂ ਨੂੰ ਬਦਨੀਤੀ ਨਾਲ ਜ਼ਬਰੀ ਖੋਹਣ ਵਾਲੇ, ਉਨ੍ਹਾਂ ਦੇ ਹੈੱਡਵਰਕਸਾਂ ਤੋ ਪੈਦਾ ਹੋਣ ਵਾਲੀ ਬਿਜਲੀ ਨੂੰ ਜ਼ਬਰੀ ਖੌਹਣ ਵਾਲੇ, ਪੰਜਾਬ ਸੂਬੇ ਨੂੰ ਹੋਦ ਵਿਚ ਲਿਆਉਣ ਸਮੇ ਬੇਈਮਾਨੀ ਨਾਲ ਪੰਜਾਬੀ ਬੋਲਦੇ ਇਲਾਕਿਆ ਨੂੰ ਬਾਹਰ ਰੱਖਣ ਵਾਲੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਸਾਜਸੀ ਢੰਗਾਂ ਰਾਹੀ ਸੈਟਰ ਦੇ ਜਾਬਰ ਹੁਕਮਾਂ ਦੀ ਵਰਤੋ ਕਰਕੇ ਪੰਜਾਬੀਆਂ ਤੋ ਖੋਹਣ ਤੇ ਅਮਲ ਕਰਨ ਵਾਲੇ ਸੈਟਰ ਪੂਲ ਵਿਚੋ ਪੰਜਾਬ ਦੇ ਹਿੱਸੇ ਦੇ ਸਾਧਨਾਂ ਤੇ ਵੱਡੇ ਉਦਯੋਗਾਂ ਨੂੰ ਦੇਣ ਤੋ ਮੁੰਨਕਰ ਹੋ ਕੇ ਪੰਜਾਬੀਆਂ ਤੇ ਸਿੱਖ ਕੌਮ ਦੀ ਬੇਰੁਜਗਾਰੀ ਨੂੰ ਸਾਜਸੀ ਢੰਗਾਂ ਰਾਹੀ ਵਧਾਉਣ ਵਾਲੇ, ਪੰਜਾਬ ਜੋ ਖੇਤੀ ਪ੍ਰਧਾਨ ਸੂਬਾ ਹੈ, ਉਸਦੇ ਜਿੰਮੀਦਾਰਾਂ, ਮਜਦੂਰਾਂ ਨਾਲ ਹਰ ਖੇਤਰ ਵਿਚ ਨਿਰੰਤਰ ਬੇਇਨਸਾਫ਼ੀ ਕਰਕੇ ਪੰਜਾਬ ਨੂੰ ਕੰਗਾਲ ਅਤੇ ਇਥੋ ਦੀ ਜਮੀਨ ਨੂੰ ਬੰਜਰ ਬਣਾਉਣ, ਪੰਜਾਬੀਆਂ ਨੂੰ ਸਾਜਸੀ ਢੰਗਾਂ ਰਾਹੀ ਇਥੇ ਪ੍ਰਵਾਸੀਆ ਨੂੰ ਵਸਾਕੇ ਘੱਟ ਗਿਣਤੀਆ ਦੀਆ ਸਾਜਿਸਾਂ ਰਚਦੇ ਹੋਏ ‘ਪਾੜੋ ਅਤੇ ਰਾਜ ਕਰੋ’ ਵਰਗੀਆਂ ਮਨੁੱਖਤਾ ਵਿਰੋਧੀ ਨੀਤੀਆ ਤੇ ਅਮਲ ਕਰਨ ਵਾਲੇ ਹੁਕਮਰਾਨ ਤੇ ਮੁਤੱਸਵੀ ਸਿਆਸਤਦਾਨ ਅਸਲੀਅਤ ਵਿਚ ਸਮੁੱਚੀ ਮਨੁੱਖਤਾ ਦੇ ਅਕ੍ਰਿਤਘਣ ਹਨ । ਜਿਨ੍ਹਾਂ ਨੂੰ ਅਕ੍ਰਿਤਘਣ ਦੇ ਅਸਲੀ ਮਾਇਨਿਆ ਦੀ ਜਾਂ ਤਾਂ ਸਮਝ ਨਹੀ ਜਾਂ ਫਿਰ ਮਕਾਰਤਾ ਭਰੀ ਸੋਚ ਅਧੀਨ ਅੱਜ ਤੱਕ ਪੰਜਾਬ, ਪੰਜਾਬੀਆਂ ਤੇ ਸਿੱਖ ਕੌਮ ਦੇ ਮਸਲਿਆ ਨੂੰ ਸਹੀ ਸੋਚ ਅਧੀਨ ਹੱਲ ਕਰਨ ਦੀ ਬਜਾਇ ਜਾਣਬੁੱਝ ਕੇ ਉਲਝਾਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਪੰਜਾਬ ਸੂਬੇ ਵਿਚ ਇਨਸਾਨੀਅਤ ਦਾ ਖੂਨ ਵਹਾਉਣ ਵਾਲੇ ਹੀ ਅਕ੍ਰਿਤਘਣ ਹਨ ਨਾ ਕਿ ਪੰਜਾਬੀ ਤੇ ਸਿੱਖ ਕੌਮ । ਇਸ ਲਈ ਬੰਗਲਾਦੇਸ਼ ਵਿਚ ਹਿੰਦੂਆਂ ਤੇ ਹੋ ਰਹੇ ਜ਼ਬਰ ਨੂੰ ਜਦੋ ਉਹ ਸਹੀ ਰੂਪ ਵਿਚ ਅਕ੍ਰਿਤਘਣਤਾ ਕਰਾਰ ਦੇ ਰਹੇ ਹਨ, ਉਸ ਤੋ ਪਹਿਲੇ ਪੰਜਾਬੀਆਂ, ਸਿੱਖ ਕੌਮ ਅਤੇ ਪੰਜਾਬ ਸੂਬੇ ਨਾਲ ਸੈਕੜਿਆ ਵਾਰੀ ਲੰਮੇ ਸਮੇ ਤੋ ਕੀਤੀਆ ਜਾਂਦੀਆ ਆ ਰਹੀਆ ਅਕ੍ਰਿਤਘਣਤਾ ਦੇ ਨੀਵੇ ਪੱਧਰ ਦੇ ਇਸ ਸ਼ਬਦ ਨੂੰ ਜੇਕਰ ਉਹ ਸਮਝਕੇ ਅਜਿਹੀਆ ਕੀਤੀਆ ਜਾ ਰਹੀਆ ਗੁਸਤਾਖੀਆ ਤੇ ਸਾਜਿਸਾਂ ਤੋ ਤੋਬਾ ਕਰਕੇ ਸਮੁੱਚੀ ਮਨੁੱਖਤਾ ਲਈ ਉਦਮ ਕਰ ਸਕਣ ਫਿਰ ਹੀ ਉਹ ਅਕ੍ਰਿਤਘਣਤਾ ਦੇ ਸ਼ਬਦ ਦੀ ਸਹੀ ਵਰਤੋ ਕਰ ਰਹੇ ਹੋਣਗੇ, ਵਰਨਾ ਹਾਥੀ ਦੇ ਦੰਦ ਖਾਂਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ ਦੀ ਕਹਾਵਤ ਇਨ੍ਹਾਂ ਅਕ੍ਰਿਤਘਣ ਹੁਕਮਰਾਨਾਂ ਤੇ ਸਿਆਸਤਦਾਨਾਂ ਤੇ ਸਹੀ ਰੂਪ ਵਿਚ ਢੁੱਕਦੀ ਹੈ ।