ਕਾਂਗਰਸ, ਬੀਜੇਪੀ-ਆਰ.ਐਸ.ਐਸ, ਆਪ ਅਤੇ ਹੋਰ ਕੱਟੜਵਾਦੀ ਮਨੁੱਖਤਾ ਵਿਰੋਧੀ ਜਮਾਤਾਂ ਵਿਚ ਜਾ ਚੁੱਕੇ ਸਿੱਖ ਸਿਆਸਤਦਾਨ ਫੌਰੀ ਕੌਮੀ ਘਰ ਵਾਪਸੀ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 06 ਦਸੰਬਰ ( ) “ਅੱਜ ਜਦੋ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਜਾਬਰ ਹੁਕਮਰਾਨਾਂ ਦੀਆਂ ਸਾਜਿਸਾਂ ਰਾਹੀ ਹਰ ਖੇਤਰ ਵਿਚ ਨਿਸ਼ਾਨਾਂ ਬਣਾਕੇ ਹੁਕਮਰਾਨ ਮਾਲੀ, ਇਖਲਾਕੀ, ਸਮਾਜਿਕ, ਧਾਰਮਿਕ ਅਤੇ ਭੂਗੋਲਿਕ ਤੌਰ ਤੇ ਵਖਰੇਵਾ ਕਰਦਾ ਆ ਰਿਹਾ ਹੈ । ਸਾਡੀਆਂ ਫਸਲਾਂ,ਉਤਪਾਦਾਂ, ਵਪਾਰਿਕ ਵਸਤਾਂ ਦੀ ਸਹੀ ਕੀਮਤ ਦੇਣ ਤੋ ਇਨਕਾਰੀ ਹੋ ਚੁੱਕਾ ਹੈ ਅਤੇ ਨਾਲ ਹੀ ਸਾਡੀਆਂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਵਪਾਰ ਲਈ ਨਾ ਖੋਲ੍ਹਕੇ ਜ਼ਬਰ ਕਰ ਰਿਹਾ ਹੈ । ਸਾਡੇ ਪਾਣੀਆਂ ਨੂੰ ਜ਼ਬਰੀ ਹੀ ਨਹੀ ਖੋਹ ਰਿਹਾ, ਬਲਕਿ ਪਾਣੀਆਂ ਵਿਚ ਫੈਕਟਰੀਆਂ ਅਤੇ ਸਹਿਰਾਂ ਦੇ ਸੀਵਰੇਜ ਪਾਣੀ ਮਿਲਕੇ ਜਹਿਰ ਘੋਲਦੇ ਹੋਏ ਸਾਡੀਆਂ ਨਸਲਾਂ ਨੂੰ ਸਰੀਰਕ ਤੌਰ ਤੇ ਨਕਾਰਾ ਕਰਦੇ ਹੋਏ ਮੌਤ ਦੇ ਮੂੰਹ ਵਿਚ ਧਕੇਲਣ ਦੇ ਅਮਲ ਕਰ ਰਿਹਾ ਹੈ । ਸਾਡੀ ਨੌਜਵਾਨੀ ਅਤੇ ਬੱਚੀਆਂ ਨੂੰ ਬਾਂਝ ਅਤੇ ਨਾਮਰਦ ਬਣਾਉਣ ਦੀਆਂ ਸਾਜਿਸਾਂ ਰਚ ਰਿਹਾ ਹੈ । ਹੁਕਮਰਾਨ ਸਾਡੇ ਅਤਿ ਸੰਜੀਦਾ ਅਤੇ ਲੰਮੇ ਸਮੇ ਤੋ ਲਟਕਦੇ ਆ ਰਹੇ ਸਭ ਸੂਬੇ ਤੇ ਕੌਮ ਪ੍ਰਤੀ ਮਸਲਿਆ ਨੂੰ ਸਿੱਖ-ਹਿੰਦੂ, ਹਿੰਦੂ-ਮੁਸਲਮਾਨ ਦੇ ਮਸਲੇ ਬਣਾਕੇ ਵੱਖ-ਵੱਖ ਧਰਮਾਂ, ਕੌਮਾਂ ਵਿਚ ਨਫਰਤ ਉਤਪੰਨ ਕਰ ਰਿਹਾ ਹੈ । ਪ੍ਰਵਾਸੀ ਮਜਦੂਰਾਂ ਤੇ ਪੰਜਾਬੀਆਂ ਨੂੰ ਲੜਾਉਣ ਦੀ ਸਾਜਿਸ ਤੇ ਅਮਲ ਕਰ ਰਿਹਾ ਹੈ, ਜਿਵੇਕਿ ਲੁਧਿਆਣੇ ਦੇ ਬੁੱਢੇ ਨਾਲੇ ਦੇ ਮਸਲੇ ਉਤੇ ਇਹ ਗੱਲ ਪ੍ਰਤੱਖ ਰੂਪ ਵਿਚ ਸਾਹਮਣੇ ਆਈ ਹੈ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਡੇਰਿਆ ਵਿਚ ਸਥਾਪਿਤ ਕਰਕੇ ਸਿੱਖ ਕੌਮ ਨੂੰ ਹੀ ਆਪਣੇ ਧੂਰੇ ਨਾਲ ਤੋੜਕੇ ਦੂਰ ਕਰਨ ਦੇ ਅਮਲ ਕਰ ਰਿਹਾ ਹੈ । ਸਾਨੂੰ ਹਰ ਗੈਰ ਤਰਕ ਢੰਗ ਨਾਲ ਅੱਤਵਾਦੀ, ਵੱਖਵਾਦੀ, ਸਰਾਰਤੀ ਅਨਸਰ, ਗਰਮਦਲੀਏ ਗਰਦਾਨਕੇ ਬਦਨਾਮ ਕਰਨ ਅਤੇ ਫਿਰ ਨੌਜਵਾਨੀ ਦਾ ਕਤਲੇਆਮ ਕਰਨ ਦਾ ਅਮਲ ਕਰ ਰਿਹਾ ਹੈ । ਪੰਜਾਬ ਦੇ ਅਮੀਰ ਵਿਰਸੇ-ਵਿਰਾਸਤ, ਸੱਭਿਆਚਾਰ, ਬੋਲੀ, ਜੁਬਾਨ ਨੂੰ ਖਤਮ ਕਰਨ ਦੇ ਦੁੱਖਦਾਇਕ ਅਮਲ ਹੋ ਰਹੇ ਹਨ । ਸਿਆਸੀ ਅਤੇ ਮਾਲੀ ਸਵਾਰਥਾਂ ਅਧੀਨ ਵੱਖ-ਵੱਖ ਸਿਆਸੀ ਸੰਗਠਨਾਂ ਵਿਚ ਜਾ ਚੁੱਕੇ ਭੁੱਲੇ ਭਟਕੇ ਸਿੱਖਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀ ਆਵਾਜ ਮਾਰਨ ਦੇ ਫਰਜ ਸਮਝਕੇ ਹੀ ਆਪਣੇ ਧੂਰੇ ਨਾਲ ਫਿਰ ਜੁੜਨ ਅਤੇ ਘਰ ਵਾਪਸੀ ਕਰਨ ਦੀ ਸੰਜੀਦਗੀ ਭਰੀ ਅਪੀਲ ਕਰਦਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਫਿਰਕੂ ਹੁਕਮਰਾਨਾਂ ਦੀਆਂ ਪੰਜਾਬੀਆਂ ਅਤੇ ਸਿੱਖ ਕੌਮ ਪ੍ਰਤੀ ਅਪਣਾਈਆ ਸਾਜਸੀ ਨੀਤੀਆ ਨੂੰ ਮੁੱਖ ਰੱਖਦੇ ਹੋਏ ਖਾਲਸਾ ਪੰਥ ਨੂੰ ਪਿੱਠ ਦੇ ਕੇ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਵਿਰੋਧੀ ਜਮਾਤਾਂ ਵਿਚ ਜਾ ਚੁੱਕੇ ਜਾਂ ਜਾ ਰਹੇ ਸਿੱਖ ਸਿਆਸਤਦਾਨਾਂ ਨੂੰ ਕੌਮੀ ਅਤੇ ਖਾਲਸਾ ਪੰਥ ਦੇ ਬਿਨ੍ਹਾਂ ਤੇ ਘਰ ਵਾਪਸ ਮੁੜਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀ ਸਭ ਸਿੱਖ ਸਿਆਸਤਦਾਨ ਆਪਣੇ ਸੂਬੇ ਅਤੇ ਮਨੁੱਖਤਾ ਪੱਖੀ ਸੋਚ ਅਤੇ ਨੀਤੀਆਂ ਨੂੰ ਅਮਲੀ ਰੂਪ ਵਿਚ ਲਾਗੂ ਕਰਕੇ ਹੀ ਆਪਣੇ ਸੂਬੇ ਤੇ ਆਪਣੇ ਸੂਬੇ ਦੇ ਨਿਵਾਸੀਆ ਨਾਲ ਹੁੰਦੀਆ ਆ ਰਹੀਆ ਬੇਇਨਸਾਫ਼ੀਆਂ, ਜ਼ਬਰ ਜੁਲਮ ਨੂੰ ਖਤਮ ਕਰ ਸਕਦੇ ਹਾਂ ਅਤੇ ਇਕ ਰੂਪ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਆਪਣੇ ਕੌਮੀ ਨਿਸਾਨੇ ਆਜਾਦ ਬਾਦਸਾਹੀ ਸਿੱਖ ਰਾਜ ਦੇ ਮਿਸਨ ਨੂੰ ਇਕਤਾਕਤ ਹੋ ਕੇ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਸਕਦੇ ਹਾਂ । ਉਨ੍ਹਾਂ ਕਿਹਾ ਕਿ ਦੁਸਮਣ ਦੀ ਸਾਜਿਸ ਤਾਂ ਹਮੇਸ਼ਾਂ ਆਪਣੇ ਕੁਹਾੜੇ ਵਿਚ ਸਾਡੇ ਦਸਤੇ ਪਾਉਣ ਦੀ ਹੁੰਦੀ ਹੈ, ਇਸ ਲਈ ਖਾਲਸਾ ਪੰਥ ਨਾਲ ਸੰਬੰਧਤ ਸਿਆਸਤਦਾਨ ਦੁਸਮਣ ਜਮਾਤਾਂ ਦੇ ਕੁਹਾੜੇ ਦੇ ਦਸਤੇ ਬਣਕੇ ਆਪਣੀਆ ਹੀ ਟਾਹਣੀਆ ਤੇ ਸਖਾਵਾਂ ਨੂੰ ਛਾਂਗਣ ਦੇ ਭਾਗੀ ਬਿਲਕੁਲ ਨਾ ਬਣਨ । ਜਿੰਨੀ ਜਲਦੀ ਹੋ ਸਕੇ ਸਭ ਸਿੱਖ ਸਿਆਸਤਦਾਨ ਆਪਣੇ ਮਾਲੀ, ਪਰਿਵਾਰਿਕ ਅਤੇ ਸਿਆਸੀ ਸਵਾਰਥਾਂ ਤੋ ਉਪਰ ਉੱਠਕੇ ਸਮੁੱਚੇ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੀ ਬਿਹਤਰੀ ਲਈ ਸਮੂਹਿਕ ਰੂਪ ਵਿਚ ਅਮਲ ਕਰ ਸਕਣ ਤਾਂ ਅਜਿਹਾ ਉਦਮ ਬੀਤੇ ਸਮੇ ਦੇ ਜ਼ਬਰ ਜੁਲਮਾਂ ਅਤੇ ਬੇਇਨਸਾਫ਼ੀਆਂ ਲਈ ਇਨਸਾਫ ਦਿਵਾਉਣ ਵਿਚ ਮੋਹਰੀ ਭੂਮਿਕਾ ਨਿਭਾਏਗਾ ਅਤੇ ਅਸੀ ਜਲਦੀ ਹੀ ਆਪਣੀ ਆਜਾਦੀ ਦੀ ਕੌਮੀ ਮੰਜਿਲ ਨੂੰ ਪ੍ਰਾਪਤ ਕਰ ਸਕਾਂਗੇ ।