ਸੁਖਬੀਰ ਸਿੰਘ ਬਾਦਲ ਦੀ ਲੱਤ ਤੇ ਸੱਟ ਲੱਗਣ ਤੇ ਅਫਸੋਸ, ਵਾਹਿਗੁਰੂ ਉਨ੍ਹਾਂ ਨੂੰ ਤੰਦਰੁਸਤੀ ਬਖਸਣ : ਮਾਨ
ਫ਼ਤਹਿਗੜ੍ਹ ਸਾਹਿਬ, 14 ਨਵੰਬਰ ( ) “ਬੀਤੇ ਕੁਝ ਦਿਨ ਪਹਿਲੇ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਦੇ ਹੋਏ ਜੋ ਕੁਰਸੀ ਦੀ ਲੱਤ ਟੁੱਟਣ ਕਾਰਨ ਡਿੱਗ ਕੇ ਪੈਰ ਤੇ ਸੱਟ ਲੱਗੀ ਹੈ ਅਤੇ ਜਿਸ ਲਈ ਡਾਕਟਰਜ ਨੂੰ ਪਲੱਸਤਰ ਲਗਾਉਣਾ ਪਿਆ, ਉਸਦਾ ਸਾਨੂੰ ਜਿਥੇ ਅਫਸੋਸ ਹੈ, ਉਥੇ ਅਸੀਂ ਉਨ੍ਹਾਂ ਦੀ ਅੱਛੀ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ । ਇੰਝ ਜਾਪਦਾ ਹੈ ਕਿ ਸਰੀਰ ਦਾ ਵਜਨ ਜਿਆਦਾ ਹੋਣ ਕਾਰਨ ਸੰਤੁਲਨ ਵਿਗੜਨ ਦੀ ਬਦੌਲਤ ਅਜਿਹਾ ਹੋਇਆ ਹੈ । ਉਨ੍ਹਾਂ ਉਤੇ ਸਿਆਸੀ ਤੇ ਸਰੀਰਕ ਬੋਝ ਵੱਧ ਜਾਣ ਕਾਰਨ ਹੀ ਇਹ ਸੱਟ ਲੱਗੀ ਹੈ । ਕਿਉਂਕਿ ਉਨ੍ਹਾਂ ਦੇ ਆਪਣੇ ਘੋੜਿਆ ਦੇ ਸਟੱਡ ਫਾਰਮ ਹਨ । ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਰੋਜਾਨਾ ਘੋੜਸਵਾਰੀ ਕਰਨ ਜਿਸ ਨਾਲ ਉਨ੍ਹਾਂ ਦੇ ਸਰੀਰ ਦਾ ਵਜਨ ਘੱਟ ਜਾਵੇਗਾ । ਹੁਣੇ ਹੀ ਸ. ਸੁਖਬੀਰ ਸਿੰਘ ਬਾਲੀ (ਇੰਡੋਨੇਸੀਆ) ਮੁਲਕ ਘੁੰਮਕੇ ਆਏ ਹਨ । ਕਿਉਂਕਿ ਇਨ੍ਹਾਂ ਵੱਡੇ ਲੋਕਾਂ ਲਈ ਘੁੰਮਣ ਤੇ ਐਸਪ੍ਰਸਤੀ ਕਰਨ ਲਈ ਅਮਰੀਕਾ ਦਾ ਲਾਸ ਬੇਗਸ, ਸਵੀਟਜਰਲੈਡ ਅਤੇ ਇੰਡੋਨੇਸੀਆ ਦਾ ਬਾਲੀ ਸਥਾਂਨ ਪ੍ਰਮੁੱਖ ਹਨ । ਹੁਣ ਉਨ੍ਹਾਂ ਨੂੰ ਆਪਣੀ ਪਾਰਟੀ ਅਤੇ ਆਪਣੇ ਤੋਂ ਬੀਤੇ ਸਮੇ ਵਿਚ ਹੋਈਆ ਸਿਆਸੀ, ਇਖਲਾਕੀ, ਧਾਰਮਿਕ ਗਲਤੀਆ ਦਾ ਪਸਚਾਤਾਪ ਕਰਦੇ ਹੋਏ ਸੰਜ਼ੀਦਗੀ ਨਾਲ ਪੰਥ ਨੂੰ ਦਰਪੇਸ ਆ ਰਹੇ ਵੱਡੇ ਮਸਲਿਆ ਅਤੇ ਮੁਸਕਿਲਾਂ ਨੂੰ ਸੰਜ਼ੀਦਗੀ ਨਾਲ ਹੱਲ ਕਰਨ ਲਈ, ਮੁਲਕ ਦੀਆਂ ਕੱਟੜਵਾਦੀ ਬੀਜੇਪੀ-ਆਰ.ਐਸ.ਐਸ ਵਰਗੀਆਂ ਜਮਾਤਾਂ ਨੂੰ ਸਦਾ ਲਈ ਅਲਵਿਦਾ ਕਹਿਕੇ ਪੰਥ ਦੇ ਵੇਹੜੇ ਵਿਚ ਆ ਕੇ ਖ਼ਾਲਸਾ ਪੰਥ ਲਈ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਉਹ ਅਕਾਲ ਪੁਰਖ ਵੀ ਇਨ੍ਹਾਂ ਤੋ ਹੋਈਆ ਗੁਸਤਾਖੀਆਂ ਲਈ ਇਨ੍ਹਾਂ ਨੂੰ ਮੁਆਫ ਕਰ ਸਕਣ ਅਤੇ ਇਹ ਵੀ ਆਪਣੀਆ ਭੁੱਲਾ ਤੋ ਸਬਕ ਸਿਖ ਕੇ ਖਾਲਸਾ ਪੰਥ ਨੂੰ ਸਹੀ ਮਾਇਨਿਆ ਵਿਚ ਸਹਿਯੋਗ ਕਰਨ ਵਿਚ ਯੋਗਦਾਨ ਪਾਉਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੁਖਬੀਰ ਸਿੰਘ ਬਾਦਲ ਵੱਲੋ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕ ਕੁਰਸੀ ਤੇ ਬੈਠਣ ਲੱਗਿਆ ਡਿੱਗ ਜਾਣ ਕਾਰਨ ਸੱਟ ਲੱਗਣ ਤੇ ਦੁੱਖ ਜਾਹਰ ਕਰਦੇ ਹੋਏ ਅਤੇ ਉਨ੍ਹਾਂ ਦੀ ਅੱਛੀ ਸਿਹਤਯਾਬੀ, ਪੰਥ ਲਈ ਇਮਾਨਦਾਰੀ ਨਾਲ ਸੇਵਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਝ ਮਹਿਸੂਸ ਹੁੰਦਾ ਹੈ ਕਿ ਜਿਸ ਵੀ ਇਨਸਾਨ ਨੇ ਖ਼ਾਲਸਾ ਪੰਥ ਦੇ ਉੱਚੇ-ਸੁੱਚੇ ਨਿਯਮਾਂ, ਅਸੂਲਾਂ, ਸਿਧਾਤਾਂ ਅਤੇ ਕੌਮ ਨੂੰ ਨਜਰਅੰਦਾਜ ਕਰਕੇ ਕਿਸੇ ਤਰ੍ਹਾਂ ਦਾ ਅਮਲ ਕੀਤਾ ਹੈ, ਤਾਂ ਅਕਾਲ ਪੁਰਖ ਆਪਣੇ ਬਿਰਤਾਤ ਤੇ ਖੇਡ ਰਾਹੀ ਅਜਿਹੇ ਇਨਸਾਨਾਂ ਨੂੰ ਸਮੇ-ਸਮੇ ਤੇ ਸੁਚੇਤ ਵੀ ਕਰਦੇ ਹਨ ਅਤੇ ਆਪਣੇ ਤੋ ਹੋਈਆ ਭੁੱਲਾ ਗੁਸਤਾਖੀਆਂ ਨੂੰ ਮਹਿਸੂਸ ਕਰਦੇ ਹੋਏ ਅੱਗੋ ਲਈ ਇਮਾਨਦਾਰੀ ਰੱਖਣ ਲਈ ਮੌਕਾ ਵੀ ਪ੍ਰਦਾਨ ਕਰਦੇ ਹਨ । ਜੋ ਇਨਸਾਨ ਇਸ ਸੱਚ ਨੂੰ ਪਹਿਚਾਣਕੇ ਆਪਣੀ ਗਲਤੀ ਨੂੰ ਮਹਿਸੂਸ ਕਰਕੇ ਸੱਚ-ਹੱਕ ਅਤੇ ਖਾਲਸਾ ਪੰਥ ਦੇ ਨਾਲ ਖਲੋ ਜਾਂਦੇ ਹਨ, ਉਨ੍ਹਾਂ ਉਤੇ ਆਏ ਦੁੱਖ ਦੇ ਸਮੇ ਟਲ ਜਾਂਦੇ ਹਨ ਅਤੇ ਜੋ ਇਸ ਨੂੰ ਮਹਿਸੂਸ ਨਹੀ ਕਰ ਸਕਦੇ, ਉਨ੍ਹਾਂ ਨੂੰ ਅਕਾਲ ਪੁਰਖ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਸਮੇ-ਸਮੇ ਤੇ ਉਸਦੇ ਨਤੀਜੇ ਭੁਗਤਣੇ ਪੈਦੇ ਹਨ । ਅਸੀ ਇਹ ਵੀ ਮਹਿਸੂਸ ਕਰਦੇ ਹਾਂ ਕਿਉਂਕਿ ਬਾਦਲ ਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਪਾਰਟੀ ਨੇ ਹੁਣ ਤੱਕ ਬਾਹਰਲੇ ਮੁਲਕਾਂ ਅਤੇ ਇੰਡੀਆਂ ਵਿਚ ਜੋ ਬੀਜੇਪੀ-ਆਰ.ਐਸ.ਐਸ ਦੇ ਹੁਕਮਰਾਨਾਂ ਨੇ ਸਿੱਖਾਂ ਦੀਆਂ ਟਾਰਗੇਟ ਕੀਲਿੰਗ ਕੀਤੀਆ ਹਨ, ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ । ਇਨ੍ਹਾਂ ਸਿੱਖ ਕੌਮ ਦੇ ਹਕੂਮਤੀ ਕਤਲੇਆਮ ਨੂੰ ਰੋਕਣ ਲਈ ਅਜੇ ਤੱਕ ਨਾ ਤਾਂ ਕੋਈ ਪਾਲਸੀ ਬਿਆਨ ਦਿੱਤਾ ਹੈ ਅਤੇ ਨਾ ਹੀ ਇਸ ਗੰਭੀਰ ਵਿਸੇ ਤੇ ਇਨ੍ਹਾਂ ਵੱਲੋ ਕੋਈ ਸਹੀ ਦਿਸ਼ਾ ਵੱਲ ਅਮਲ ਕੀਤਾ ਗਿਆ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ ਦੀਆਂ ਬੀਤੇ 14 ਸਾਲਾਂ ਤੋ ਜਰਨਲ ਚੋਣ ਹੀ ਨਹੀ ਕਰਵਾਈ ਜਾ ਰਹੀ ਅਤੇ ਨਾ ਹੀ ਇਹ ਬਾਦਲ ਦਲ ਦੇ ਆਗੂ ਇਹ ਚੋਣ ਕਰਵਾਉਣ ਲਈ ਸੁਹਿਰਦ ਯਤਨ ਕਰ ਰਹੇ ਹਨ । ਜਿਸ ਲਈ ਪੰਥ ਨੂੰ ਜੁਆਬਦੇਹ ਹਨ । ਦੂਸਰਾ ਬਰਨਾਲਾ ਜਿਮਨੀ ਚੋਣ ਵਿਚ ਬਾਦਲ ਦਲ ਦੀ ਪਾਰਟੀ ਨਾਲ ਸੰਬੰਧਤ ਇਕ ਐਸ.ਪੀ ਰੈਕ ਦਾ ਪੁਲਿਸ ਅਫਸਰ ਲੋਕਾਂ ਨੂੰ ਫੋਨ ਕਰਕੇ ਸ. ਗੁਰਦੀਪ ਸਿੰਘ ਬਾਠ ਜੋ ਕਿ ਆਜਾਦ ਉਮੀਦਵਾਰ ਵੱਜੋ ਖੜ੍ਹਾ ਹੈ, ਉਸ ਨੂੰ ਵੋਟਾਂ ਪਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋ ਕਰਦਾ ਨਜਰ ਆ ਰਿਹਾ ਹੈ । ਇਸ ਵਿਸੇ ‘ਤੇ ਚੋਣ ਕਮਿਸਨ ਇੰਡੀਆ, ਮੁੱਖ ਚੋਣ ਅਫਸਰ ਪੰਜਾਬ, ਸੈਟਰ ਤੇ ਪੰਜਾਬ ਦੋਵੇ ਸਰਕਾਰਾਂ ਨੂੰ ਕਾਨੂੰਨੀ ਦਿਸ਼ਾ ਨਿਰਦੇਸ ਅਨੁਸਾਰ ਉਸ ਦੋਸ਼ੀ ਪੁਲਿਸ ਐਸ.ਪੀ. ਵਿਰੁੱਧ ਅਮਲ ਕਰਨੇ ਬਣਦੇ ਹਨ । ਜੋ ਸਰਕਾਰੀ ਵਰਦੀ ਪਹਿਨਕੇ ਵੋਟਰਾਂ ਨੂੰ ਗੁੰਮਰਾਹ ਕਰ ਰਿਹਾ ਹੈ । ਜਦੋਕਿ ਸ. ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਾਰਟੀ ਚੋਣ ਹੀ ਨਹੀ ਲੜ ਰਹੀ ਤਾਂ ਪੰਥ ਦੀਆਂ ਵੋਟਾਂ ਦੁਸ਼ਮਣ ਜਮਾਤਾਂ ਨੂੰ ਦੇਣ ਦੀ ਗੱਲ ਕਰਨਾ ਤਾਂ ਪੰਥ ਨਾਲ ਧ੍ਰੋਹ ਕਮਾਉਣ ਵਾਲੇ ਦੁੱਖਦਾਇਕ ਅਮਲ ਹਨ । ਜੇਕਰ ਇਸ ਅਮਲ ਨੂੰ ਰੋਕਿਆ ਨਾ ਗਿਆ ਤਾਂ ਪੰਥ ਦੀਆਂ ਵੋਟਾਂ ਸਦਾ ਲਈ ਦੁਸਮਣ ਜਮਾਤਾਂ ਦੇ ਖੇਮੇ ਵਿਚ ਜੁੜ ਜਾਣਗੀਆ ਜਿਸ ਨਾਲ ਬਾਦਲ ਦਲ ਦੇ ਆਗੂ ਹੋਰ ਵੀ ਵਡੇਰੇ ਉਸ ਅਕਾਲ ਪੁਰਖ ਦੇ ਦੋਸ਼ੀ ਤੇ ਭਾਗੀ ਬਣ ਜਾਣਗੇ । ਇਸ ਲਈ ਅਜਿਹਾ ਪੰਥ ਵਿਰੋਧੀ ਅਮਲ ਕਰਨ ਦੀ ਬਜਾਇ ਜੇਕਰ ਉਹ ਆਪਣੇ ਬੰਦਿਆ ਨੂੰ ਪੰਥ ਦੀਆਂ ਵੋਟਾਂ ਪੰਥ ਨੂੰ ਦੇਣ ਲਈ ਸੰਦੇਸ ਦੇਣ, ਫਿਰ ਹੀ ਉਹ ਅਕਾਲ ਪੁਰਖ ਦੀ ਅਦਾਲਤ ਦੀ ਸਜ਼ਾ ਤੋ ਸੁਰੂਖਰ ਹੋ ਸਕਣਗੇ । ਵਰਨਾ ਪਹਿਲੇ ਨਾਲੋ ਵੀ ਵੱਡੇ ਭਾਗੀ ਬਣ ਜਾਣਗੇ ।
ਸ. ਮਾਨ ਨੇ ਆਪਣੇ ਵਿਚਾਰਾਂ ਨੂੰ ਸੰਕੋਚਦੇ ਹੋਏ ਬੀਤੇ ਸਿੱਖ ਇਤਿਹਾਸ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਜੇਕਰ ਇਨ੍ਹਾਂ ਨੇ ਆਪਣੀਆ ਗੁਸਤਾਖੀਆਂ ਤੇ ਭੁੱਲਾ ਤੋ ਸਬਕ ਨਾ ਸਿੱਖਿਆ ਤਾਂ ਜਿਵੇ ਦਸਵੇ ਪਾਤਸਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗਰਮ ਉਬਲਦੇ ਕੜਾਹਿਆ ਵਿਚ ‘ਮਸੰਦਾਂ’ ਨੂੰ ਸਾੜਿਆ ਸੀ ਅਤੇ ਫਿਰ ਅਜਿਹੇ ਲੋਕ ਖਾਲਸਾ ਪੰਥ ਦੇ ਮਸੰਦ ਹੀ ਕਹਿਲਾਉਣਗੇ ਜਿਨ੍ਹਾਂ ਨੂੰ ਖਾਲਸਾ ਪੰਥ ਆਪਣੇ ਇਤਿਹਾਸਿਕ ਸੱਚਾਈਆ ਅਨੁਸਾਰ ਹੀ ਸਿੰਝਣ ਲਈ ਮਜਬੂਰ ਹੋਵੇਗਾ । ਬਿਹਤਰ ਇਹੀ ਹੈ ਕਿ ਇਹ ਆਪਣੀਆ ਗੁਸਤਾਖੀਆਂ ਤੇ ਭੁੱਲਾ ਨੂੰ ਆਪਣੀ ਅੰਤਰ ਆਤਮਾ ਤੋ ਪ੍ਰਵਾਨ ਕਰਕੇ ਖਾਲਸਾ ਪੰਥ ਨੂੰ ਇਮਾਨਦਾਰੀ ਨਾਲ ਸਹਿਯੋਗ ਕਰਨ ਅਤੇ ਦੁਸਮਣ ਜਮਾਤਾਂ ਨਾਲ ਸਾਠ-ਗਾਠ ਕਰਨ ਦੇ ਦੁੱਖਦਾਇਕ ਅਮਲਾਂ ਤੋ ਸਦਾ ਲਈ ਤੋਬਾ ਕਰਨ ।