ਆਮ ਆਦਮੀ ਪਾਰਟੀ ਨੇ ਜੋ ਰਾਜ ਸਭਾ ਲਈ ਨੁਮਾਇੰਦੇ ਭੇਜੇ ਹਨ, ਕੀ ਇਹ ਉਥੇ ਜਾ ਕੇ ਪੰਜਾਬ ਦੇ ਮਸਲਿਆਂ ਬੇਅਦਬੀ, 328 ਪਾਵਨ ਸਰੂਪਾਂ ਦੀ ਗੱਲ ਕਰਨਗੇ ? : ਮਾਨ

ਚੰਡੀਗੜ੍ਹ, 22 ਮਾਰਚ ( ) “ਜਿਨ੍ਹਾਂ ਨੂੰ ਪੰਜਾਬ ਨਿਵਾਸੀਆਂ ਤੇ ਸੂਬੇ ਨਾਲ ਲੰਮੇ ਸਮੇਂ ਤੋਂ ਹੋ ਰਹੀਆ ਜਿਆਦਤੀਆ, ਬੇਇਨਸਾਫ਼ੀਆਂ ਬਾਰੇ ਜਾਣਕਾਰੀ ਹੀ ਨਹੀਂ, ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਰਾਜ ਸਭਾ ਵਿਚ ਭੇਜਕੇ ਕੀ ਇਹ ਪੰਜਾਬ ਦੇ ਦਰਪੇਸ਼ ਮਸਲਿਆ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, 328 ਪਾਵਨ ਸਰੂਪਾਂ, ਸ਼ਹੀਦ ਕੀਤੇ ਨੌਜ਼ਵਾਨਾਂ ਦੇ ਗੰਭੀਰ ਮਸਲਿਆ ਨੂੰ ਹੱਲ ਕਰਵਾ ਸਕਣਗੇ? ਦੂਸਰਾ ਪੰਜਾਬ ਦੇ ਕੀਮਤੀ ਪਾਣੀਆਂ, ਪੈਦਾ ਹੋਣ ਵਾਲੀ ਪੰਜਾਬ ਦੀ ਬਿਜਲੀ, ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਵਿਚ ਸਾਮਿਲ ਕਰਵਾਉਣ, ਚੰਡੀਗੜ੍ਹ ਰਾਜਧਾਨੀ ਆਦਿ ਮਸਲਿਆ ਪ੍ਰਤੀ ਕੀ ਪਹੁੰਚ ਅਪਣਾਉਣਗੇ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਤਰਫੋ ਰਾਜ ਸਭਾ ਜੋ ਕੌਸਲ ਆਫ਼ ਸਟੇਟਸ ਹੈ ਅਤੇ ਜੋ ਅਮਰੀਕਾ ਦੀ ਸੈਨੇਟ ਦੀ ਨਕਲ ਕਰਕੇ ਬਣਾਈ ਗਈ ਹੈ, ਜਿਸ ਵਿਚ ਸੂਬੇ ਦੀ ਨੁਮਾਇੰਦਗੀ ਕਰਨ ਵਾਲੀਆ ਦ੍ਰਿੜ ਸਖਸ਼ੀਅਤਾਂ ਨੂੰ ਭੇਜਿਆ ਜਾਂਦਾ ਹੈ, ਉਸ ਵਿਚ 5 ਭੇਜੇ ਗਏ ਗੈਰ-ਸਿਆਸਤਦਾਨ, ਗੈਰ-ਤੁਜਰਬੇਕਾਰ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਝਣ ਤੋਂ ਕੋਹਾ ਦੂਰ ਸੋਚ ਰੱਖਣ ਵਾਲੇ ਮੈਬਰਾਂ ਦੀ ਕੀਤੀ ਗਈ ਨਿਯੁਕਤੀ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਰਾਘਵ ਚੱਢਾ ਜੋ ਦਿੱਲੀ ਤੋ ਐਮ.ਐਲ.ਏ ਹੈ ਅਤੇ ਜਿਸਨੂੰ ਪੰਜਾਬੀ ਬੋਲਣੀ ਵੀ ਨਹੀ ਆਉਦੀ ਜਿਸਦਾ ਪੰਜਾਬ ਤੇ ਪੰਜਾਬੀਆ ਨਾਲ ਕੋਈ ਵਾਸਤਾ ਨਹੀਂ, ਸੰਦੀਪ ਪਾਠਕ ਜੋ ਉਸ ਸੂਬੇ ਛੱਤੀਸਗੜ੍ਹ ਦਾ ਹੈ ਜਿਥੇ ਸੈਟਰ ਸਰਕਾਰ ਨੇ ਆਦਿਵਾਸੀਆ ਉਤੇ ਜ਼ਬਰ-ਜੁਲਮ ਕੀਤੇ ਹਨ ਅਤੇ ਨਾਗਪੁਰ ਦੇ ਨਜਦੀਕ ਦੀਆਂ 20 ਬੀਬੀਆਂ ਨੂੰ ਫੋਰਸਾਂ ਨੇ ਮਾਰਿਆ ਸੀ, ਸੰਜੀਵ ਅਰੋੜਾ ਜੋ ਬੀਜੇਪੀ ਨਾਲ ਸੰਬੰਧਤ ਹੈ ਅਤੇ ਜਿਸਨੇ ਕੇ.ਪੀ.ਐਸ. ਗਿੱਲ ਵਰਗੇ ਕਾਤਲ ਪੁਲਿਸ ਅਫਸਰ ਨੂੰ ਸਨਮਾਨਿਆ ਸੀ, ਉਸਨੂੰ ਉਹ ਵਧਾਈ ਦਿੰਦਾ ਰਿਹਾ ਹੈ, ਅਸੋਕ ਮਿੱਤਲ ਜਿਸਦਾ ਬੀਤੇ ਸਮੇਂ ਵਿਚ ਪੰਜਾਬ ਦੇ ਮਸਲਿਆ ਸੰਬੰਧੀ ਕਦੀ ਨਾਮ ਨਹੀਂ ਆਇਆ ਉਹ ਪੰਜਾਬ ਦੇ ਮਸਲਿਆ ਨੂੰ ਕੀ ਹੱਲ ਕਰਵਾਉਣਗੇ, ਸ. ਹਰਭਜਨ ਸਿੰਘ ਠੀਕ ਹੈ ਉਹ ਪੰਜਾਬੀ ਖਿਡਾਰੀ ਹਨ, ਪਰ ਉਹ ਤਾਂ ਸਿੱਖੀ ਸਰੂਪ ਵਿਚ ਵੀ ਪੂਰਾ ਨਹੀਂ, ਉਹ ਟੋਪੀਆ ਪਾਉਣ ਵਾਲੇ ਪੰਜਾਬੀਆਂ ਤੇ ਸਿੱਖਾਂ ਦੀ ਨੁਮਾਇੰਦਗੀ ਕੀ ਕਰਨਗੇ ? ਉਨ੍ਹਾਂ ਕਿਹਾ ਕਿ 92 ਸੀਟਾਂ ਉਤੇ ਜੋ ਸਿੱਖਾਂ ਨੇ ਇਨ੍ਹਾਂ ਨੂੰ ਜਿੱਤ ਦਿਵਾਈ ਹੈ, ਉਨ੍ਹਾਂ ਸਿੱਖਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਪ੍ਰਸ਼ਨ ਕੀਤਾ ਕਿ ਇਹ ਪੰਜਾਬ ਤੇ ਸਿੱਖ ਕੌਮ ਦੀ ਸਹੀ ਪਹੁੰਚ ਅਪਣਾਕੇ ਗੱਲ ਕਰ ਸਕਣਗੇ ? ਫਿਰ ਅਸੀਂ ਸਾਰੇ ਸਿੱਖ ਇਸ ਗੱਲ ਦਾ ਫਖ਼ਰ ਕਰਦੇ ਹਾਂ ਕਿ 98% ਕੁਰਬਾਨੀਆਂ ਕਰਕੇ ਅੰਗਰੇਜ਼ਾਂ ਤੋਂ ਆਜਾਦੀ ਦਿਵਾਈ । ਲੇਕਿਨ ਅਸੀ ਅੱਜ ਆਜਾਦੀ ਦਿਵਾਉਣ ਵਾਲੇ ਇੰਡੀਆ ਵਿਚ ਹਿੰਦੂਤਵ ਦੇ ਗੁਲਾਮ ਹਾਂ ਅਤੇ ਪਾਕਿਸਤਾਨ ਵਿਚ ਮੁਸਲਿਮ ਕੌਮ ਦੇ ਗੁਲਾਮ ਹਾਂ । ਅਸੀਂ ਸਿੱਖ ਕੌਮ ਵੈਸੇ ਤਾਂ ਕਿਸਮਤ ਵਾਲੀਆ ਗੱਲਾਂ ਵਿਚ ਵਿਸਵਾਸ ਨਹੀਂ ਕਰਦੇ, ਪਰ ਸਮੇਂ-ਸਮੇਂ ਤੇ ਸਿੱਖਾਂ ਵੱਲੋਂ ਠੀਕ ਫੈਸਲੇ ਨਾ ਲੈਣ ਦੀ ਬਦੌਲਤ ਸਿੱਖਾਂ ਦੀ ਕਿਸਮਤ ਵਿਚ ਇਹੀ ਕੁਝ ਲਿਖਿਆ ਹੈ । ਕਿਉਂਕਿ ਜਿਸ ਟਹਿਣੀ ਉਤੇ ਬੈਠਦੇ ਹਾਂ ਅਸੀਂ ਉਸੇ ਨੂੰ ਵੱਢਣ-ਕੱਟਣ ਵਿਚ ਲੱਗੇ ਹੋਏ ਹਾਂ । ਫਿਰ ਅਜਿਹੇ ਹਾਲਾਤਾਂ ਵਿਚ ਸਿੱਖ ਕੌਮ ਕਿਵੇ ਨਿਕਲੇਗੀ ? 

ਜੇਕਰ ਸਿੱਖ ਕੌਮ ਵੱਲੋਂ ਵੋਟਾਂ ਸਮੇਂ ਕੀਤੇ ਗਏ ਗਲਤ ਫੈਸਲਿਆ ਦੀ ਬਦੌਲਤ ਪੈਦਾ ਹੋਏ ਹਾਲਾਤਾਂ ਦੀ ਪੜਚੋਲ ਕੀਤੀ ਜਾਵੇ ਤਾਂ ਸਿੱਖਾਂ ਕੋਲ ਦੋ ਹੀ ਰਾਹ ਰਹਿ ਗਏ ਹਨ ਜਿਵੇ ਟਕਸਾਲ ਦੇ ਬਾਬਾ ਧੂੰਮਾ ਜੀ, ਸੰਤ ਸਮਾਜ ਬੀਜੇਪੀ ਨਾਲ ਚੱਲਦੇ ਹਨ ਉਹ ਦਿੱਲੀ ਜਾ ਕੇ ਜੈ ਸ੍ਰੀ ਰਾਮ ਕਿਹਾ ਕਰਨਗੇ ਅਤੇ ਜਿਹੜੇ ਉਨ੍ਹਾਂ ਦੀ ਬੀ ਟੀਮ ਆਮ ਆਦਮੀ ਪਾਰਟੀ ਤੇ ਕਾਂਗਰਸ ਨਾਲ ਚੱਲਦੇ ਹਨ ਉਹ ਦਿੱਲੀ ਜਾ ਕੇ ਜੈ ਹਿੰਦ ਕਿਹਾ ਕਰਨਗੇ । ਅਜਿਹੇ ਸਿੱਖ ਜਾਂ ਉਪਰੋਕਤ ਪਾਰਟੀਆਂ ਵੱਲੋ ਅਸੈਬਲੀ ਤੇ ਪਾਰਲੀਮੈਂਟ ਵਿਚ ਭੇਜੇ ਨੁਮਾਇੰਦੇ ਸਿੱਖ ਕੌਮ ਤੇ ਪੰਜਾਬ ਪ੍ਰਤੀ ਨਿਡਰਤਾ ਤੇ ਨਿਰਪੱਖਤਾ ਨਾਲ ਗੱਲ ਕਿਵੇਂ ਕਰ ਸਕਣਗੇ ? ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਜਦੋ ਫੈਸਲੇ ਦੀ ਘੜੀ ਆਉਦੀ ਹੈ ਤਾਂ ਸਾਡੀ ਕੌਮ ਦੀ ਅਕਲ ਗਿੱਟਿਆ ਵਿਚ ਚਲੀ ਜਾਂਦੀ ਹੈ, ਹੁਣ ਤਾਂ ਗੁਰੂ ਸਾਹਿਬ ਹੀ ਕੋਈ ਕਿਰਪਾ ਕਰਨਗੇ ਕਿ ਇਹ ਅਕਲ ਉਨ੍ਹਾਂ ਦੇ ਦਿਮਾਗ ਵਿਚ ਆਵੇ ਤੇ ਅਸੀਂ ਗੁਲਾਮੀਅਤ ਤੋ ਛੁਟਕਾਰਾ ਪਾ ਸਕੀਏ ।

Leave a Reply

Your email address will not be published. Required fields are marked *