ਸ੍ਰੀ ਮੋਦੀ ਅਤੇ ਸਿੱਖ ਕੌਮ ਦੇ ਕਾਤਲ ਸਿਆਸਤਦਾਨਾਂ ਨੂੰ ਆਪਣੀ ਸਿੱਖਾਂ ਨੂੰ ਮਾਰਨ ਦੀ ਪਾਲਸੀ ਨੂੰ ਬਦਲਣ ਲਈ ਹੁਣ ਮਜਬੂਰ ਹੋਣਾ ਪੈ ਰਿਹਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 14 ਅਕਤੂਬਰ ( ) “ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ, ਉਸ ਸਿੱਖਾਂ ਨੂੰ ਮਾਰਨ ਦੀ ਪਾਲਸੀ ਨੂੰ ਇਹ ਸਭ ਹੁਕਮਰਾਨ ਪਹਿਲੇ ਵਿਦੇਸ਼ੀ ਦੌਰਿਆਂ ਸਮੇ ਜਨਤਕ ਕਰਦੇ ਸਨ, ਪਰ ਜਦੋ ਤੋ ਅਮਰੀਕਾ, ਕੈਨੇਡਾ ਵਰਗੇ ਵੱਡੇ ਮੁਲਕਾਂ ਨੇ ਆਪਣੇ ਮੁਲਕ ਵਿਚ ਵੱਸਣ ਵਾਲੇ ਸਿੱਖਾਂ ਦੇ ਹੋਏ ਕਤਲਾਂ ਸੰਬੰਧੀ ਇਨ੍ਹਾਂ ਨੂੰ ਸੰਮਨ ਜਾਰੀ ਕੀਤੇ ਹਨ ਅਤੇ ਕੌਮਾਂਤਰੀ ਪੱਧਰ ਤੇ ਇਸ ਹੋਏ ਸਿੱਖ ਕਤਲੇਆਮ ਦੀ ਵੱਡੀ ਬਦਨਾਮੀ ਹੋ ਰਹੀ ਹੈ, ਹੁਣ ਇਨ੍ਹਾਂ ਕਾਤਲਾਂ ਨੇ ਆਪਣੀ ਸਿੱਖਾਂ ਪ੍ਰਤੀ ਇਸ ਪਾਲਸੀ ਨੂੰ ਬਦਲਣ ਲਈ ਇਸ ਲਈ ਮਜਬੂਰ ਹੋਏ ਹਨ । ਕਿਉਂਕਿ ਪਹਿਲੇ ਮਰਹੂਮ ਇੰਦਰਾ ਗਾਂਧੀ ਸਮੇ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਜਦੋ ਨਿਸਾਨਾਂ ਬਣਾਇਆ ਜਾਂਦਾ ਸੀ ਤਾਂ ਉਹ ਬਾਹਰਲੇ ਮੁਲਕਾਂ ਵਿਚ ਚਲੇ ਜਾਂਦੇ ਸਨ । ਲੇਕਿਨ ਮੋਦੀ ਹਕੂਮਤ ਨੇ ਆਪਣੀ ਪਾਲਸੀ ਬਦਲਕੇ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਬਾਹਰਲੇ ਮੁਲਕਾਂ ਅਤੇ ਇੰਡੀਆ ਵਿਚ ਮਾਰਨਾਂ ਸੁਰੂ ਕਰ ਦਿੱਤਾ ਸੀ । ਜਿਸ ਨਾਲ ਸਮੁੱਚੇ ਸੰਸਾਰ ਵਿਚ ਸਿੱਖਾਂ ਪ੍ਰਤੀ ਪੂਰਨ ਹਮਦਰਦੀ ਅਤੇ ਹਿੰਦੂਤਵ ਹੁਕਮਰਾਨਾਂ ਦੇ ਕਾਤਲ ਚੇਹਰਿਆ ਪ੍ਰਤੀ ਨਫਰਤ ਉਤਪੰਨ ਹੋ ਚੁੱਕੀ ਸੀ । ਜਿਹੜੇ ਕਾਨੂੰਨ ਅਤੇ ਮਨੁੱਖਤਾ ਦੇ ਵਫਾਦਾਰ ਅਫਸਰ ਹੁੰਦੇ ਹਨ, ਉਹ ਕਦੀ ਵੀ ਹਕੂਮਤਾਂ ਦੇ ਗੈਰ ਕਾਨੂੰਨੀ ਅਤੇ ਅਣਮਨੁੱਖੀ ਹੁਕਮਾਂ ਨੂੰ ਪ੍ਰਵਾਨ ਨਾ ਕਰਕੇ ਕਾਨੂੰਨ ਅਨੁਸਾਰ ਕੰਮ ਕਰਦੇ ਹਨ । ਜਿਵੇਕਿ ਮੈ ਵੀ ਜਦੋ ਪੁਲਿਸ ਵਿਚ ਅਫਸਰ ਸੀ ਤਾਂ ਮੈ ਮਰਹੂਮ ਇੰਦਰਾ ਗਾਂਧੀ ਹਕੂਮਤ ਨੂੰ ਇਹ ਸੁਝਾਅ ਦਿੱਤਾ ਸੀ ਕਿ ਉਹ ਇਸ ਤਰ੍ਹਾਂ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਮਾਰ ਮੁਕਾਉਣ ਦੇ ਮਨੁੱਖਤਾ ਵਿਰੋਧੀ ਅਮਲ ਬੰਦ ਕਰਕੇ ਉਨ੍ਹਾਂ ਨਾਲ ਟੇਬਲ ਤੇ ਬੈਠਕੇ ਗੱਲ ਕਰਨ ਅਤੇ ਉਨ੍ਹਾਂ ਦੇ ਜਾਇਜ ਮਸਲਿਆ ਨੂੰ ਸੰਜੀਦਗੀ ਨਾਲ ਹੱਲ ਕੀਤਾ ਜਾਵੇ । ਪਰ ਮੇਰੇ ਇਸ ਸੁਝਾਅ ਨੂੰ ਪ੍ਰਵਾਨ ਨਾ ਕੀਤਾ ਗਿਆ ਜਿਸਦੇ ਨਤੀਜੇ ਉਸ ਸਮੇ ਵੀ ਗਲਤ ਨਿਕਲੇ ਅਤੇ ਅੱਜ ਵੀ ਗਲਤ ਨਿਕਲ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਰਹੂਮ ਇੰਦਰਾ ਗਾਂਧੀ ਹਕੂਮਤ ਅਤੇ ਅਜੋਕੀ ਹਿੰਦੂਤਵ ਮੋਦੀ ਹਕੂਮਤ ਵੱਲੋ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਮਾਰ ਮੁਕਾਉਣ ਦੇ ਕੀਤੇ ਜਾਂਦੇ ਆ ਰਹੇ ਦੁੱਖਦਾਇਕ ਅਮਲਾਂ ਨੂੰ ਅਣਮਨੁੱਖੀ ਕਰਾਰ ਦਿੰਦੇ ਹੋਏ ਅਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਆਜਾਦੀ ਚਾਹੁੰਣ ਵਾਲੀ ਸਿੱਖ ਕੌਮ ਨਾਲ ਕੌਮਾਂਤਰੀ ਲੀਹਾਂ ਅਨੁਸਾਰ ਗੱਲਬਾਤ ਕਰਕੇ ਇਸ ਗੰਭੀਰ ਮਸਲੇ ਨੂੰ ਹੱਲ ਕਰਨ ਦੀ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਹੁਣ ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ ਦੇ ਅਮਰੀਕਾ ਨੇ ਸੰਮਨ ਜਾਰੀ ਕਰ ਦਿੱਤੇ ਹਨ ਅਤੇ ਦੂਸਰੇ ਪਾਸੇ ਸ੍ਰੀ ਜੈਸੰਕਰ ਵਿਦੇਸ ਵਜੀਰ ਪਾਕਿਸਤਾਨ ਜਾ ਰਿਹਾ ਹੈ, ਤਾਂ ਇਨ੍ਹਾਂ ਗੰਭੀਰ ਮਾਮਲਿਆ ਉਤੇ ਸੰਸਾਰ ਦੇ ਨਿਵਾਸੀਆ ਅਤੇ ਪਾਕਿਸਤਾਨ ਦੀ ਪ੍ਰੈਸ ਨੂੰ ਆਪਣੀ ਸਫਾਈ ਲਈ ਕੀ ਦਲੀਲ ਦੇਣਗੇ ? ਇਸ ਲਈ ਸਾਡਾ ਅੱਜ ਵੀ ਇਹ ਸੁਝਾਅ ਹੈ ਕਿ ਜੇਕਰ ਸਾਡੇ ਦਿੱਤੇ ਸੁਝਾਅ ਅਨੁਸਾਰ ਮਰਹੂਮ ਇੰਦਰਾ ਗਾਂਧੀ ਸਿੱਖ ਕੌਮ ਨਾਲ ਅਣਮਨੁੱਖੀ ਤੇ ਗੈਰ ਕਾਨੂੰਨੀ ਅਮਲ ਕਰਨ ਦੀ ਬਜਾਇ ਗੱਲਬਾਤ ਕਰਕੇ ਇਸ ਮਸਲੇ ਨੂੰ ਹੱਲ ਕਰਦੇ ਤਾਂ ਮਰਹੂਮ ਇੰਦਰਾ ਗਾਂਧੀ ਤੇ ਇੰਡੀਆ ਦੀ ਸਿੱਖ ਕੌਮ ਦੇ ਆਜਾਦੀ ਦੇ ਮੁੱਦੇ ਉਤੇ ਵੱਡੀ ਬਦਨਾਮੀ ਨਾ ਹੁੰਦੀ ਅੱਜ ਵੀ ਜੇਕਰ ਮੌਜੂਦਾ ਹੁਕਮਰਾਨ ਸਿੱਖਾਂ ਨੂੰ ਕਤਲ ਕਰਨ ਦੀ ਪਾਲਸੀ ਨੂੰ ਅਲਵਿਦਾ ਕਹਿਕੇ ਟੇਬਲਟਾਕ ਰਾਹੀ ਸਿੱਖ ਕੌਮ ਨਾਲ ਗੱਲਬਾਤ ਕਰਨ ਦਾ ਮਾਹੌਲ ਪੈਦਾ ਕਰਨਗੇ, ਤਦ ਹੀ ਸੰਸਾਰ ਪੱਧਰ ਤੇ ਇੰਡੀਅਨ ਹੁਕਮਰਾਨਾਂ ਤੇ ਸਿਆਸਤਦਾਨਾਂ ਤੇ ਲੱਗ ਰਹੇ ਕਤਲ ਦੇ ਦੋਸਾਂ ਅਤੇ ਬਦਨਾਮੀ ਤੋ ਬਚ ਸਕਣਗੇ । ਵਰਨਾ ਕੌਮਾਂਤਰੀ ਪੱਧਰ ਦੇ ਕਾਨੂੰਨੀ ਅਤੇ ਮਨੁੱਖੀ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਵਾਲੇ ਮੁਲਕ ਤੇ ਨਿਵਾਸੀ ਸਿੱਖ ਕੌਮ ਦੀ ਆਜਾਦੀ ਦੇ ਸੰਘਰਸ ਨੂੰ ਜਾਇਜ ਠਹਿਰਾਉਦੇ ਹੋਏ ਸਿੱਖ ਕੌਮ ਦੀ ਇਸ ਲਹਿਰ ਵਿਚ ਮਦਦ ਕਰਦੇ ਹੋਏ ਹਰ ਕੀਮਤ ਤੇ ਆਜਾਦੀ ਦੇ ਮਿਸਨ ਦੀ ਪ੍ਰਾਪਤੀ ਕਰਨ ਵਿਚ ਯੋਗਦਾਨ ਪਾਉਣਗੇ ਅਤੇ ਕੋਈ ਵੀ ਵੱਡੀ ਤੋ ਵੱਡੀ ਤਾਕਤ ਜ਼ਬਰ ਜੁਲਮ ਰਾਹੀ ਸਿੱਖ ਕੌਮ ਦੀ ਆਜਾਦੀ ਦੀ ਲਹਿਰ ਨੂੰ ਕੁੱਚਲਣ ਵਿਚ ਕਾਮਯਾਬ ਨਹੀ ਹੋ ਸਕੇਗੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇੰਡੀਅਨ ਹੁਕਮਰਾਨ ਸਿੱਖਾਂ ਨੂੰ ਮਾਰਨ ਦੀ ਪਾਲਸੀ ਨੂੰ ਖਤਮ ਕਰਕੇ ਉਨ੍ਹਾਂ ਦੀਆਂ ਭਾਵਨਾਵਾ ਦੀ ਕਦਰ ਕਰਦੇ ਹੋਏ ਕੌਮਾਂਤਰੀ ਤੇ ਇੰਡੀਅਨ ਕਾਨੂੰਨਾਂ ਰਾਹੀ ਉਨ੍ਹਾਂ ਨੂੰ ਆਜਾਦੀ ਤੇ ਇਨਸਾਫ ਪ੍ਰਦਾਨ ਕਰਨਗੇ ।