ਬੀਬੀਆਂ ਉਤੇ ਜ਼ਬਰ-ਜੁਲਮ ਨੂੰ ਰੋਕਣ ਦੀ ਗੱਲ ਕਰਨ ਤੋ ਪਹਿਲੇ ਸ੍ਰੀ ਮੋਦੀ ਨੂੰ ਇਸ ਵਿਸੇ ਉਤੇ ਆਪਣੇ ਘਰ ਨੂੰ ਸਹੀ ਕਰਨਾ ਚਾਹੀਦਾ ਹੈ : ਮਾਨ
ਇਖਲਾਕੀ ਤੇ ਸਮਾਜਿਕ ਗੁਣਾਂ ਦੀ ਸੁਰੂਆਤ ਆਪਣੇ ਘਰ ਤੋ ਸੁਰੂ ਹੁੰਦੀ ਹੈ, ਸ੍ਰੀ ਮੋਦੀ ਨੂੰ ਸੰਸਕਾਰਿਕ ਗੱਲ ਉਤੇ ਪਹਿਰਾ ਦੇਣਾ ਚਾਹੀਦਾ ਹੈ
ਫ਼ਤਹਿਗੜ੍ਹ ਸਾਹਿਬ, 02 ਸਤੰਬਰ ( ) “ਸ੍ਰੀ ਮੋਦੀ ਵੱਲੋ ਲੰਮੇ ਸਮੇ ਤੋ ਆਪਣੀ ਧਰਮ ਪਤਨੀ ਤੋ ਵੱਖ ਹੋ ਕੇ ਰਿਹਾ ਜਾ ਰਿਹਾ ਹੈ ਜੋ ਇਕ ਵੱਡੀ ਇਖਲਾਕੀ, ਸਮਾਜਿਕ ਘਾਟ ਹੀ ਨਹੀ ਬਲਕਿ ਉਨ੍ਹਾਂ ਦੇ ਇਖਲਾਕ ਉਤੇ ਔਰਤ ਵਰਗ ਨਾਲ ਇਕ ਵੱਡੇ ਜੁਲਮ ਨੂੰ ਵੀ ਪ੍ਰਤੱਖ ਕਰਦੀ ਹੈ । ਕਿਉਂਕਿ ਉਨ੍ਹਾਂ ਦੀ ਧਰਮ ਪਤਨੀ ਲੰਮੇ ਸਮੇ ਤੋ ਇਕੱਲੇਪਣ ਵਿਚ ਦਿਮਾਗੀ ਤੌਰ ਤੇ ਤਸੱਦਦ ਝੱਲ ਰਹੀ ਹੈ । ਉਨ੍ਹਾਂ ਦੀ ਧਰਮ ਪਤਨੀ ਕਿਹੜੇ ਹਾਲਾਤਾਂ ਵਿਚ ਰਹਿ ਰਹੀ ਹੋਵੇਗੀ, ਉਨ੍ਹਾਂ ਦੇ ਜੀਵਨ ਨਿਰਵਾਹ ਦੇ ਕੀ ਸਾਧਨ ਹੋਣਗੇ, ਇਨ੍ਹਾਂ ਇਖਲਾਕੀ ਸਵਾਲਾਂ ਦੇ ਜੁਆਬ ਜਨਤਕ ਤੌਰ ਤੇ ਪੁੱਛਣਾ ਚਾਹਵਾਂਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋ ਔਰਤ ਵਰਗ ਉਤੇ ਜ਼ਬਰ ਜੁਲਮ ਨੂੰ ਰੋਕਣ ਦੀ ਬਿਆਨਬਾਜੀ ਕਰਨ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਆਪਣੀ ਧਰਮ ਪਤਨੀ ਨੂੰ ਬਤੌਰ ਪਤੀ ਦੇ ਸੰਸਕਾਰਿਕ ਸਤਿਕਾਰ ਮਾਣ ਪ੍ਰਦਾਨ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਗਹਿਰਾ ਦੁੱਖ ਜਾਹਰ ਕੀਤਾ ਕਿ ਉਝ ਤਾਂ ਇੰਡੀਆ ਦੀ ਪ੍ਰੈਸ, ਮੀਡੀਆ ਸਮਾਜਿਕ, ਸਿਆਸੀ ਅਤੇ ਹੋਰ ਕਦਰਾਂ ਕੀਮਤਾਂ ਦੀ ਗੰਭੀਰਤਾ ਨਾਲ ਆਵਾਜ ਉਠਾਉਣ ਦੀ ਗੱਲ ਕਰਕੇ ਆਪਣੇ ਫਰਜਾਂ ਦੀ ਪੂਰਤੀ ਕਰਨ ਦੀ ਗੱਲ ਕਰਦੀ ਹੈ । ਪਰ ਜੋ ਜ਼ਬਰ ਜੁਲਮ ਲੰਮੇ ਸਮੇ ਤੋ ਸ੍ਰੀ ਮੋਦੀ ਦੀ ਧਰਮ ਪਤਨੀ ਨਾਲ ਹੋ ਰਿਹਾ ਹੈ ਇਸ ਵਿਸੇ ਉਤੇ ਮੀਡੀਏ ਵੱਲੋ ਚੁੱਪ ਰਹਿਕੇ ਨਿਰਪੱਖਤਾ ਨਾਲ ਆਵਾਜ ਉਠਾਉਣ ਅਤੇ ਉਨ੍ਹਾਂ ਦੀ ਧਰਮ ਪਤਨੀ ਨੂੰ ਇਨਸਾਫ ਦਿਵਾਉਣ ਤੋ ਕੰਨੀ ਕਤਰਾਈ ਜਾ ਰਹੀ ਹੈ, ਉਹ ਅਸਹਿ ਹੈ ।
ਉਨ੍ਹਾਂ ਕਿਹਾ ਕਿ ਅਸੀ ਇਹ ਮਹਿਸੂਸ ਕਰਦੇ ਹਾਂ ਕਿ ਜੋ ਬੀਜੇਪੀ ਆਰ.ਐਸ.ਐਸ ਦੇ ਮੁੱਖੀ ਸ੍ਰੀ ਭਗਵਤ ਹਨ, ਜੋ ਅਕਸਰ ਹੀ ਆਪਣੀਆ ਤਕਰੀਰਾਂ ਤੇ ਲਿਖਤਾਂ ਰਾਹੀ ਧਰਮ, ਸਮਾਜ ਸੰਬੰਧੀ ਸੰਸਕਾਰਿਕ ਗੱਲ ਕਰਦੇ ਹਨ, ਪਰ ਸ੍ਰੀ ਮੋਦੀ ਦੀ ਧਰਮ ਪਤਨੀ ਉਤੇ ਹੋ ਰਹੇ ਜਾਲਮਨਾਂ ਵਿਤਕਰੇ ਤੇ ਦਰਦ ਨੂੰ ਉਨ੍ਹਾਂ ਵੱਲੋ ਅੱਜ ਤੱਕ ਕਿਉ ਨਹੀ ਸਮਝਿਆ ਗਿਆ ? ਉਨ੍ਹਾਂ ਦੀ ਧਰਮ ਪਤਨੀ ਦੀ ਪਰਿਵਾਰਿਕ ਜਿੰਦਗੀ ਦੇ ਸੰਤੁਲਨ ਨੂੰ ਕਾਇਮ ਕਰਨ ਵਿਚ ਕਿਸੇ ਤਰ੍ਹਾਂ ਦੀ ਭੂਮਿਕਾ ਨਾ ਨਿਭਾਉਣਾ ਜਿਥੇ ਅਤਿ ਦੁੱਖਦਾਇਕ ਹੈ, ਉਥੇ ਹੈਰਾਨੀ ਕਰਨ ਵਾਲਾ ਦੁੱਖਦਾਇਕ ਅਮਲ ਹੈ । ਉਹ ਇਕੱਲੇਪਣ ਵਿਚ ਕਿਵੇ ਜਿੰਦਗੀ ਬਤੀਤ ਕਰ ਰਹੇ ਹੋਣਗੇ, ਉਸ ਸੰਬੰਧੀ ਸ੍ਰੀ ਮੋਦੀ ਨੇ ਅੱਜ ਤੱਕ ਮਹਿਸੂਸ ਕਰਕੇ ਬੀਬੀਆਂ ਉਤੇ ਜੁਲਮ ਨੂੰ ਰੋਕਣ ਦੀ ਗੱਲ ਕਰਨ ਤੋ ਪਹਿਲੇ ਉਨ੍ਹਾਂ ਨੂੰ ਸਮਾਜਿਕ ਤੇ ਪਰਿਵਾਰਿਕ ਇਨਸਾਫ ਕਿਉ ਨਹੀ ਦਿੱਤਾ ।
ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਮੋਦੀ ਆਪਣੀ ਅੰਤਰ ਆਤਮਾ ਤੋ ਆਪਣੇ ਨਾਲ ਕਾਨੂੰਨੀ ਤੌਰ ਤੇ ਵਿਆਹੀ ਹੋਈ ਬੀਬੀ ਦੇ ਇਕੱਲੇਪਣ ਦੇ ਦੁੱਖ ਨੂੰ ਮਹਿਸੂਸ ਕਰਦੇ ਹੋਏ ਜਲਦੀ ਹੀ ਸਮੁੱਚੇ ਇੰਡੀਆ ਦੇ ਨਿਵਾਸੀਆ ਨੂੰ ਇਕ ਅੱਛਾ ਸੰਦੇਸ ਦੇਣ ਹਿੱਤ ਆਪਣੀ ਦਿੱਲੀ 7 ਰੇਸ ਕੋਰਸ ਰੋਡ ਵਾਲੇ ਘਰ ਵਿਚ ਲਿਆਉਣ ਲਈ ਨਿਮਰਤਾ ਨਾਲ ਬੇਨਤੀ ਕਰਨਗੇ ਤਾਂ ਕਿ ਉਹ ਵੀ ਪਤਨੀ ਹੋਣ ਦੇ ਸਭ ਸੁੱਖ, ਆਨੰਦ ਤੇ ਸਤਿਕਾਰ ਮਾਣ ਨੂੰ ਪ੍ਰਾਪਤ ਕਰ ਸਕਣ । ਕਿਉਂਕਿ ਸਿੱਖ ਧਰਮ ਵਿਚ ਗ੍ਰਸਥੀ ਜੀਵਨ ਨੂੰ ਗੁਰੂ ਸਾਹਿਬ ਨੇ ਬਹੁਤ ਵੱਡਾ ਮਹੱਤਵ ਦਿੱਤਾ ਹੈ । ਇਸ ਲਈ ਅਸੀ ਉਮੀਦ ਕਰਦੇ ਹਾਂ ਕਿ ਵਜੀਰ ਏ ਆਜਮ ਸ੍ਰੀ ਮੋਦੀ ਆਪਣੀ ਜੀਵਨ ਸੈਲੀ ਵਿਚ ਤਬਦੀਲੀ ਕਰਕੇ ਇਕ ਸਾਦੀਸੁਦਾ ਤੇ ਗ੍ਰਸਥੀ ਜੀਵਨ ਦੀ ਜਿੰਦਗੀ ਬਤੀਤ ਕਰਦੇ ਹੋਏ ਇੰਡੀਆ ਦੇ ਨਿਵਾਸੀਆ ਨੂੰ ਇਕ ਅੱਛਾ ਸੰਦੇਸ ਦੇਣਗੇ ।