ਸ੍ਰੀ ਗੁਲਾਬ ਚੰਦ ਕਟਾਰੀਆ ਦਾ ਪੰਜਾਬ ਦਾ ਗਵਰਨਰ ਨਿਯੁਕਤ ਹੋਣ ਤੇ ਜੀ-ਆਇਆ ਆਖਿਆ ਜਾਂਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 01 ਅਗਸਤ ( ) “ਪੰਜਾਬ ਸੂਬੇ ਦੇ ਨਵੇ ਲਗਾਏ ਗਏ ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆ ਦੇ ਆਉਣ ਤੇ ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨ੍ਹਾਂ ਨੂੰ ਜੀ-ਆਇਆ ਆਖਦਾ ਹੈ, ਉਥੇ ਇਸ ਸਰਹੱਦੀ ਸੂਬੇ ਦੀਆਂ ਅਤਿ ਗੰਭੀਰ ਸਮੱਸਿਆਵਾ ਨੂੰ ਸਹਿਜ ਅਤੇ ਦੂਰਅੰਦੇਸ਼ੀ ਨਾਲ ਆਪਣੇ ਸੈਟਰ ਦੇ ਹੁਕਮਰਾਨਾਂ ਤੋਂ ਸੀਮਤ ਸਮੇ ਵਿਚ ਜੇਕਰ ਹੱਲ ਕਰਵਾਉਣ ਲਈ ਉੱਦਮ ਕਰ ਸਕਣ ਅਤੇ ਇਨ੍ਹਾਂ ਸਮੱਸਿਆਵਾ ਨੂੰ ਹੱਲ ਕਰਕੇ ਪੰਜਾਬ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਸਹੀ ਰੱਖਣ ਵਿਚ ਯੋਗਦਾਨ ਪਾ ਸਕਣ, ਤਾਂ ਉਨ੍ਹਾਂ ਦੀ ਸਖਸੀਅਤ ਲਈ ਕਾਰਗਰ ਸਾਬਤ ਹੋਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਨਵੇ ਨਿਯੁਕਤ ਹੋਏ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋ ਆਪਣੇ ਅਹੁਦੇ ਤੇ ਬਿਰਾਜਮਾਨ ਹੋਣ ਤੇ ਜੀ-ਆਇਆ ਆਖਦੇ ਹੋਏ ਪੰਜਾਬ ਦੀ ਗੰਭੀਰ ਸਥਿਤੀ ਨੂੰ ਵਾਚਣ ਅਤੇ ਸੰਬੰਧਤ ਨਿਵਾਸੀਆ ਦੇ ਗੰਭੀਰ ਮਸਲਿਆ ਨੂੰ ਸਹੀ ਪਹੁੰਚ ਰੱਖਦੇ ਹੋਏ ਸੀਮਤ ਸਮੇ ਵਿਚ ਹੱਲ ਕਰਨ ਦੀ ਉਮੀਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਸਰਹੱਦੀ ਸੂਬੇ ਦੇ ਨਿਵਾਸੀ ਜਿਨ੍ਹਾਂ ਨੇ ਇਸ ਮੁਲਕ ਦੀ ਆਜਾਦੀ ਤੋ ਲੈਕੇ ਅੱਜ ਤੱਕ ਹਰ ਖੇਤਰ ਵਿਚ ਆਪਣੇ ਆਪ ਦੀਆਂ ਜਿੰਦਗਾਨੀਆਂ ਨੂੰ ਜੋਖਮ ਵਿਚ ਪਾ ਕੇ ਰੱਖਿਆ ਵੀ ਕੀਤੀ ਅਤੇ ਇਸਦੀ ਤਰੱਕੀ ਵਿਚ ਨਿੱਘਾਂ ਯੋਗਦਾਨ ਪਾਇਆ । ਆਪਣੀ ਪੰਜਾਬੀ, ਪੰਜਾਬੀਅਤ ਅਤੇ ਕੌਮੀ ਲੀਹਾਂ ਉਤੇ ਪਹਿਰਾ ਦਿੰਦੇ ਹੋਏ ਸਮੁੱਚੀ ਮਨੁੱਖਤਾ ਲਈ ਉੱਦਮ ਕੀਤੇ, ਉਸ ਸੂਬੇ ਤੇ ਉਥੋ ਦੇ ਨਿਵਾਸੀਆਂ ਨੂੰ ਦਰਪੇਸ ਆਉਣ ਵਾਲੀਆ ਮੁਸਕਿਲਾਂ ਨੂੰ ਇਥੇ ਨਿਯੁਕਤ ਹੋਣ ਵਾਲੇ ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆ ਪਾਰਟੀਆਂ ਅਤੇ ਹੁਕਮਰਾਨਾਂ ਦੇ ਰੰਗਾਂ ਤੋ ਉਪਰ ਉੱਠਕੇ ਪੰਜਾਬ ਸੂਬੇ ਤੇ ਪੰਜਾਬੀਆਂ ਦੇ ਮਸਲੇ ਸੁਹਿਰਦਤਾ ਨਾਲ ਹੱਲ ਕਰਨਗੇ ਅਤੇ ਸੰਬੰਧਤ ਸਰਕਾਰ ਨਾਲ ਸਹਿਜ ਢੰਗ ਨਾਲ ਚੱਲਦੇ ਹੋਏ ਪੰਜਾਬੀਆਂ ਦੀ ਬਿਹਤਰੀ ਲਈ ਉੱਦਮ ਕਰਨਗੇ ।
ਉਨ੍ਹਾਂ ਕਿਹਾ ਕਿ ਇਸ ਸੂਬੇ ਦੇ ਪਹਿਲੇ ਗਵਰਨਰ ਸ੍ਰੀ ਪ੍ਰੋਹਿਤ ਜਿੰਨਾਂ ਚਿਰ ਇਥੇ ਰਹੇ, ਉਨ੍ਹਾਂ ਨੇ ਆਪਣੇ ਬੀਜੇਪੀ ਦੇ ਹੁਕਮਰਾਨਾਂ ਦੀਆਂ ਇਛਾਵਾ ਦੀ ਪੂਰਤੀ ਕਰਦੇ ਹੋਏ ਮਾਹੌਲ ਨੂੰ ਟਕਰਾਅ ਵਾਲਾ ਬਣਾ ਰੱਖਿਆ, ਭਾਵੇਕਿ ਉਸ ਵਿਚ ਮੌਜੂਦਾ ਮੁੱਖ ਮੰਤਰੀ ਦਾ ਰਵੱਈਆ ਵੀ ਇਕ ਕਾਰਨ ਸੀ । ਲੇਕਿਨ ਸੂਬੇ ਦੇ ਮੁੱਖ ਮੰਤਰੀ ਦੀ ਰਾਏ ਤੋ ਬਗੈਰ ਸਰਹੱਦਾਂ ਤੇ ਦੌਰੇ ਕਰਨੇ ਜਾਂ ਹੋਰ ਇਥੋ ਦੀ ਕਾਨੂੰਨੀ ਵਿਵਸਥਾਂ ਲਈ ਅਜਾਰੇਦਾਰੀ ਦੀ ਤਰ੍ਹਾਂ ਕੰਮ ਕਰਨਾ ਪੰਜਾਬ ਵਰਗੇ ਸਿੱਖ ਕੌਮ ਨਾਲ ਸੰਬੰਧਤ ਸਰਹੱਦੀ ਸੂਬੇ ਨਾਲ ਕਦੀ ਵੀ ਸਹੀ ਨਹੀ ਬੈਠ ਸਕਦਾ । ਇਸ ਲਈ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੌਜੂਦਾ ਗਵਰਨਰ ਇਥੋ ਦੇ ਹਾਲਾਤਾਂ ਨੂੰ ਸਹਿਜ ਭਰਿਆ ਅਤੇ ਸੁਖਾਵਾਂ ਰੱਖਦੇ ਹੋਏ ਆਪਣੀਆ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣਗੇ । ਸ. ਮਾਨ ਨੇ ਇਸ ਗੱਲ ਤੇ ਵੀ ਗਹਿਰਾ ਦੁੱਖ ਤੇ ਅਫਸੋਸ ਜਾਹਰ ਕੀਤਾ ਕਿ ਜਿਸ ਪੰਜਾਬ ਵਰਗੇ ਸੂਬੇ ਨੂੰ ਇਕ ਸਿੱਖ ਭਾਵਨਾਵਾ ਨੂੰ ਅੱਛੀ ਤਰ੍ਹਾਂ ਸਮਝਣ ਅਤੇ ਮਹਿਸੂਸ ਕਰਨ ਵਾਲੇ ਸਿੱਖ ਗਵਰਨਰ ਦੀ ਅੱਜ ਸਖਤ ਲੋੜ ਸੀ, ਉਸ ਤੋ ਵੀ ਹੁਕਮਰਾਨਾਂ ਨੇ ਵਿਰਵਾ ਕਰ ਦਿੱਤਾ ਗਿਆ ਹੈ । ਜੋ ਕਿ ਸੈਟਰ ਦੇ ਮੁਤੱਸਵੀ ਹੁਕਮਰਾਨਾਂ, ਪੰਜਾਬ ਸੂਬੇ ਤੇ ਪੰਜਾਬੀਆਂ ਦੀਆਂ ਭਾਵਨਾਵਾ ਅਤੇ ਮੁਸਕਿਲਾਂ ਨੂੰ ਹੱਲ ਕਰਨ ਲਈ ਇਕ ਖਿਲਵਾੜ ਹੀ ਹੈ ।