ਅਨੁਰਾਗ ਠਾਕੁਰ ਵਰਗੇ ਮੁਤੱਸਵੀ ਵਜੀਰ ਨੂੰ ਕੁਝ ਨਹੀ ਪਤਾ ਕਿ ਉਹ ਕੀ ਬੋਲ ਰਿਹਾ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ, 31 ਜੁਲਾਈ ( ) “ਸੈਂਟਰ ਵਿਚ ਸ੍ਰੀ ਅਨੁਰਾਗ ਠਾਕੁਰ ਨਾਮ ਦਾ ਵਜੀਰ ਹਮੇਸ਼ਾਂ ਵੱਖ-ਵੱਖ ਕੌਮਾਂ, ਧਰਮਾਂ ਵਿਸੇਸ ਤੌਰ ਤੇ ਘੱਟ ਗਿਣਤੀ ਕੌਮਾਂ ਪ੍ਰਤੀ ਨਫਰਤ ਫੈਲਾਉਣ, ਦੰਗੇ-ਫਸਾਦ ਕਰਵਾਉਣ ਦੀਆਂ ਸਮਾਜ ਵਿਰੋਧੀ ਨੀਤੀਆ ਤੇ ਅਮਲ ਕਰਨ ਵਾਲਾ ਵਜੀਰ ਹੈ । ਜਿਸ ਨੂੰ ਇਹ ਵੀ ਪਤਾ ਨਹੀ ਲੱਗਦਾ ਕਿ ਉਹ ਅਹਿਮ ਅਹੁਦੇ ਤੇ ਬੈਠਕੇ ਕੀ ਕਹਿ ਰਿਹਾ ਹੈ ਅਤੇ ਉਸਦੇ ਨਤੀਜੇ ਕੀ ਨਿਕਲਣਗੇ ? ਜਦੋ ਜਾਮੀਆ ਮੁਸਲਿਮ ਯੂਨੀਵਰਸਿਟੀ ਦਿੱਲੀ ਵਿਖੇ ਵਿਦਿਆਰਥੀਆਂ ਦਾ ਅੰਦੋਲਨ ਚੱਲ ਰਿਹਾ ਸੀ ਤਾਂ ਇਸ ਉਪਰੋਕਤ ਵਜੀਰ ਨੇ ਬਿਆਨ ਦਿੱਤਾ ਸੀ ‘ਦੇਸ਼ ਦੇ ਗਦਾਰੋ ਕੋ, ਗੋਲੀ ਮਾਰੋ ਸਾਲੋ ਕੋ’ । ਇਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਲਾ ਆਪਣੀ ਵਹੁਟੀ ਦੇ ਭਰਾ ਨੂੰ ਕਿਹਾ ਜਾਂਦਾ ਹੈ ਅਤੇ ਇਸਦੇ ਆਪਣੇ ਕਥਨ ਅਨੁਸਾਰ ਆਪਣੀ ਵਹੁਟੀ ਦੇ ਭਰਾਵਾਂ ਨੂੰ ਹੀ ਗ਼ਦਾਰ ਵੀ ਕਹਿ ਰਿਹਾ ਹੈ ਅਤੇ ਉਨ੍ਹਾਂ ਨੂੰ ਗੋਲੀ ਮਾਰਨ ਦੀ ਗੱਲ ਕਰਕੇ ਆਪਣੀ ਅਕਲ ਦਾ ਜਨਾਜ਼ਾਂ ਵੀ ਕੱਢ ਰਿਹਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੇ ਵਜੀਰ ਅਨੁਰਾਗ ਠਾਕੁਰ ਵੱਲੋ ਮੁਤੱਸਵੀ ਅਤੇ ਫਿਰਕੂ ਸੋਚ ਅਧੀਨ ਗੈਰ ਸਮਾਜਿਕ ਅਤੇ ਗੈਰ ਇਨਸਾਨੀਅਤ ਸ਼ਬਦਾਂ ਦੀ ਵਰਤੋ ਕਰਕੇ ਕੀਤੀਆ ਜਾਣ ਵਾਲੀਆ ਨਫਰਤ ਭਰੀ ਬਿਆਨਬਾਜੀ ਅਤੇ ਵੱਖ-ਵੱਖ ਧਰਮਾਂ, ਕੌਮਾਂ ਵਿਚ ਦੰਗੇ-ਫਸਾਦ ਕਰਵਾਉਣ ਦੀਆਂ ਕਾਰਵਾਈਆ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਬਿਆਨਬਾਜੀ ਰਾਹੀ ਆਪਣੀ ਹੀ ਅਕਲ ਦਾ ਜਨਾਜ਼ਾਂ ਕੱਢਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਲੋਕ ਕਿਵੇ ਜਾਤ-ਪਾਤ ਦੀ ਗੱਲ ਨੂੰ ਉਭਾਰਨ ਲਈ ਪਾਰਲੀਮੈਂਟ ਵਿਚ ਵਿਰੋਧੀ ਧਿਰ ਦੇ ਆਗੂ ਸ੍ਰੀ ਰਾਹੁਲ ਗਾਂਧੀ ਨਾਲ ਦਲੀਲ ਨਾਲ ਗੱਲ ਕਰਨ ਦੀ ਬਜਾਇ ਉਸ ਉਤੇ ਜਾਤ-ਪਾਤ ਦੇ ਨਾਮ ਉਤੇ ਗੈਰ ਦਲੀਲ ਢੰਗ ਰਾਹੀ ਅਪਮਾਨਜਨਕ ਅਮਲ ਕਰਨ ਤੋ ਵੀ ਗੁਰੇਜ ਨਹੀ ਕਰਦੇ । ਜਿਸ ਤੋ ਇਨ੍ਹਾਂ ਦੀ ਮੁਤੱਸਵੀ ਸੋਚ ਸਾਫ ਦਿਖਾਈ ਦਿੰਦੀ ਹੈ । ਉਨ੍ਹਾਂ ਕਿਹਾ ਕਿ ਬੀਜੇਪੀ-ਆਰ.ਐਸ.ਐਸ ਵਿਚ ਬੈਠੇ ਅਜਿਹੇ ਲੋਕ ਹਮੇਸ਼ਾਂ ਜਾਤ-ਪਾਤ ਦੀ ਗੱਲ ਨੂੰ ਉਛਾਲਕੇ ਮੁਲਕ ਵਿਚ ਨਫਰਤ ਦੀ ਨੀਤੀ ਦਾ ਪ੍ਰਚਾਰ ਕਰਕੇ ਸਤ੍ਹਾ ਵਿਚ ਬਣੇ ਰਹਿਣ ਨੂੰ ਹੀ ਸਭ ਕੁਝ ਸਮਝਦੇ ਹਨ । ਜਦੋਕਿ ਇਨ੍ਹਾਂ ਨੇ ਆਪਣੇ ਬੀਤੇ ਸਮੇ ਦੇ ਅਤੇ ਅਜੋਕੇ ਸਮੇ ਦੇ ਰਾਜ ਭਾਗ ਦੌਰਾਨ ਵੱਖ-ਵੱਖ ਵਰਗਾਂ, ਕਬੀਲਿਆ, ਪੱਛੜੇ ਵਰਗਾਂ, ਸਮਾਜਿਕ ਦਬਲੇ-ਕੁੱਚਲੇ ਵਰਗਾਂ ਦੇ ਜੀਵਨ ਪੱਧਰ ਨੂੰ ਸਹੀ ਕਰਨ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਕੁਝ ਨਹੀ ਕੀਤਾ । ਬਲਕਿ ਆਪਣੀਆ ਮੁਤੱਸਵੀ ਨੀਤੀਆ ਅਧੀਨ ਉਨ੍ਹਾਂ ਉਤੇ ਜ਼ਬਰ ਹੀ ਢਾਹੁੰਦੇ ਆ ਰਹੇ ਹਨ ਅਤੇ ਉਨ੍ਹਾਂ ਕੌਮਾਂ ਵਿਚ ਡਰ-ਭੈ, ਸਹਿਮ ਪੈਦਾ ਕਰਕੇ ਗੁਰੂ ਨਾਨਕ ਸਾਹਿਬ ਦੇ ਉਨ੍ਹਾਂ ਸ਼ਬਦਾਂ ‘ਮਾਨਿਸੁ ਕੀ ਜਾਤ, ਸਭੈ ਇਕੋ ਪਹਿਚਾਨਬੋ’ ਦੇ ਬਰਾਬਰਤਾ ਵਾਲੇ ਨਿਯਮਾਂ ਅਤੇ ਅਸੂਲਾਂ ਦਾ ਘਾਣ ਕੀਤਾ ਹੈ । ਜਦੋਕਿ ਗੁਰੂ ਨਾਨਕ ਸਾਹਿਬ ਨੇ ਸਦੀਆਂ ਪਹਿਲੇ ਉਪਰੋਕਤ ਸ਼ਬਦ ਉਚਾਰਕੇ ਸਭ ਕੌਮਾਂ, ਧਰਮਾਂ ਦੇ ਵਖਰੇਵਿਆ ਨੂੰ ਹੀ ਖਤਮ ਕੀਤਾ ਸੀ ਅਤੇ ਸਭਨਾਂ ਨੂੰ ਬਰਾਬਰਤਾ ਵਿਚ ਵਿਚਰਣ ਦਾ ਆਦੇਸ ਦਿੱਤਾ ਸੀ । ਜੋ ਹੁਕਮਰਾਨ ਇਸ ਮਨੁੱਖਤਾ ਪੱਖੀ ਸੋਚ ਤੇ ਅਮਲ ਨਹੀ ਕਰ ਰਹੇ ਉਨ੍ਹਾਂ ਨੂੰ ਕੋਈ ਹੱਕ ਨਹੀ ਕਿ ਉਹ ਸਮਾਜ ਵਿਚ ਜਾਤ-ਪਾਤ ਦੇ ਮੁੱਦੇ ਨੂੰ ਉਭਾਰਕੇ ਵੰਡੀਆ ਪਾ ਕੇ ਸਿਆਸਤ ਕਰਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਅਨੁਰਾਗ ਠਾਕੁਰ ਵਰਗੇ ਲੋਕ ਮੁਲਕ ਵਿਚ ਮਾਹੌਲ ਨੂੰ ਗੰਧਲਾ ਕਰਨ ਤੇ ਵਿਸਫੋਟਕ ਬਣਾਉਣ ਤੋ ਬਿਲਕੁਲ ਗੁਰੇਜ ਨਹੀ ਕਰ ਰਹੇ ਜਦੋਕਿ ਹਕੂਮਤ ਧਿਰ ਦਾ ਤਾਂ ਮੁੱਖ ਫਰਜ ਅਮਨ-ਚੈਨ ਤੇ ਜਮਹੂਰੀਅਤ ਨੂੰ ਹਰ ਕੀਮਤ ਤੇ ਕਾਇਮ ਰੱਖਣ ਅਤੇ ਸਭਨਾਂ ਨਿਵਾਸੀਆਂ ਨੂੰ ਬਰਾਬਰਤਾ ਦੇ ਆਧਾਰ ਤੇ ਇਨਸਾਫ ਦੇਣਾ ਹੁੰਦਾ ਹੈ । ਜਿਸ ਉਤੇ ਅਮਲ ਨਾ ਹੋਣਾ ਹੋਰ ਵੀ ਅਤਿ ਦੁੱਖਦਾਇਕ ਹੈ ।