ਸਾਬਕਾ ਪ੍ਰੈਜੀਡੈਟ ਟਰੰਪ ਉਤੇ ਹੋਇਆ ਜਾਨਲੇਵਾ ਹਮਲਾ ਅਤਿ ਨਿੰਦਣਯੋਗ, ਸ੍ਰੀ ਮੋਦੀ ਵੀ ਸਿੱਖਾਂ ਨੂੰ ਮਾਰਨ ਦੀ ਨੀਤੀ ਤੋਂ ਤੋਬਾ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 15 ਜੁਲਾਈ ( ) “ਅਮਰੀਕਾ ਦੇ ਸਾਬਕਾ ਪ੍ਰੈਜੀਡੈਟ ਮਿਸਟਰ ਡੋਨਾਲਡ ਟਰੰਪ ਉਤੇ ਜੋ ਜਾਨਲੇਵਾ ਹਮਲਾ ਹੋਇਆ ਹੈ, ਉਹ ਅਤਿ ਨਿੰਦਣਯੋਗ ਹੈ । ਜਿਸਦਾ ਸ੍ਰੀ ਮੋਦੀ ਨੂੰ ਵੀ ਇਸ ਲਈ ਦੁੱਖ ਲੱਗਾ ਹੈ ਕਿਉਂਕਿ ਸ੍ਰੀ ਟਰੰਪ ਨੇ ਮੋਦੀ ਦੇ ਅਮਰੀਕਾ ਵਿਚ ਬਹੁਤ ਵੱਡੇ-ਵੱਡੇ ਇਕੱਠ ਕਰਵਾਏ ਸਨ । ਜਿਥੇ ਉਨ੍ਹਾਂ ਨੂੰ ਇਸ ਹੋਏ ਹਮਲੇ ਦਾ ਗਹਿਰਾ ਦੁੱਖ ਲੱਗਿਆ ਹੈ, ਉਥੇ ਸ੍ਰੀ ਮੋਦੀ ਨੂੰ ਮਨੁੱਖਤਾ ਦੇ ਬਿਨ੍ਹਾਂ ਤੇ ਚਾਹੀਦਾ ਹੈ ਕਿ ਇੰਡੀਅਨ ਮੁਤੱਸਵੀ ਹੁਕਮਰਾਨਾਂ ਦੀ ਸਿੱਖਾਂ ਨੂੰ ਮਾਰਨ ਦੀ ਬਣਾਈ ਗਈ ਨੀਤੀ ਨੂੰ ਵੀ ਤੁਰੰਤ ਬੰਦ ਕਰਨ ਅਤੇ ਮਨੁੱਖੀ ਕਦਰਾਂ ਕੀਮਤਾਂ ਤੇ ਕੌਮਾਂਤਰੀ ਕਾਨੂੰਨਾਂ ਨਿਯਮਾਂ ਦਾ ਸਤਿਕਾਰ ਕਰਨ । ਕਿਉਂਕਿ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਰੱਖਿਆ ਵਜੀਰ ਰਾਜਨਾਥ ਸਿੰਘ, ਵਿਦੇਸ ਵਜੀਰ ਜੈਸੰਕਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਦੇ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਆਦਿ ਵੱਲੋ ਆਜਾਦੀ ਚਾਹੁੰਣ ਵਾਲੇ ਬਾਹਰਲੇ ਮੁਲਕਾਂ ਵਿਚ ਰਹਿਣ ਵਾਲੇ ਅਤੇ ਇੰਡੀਆ ਵਿਚ ਰਹਿਣ ਵਾਲੇ ਸਿੱਖਾਂ ਨੂੰ ਸਾਂਝੇ ਤੌਰ ਤੇ ਮਾਰਨ ਦੀ ਅਤਿ ਖ਼ਤਰਨਾਕ ਸਾਜਿਸ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ । ਜਿਸ ਅਧੀਨ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਦੇ ਕਤਲ ਕੀਤੇ ਗਏ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਵਿਚ ਸ੍ਰੀ ਡੋਨਾਲਡ ਟਰੰਪ ਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ ਕਰਦੇ ਹੋਏ ਅਤੇ ਸ੍ਰੀ ਟਰੰਪ ਦੇ ਦੋਸਤ ਮੋਦੀ ਨੂੰ ਇਸੇ ਤਰ੍ਹਾਂ ਸਿੱਖਾਂ ਨੂੰ ਮਾਰਨ ਦੀ ਬਣਾਈ ਗਈ ਨੀਤੀ ਨੂੰ ਤੁਰੰਤ ਬੰਦ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਕੈਨੇਡਾ ਦੇ ਵਜੀਰ ਏ ਆਜਮ ਮਿਸਟਰ ਟਰੂਡੋ ਨੇ ਕੈਨੇਡਾ ਪਾਰਲੀਮੈਟ ਵਿਚ ਇਹ ਪ੍ਰਵਾਨ ਕੀਤਾ ਹੈ ਕਿ ਕੈਨੇਡੀਅਨ ਸਿੱਖਾਂ ਨੂੰ ਹਿੰਦੂਤਵ ਮੋਦੀ ਹਕੂਮਤ ਮਾਰਨ ਦੇ ਅਮਲ ਕਰਕੇ ਸਾਡੀ ਪ੍ਰਭੂਸਤਾ ਵਿਚ ਦਖਲਅੰਦਾਜੀ ਕਰ ਰਹੀ ਹੈ ਅਤੇ ਮਾਰੇ ਗਏ ਹਰਦੀਪ ਸਿੰਘ ਨਿੱਝਰ ਦੇ ਲਈ ਪਾਰਲੀਮੈਟ ਵਿਚ 2 ਮਿੰਟ ਦਾ ਮੋਨ ਵੀ ਰੱਖਿਆ ਤਾਂ ਪ੍ਰਤੱਖ ਹੈ ਕਿ ਇਨ੍ਹਾਂ ਕਤਲਾਂ ਲਈ ਮੋਦੀ ਹਕੂਮਤ ਸਿੱਧੇ ਤੌਰ ਤੇ ਜਿੰਮੇਵਾਰ ਹੈ । ਇਸੇ ਤਰ੍ਹਾਂ ਅਮਰੀਕਾ ਵਿਚ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਉਤੇ ਅਮਲ ਕਰਨ ਵਾਲੇ ਇੰਡੀਅਨ ਹੁਕਮਰਾਨਾਂ ਦੇ ਆਦੇਸ਼ਾਂ ਉਤੇ ਕੰਮ ਕਰਨ ਵਾਲੇ ਨਿਖਿਲ ਗੁਪਤਾ ਨੂੰ ਗ੍ਰਿਫਤਾਰ ਕਰਕੇ ਸਮੁੱਚੇ ਸੰਸਾਰ ਨੂੰ ਜਾਣਕਾਰੀ ਦੇ ਦਿੱਤੀ ਹੈ ਕਿ ਇਹ ਮਨੁੱਖਤਾ ਵਿਰੋਧੀ ਕਾਰਾਂ ਇੰਡੀਅਨ ਹੁਕਮਰਾਨ ਤੇ ਮੋਦੀ ਹਕੂਮਤ ਸਿੱਖ ਕੌਮ ਵਿਰੁੱਧ ਮੰਦਭਾਵਨਾ ਅਧੀਨ ਕਰ ਰਹੀ ਹੈ । ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ ਨੂੰ ਪੋਲੋਨੀਅਮ ਨਾਮ ਦੀ ਜਹਿਰ ਦੇ ਕੇ ਮਾਰਿਆ ਗਿਆ । ਇਸੇ ਤਰ੍ਹਾਂ ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਨੂੰ ਵੀ ਕਤਲ ਕਰ ਦਿੱਤਾ ਗਿਆ ਹੈ । ਹਰਿਆਣਾ ਵਿਚ ਦੀਪ ਸਿੱਧੂ ਅਤੇ ਪੰਜਾਬ ਵਿਚ ਮੂਸੇਵਾਲਾ ਦਾ ਕਤਲ ਕੀਤਾ ਗਿਆ । ਇਕ ਪਾਸੇ ਮੋਦੀ ਹਕੂਮਤ ਸੰਸਾਰ ਵਿਚ ਹੋਣ ਵਾਲੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀ ਨਿਖੇਧੀ ਕਰ ਰਹੀ ਹੈ ਅਤੇ ਖੁਦ ਸਿੱਖ ਕੌਮ ਦੀ ਆਜਾਦੀ ਮੰਗਣ ਵਾਲੇ ਸਿੱਖਾਂ ਨੂੰ ਕਤਲ ਕਰਕੇ ਮਨੁੱਖੀ ਅਧਿਕਾਰਾਂ ਦਾ ਹਨਨ ਕਰ ਰਹੀ ਹੈ । ਅਸੀ ਚਾਹੁੰਦੇ ਹਾਂ ਕਿ ਸ੍ਰੀ ਟਰੰਪ ਉਤੇ ਹੋਏ ਕਾਤਲਾਨਾਂ ਹਮਲੇ ਦੀ ਜਿਵੇ ਉੱਚ ਪੱਧਰੀ ਜਾਂਚ ਹੋਵੇ, ਉਸੇ ਤਰ੍ਹਾਂ ਜੋ ਇੰਡੀਅਨ ਹੁਕਮਰਾਨਾਂ ਵੱਲੋ ਸਾਡੇ ਸਿੱਖਾਂ ਦੇ ਕਤਲ ਕੀਤੇ ਗਏ ਹਨ, ਜਿਸਦੀ ਤਫਤੀਸ ਅਜੇ ਤੱਕ ਨਹੀ ਹੋਈ ਉਹ ਵੀ ਨਿਰੱਪਖਤਾ ਨਾਲ ਕਰਕੇ, ਕਾਤਲਾਂ ਨੂੰ ਸਾਹਮਣੇ ਲਿਆਕੇ ਕੌਮਾਂਤਰੀ ਤੇ ਇੰਡੀਅਨ ਕਾਨੂੰਨਾਂ ਅਨੁਸਾਰ ਸਜ਼ਾ ਹੋਵੇ ।
ਉਨ੍ਹਾਂ ਇਸ ਗੱਲ ਤੇ ਗਹਿਰਾ ਦੁੱਖ ਜਾਹਰ ਕੀਤਾ ਕਿ ਜੋ ਇੰਡੀਅਨ ਹੁਕਮਰਾਨਾਂ ਨੇ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਕਤਲ ਕਰਨ ਦੀ ਨੀਤੀ ਬਣਾਈ ਹੋਈ ਹੈ ਅਤੇ ਜਿਸ ਉਤੇ ਅਮਲ ਹੋ ਰਿਹਾ ਹੈ ਉਸਦੀ ਇੰਡੀਅਨ ਸਿਆਸੀ ਜਮਾਤਾਂ ਭਾਵੇ ਉਹ ਕਾਂਗਰਸ ਹੋਵੇ, ਬੀਜੇਪੀ, ਸੀ.ਪੀ.ਆਈ, ਸੀ.ਪੀ.ਐਮ, ਬੀ.ਐਸ.ਪੀ, ਆਮ ਆਦਮੀ ਪਾਰਟੀ ਜਾਂ ਹੋਰ ਕਿਸੇ ਨੇ ਵੀ ਸਿੱਖਾਂ ਦੇ ਹੋਏ ਉਪਰੋਕਤ ਕਤਲਾਂ ਦੀ ਅਖਬਾਰਾਂ ਵਿਚ ਜਾਂ ਮੀਡੀਏ ਵਿਚ ਨਿੰਦਾ ਨਹੀ ਕੀਤੀ । ਬਲਕਿ ਇਹ ਆਗੂ ਅਤੇ ਹਿੰਦੂਤਵ ਅਖਬਾਰ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਬਦਨਾਮ ਕਰਨ ਹਿੱਤ ਪ੍ਰਚਾਰ ਕਰ ਰਹੇ ਹਨ ਅਤੇ ਅਜਿਹੀਆ ਮਨੁੱਖੀ ਅਧਿਕਾਰਾਂ ਦਾ ਹਨਨ ਹੋਣ ਵਾਲੇ ਦਹਿਸਤਗਰਦੀ ਵਾਲੀਆ ਕਾਰਵਾਈਆ ਨੂੰ ਸਹਿ ਦੇ ਰਹੀਆ ਹਨ । ਜਦੋਕਿ ਇੰਡੀਅਨ ਹੁਕਮਰਾਨ ਦਹਿਸਤਗਰਦੀ ਸੰਬੰਧੀ ਅਕਸਰ ਹੀ ਪਾਕਿਸਤਾਨ ਨੂੰ ਦੋਸੀ ਠਹਿਰਾਉਦੇ ਆ ਰਹੇ ਹਨ । ਦੂਸਰਾ ਇੰਡੀਅਨ ਵਿਧਾਨ ਦਾ ਆਰਟੀਕਲ 21 ਜੋ ਇਥੋ ਦੇ ਸਭ ਨਾਗਰਿਕਾਂ, ਧਰਮਾਂ, ਕਬੀਲਿਆ ਨਾਲ ਸੰਬੰਧਤ ਨਿਵਾਸੀਆ ਨੂੰ ਆਜਾਦੀ ਨਾਲ ਜਿੰਦਗੀ ਜਿਊਂਣ, ਵਿਚਰਣ ਅਤੇ ਆਪਣੇ ਜਾਨ ਮਾਲ ਦੀ ਰੱਖਿਆ ਦਾ ਅਧਿਕਾਰ ਦਿੰਦਾ ਹੈ, ਉਸ ਉਤੇ ਨਾ ਤਾਂ ਸਰਕਾਰਾਂ ਵਿਚ ਬੈਠੇ ਵਜੀਰ ਅਤੇ ਨਾ ਹੀ ਇਥੋ ਦੀ ਸੁਪਰੀਮ ਕੋਰਟ ਵੱਲੋ ਕੋਈ ਕਾਰਵਾਈ ਹੋਈ ਹੈ । ਬਲਕਿ ਇਸ ਗੰਭੀਰ ਮੁੱਦੇ ਤੇ ਚੁੱਪੀ ਵੱਟਕੇ ਜਾਲਮ ਸਰਕਾਰਾਂ ਅਤੇ ਦਹਿਸਗਰਦ ਹੁਕਮਰਾਨਾਂ ਦਾ ਪੱਖ ਪੂਰਨ ਦੀ ਹੀ ਕਾਰਵਾਈ ਕੀਤੀ ਜਾ ਰਹੀ ਹੈ । ਇਥੋ ਤੱਕ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਇੰਡੀਅਨ ਸੰਸਥਾਵਾਂ ਵੀ ਚੁੱਪ ਹਨ । ਇਹ ਸੰਸਥਾਵਾਂ ਤੇ ਇਨਸਾਫ ਦੇਣ ਵਾਲੇ ਕੇਦਰ ਅਜਿਹੇ ਸਮਿਆ ਤੇ ਚੁੱਪ ਕਿਉ ਰਹਿੰਦੇ ਹਨ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਦੇ ਫਰਜ ਅਦਾ ਕਿਉ ਨਹੀ ਕਰਦੇ ?