ਜਦੋਂ ਜਿੱਤਣ ਵਾਲੇ ਪੰਥਕ ਚੇਹਰੇ ‘ਖ਼ਾਲਿਸਤਾਨ’ ਤੋਂ ਮੁਨਕਰ ਹੋਣ ਲੱਗ ਪਏ ਹਨ, ਫਿਰ ਇਹ ਕੌਮੀ ਜਿ਼ੰਮੇਵਾਰੀ ਅਸੀਂ ਤਾਂ ਹਰ ਕੀਮਤ ਤੇ ਪੂਰਨ ਕਰਾਂਗੇ : ਮਾਨ
ਫ਼ਤਹਿਗੜ੍ਹ ਸਾਹਿਬ, 06 ਜੁਲਾਈ ( ) “ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਸ਼ਹਾਦਤ ਦੇਣ ਤੋਂ ਪਹਿਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ-ਪੀਰੀ ਦੇ ਮਹਾਨ ਸਥਾਂਨ ਤੋ ਕੌਮ ਨਾਲ ਇਹ ਬਚਨ ਕੀਤੇ ਸਨ ਕਿ ਜਿਸ ਦਿਨ ਹਿੰਦ ਫੌ਼ਜ ਸ੍ਰੀ ਦਰਬਾਰ ਸਾਹਿਬ ਉਤੇ ਚੜ੍ਹਕੇ ਆ ਜਾਵੇਗੀ, ਤਾਂ ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਕਿਉਂਕਿ ਦਸਵੇਂ ਪਾਤਸਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਇਨ ਗਰੀਬ ਸਿੱਖਨ ਕੋ ਦੇਊ ਪਾਤਸਾਹੀ’ ਦੇ ਅਰਥ ਭਰਪੂਰ ਬਚਨ ਉਚਾਰਕੇ ਸਾਨੂੰ ਸਦਾ ਹਰ ਸਮੇਂ ਆਜਾਦ ਰਹਿਣ ਅਤੇ ਵਿਚਰਣ ਦੇ ਹੁਕਮ ਕੀਤੇ ਹਨ । ਅਸੀਂ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਵੱਲੋ ਮਿਥੇ ਕੌਮੀ ਨਿਸ਼ਾਨੇ ਲਈ ਬੀਤੇ 40 ਸਾਲਾਂ ਤੋਂ ਦ੍ਰਿੜਤਾਪੂਰਵਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੇ ਰਾਹੀ ਕੌਮੀ ਸੰਘਰਸ਼ ਕਰਦੇ ਆ ਰਹੇ ਹਾਂ । ਇਸ ਦੌਰਾਨ ਪਾਰਟੀ ਤੇ ਦਾਸ ਨੂੰ ਬਹੁਤ ਵੱਡੇ ਤੇ ਕਰੜੇ ਇਮਤਿਹਾਨਾਂ ਅਤੇ ਜ਼ਬਰ ਵਿਚੋ ਲੰਘਣਾ ਪਿਆ । ਜ਼ਲਾਲਤ ਵੀ ਸਹਿਣੀ ਪਈ । ਪਰ ਅਸੀਂ ਆਪਣੇ ਨਿਸ਼ਾਨੇ ਤੋਂ ਨਾ ਪਹਿਲਾ ਥਿੜਕੇ ਹਾਂ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਥਿੜਕਾਂਗੇ । ਕਿਉਂਕਿ ਅਸੀਂ ਖ਼ਾਲਿਸਤਾਨੀਆਂ ਦੀ ਗਿਣਤੀ ਲੱਖਾਂ ਕਰੋੜਾਂ ਵਿਚ ਕਰਨ ਹਿੱਤ ਹੀ ਪੰਜਾਬ-ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਇੰਡੀਆਂ ਵਿਚ ਕੇਸ ਲੜਦੇ ਹੋਏ ‘ਖ਼ਾਲਿਸਤਾਨ’ ਦੀ ਗੱਲ ਕਰਨ, ਤਕਰੀਰਾਂ ਕਰਨ, ਸਮੱਗਰੀ ਪ੍ਰਕਾਸਿਤ ਕਰਕੇ ਵੰਡਣ ਦਾ ਸਿੱਖ ਕੌਮ ਨੂੰ ਕਾਨੂੰਨੀ ਹੱਕ ਦਿਵਾਉਣ ਦੀ ਜਿੰਮੇਵਾਰੀ ਨਿਭਾਈ ਹੈ । ਇਸ ਲਈ ਹੀ ਅਸੀ ਅੱਜ ਜਨਤਕ ਤੌਰ ਤੇ ਪੂਰਨ ਆਜਾਦੀ ਨਾਲ ਖ਼ਾਲਿਸਤਾਨ ਦੀ ਗੱਲ ਕਰ ਰਹੇ ਹਾਂ । ਪਰ ਦੁੱਖ ਤੇ ਅਫਸੋਸ ਹੈ ਕਿ ਅੱਜ ਪੰਜਾਬ ਵਿਚੋਂ ਖ਼ਾਲਸਾ ਪੰਥ ਦੇ ਵੇਹੜੇ ਵਿਚੋ ਜਿਤਕੇ ਗਏ ਸ. ਸਰਬਜੀਤ ਸਿੰਘ ਅਤੇ ਸ. ਅੰਮ੍ਰਿਤਪਾਲ ਸਿੰਘ ਦੇ ਸਤਿਕਾਰਯੋਗ ਮਾਤਾ ਜੀ ਜੋ ਉਨ੍ਹਾਂ ਦੀ ਡਿਬਰੂਗੜ੍ਹ ਜੇਲ੍ਹ ਬੰਦੀ ਹੋਣ ਉਪਰੰਤ ਕਰਤਾ-ਧਰਤਾ ਹਨ, ਉਹ ਕਹਿ ਰਹੇ ਹਨ ਕਿ ਸਾਡਾ ਖ਼ਾਲਿਸਤਾਨ ਨਾਲ ਕੋਈ ਸੰਬੰਧ ਨਹੀ । ਇਨ੍ਹਾਂ ਦੀ ਇਸ ਵਿਸੇ ਉਤੇ ਕੀ ਪਾਲਸੀ ਹੈ, ਇਸਦੀ ਜਾਣਕਾਰੀ ਤਾਂ ਉਹ ਖੁਦ ਹੀ ਦੇ ਸਕਦੇ ਹਨ । ਪਰ ਅਸੀਂ ਜਿਸ ਮਕਸਦ ਲਈ 40 ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ, ਜਿਸ ਲਈ ਬਹੁਤ ਵੱਡੇ ਕੌਮੀ, ਸਮਾਜਿਕ, ਮਾਲੀ ਅਤੇ ਜਾਨੀ ਨੁਕਸਾਨ ਤੇ ਸ਼ਹਾਦਤਾਂ ਵੀ ਹੋਈਆ ਹਨ । ਉਸ ਉਪਰੰਤ ਜੇਕਰ ਅਸੀ ਆਪਣੇ ਮਿਸਨ ਦੀ ਪ੍ਰਾਪਤੀ ਵਿਚ ਕੁਤਾਹੀ ਕਰਾਂਗੇ, ਤਾਂ ਅਸੀਂ ਕੌਮ ਦੇ ਦੋਸ਼ੀ ਤਾਂ ਹੋਵਾਂਗੇ ਹੀ, ਲੇਕਿਨ ਆਪਣੀ ਆਤਮਾ ਦੇ ਵੀ ਵੱਡੇ ਦੋਸ਼ੀ ਬਣਨ ਤੋ ਨਹੀ ਬਚ ਸਕਾਂਗੇ । ਇਸ ਲਈ ਸਾਡੇ ਵੱਲੋ ਬੀਤੇ ਸਮੇ ਅਤੇ ਅੱਜ ਵੀ ਖ਼ਾਲਿਸਤਾਨ ਦੇ ਮਿਸਨ ਲਈ ਕੀਤੀ ਜਾ ਰਹੀ ਜੰਗ ਨਿਰੰਤਰ ਜਾਰੀ ਰਹੇਗੀ ਅਤੇ ਅਸੀ ਨਿਸ਼ਾਨੇ ਦੀ ਪ੍ਰਾਪਤੀ ਤੱਕ ਸੰਘਰਸ਼ ਕਰਾਂਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਥਕ ਪਲੇਟਫਾਰਮ ਅਤੇ ਪੰਥ ਦੇ ਵੇਹੜੇ ਵਿਚੋ ਜਿੱਤਕੇ ਗਏ ਖ਼ਾਲਸਾ ਪੰਥ ਦੇ ਚੇਹਰਿਆ ਵੱਲੋ ਖ਼ਾਲਿਸਤਾਨ ਦੇ ਕੌਮੀ ਮਿਸਨ ਤੋ ਮੁਨਕਰ ਹੋਣ ਉਪਰੰਤ ਆਪਣੇ ਦ੍ਰਿੜ ਇਰਾਦੇ ਨੂੰ ਦੁਹਰਾਉਦੇ ਹੋਏ ਅਤੇ ਸਿੱਖ ਕੌਮ ਤੇ ਖ਼ਾਲਿਸਤਾਨੀਆਂ ਨਾਲ ਕੀਤੇ ਬਚਨ ਨੂੰ ਪੂਰਨ ਕਰਨ ਦੀ ਗੱਲ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਅਸੀ ਕੌਮੀ ਮੰਜਿਲ ਦੀ ਪ੍ਰਾਪਤੀ ਦੇ ਪੜਾਵਾਂ ਵਿਚ ਇਸ ਵਾਰੀ ਐਮ.ਪੀ ਚੋਣ ਲਈ ਪੰਜਾਬ ਤੋ 12, 2 ਹਰਿਆਣੇ ਤੋਂ ਅਤੇ 1 ਚੰਡੀਗੜ੍ਹ ਤੋ ਲੋਕ ਸਭਾ ਲਈ ਉਮੀਦਵਾਰ ਖੜ੍ਹੇ ਕੀਤੇ ਸਨ, ਪਰ ਸਿੱਖ ਕੌਮ ਨੇ ਸਾਡੇ ਵਿਚੋ ਕਿਸੇ ਨੂੰ ਵੀ ਜਿੱਤ ਬਖਸਿਸ ਨਹੀ ਕੀਤੀ । ਜਿਥੋ ਤੱਕ ਖਡੂਰ ਸਾਹਿਬ ਦੀ ਮਹੱਤਵਪੂਰਨ ਸੀਟ ਦਾ ਸੰਬੰਧ ਹੈ, ਉਥੇ ਸਾਡੇ ਬਹੁਤ ਹੀ ਮਜਬੂਤ ਉਮੀਦਵਾਰ ਸ. ਹਰਪਾਲ ਸਿੰਘ ਬਲੇਰ ਸਨ, ਪਰ ਅਸੀ ਸਿੱਖ ਕੌਮ ਦੀਆਂ ਭਾਵਨਾਵਾ ਅਤੇ ਸ. ਅੰਮ੍ਰਿਤਪਾਲ ਸਿੰਘ ਮੁੱਖ ਸੇਵਾਦਾਰ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਇਮਾਨਦਾਰੀ ਨਾਲ ਆਪਣੇ ਉਮੀਦਵਾਰ ਦੇ ਨਾਮ ਨੂੰ ਵਾਪਸ ਲਿਆ ਕਿਉਂਕਿ ਡਿਬਰੂਗੜ੍ਹ ਜੇਲ੍ਹ ਵਿਚ ਬੰਦੀ ਹੋਣ ਉਪਰੰਤ ਸਮੁੱਚੀ ਕੌਮ ਸ. ਅੰਮ੍ਰਿਤਪਾਲ ਸਿੰਘ ਦੇ ਨਾਮ ਤੇ ਕੇਦਰਿਤ ਹੋ ਗਈ ਸੀ ਅਤੇ ਉਨ੍ਹਾਂ ਦੀ ਹਰ ਕੀਮਤ ਤੇ ਜਿੱਤ ਚਾਹੁੰਦੀ ਸੀ, ਤਾਂ ਸਾਨੂੰ ਖੁਸੀ ਹੈ ਤੇ ਫਖਰ ਹੈ ਕਿ ਸ. ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋ ਵੱਡੇ ਫਰਕ ਨਾਲ ਜਿਤਕੇ ਪਾਰਲੀਮੈਟ ਵਿਚ ਪਹੁੰਚੇ ਹਨ ।
ਪਰ ਜਦੋ ਹੁਣ ਜਿੱਤੇ ਹੋਏ ਸਾਡੇ ਕੌਮੀ ਉਮੀਦਵਾਰ ਕੌਮੀ ਮੰਜਿਲ ਖ਼ਾਲਿਸਤਾਨ ਦੇ ਮਿਸਨ ਨੂੰ ਨਜਰ ਅੰਦਾਜ ਕਰਕੇ ਅਗਲੀ ਸਿਆਸੀ ਗੱਲ ਕੀਤੀ ਜਾ ਰਹੀ ਹੈ ਤਾਂ ਸਾਡੀ ਤਾਂ ਕੌਮੀ ਜਿੰਮੇਵਾਰੀ ਹੋਰ ਵੀ ਵਧੇਰੇ ਵੱਡੀ ਤੇ ਸੰਜ਼ੀਦਾ ਬਣ ਜਾਂਦੀ ਹੈ ਕਿ ਅਸੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਮਿੱਥੇ ਨਿਸਾਨੇ ਵੱਲ ਵੱਧਣ ਤੇ ਮੰਜਿਲ ਦੀ ਪ੍ਰਾਪਤੀ ਕਰਨ ਲਈ ਪਹਿਲੇ ਨਾਲੋ ਵੀ ਵਧੇਰੇ ਜੋਸ ਤੇ ਹੋਸ ਨੂੰ ਕਾਇਮ ਰੱਖਦੇ ਹੋਏ ਇਸ ਜਿੰਮੇਵਾਰੀ ਨੂੰ ਪੂਰਨ ਕਰੀਏ ਕਿਉਂਕਿ ਇਸ ਸੋਚ ਪਿੱਛੇ ਦਸਵੇ ਪਾਤਸਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਨੁੱਖਤਾ ਪੱਖੀ ਸੋਚ ਖੜ੍ਹੀ ਹੈ । ਲੰਮੇ ਸਮੇ ਤੋ ਹਿੰਦੂਤਵ ਜਮਾਤਾਂ, ਭਾਜਪਾ, ਆਰ.ਐਸ.ਐਸ, ਕਾਂਗਰਸ ਜੋ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਹਨ ਅਤੇ ਜੋ ਨਿਰੰਤਰ ਹਰ ਖੇਤਰ ਵਿਚ ਜ਼ਬਰ ਕਰਦੀਆ ਆ ਰਹੀਆ ਹਨ, ਆਪਣੀ ਕੌਮੀ ਆਜਾਦੀ ਪ੍ਰਾਪਤ ਕਰਕੇ ਇਸ ਤੋ ਕੌਮ ਨੂੰ ਨਿਜਾਤ ਦਿਵਾਈਏ । ਜੇਕਰ ਸਿੱਖ ਕੌਮ ਨੇ ਦਾਸ ਅਤੇ ਸਾਡੇ 15 ਉਮੀਦਵਾਰਾਂ ਨੂੰ ਜਿੱਤ ਨਹੀ ਦਿੱਤੀ ਤਾਂ ਜਾਪਦਾ ਹੈ ਕਿ ਸਿੱਖ ਕੌਮ ਦੀ ਵੱਡੀ ਗਿਣਤੀ ਆਜਾਦੀ ਲਈ ਕੁਝ ਕੰਮਜੋਰ ਪੈ ਗਈ ਹੈ । ਪਰ ਸਾਨੂੰ 5 ਲੱਖ 17 ਹਜਾਰ ਖਾਲਿਸਤਾਨੀਆ ਨੇ ਵੋਟਾਂ ਪਾਈਆ ਹਨ । ਉਨ੍ਹਾਂ ਖਾਲਿਸਤਾਨੀਆਂ ਦੀ ਭਾਵਨਾਵਾਂ ਨੂੰ ਨਾ ਤਾਂ ਕਦੀ ਪਹਿਲੇ ਪਿੱਠ ਦਿੱਤੀ ਹੈ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਦੇਵਾਂਗੇ । ਇਸ ਜੰਗ ਨੂੰ ਖਾਲਿਸਤਾਨ ਦੀ ਕਾਇਮੀ ਤੱਕ ਜਾਰੀ ਰੱਖਿਆ ਜਾਵੇਗਾ ।
ਦੂਸਰਾ ਖ਼ਾਲਿਸਤਾਨ ਦੀ ਸੋਚ ਰੱਖਣ ਵਾਲੇ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆ ਵਿਚ ਰਹਿਣ ਵਾਲੇ ਸਿੱਖਾਂ ਨੂੰ ਜੋ ਹਿੰਦੂਤਵ ਹੁਕਮਰਾਨਾਂ ਵੱਲੋ, ਮੋਦੀ ਹਕੂਮਤ ਵੱਲੋ ਮਾਰਨ ਦੀ ਸਾਜਿਸ ਉਤੇ ਅਮਲ ਕੀਤਾ ਜਾ ਰਿਹਾ ਹੈ ਜਿਸ ਅਧੀਨ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਅਤੇ ਗੁਰਪਤਵੰਤ ਸਿੰਘ ਪੰਨੂ ਅਮਰੀਕਾ ਨੂੰ ਮਾਰਨ ਦੀ ਕੋਸਿਸ, ਉਸ ਅਤਿ ਖਤਰਨਾਕ ਸਾਜਿਸ ਨੂੰ ਰੋਕਣ ਲਈ ਤੇ ਇੰਡੀਆ ਦੀ ਇਸ ਮਨੁੱਖਤਾ ਵਿਰੋਧੀ ਪਾਲਸੀ ਦਾ ਨਾ ਤਾਂ ਰਵਾਇਤੀ ਅਕਾਲੀਆ ਵੱਲੋ ਅਤੇ ਨਾ ਹੀ ਅਜੋਕੇ ਨਵੇ ਜਿੱਤੇ ਐਮ.ਪੀਜ ਵੱਲੋ ਕੋਈ ਵਿਰੋਧ ਦਰਜ ਕੀਤਾ ਗਿਆ ਹੈ । ਜਦੋਕਿ ਕੈਨੇਡਾ ਦੇ ਵਜੀਰ ਏ ਆਜਮ ਜਸਟਿਨ ਟਰੂਡੋ ਵੱਲੋ ਆਪਣੀ ਪਾਰਲੀਮੈਟ ਵਿਚ ਤੱਥਾਂ ਸਹਿਤ ਕੈਨੇਡੀਅਨ ਸਿੱਖਾਂ ਨੂੰ ਇੰਡੀਅਨ ਹਕੂਮਤ ਵੱਲੋ ਮਾਰਨ ਦੀ ਗੱਲ ਕਰਕੇ ਵਿਰੋਧ ਵੀ ਕੀਤਾ ਗਿਆ ਹੈ ਅਤੇ ਇਸ ਬਾਰੇ ਇੰਡੀਆ ਤੋ ਜੁਆਬ ਵੀ ਮੰਗਿਆ ਜਾ ਰਿਹਾ ਹੈ । ਫਿਰ ਅਮਰੀਕਾ ਵੱਲੋ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਬਣਾਈ ਸਾਜਿਸ ਦੇ ਹੋਰ ਤੱਥਾਂ ਨੂੰ ਇਕੱਤਰ ਕਰਨ ਲਈ ਇੰਡੀਆ ਦੇ ਹੁਕਮਰਾਨਾਂ ਨੂੰ ਕੌਮਾਂਤਰੀ ਕਟਹਿਰੇ ਵਿਚ ਨੰਗਾਂ ਕਰਦੇ ਹੋਏ ਜੁਆਬ ਮੰਗਿਆ ਗਿਆ ਹੈ । ਇਥੋ ਤੱਕ ਕਿ ਫਾਈਵ ਆਈ ਮੁਲਕ ਜਿਨ੍ਹਾਂ ਵਿਚ ਅਮਰੀਕਾ, ਕੈਨੇਡਾ ਤੋ ਇਲਾਵਾ ਬਰਤਾਨੀਆ, ਨਿਊਜੀਲੈਡ ਤੇ ਆਸਟ੍ਰੇਲੀਆ ਮੁਲਕ ਆਉਦੇ ਹਨ, ਉਹ ਸਭ ਇੰਡੀਆਂ ਦੇ ਹੁਕਮਰਾਨਾਂ ਤੇ ਉਨ੍ਹਾਂ ਦੀਆਂ ਏਜੰਸੀਆਂ ਵੱਲੋ ਸਿੱਖਾਂ ਨੂੰ ਅਣਮਨੁੱਖੀ ਢੰਗ ਨਾਲ ਮਾਰਨ ਦੀਆਂ ਨੀਤੀਆ ਦਾ ਡੱਟਕੇ ਵਿਰੋਧ ਕਰਦੇ ਆ ਰਹੇ ਹਨ । ਪਰ ਦੁੱਖ ਅਤੇ ਅਫਸੋਸ ਹੈ ਕਿ ਕੌਮੀ ਦਰਦ ਰੱਖਣ ਵਾਲੇ ਤੇ ਪੰਥ ਹਿਤੈਸੀ ਕਹਾਉਣ ਵਾਲੀਆ ਸਖਸ਼ੀਅਤਾਂ ਤੇ ਜਥੇਬੰਦੀਆਂ ਇਸ ਉਤੇ ਚੁੱਪ ਧਾਰੀ ਬੈਠੇ ਹਨ । ਇਥੋ ਤੱਕ ਕਿ ਬੀਤੇ 14 ਸਾਲਾਂ ਤੋਂ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਵੀ ਨਹੀ ਕਰਵਾਈਆ ਜਾ ਰਹੀਆ ਅਤੇ ਨਾ ਹੀ ਪੰਥ ਦੇ ਦੋਸ਼ੀਆਂ ਤੇ ਕਾਤਲਾਂ ਨੂੰ ਸਜਾਵਾਂ ਦਿੱਤੀਆ ਜਾ ਰਹੀਆ ਹਨ ਅਤੇ ਨਾ ਹੀ ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ । ਰਵਾਇਤੀ ਅਕਾਲੀ ਤੇ ਪੰਥਕ ਕਹਾਉਣ ਵਾਲੇ ਆਗੂ ਇਨ੍ਹਾਂ ਮੁੱਦਿਆ ਉਤੇ ਸਿਆਸੀ ਗਿਣਤੀਆ ਮਿਣਤੀਆ ਤਾਂ ਕਰ ਰਹੇ ਹਨ, ਪਰ ਖ਼ਾਲਸਾ ਪੰਥ ਨੂੰ ਇਸ ਤੋ ਨਿਜਾਤ ਦਿਵਾਉਣ ਲਈ ਦ੍ਰਿੜ ਹੋਣ ਦੀ ਬਜਾਇ ਡੰਗ ਟਪਾਊ ਨੀਤੀਆ ਤੇ ਅਮਲ ਕਰ ਰਹੇ ਹਨ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਦਾਚਿੱਤ ਪ੍ਰਵਾਨ ਨਹੀ ਕਰ ਸਕਦਾ ਅਤੇ ਨਾ ਹੀ ਅਸੀ ਇਨ੍ਹਾਂ ਕੌਮੀ ਮੁੱਦਿਆ ਉਤੇ ਕਦੀ ਕਿਸੇ ਤਰ੍ਹਾਂ ਦਾ ਹਕੂਮਤੀ, ਸਿਆਸੀ, ਮਾਲੀ ਸਮਝੋਤਾ ਨਹੀ ਕਰਾਂਗੇ । ਬਲਕਿ ਖ਼ਾਲਿਸਤਾਨ ਦੀ ਪ੍ਰਾਪਤੀ ਤੱਕ ਉਹ ਸਭ ਕੁਝ ਕਰਾਂਗੇ ਜਿਸ ਦੀ ਸਾਨੂੰ ਉਸ ਅਕਾਲ ਪੁਰਖ ਨੇ ਸ਼ਕਤੀ ਬਖਸਿਸ ਕੀਤੀ ਹੈ ।