ਸ੍ਰੀ ਵਿਕਰਮ ਮਿਸਰੀ ਨੂੰ ਅਗਲਾ ਵਿਦੇਸ਼ ਸਕੱਤਰ ਨਿਯੁਕਤ ਕਰਨ ਤੇ ਮੁਬਾਰਕਬਾਦ, 2020 ਅਤੇ 2022 ਵਿਚ ਚੀਨ ਵੱਲੋ ਲਦਾਖ ਦੇ ਲੁੱਟੇ ਇਲਾਕੇ ਵਾਪਸ ਕਰਵਾਉਣ ਲਈ ਉਦਮ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 29 ਜੂਨ ( ) “ਸ੍ਰੀ ਵਿਕਰਮ ਮਿਸਰੀ ਜੋ ਕਿ 1989 ਬੈਚ ਦੇ ਆਈ.ਐਫ.ਐਸ. ਅਧਿਕਾਰੀ ਹਨ, ਉਨ੍ਹਾਂ ਨੂੰ ਇੰਡੀਆ ਹਕੂਮਤ ਵੱਲੋ ਜੋ ਇੰਡੀਆ ਦੇ ਅਗਲੇ ਵਿਦੇਸ ਸਕੱਤਰ ਨਿਯੁਕਤ ਕੀਤਾ ਗਿਆ ਹੈ । ਇਸ ਉਤੇ ਜਿਥੇ ਮੁਬਾਰਕਬਾਦ ਦਿੰਦੇ ਹਾਂ, ਉਥੇ ਉਨ੍ਹਾਂ ਦੇ ਅਜਿਹੇ ਵੱਡੇ ਅਹੁਦਿਆ ਉਤੇ ਚੋਖੇ ਤੁਜਰਬੇ ਦੇ ਆਧਾਰ ਤੇ ਇਹ ਗੱਲ ਕਹਿਣੀ ਚਾਹਵਾਂਗੇ ਕਿ ਚੀਨ ਨੇ ਜੋ 2020 ਅਤੇ 2022 ਵਿਚ ਖਾਲਸਾ ਪੰਥ ਵੱਲੋ ਜਿੱਤੇ ਲਦਾਖ ਦੇ ਵੱਡੇ ਖੇਤਰਫਲ ਵਾਲੇ ਇਲਾਕੇ ਕਬਜਾ ਕੀਤੇ ਹੋਏ ਹਨ, ਉਨ੍ਹਾਂ ਨੂੰ ਵਾਪਸ ਲੈਣ ਲਈ ਉੱਦਮ ਕਰਨਗੇ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਉਪਰੋਕਤ ਚੀਨ ਦੇ ਕਬਜੇ ਹੇਠ ਆਏ ਇਲਾਕੇ 1834 ਵਿਚ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਫਤਹਿ ਕਰਕੇ ਆਪਣੇ ਰਾਜ ਭਾਗ ਵਿਚ ਸਾਮਿਲ ਕੀਤੇ ਸਨ । ਜਿਨ੍ਹਾਂ ਦੀ ਮਲਕੀਅਤ ਵੀ ਖਾਲਸਾ ਪੰਥ ਦੀ ਬਣਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਵੱਲੋ ਬਤੌਰ ਵਿਦੇਸ ਸਕੱਤਰ ਨਿਯੁਕਤ ਕੀਤੇ ਗਏ ਸ੍ਰੀ ਵਿਕਰਮ ਮਿਸਰੀ ਦੀ ਹੋਈ ਨਿਯੁਕਤੀ ਉਤੇ ਮੁਬਾਰਕਬਾਦ ਦਿੰਦੇ ਹੋਏ ਅਤੇ ਇਸ ਮੁੱਖ ਅਹੁਦੇ ਦੀਆਂ ਜਿੰਮੇਵਾਰੀਆ ਨੂੰ ਪੂਰਨ ਕਰਨ ਦੀ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਿਥੇ ਉਹ ਇਸ ਨਵੀ ਨਿਯੁਕਤੀ ਦੀਆਂ ਜਿੰਮੇਵਾਰੀਆ ਨੂੰ ਪੂਰਨ ਕਰਨਗੇ, ਉਥੇ ਸਾਡੇ ਖ਼ਾਲਸਾ ਰਾਜ ਦਰਬਾਰ ਦੇ ਫਤਹਿ ਕੀਤੇ ਉਹ ਇਲਾਕੇ ਜੋ ਅੱਜ ਚੀਨ ਦੇ ਕਬਜੇ ਹੇਠ ਹਨ ਉਨ੍ਹਾਂ ਨੂੰ ਆਪਣੀ ਤੀਖਣ ਬੁੱਧੀ ਅਤੇ ਤੁਜਰਬੇ ਰਾਹੀ ਵਾਪਸ ਲੈਣ ਦੀ ਜਿੰਮੇਵਾਰੀ ਵੀ ਨਿਭਾਉਣਗੇ ।