ਅਸੀ ਤਾਂ ਪਹਿਲੇ ਹੀ ਅਗਨੀਵੀਰ ਯੋਜਨਾ ਸੰਬੰਧੀ ਕਿਹਾ ਸੀ ਜੋ ਅੱਜ ਰੱਖਿਆ ਵਜੀਰ ਸ੍ਰੀ ਰਾਜਨਾਥ ਆਪਣੀ ਅਸਫਲਤਾ ਨੂੰ ਪ੍ਰਵਾਨ ਕਰ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 29 ਮਾਰਚ ( ) “ਜਦੋਂ ਮੋਦੀ ਹਕੂਮਤ ਨੇ ਅਗਨੀਵੀਰ ਯੋਜਨਾ ਅਧੀਨ ਨੌਜਵਾਨਾਂ ਨੂੰ ਕੇਵਲ 4 ਸਾਲਾਂ ਲਈ ਫ਼ੌਜ ਵਿਚ ਭਰਤੀ ਕਰਨ ਦੀ ਸੁਰੂਆਤ ਕੀਤੀ ਸੀ ਅਸੀਂ ਤਾਂ ਉਸ ਸਮੇ ਹੀ ਇਸ ਬੇਨਤੀਜਾ ਯੋਜਨਾ ਦੇ ਵਿਰੁੱਧ ਆਵਾਜ ਉਠਾਈ ਸੀ ਕਿ ਇਹ ਤਾਂ ਕੇਵਲ ਫ਼ੌਜ ਦੀ ਟ੍ਰੇਨਿੰਗ ਨਿਯਮਾਂ, ਅਨੁਸਾਸਨ ਅਤੇ ਬੱਚਿਆਂ ਦੇ ਭਵਿੱਖ ਨਾਲ ਮਜਾਕ ਕਰਨ ਵਾਲੀ ਅਸਫਲ ਯੋਜਨਾ ਹੈ । ਕਿਉਂਕਿ 4 ਸਾਲ ਵਿਚ ਤਾਂ ਇਕ ਫ਼ੌਜੀ ਦੀ, ਹਥਿਆਰਾਂ, ਉਪਕਰਨਾਂ ਤੇ ਹੋਰ ਟ੍ਰੇਨਿੰਗ ਵੀ ਪੂਰੀ ਨਹੀ ਹੁੰਦੀ । ਜਿਸ ਨਾਲ 4 ਸਾਲ ਉਪਰੰਤ ਉਹ ਭਰਤੀ ਕੀਤਾ ਨੌਜਵਾਨ ਫਿਰ ਬੇਰੁਜਗਾਰ ਹੋ ਜਾਵੇਗਾ ਅਤੇ ਨਵੀ ਭਰਤੀ ਕਰਕੇ ਫਿਰ ਅਜਿਹਾ ਹੀ ਕੰਮਜੋਰ ਮਾਹੌਲ ਸਿਰਜਿਆ ਜਾਵੇਗਾ । ਲੇਕਿਨ ਅੱਜ ਜਦੋ ਇੰਡੀਆ ਦੇ ਰੱਖਿਆ ਵਜੀਰ ਸ੍ਰੀ ਰਾਜਨਾਥ ਸਿੰਘ ਨੇ ਇਹ ਪ੍ਰਵਾਨ ਕਰ ਲਿਆ ਹੈ ਕਿ 4 ਸਾਲ ਵਾਲੀ ਅਗਨੀਵੀਰ ਯੋਜਨਾ ਦੇ ਜੇਕਰ ਚੰਗੇ ਨਤੀਜੇ ਨਹੀ ਨਿਕਲੇ ਤਾਂ ਇਸ ਨੂੰ ਵਾਪਸ ਲਿਆ ਜਾ ਸਕਦਾ ਹੈ, ਤੋ ਸਾਡੇ ਵੱਲੋ ਪਹਿਲਾ ਹੀ ਪ੍ਰਗਟਾਏ ਵਿਚਾਰ ਸੱਚ ਸਾਬਤ ਹੋਏ ਹਨ । ਕਿਉਂਕਿ ਅਜਿਹਾ ਹੁਕਮਰਾਨ ਕੇਵਲ ਵੋਟ ਸਿਆਸਤ ਅਧੀਨ ਅਤੇ ਹਕੂਮਤ ਉਤੇ ਆਪਣੇ ਕਬਜੇ ਨੂੰ ਕਾਇਮ ਰੱਖਣ ਹਿੱਤ ਅਜਿਹੀਆ ਦਿਸ਼ਾਹੀਣ ਯੋਜਨਾਵਾ ਬਣਾਉਣ ਦੇ ਅਮਲ ਕਰਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਝ ਸਮਾਂ ਪਹਿਲੇ ਹੁਕਮਰਾਨਾਂ ਵੱਲੋ ਅਗਨੀਵੀਰ ਯੋਜਨਾ ਅਧੀਨ ਕੇਵਲ 4 ਸਾਲਾਂ ਲਈ ਨੌਜਵਾਨਾਂ ਦੀ ਕੀਤੀ ਜਾਣ ਵਾਲੀ ਭਰਤੀ ਨੂੰ ਬੇਨਤੀਜਾ ਅਤੇ ਫ਼ੌਜ ਦੇ ਅਨੁਸਾਸਨ ਨੂੰ ਖਤਰੇ ਵਿਚ ਪਾਉਣ ਵਾਲੀ ਕਰਾਰ ਦਿੰਦੇ ਹੋਏ ਅਤੇ ਅੱਜ ਅਸਫ਼ਲ ਹੋਣ ਉਤੇ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ 17 ਸਾਲ ਤੋ ਲੈਕੇ ਸਾਢੇ 21 ਸਾਲ ਤੱਕ ਨੌਜਵਾਨਾਂ ਦੀ ਭਰਤੀ ਕਰਨ ਦੀ ਗੱਲ ਨੂੰ ਆਧਾਰ ਬਣਾਇਆ ਗਿਆ ਹੈ, ਬੇਸੱਕ ਬੇਰੁਜਗਾਰੀ ਨੂੰ ਦੂਰ ਕਰਨ ਲਈ ਇਹ ਉਮਰ ਸਹੀ ਹੈ, ਪਰ ਜਦੋ ਤੱਕ ਇਸ ਉਮਰ ਦੀ ਨੌਜਵਾਨੀ ਦੇ ਚੰਗੇਰੇ ਭਵਿੱਖ ਨੂੰ ਮੁੱਖ ਰੱਖਕੇ ਸਥਾਈ ਤੌਰ ਤੇ ਕੋਈ ਪੱਕੀ ਯੋਜਨਾ ਨਹੀ ਬਣਾਈ ਜਾਂਦੀ ਅਤੇ ਅਸਲੀਅਤ ਵਿਚ ਨੌਜਵਾਨੀ ਨੂੰ ਸਹੀ ਦਿਸ਼ਾ ਵੱਲ ਸਹੀ ਕੰਮ ਤੇ ਲਗਾਉਣ ਉਤੇ ਵਿਚਾਰ ਨਹੀ ਕੀਤਾ ਜਾਂਦਾ, ਉਸ ਸਮੇ ਤੱਕ ਇਸ ਤਰ੍ਹਾਂ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਬਣਾਈਆ ਜਾਣ ਵਾਲੀਆ ਗੁੰਮਰਾਹਕੁੰਨ ਯੋਜਨਾਵਾ ਇਸ ਮੁਲਕ ਜਾਂ ਮੁਲਕ ਦੀ ਨੌਜਵਾਨੀ ਲਈ ਲਾਹੇਵੰਦ ਨਹੀ ਸਾਬਤ ਹੋ ਸਕਦੀ ।
ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਦੀਆਂ ਬਹੁਤੀਆਂ ਯੋਜਨਾਵਾ ਸੇਖਚਿੱਲੀ ਵਰਗੀਆ ਹਨ । ਕੇਵਲ ਆਪਣੇ ਨਿਵਾਸੀਆ ਤੇ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਅਤੇ ਆਪਣੇ ਸਿਆਸੀ ਨਿਸ਼ਾਨੇ ਨੂੰ ਪੂਰਨ ਕਰਨ ਲਈ ਹੀ ਘੜੀਆ ਜਾ ਰਹੀਆ ਹਨ ਨਾ ਕਿ ਮੁਲਕ ਦੇ ਜਾਂ ਮੁਲਕ ਨਿਵਾਸੀਆ ਦੇ ਚੰਗੇਰੇ ਭਵਿੱਖ ਨੂੰ ਮੁੱਖ ਰੱਖਕੇ । ਜਿਵੇਕਿ ਇਨ੍ਹਾਂ ਨੇ ਬਹੁਤ ਪਹਿਲੇ ਇਹ ਰੌਲਾ ਪਾਇਆ ਕਿ ਗੰਗਾ ਨਦੀ ਜੋ ਬਹੁਗਿਣਤੀ ਦੀ ਪਵਿੱਤਰ ਨਦੀ ਹੈ ਉਸਨੂੰ ਸਾਫ ਕੀਤਾ ਜਾਵੇਗਾ, ਇਸ ਉਤੇ ਕੋਈ ਅਮਲ ਨਹੀ ਹੋਇਆ ਅੱਜ ਵੀ ਸਾਰੀਆ ਫੈਕਟਰੀਆ, ਸ਼ਹਿਰਾਂ, ਕਸਬਿਆ ਦਾ ਕੂੜਾ ਕਰਕਟ, ਮਲ-ਮੂਤਰ ਇਸ ਗੰਗਾ ਵਿਚ ਸੁੱਟਿਆ ਜਾ ਰਿਹਾ ਹੈ ਅਤੇ ਇਹ ਜੋ ਗੰਗੋਤਰੀ ਤੋ ਚੱਲਕੇ ਬੰਗਾਲ ਤੱਕ ਜਾਂਦੀ ਹੈ, ਸਾਰਾ ਜਲ ਬੁਰੀ ਤਰ੍ਹਾਂ ਮੈਲਾ ਹੋ ਚੁੱਕਾ ਹੈ । ਜਦੋਕਿ ਅੰਗਰੇਜਾਂ ਸਮੇ ਇਹ ਗੰਗਾ ਨਦੀ ਦੇ ਜਲ ਵਿਚੋ ਮੂੰਹ ਵੀ ਦੇਖਿਆ ਜਾ ਸਕਦਾ ਸੀ ਅਤੇ ਇਸ ਪਾਣੀ ਨੂੰ ਪੀਣ ਲਈ ਵੀ ਵਰਤਿਆ ਜਾਂਦਾ ਸੀ । ਇਸੇ ਤਰ੍ਹਾਂ ਆਪਣੇ ਮੁਲਕ ਦੀ ਰੱਖਿਆ ਤੇ ਫ਼ੌਜ ਦੇ ਰੱਖ ਰਖਾਓ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਹਨ । ਜਦੋਕਿ ਹੁਕਮਰਾਨਾਂ ਨੇ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਵੱਲੋ ਅਫਗਾਨੀਸਤਾਨ ਦਾ ਕਸਮੀਰ ਸੂਬਾ ਜੋ 1834 ਵਿਚ ਫਤਹਿ ਕਰਕੇ ਆਪਣੇ ਸਿੱਖ ਰਾਜ ਵਿਚ ਸਾਮਿਲ ਕੀਤਾ ਸੀ ਅਤੇ 1819 ਵਿਚ ਲਦਾਖ ਨੂੰ ਫ਼ਤਹਿ ਕੀਤੇ ਸੀ । ਉਹ ਇਲਾਕੇ ਇੰਡੀਆਂ ਨੇ 1962 ਵਿਚ ਚੀਨ ਨੂੰ 39000 ਸਕੇਅਰ ਵਰਗ ਕਿਲੋਮੀਟਰ ਲੁੱਟਾ ਦਿੱਤਾ ਅਤੇ ਹੁਣ ਦੁਬਾਰਾ 2020 ਅਤੇ 2022 ਵਿਚ ਹਜਾਰਾਂ ਸਕੇਅਰ ਵਰਗ ਕਿਲੋਮੀਟਰ ਹੋਰ ਇਲਾਕਾ ਲੁਟਾ ਦਿੱਤਾ । ਜੋ ਕਿ ਅੱਜ ਤੱਕ ਇਹ ਹੁਕਮਰਾਨ ਵਾਪਸ ਨਹੀ ਲੈ ਸਕੇ । ਕਹਿਣ ਤੋ ਭਾਵ ਹੈ ਕਿ ਦਾਅਵੇ ਤੇ ਡੀਗਾਂ ਤਾਂ ਵੱਡੀਆਂ-ਵੱਡੀਆਂ ਮਾਰਦੇ ਨਜਰ ਆ ਰਹੇ ਹਨ । ਲੇਕਿਨ ਪ੍ਰਾਪਤੀਆਂ ਕਰਨ ਵਿਚ ਬੀਤੇ 10 ਸਾਲਾਂ ਤੋਂ ਹਰ ਖੇਤਰ ਵਿਚ ਫੇਲ੍ਹ ਹੀ ਸਾਬਤ ਹੋਏ ਹਨ ।