ਸ. ਰਮੇਸ ਸਿੰਘ ਅਰੋੜਾ ਨੂੰ ਅਤੇ ਬੀਬੀ ਸਤਵੰਤ ਕੌਰ ਨੂੰ ਕ੍ਰਮਵਾਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਰਨਲ ਸਕੱਤਰ ਬਣਨ ਉਤੇ ਮੁਬਾਰਕਬਾਦ : ਮਾਨ
ਫ਼ਤਹਿਗੜ੍ਹ ਸਾਹਿਬ, 02 ਮਾਰਚ ( ) “ਜੋ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਪਾਕਿਸਤਾਨ ਵੱਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਉਤੇ ਸ. ਰਮੇਸ ਸਿੰਘ ਅਰੋੜਾ ਅਤੇ ਬੀਬੀ ਸਤਵੰਤ ਕੌਰ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਹੈ, ਇਨ੍ਹਾਂ ਹੋਈਆ ਨਿਯੁਕਤੀਆਂ ਉਤੇ ਸ. ਰਮੇਸ ਸਿੰਘ ਅਰੋੜਾ, ਬੀਬੀ ਸਤਵੰਤ ਕੌਰ ਅਤੇ ਉਨ੍ਹਾਂ ਦੀ ਸਮੁੱਚੀ ਨਵੀ ਪ੍ਰਬੰਧਕ ਕਮੇਟੀ ਦੀ ਟੀਮ ਨੂੰ ਹਾਰਦਿਕ ਮੁਬਾਰਕਬਾਦ ਭੇਜੀ ਜਾਂਦੀ ਹੈ ਕਿ ਉਹ ਸਮੁੱਚੀ ਕਮੇਟੀ ਪਾਕਿਸਤਾਨ ਵਿਚ ਸਥਿਤ ਸਾਡੇ ਇਤਿਹਾਸਿਕ ਗੁਰੂਘਰਾਂ ਦੇ ਸੁਚਾਰੂ ਪ੍ਰਬੰਧ ਅਤੇ ਸਿੱਖੀ ਪ੍ਰਚਾਰ ਵਿਚ ਹੋਰ ਤੇਜ਼ੀ ਲਿਆ ਸਕੇ ਅਤੇ ਆਪਣੀਆ ਜਿੰਮੇਵਾਰੀਆ ਪੂਰਨ ਕਰ ਸਕੇ ।”
ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਸਥਿਤ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਰਨਲ ਸਕੱਤਰ ਅਤੇ ਸਮੁੱਚੇ ਮੈਬਰਾਂ ਦੀਆਂ ਹੋਈਆ ਨਵੀਆਂ ਨਿਯੁਕਤੀਆਂ ਉਤੇ ਸਮੁੱਚੀ ਟੀਮ ਨੂੰ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਅਤੇ ਉਥੋ ਦੇ ਗੁਰੂਘਰਾਂ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨ ਦੀ ਉਮੀਦ ਕਰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਵੱਡੇ ਇਤਿਹਾਸਿਕ ਗੁਰੂਘਰਾਂ ਤੋ ਇਲਾਵਾ ਵੱਡੀ ਗਿਣਤੀ ਵਿਚ ਹੋਰ ਵੀ ਇਤਿਹਾਸਿਕ ਗੁਰੂਘਰ ਹਨ । ਜਿਨ੍ਹਾਂ ਵਿਚੋ ਕਈਆ ਦੀ ਪੁਰਾਤਨ ਇਮਾਰਤਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ, ਜਦੋਕਿ ਇਨ੍ਹਾਂ ਸਥਾਨਾਂ ਦੇ ਨਾਲ ਸਿੱਖ ਕੌਮ ਦੇ ਮਹਾਨ ਵਿਰਸੇ ਅਤੇ ਵਿਰਾਸਤ ਦੇ ਮੁੱਦੇ ਜੁੜੇ ਹੋਏ ਹਨ ਅਤੇ ਇਨ੍ਹਾਂ ਸਾਰੇ ਇਤਿਹਾਸਿਕ ਸਥਾਨਾਂ ਵਿਚ ਸਿੱਖ ਕੌਮ ਦੀ ਅਥਾਂਹ ਸਰਧਾ ਹੈ । ਜਦੋ ਹੁਣ ਸ. ਰਮੇਸ ਸਿੰਘ ਅਰੋੜਾ ਦੀ ਅਗਵਾਈ ਹੇਠ ਨਵੀ ਪ੍ਰਬੰਧਕ ਕਮੇਟੀ ਹੋਦ ਵਿਚ ਆ ਗਈ ਹੈ । ਤਾਂ ਅਸੀ ਇਨ੍ਹਾਂ ਸਮੁੱਚੇ ਮੈਬਰਾਨ ਸਹਿਬਾਨ ਨੂੰ ਇਹ ਬੇਨਤੀ ਕਰਨੀ ਚਾਹਵਾਂਗੇ ਕਿ ਉਹ ਪਾਕਿਸਤਾਨ ਦੀ ਸਰਕਾਰ ਅਤੇ ਈ.ਟੀ.ਪੀ.ਬੀ. ਦੇ ਸਹਿਯੋਗ ਨਾਲ ਖਸਤਾ ਹੋ ਚੁੱਕੀਆ ਗੁਰੂਘਰਾਂ ਦੀਆਂ ਇਮਾਰਤਾਂ ਦੀ ਅਤੇ ਇਨ੍ਹਾਂ ਗੁਰੂਘਰਾਂ ਦੇ ਇਤਿਹਾਸ ਨੂੰ ਸਾਂਭਣ ਲਈ ਕਾਰ ਸੇਵਾ ਸੁਰੂ ਕਰਨ ਜਿਸ ਵਿਚ ਸਮੁੱਚੀ ਸਿੱਖ ਕੌਮ ਦੀਆਂ ਸੇਵਾਵਾਂ ਵੀ ਲਈਆ ਜਾਣ । ਜੋ ਪਾਕਿਸਤਾਨ ਸਰਕਾਰ ਵੱਲੋ ਵੱਖ-ਵੱਖ ਇਤਿਹਾਸਿਕ ਦਿਹਾੜਿਆ ਉਤੇ ਪੰਜਾਬ ਤੇ ਇੰਡੀਆਂ ਵਿਚੋ ਸਿੱਖ ਦਰਸ਼ਨ ਕਰਨ ਜਾਂਦੇ ਹਨ, ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ । ਵੱਡੀ ਸੰਗਤ ਦਰਸ਼ਨ ਕਰਨ ਤੋ ਵਾਂਝੀ ਰਹਿ ਜਾਂਦੀ ਹੈ । ਇਸ ਲਈ ਉਹ ਸਰਕਾਰ ਨਾਲ ਅਤੇ ਈ.ਟੀ.ਪੀ.ਬੀ. ਦੇ ਅਧਿਕਾਰੀਆਂ ਨਾਲ ਸਹਿਜ ਢੰਗ ਨਾਲ ਗੱਲ ਕਰਕੇ ਦਰਸ਼ਨ ਕਰਨ ਵਾਲੀਆ ਸੰਗਤਾਂ ਦੇ ਜਥੇ ਦੀ ਗਿਣਤੀ ਵਿਚ ਖੁੱਲਦਿਲੀ ਨਾਲ ਵਾਧਾ ਕਰਵਾ ਸਕਣ ਤਾਂ ਇਸ ਨਾਲ ਪੰਜਾਬ ਤੇ ਇੰਡੀਆਂ ਦੀਆਂ ਸਿੱਖ ਸੰਗਤਾਂ ਅਜਿਹੇ ਇਤਿਹਾਸਿਕ ਦਿਹਾੜਿਆ ਉਤੇ ਆਪਣੇ ਗੁਰੂਘਰਾਂ ਦੇ ਦਰਸ਼ਨ ਕਰਕੇ ਖੁਸੀ ਤੇ ਸ਼ਾਂਤੀ ਪ੍ਰਾਪਤ ਕਰ ਸਕਣਗੀਆ ਅਤੇ ਇਸ ਨਾਲ ਸਾਡੇ ਪੁਰਾਤਨ ਇਤਿਹਾਸਿਕ ਸਥਾਨਾਂ, ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸਮਾਜਿਕ ਸੰਬੰਧਾਂ ਵਿਚ ਵੀ ਮਜਬੂਤੀ ਆਵੇਗੀ।