ਕੈਂਪ ਆਫਿਸ,
ਫ਼ਤਹਿਗੜ੍ਹ ਸਾਹਿਬ, ਮਿਤੀ 12 ਫਰਵਰੀ 2024
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਸਿੱਖ ਕੌਮ ਦੀ ਆਨ-ਸ਼ਾਨ ਨੂੰ ਕਾਇਮ ਰੱਖਣ ਹਿੱਤ ਕੇਵਲ ਜ਼ਾਬਰ ਹੁਕਮਰਾਨਾਂ ਵਿਰੁੱਧ ਬਾਦਲੀਲ ਢੰਗ ਨਾਲ ਸੰਘਰਸ਼ ਹੀ ਨਹੀਂ ਆਰੰਭਿਆ ਬਲਕਿ ਸਿੱਖ ਕੌਮ ਦੀ ਵੱਖਰੀ ਅਤੇ ਅਣਖ਼ੀਲੀ ਪਹਿਚਾਣ ਨੂੰ ਕਾਇਮ ਰੱਖਣ ਹਿੱਤ ਤਿੰਨ ਦਿਨ ਤੱਕ ਸੋਵੀਅਤ ਰੂਸ, ਬਰਤਾਨੀਆ ਅਤੇ ਇੰਡੀਆਂ ਦੀਆਂ ਫ਼ੌਜਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਨਹੀਂ ਹੋਣ ਦਿੱਤਾ ਅਤੇ ਸ੍ਰੀ ਦਰਬਾਰ ਸਾਹਿਬ ਦੀ ਅਤੇ ਸਿੱਖ ਕੌਮ ਦੀ ਅਜਮਤ ਦੀ ਰਾਖੀ ਲਈ ਆਪਣੀ ਸ਼ਹਾਦਤ ਦੇ ਕੇ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ ‘ਆਜ਼ਾਦ ਬਾਦਸ਼ਾਹੀ ਸਿੱਖ ਰਾਜ’ (ਖ਼ਾਲਿਸਤਾਨ) ਦੀ ਨੀਂਹ ਨੂੰ ਮਜ਼ਬੂਤ ਕੀਤਾ। ਉਨ੍ਹਾਂ ਵੱਲੋਂ ਸਿੱਖ ਕੌਮ ਨੂੰ ਦਿੱਤੀ ਗਈ ਧਾਰਮਿਕ ਤੇ ਸਿਆਸੀ ਅਗਵਾਈ ਨੂੰ ਯਾਦ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਰ ਸਾਲ 12 ਫਰਵਰੀ ਦੇ ਦਿਨ ਉਨ੍ਹਾਂ ਦੇ ਜਨਮ ਦਿਹਾੜੇ ਦਾ ਸਮਾਗਮ ਕਰਦੇ ਹੋਏ ਸਮੁੱਚੀ ਸਿੱਖ ਕੌਮ ਨੂੰ ਜਿਥੇ ਮੁਬਾਰਕਬਾਦ ਦਿੱਤੀ ਜਾਂਦੀ ਹੈ, ਉਥੇ ਉਨ੍ਹਾਂ ਵੱਲੋਂ ਸ਼ਹਾਦਤ ਤੋਂ ਪਹਿਲੇ ਕਹੇ ਇਨ੍ਹਾਂ ਸ਼ਬਦਾਂ ‘ਜਿਸ ਦਿਨ ਹਿੰਦ ਫ਼ੌਜਾਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨਗੀਆ, ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ’ ਦੇ ਮਿਸ਼ਨ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੂਰਨ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਮੰਜਿ਼ਲ ਵੱਲ ਲਿਜਾ ਰਿਹਾ ਹੈ । ਅੱਜ ਇਸ ਮਹਾਨ ਮੌਕੇ ਤੇ ਜਿਥੇ ਅਸੀਂ ਸਮੁੱਚੀ ਸਿੱਖ ਕੌਮ ਨੂੰ ਉਨ੍ਹਾਂ ਦੇ 77ਵੇਂ ਜਨਮ ਦਿਹਾੜੇ ਦੀ ਖੁਸ਼ੀ ਨੂੰ ਸਾਂਝੇ ਕਰਦੇ ਹੋਏ ਮੁਬਾਰਕਬਾਦ ਦਿੰਦੇ ਹਾਂ, ਉਥੇ ਉਨ੍ਹਾਂ ਵੱਲੋਂ ਕੌਮੀ ਆਜ਼ਾਦੀ ਲਈ ਦਿੱਤੀ ਅਗਵਾਈ ਨੂੰ ਸਮਰਪਿਤ ਹੁੰਦੇ ਹੋਏ ਉਨ੍ਹਾਂ ਦੀ ਸੋਚ ਤੇ ਇਕ ਤਾਕਤ ਹੋ ਕੇ ਪਹਿਰਾ ਦੇਣ ਦੀ ਜੋਰਦਾਰ ਅਪੀਲ ਵੀ ਕਰਦੇ ਹਾਂ । ਅੱਜ ਦੇ ਇਸ ਮਹਾਨ ਦਿਹਾੜੇ ਤੇ ਨਿਮਨਲਿਖਤ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ :-
1. ਹਲਦਵਾਨੀ ਵਿਚ ਮਸਜਿਦਾਂ ਤੇ ਮਦਰੱਸਿਆ ਨੂੰ ਨਿਸ਼ਾਨਾਂ ਬਣਾਕੇ ਢਹਿ-ਢੇਰੀ ਕਰਨਾ ਫਿਰਕੂ ਸੋਚ:- ਅੱਜ ਦਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ 77ਵੇਂ ਜਨਮ ਦਿਹਾੜੇ ਉਤੇ ਹੋਏ ਵਿਸਾਲ ਇਕੱਠ ਵਿਚ ਸਰਬਸੰਮਤੀ ਨਾਲ ਪਹਿਲੇ ਮਤੇ ਰਾਹੀ ਉਤਰਾਖੰਡ ਦੀ ਸਰਕਾਰ, ਨਗਰ ਨਿਗਮ ਵੱਲੋ ਸੈਂਟਰ ਦੇ ਮੁਤੱਸਵੀ ਆਗੂਆਂ ਦੀ ਸਹਿ ਉਤੇ ਮੁਸਲਿਮ ਕੌਮ ਦੇ ਪੁਰਾਤਨ ਲੰਮੇ ਸਮੇ ਤੋਂ ਚੱਲਦੀਆਂ ਆ ਰਹੀਆ ਮਸਜਿਦਾਂ ਤੇ ਮਦਰੱਸਿਆ ਨੂੰ ਨਿਸ਼ਾਨਾਂ ਬਣਾਕੇ ਬੁਲਡੋਜਰਾਂ ਰਾਹੀ ਗਿਰਾਉਣ ਦੇ ਅਮਲ ਹਿੰਦੂਤਵ ਤਾਕਤਾਂ ਵੱਲੋ ਇਕ ਡੂੰਘੀ ਸਾਜਿਸ ਤਹਿਤ ਇਥੇ ਕੱਟੜਵਾਦੀ ਹਿੰਦੂਤਵ ਰਾਸ਼ਟਰ ਕਾਇਮ ਕਰਨ ਅਤੇ ਦੂਸਰੀਆਂ ਘੱਟ ਗਿਣਤੀ ਕੌਮਾਂ ਦੇ ਸਭ ਵਿਧਾਨਿਕ, ਸਮਾਜਿਕ, ਧਾਰਮਿਕ ਤੇ ਇਖਲਾਕੀ ਹੱਕਾਂ ਨੂੰ ਕੁੱਚਲਕੇ ਉਨ੍ਹਾਂ ਨਾਲ ਮੰਨੂਸਮ੍ਰਿਤੀ ਦੀ ਸੋਚ ਅਧੀਨ ਗੁਲਾਮਾਂ ਵਾਲਾ ਵਤੀਰਾ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ ਅਤੇ ਹੁਕਮਰਾਨਾਂ ਨੂੰ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ, ਵਿਦਿਅਕ ਅਦਾਰਿਆ, ਸੰਸਥਾਵਾਂ ਉਤੇ ਮੰਦਭਾਵਨਾ ਅਧੀਨ ਹਮਲੇ ਕਰਨ ਦੇ ਮਾਰੂ ਨਤੀਜਿਆ ਲਈ ਖ਼ਬਰਦਾਰ ਕਰਦਾ ਹੈ ।
2. ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਨਾਲ ਸੰਬੰਧਤ ਨਿਯਮਾਂ, ਕਾਨੂੰਨਾਂ ਨੂੰ ਬਦਲਣ ਦੀ ਨਿੰਦਾ ਕਰਦਾ ਹੈ:- ਅੱਜ ਦਾ ਇਕੱਠ ਮਹਾਰਾਸਟਰਾਂ ਦੀ ਸ੍ਰੀ ਸਿੰਦੇ ਸਰਕਾਰ ਅਤੇ ਸੈਂਟਰ ਦੀ ਮੋਦੀ ਮੁਤੱਸਵੀ ਸਰਕਾਰ ਦੇ ਉਨ੍ਹਾਂ ਜ਼ਮਹੂਰੀਅਤ ਵਿਰੋਧੀ ਅਤੇ ਵਿਧਾਨ ਵਿਰੋਧੀ ਅਮਲਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ ਜਿਸ ਅਧੀਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਜਿਸ ਵਿਚ ਸਿੱਖਾਂ ਦੀ ਬਹੁਗਿਣਤੀ ਹੈ, ਉਨ੍ਹਾਂ ਦੀ ਗਿਣਤੀ ਘਟਾਕੇ ਨਵੇ ਕਾਨੂੰਨ ਰਾਹੀ ਇਸ ਬੋਰਡ ਉਤੇ ਹਕੂਮਤੀ ਕਬਜਾ ਕਰਵਾਉਣ ਦੀ ਸਾਜਿਸ ਨੂੰ ਬਿਲਕੁਲ ਸਫ਼ਲ ਨਹੀਂ ਹੋਣ ਦੇਵੇਗਾ । ਇਸ ਲਈ ਬਿਹਤਰ ਹੋਵੇਗਾ ਕਿ 05 ਫਰਵਰੀ 2024 ਨੂੰ ਮੰਦਭਾਵਨਾ ਅਧੀਨ ਬਣਾਏ ਨਵੇ ਕਾਨੂੰਨ ਨੂੰ ਸਰਕਾਰ ਫੌਰੀ ਰੱਦ ਕਰ ਦੇਵੇ । ਕਿਉਂਕਿ ਇਹ ਸਿੱਖ ਕੌਮ ਉਤੇ ਹਮਲਾ ਕਰਨ ਦੇ ਬਰਾਬਰ ਕਾਰਵਾਈ ਹੈ ।
3. ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ, ਆਈ.ਬੀ, ਰਾਅ, ਇੰਡੀਅਨ ਏਜੰਸੀਆਂ ਸਿੱਖ ਕੌਮ ਦੀਆਂ ਕਾਤਲ, ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾ ਹੋਵੇ:- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਇੰਡੀਆ ਦੇ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ, ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਐਨ.ਆਈ.ਏ. ਆਦਿ ਖੂਫੀਆ ਏਜੰਸੀਆ ਵੱਲੋ ਅਤਿ ਖ਼ਤਰਨਾਕ ਸਾਜਿਸ ਤੇ ਮੰਦਭਾਵਨਾ ਅਧੀਨ ਬਾਹਰਲੇ ਮੁਲਕਾਂ ਵਿਚ ਸਿੱਖ ਕੌਮ ਦੀ ਆਜਾਦੀ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸਰਗਰਮ ਸਿੱਖ ਨੌਜਵਾਨਾਂ ਨੂੰ ਇਹ ਉਪਰੋਕਤ ਏਜੰਸੀਆ ਨਿਸ਼ਾਨਾਂ ਬਣਾਕੇ ਕਤਲ ਕਰਨ ਦੇ ਅਣਮਨੁੱਖੀ ਅਮਲ ਕਰ ਰਹੀਆ ਹਨ । ਜਿਸ ਅਧੀਨ ਕੈਨੇਡਾ ਵਿਖੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ (ਕੈਨੇਡਾ), ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣੇ ਵਿਚ ਦੀਪ ਸਿੰਘ ਸਿੱਧੂ ਅਤੇ ਪੰਜਾਬ ਦੇ ਮਾਨਸਾ ਜਿਲ੍ਹੇ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇਨ੍ਹਾਂ ਏਜੰਸੀਆਂ ਨੇ ਕਤਲ ਕੀਤੇ ਹਨ । ਜਿਸਨੂੰ ਕੈਨੇਡਾ ਤੇ ਅਮਰੀਕਾ ਵਰਗੇ ਵੱਡੇ ਮੁਲਕਾਂ ਅਤੇ ਫਾਇਵ ਆਈ ਮੁਲਕਾਂ ਨੇ ਪ੍ਰਤੱਖ ਰੂਪ ਵਿਚ ਕੌਮਾਂਤਰੀ ਪੱਧਰ ਤੇ ਸੱਚ ਨੂੰ ਉਜਾਗਰ ਕਰ ਦਿੱਤਾ ਹੈ । ਇੰਡੀਆਂ ਦੇ ਇਸ ਅਮਲ ਨਾਲ ਇਨ੍ਹਾਂ ਦੀ ਵਿਦੇਸ਼ੀ ਤੇ ਰੱਖਿਆ ਨੀਤੀ ਸ਼ਰਮਨਾਕ ਹੋ ਕੇ ਰਹਿ ਗਈ ਹੈ । ਅਮਰੀਕਾ ਦੇ ਨਾਗਰਿਕ ਸ. ਗੁਰਪਤਵੰਤ ਸਿੰਘ ਪੰਨੂ ਨੂੰ ਇਨ੍ਹਾਂ ਏਜੰਸੀਆਂ ਨੇ ਖਤਮ ਕਰਨ ਦੀ ਕੋਸਿ਼ਸ਼ ਕੀਤੀ ਸੀ । ਜਿਸ ਨੂੰ ਅਮਰੀਕਾ ਨੇ ਅਸਫਲ ਬਣਾ ਦਿੱਤਾ ।
ਹਿੰਦ ਹਕੂਮਤ ਨੇ ਸਿੱਖ ਸੂਰਮੇ ਬਾਹਰਲੇ ਮੁਲਕਾਂ ਵਿਚ ਸ਼ਹੀਦ ਕੀਤੇ ।
ਮੰਨੂ ਸਾਡੀ ਦਾਤਰੀ, ਅਸੀ ਮੰਨੂ ਦੇ ਸੋਏ ਜਿਊਂ-ਜਿਊਂ ਮੰਨੂ ਸਾਨੂੰ ਵੱਢਦਾ, ਅਸੀ ਦੂਣ ਸਵਾਣੇ ਹੋਏ॥
4. ਭਾਈ ਗੁਰਦੇਵ ਸਿੰਘ ਕਾਊਕੇ ਦੇ ਕਤਲ ਕੇਸ ਨਾਲ ਸੰਬੰਧਤ ਤਿਵਾੜੀ ਰਿਪੋਰਟ ਅਨੁਸਾਰ ਅਮਲ ਕਰਕੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਹੋਵੇ:- ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬੀਤੇ ਸਮੇ ਵਿਚ ਰਹਿ ਚੁੱਕੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਊਕੇ ਨੂੰ ਪੁਲਿਸ ਵੱਲੋਂ ਜ਼ਬਰੀ ਚੁੱਕ ਕੇ ਅਣਦੱਸੀ ਥਾਂ ਤੇ ਰੱਖਕੇ ਕਈ ਦਿਨ ਪੁਲਿਸ ਅਧਿਕਾਰੀਆਂ ਵੱਲੋ ਉਨ੍ਹਾਂ ਉਤੇ ਅਣਮਨੁੱਖੀ ਤਸੱਦਦ ਢਾਹਕੇ ਬੇਰਹਿੰਮੀ ਨਾਲ ਉਨ੍ਹਾਂ ਦੇ ਸਰੀਰ ਦੇ ਗੁੱਟ ਤੋ ਲੈਕੇ ਹੇਠ ਲੱਤਾਂ ਤੱਕ ਟੋਟੇ ਕਰਕੇ ਸਤਲੁਜ ਦਰਿਆ ਵਿਚ ਰੋੜੇ ਗਏ, ਇਸ ਕਤਲ ਕਰਨ ਵਿਚ ਐਸ.ਐਸ.ਪੀ ਅਜੀਤ ਸਿੰਘ ਸੰਧੂ ਅਤੇ ਸਵਰਨ ਸਿੰਘ ਘੋਟਨਾ, ਗੁਰਮੀਤ ਸਿੰਘ ਐਸ.ਐਚ.ਓ ਆਦਿ ਵੱਡੀ ਗਿਣਤੀ ਵਿਚ ਪੁਲਿਸ ਅਫਸਰ ਸਾਮਿਲ ਸਨ । ਜਿਸ ਸੰਬੰਧੀ ਜਾਂਚ ਲਈ ਸਾਡਾ ਵਫਦ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਸੀ ਜਿਸ ਵਿਚ ਮੇਜਰ ਜਰਨਲ ਨਰਿੰਦਰ ਸਿੰਘ ਅਤੇ ਦਾਸ ਵੀ ਸਨ । ਕਾਂਗਰਸ ਅਤੇ ਬਾਦਲ ਸਰਕਾਰ ਨੂੰ ਮਿਲੇ ਪਰ ਸਾਨੂੰ ਕਿਸੇ ਨੇ ਵੀ ਇਨਸਾਫ਼ ਨਾ ਦਿੱਤਾ । ਉਸ ਸਮੇ ਦੀ ਬਾਦਲ ਸਰਕਾਰ ਨੇ ਜਾਂਚ ਲਈ ਮਿਸਟਰ ਤਿਵਾੜੀ ਦੀ ਅਗਵਾਈ ਹੇਠ ਜਾਂਚ ਕਮੇਟੀ ਬਣਾਈ ਸੀ । ਜਿਸ ਵਿਚ ਇਸ ਕੀਤੇ ਗਏ ਅਣਮਨੁੱਖੀ ਕਤਲ ਦਾ ਸੱਚ ਸਾਹਮਣੇ ਆਇਆ । ਲੇਕਿਨ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਸ ਜਾਂਚ ਰਿਪੋਰਟ ਉਤੇ ਅਮਲ ਨਾ ਕਰਕੇ ਖ਼ਾਲਸਾ ਪੰਥ ਤੇ ਭਾਈ ਗੁਰਦੇਵ ਸਿੰਘ ਕਾਊਕੇ ਤੇ ਉਨ੍ਹਾਂ ਦੇ ਪਰਿਵਾਰ ਨਾਲ ਬਹੁਤ ਵੱਡੀ ਜਿਆਦਤੀ ਕੀਤੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਸੰਬੰਧੀ ਆਪਣੇ ਕਾਨੂੰਨੀ ਸਲਾਹਕਾਰ ਸ੍ਰੀ ਰੰਜਨ ਲਖਨਪਾਲ ਰਾਹੀ ਪਹਿਲੇ ਹਾਈਕੋਰਟ ਵਿਚ, ਫਿਰ ਸੁਪਰੀਮ ਕੋਰਟ ਵਿਚ ਇਸ ਦੀ ਪਟੀਸਨ ਨੂੰ ਲੈਕੇ ਗਏ । ਹੁਣ ਜਦੋ ਮੀਡੀਏ ਤੇ ਅਖ਼ਬਾਰਾਂ ਰਾਹੀ ਭਾਈ ਗੁਰਦੇਵ ਸਿੰਘ ਕਾਊਕੇ ਦੇ ਕਤਲ ਸੰਬੰਧੀ ਦੋਸ਼ੀਆਂ ਦੇ ਨਾਮ ਸਾਹਮਣੇ ਆ ਰਹੇ ਹਨ, ਤਾਂ ਅੱਜ ਦਾ ਇਕੱਠ ਸੰਜ਼ੀਦਾ ਮੰਗ ਕਰਦਾ ਹੈ ਕਿ ਸਰਕਾਰ ਤਿਵਾੜੀ ਰਿਪੋਰਟ ਨੂੰ ਆਧਾਰ ਮੰਨਕੇ ਅਤੇ ਮੀਡੀਏ ਰਾਹੀ ਆਏ ਸੱਚ ਨੂੰ ਮੁੱਖ ਰੱਖਕੇ ਤੁਰੰਤ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਸਜਾਵਾਂ ਦਿਵਾਉਣ ਦਾ ਸੀਮਤ ਸਮੇ ਵਿਚ ਪ੍ਰਬੰਧ ਕਰੇ ।
5. ਜਿੰਮੀਦਾਰਾਂ ਦੀਆਂ ਫ਼ਸਲਾਂ ਦੀ ਐਮ.ਐਸ.ਪੀ ਅਤੇ ਸੁਆਮੀਨਾਥਨ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ:- ਅੱਜ ਦਾ ਇਕੱਠ ਇਥੋ ਦੇ ਜਿੰਮੀਦਾਰਾਂ ਦੇ ਜੀਵਨ ਪੱਧਰ ਨੂੰ ਸਹੀ ਕਰਨ ਹਿੱਤ ਇਹ ਮੰਗ ਕਰਦਾ ਹੈ ਕਿ ਉਨ੍ਹਾਂ ਵੱਲੋ ਉਤਪਾਦ ਕੀਤੀਆ ਜਾਣ ਵਾਲੀਆ ਫਸਲਾਂ, ਸਬਜੀਆ ਆਦਿ ਦੀ ਐਮ.ਐਸ.ਪੀ ਨੂੰ ਕਾਨੂੰਨ ਜਾਮਾ ਬਣਾਇਆ ਜਾਵੇ ਅਤੇ ਸੁਆਮੀਨਾਥਨ ਰਿਪੋਰਟ ਵਿਚ ਉਨ੍ਹਾਂ ਦੀ ਬਿਹਤਰੀ ਲਈ ਦਿੱਤੇ ਗਏ ਉਸਾਰੂ ਸੁਝਾਵਾਂ ਨੂੰ ਪ੍ਰਵਾਨ ਕਰਦੇ ਹੋਏ ਇਸ ਸੁਆਮੀਨਾਥਨ ਰਿਪੋਰਟ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾਵੇ ।
ਪੰਜਾਬ ਦੇ ਜਿੰਮੀਦਾਰਾਂ ਦੀਆਂ ਫਸਲਾਂ ਦਾ ਉਨ੍ਹਾਂ ਨੂੰ ਸਹੀ ਮੁੱਲ ਮਿਲੇ ਉਸ ਲਈ ਪੰਜਾਬ ਦੇ ਨਾਲ ਲੱਗਦੀਆਂ ਸਰਹੱਦਾਂ ਨੂੰ ਖੇਤੀ ਉਤਪਾਦ ਅਤੇ ਵਪਾਰੀਆ ਵੱਲੋ ਬਣਾਈਆ ਵਸਤਾਂ ਦੇ ਖੁੱਲ੍ਹੇ ਵਪਾਰ ਲਈ ਤੁਰੰਤ ਖੋਲੀਆ ਜਾਣ । ਜਿਸ ਨਾਲ ਬੇਰੁਜਗਾਰੀ ਦੀ ਸਮੱਸਿਆ ਨੂੰ ਵੀ ਕੁਝ ਹੱਲ ਕਰਨ ਵਿਚ ਮਦਦ ਮਿਲੇਗੀ ।
6. ਪੰਜਾਬ ਦੇ ਹੈੱਡਵਰਕਸਾਂ ਦਾ ਕੰਟਰੋਲ ਯੂ.ਐਨ ਦੇ ਅਧੀਨ ਹੋਵੇ ਜਾਂ ਪੰਜਾਬ ਸਰਕਾਰ ਦੇ:- ਕਿਉਂਕਿ ਬੀਤੇ ਸਮੇ 1988 ਵਿਚ ਸੈਂਟਰ ਦੇ ਮੰਦਭਾਵਨਾ ਭਰੇ ਹੁਕਮਰਾਨਾਂ ਨੇ ਭਾਖੜਾ ਡੈਮ ਦੇ ਰਾਤੋ-ਰਾਤ ਗੇਟ ਖੋਲ੍ਹਕੇ ਸਮੁੱਚੇ ਪੰਜਾਬ ਤੇ ਪੰਜਾਬ ਨਿਵਾਸੀਆ ਨੂੰ ਡੁਬੋ ਦਿੱਤਾ ਸੀ ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ । ਇਸੇ ਤਰ੍ਹਾਂ ਹੁਣ 2023 ਵਿਚ ਇਸ ਹਾਈਡ੍ਰੋਕੋਰਿਕ ਜੰਗ (Hydrological War) ਦੇ ਅਧੀਨ ਇਨ੍ਹਾਂ ਹੈਡਵਰਕਸਾਂ ਨੂੰ ਖੋਲ੍ਹਕੇ ਫਿਰ ਪੰਜਾਬ ਦਾ ਜਾਨੀ-ਮਾਲੀ ਨੁਕਸਾਨ ਕੀਤਾ ਗਿਆ । ਇਨ੍ਹਾਂ ਹੈੱਡਵਰਕਸਾਂ ਨੂੰ ਸੈਟਰ ਦੇ ਜਾਬਰ ਹੁਕਮਰਾਨ ਜੰਗੀ ਹਥਿਆਰ ਵੱਜੋ ਨਾ ਵਰਤ ਸਕਣ । ਪੰਜਾਬ ਤੇ ਪੰਜਾਬੀਆਂ ਦਾ ਨੁਕਸਾਨ ਨਾ ਕਰ ਸਕਣ । ਇਸ ਲਈ ਇਸਦਾ ਕੰਟਰੋਲ ਤੁਰੰਤ ਕੌਮਾਂਤਰੀ ਸੰਗਠਨ ਯੂ.ਐਨ. ਦੇ ਅਧੀਨ ਜਾਂ ਫਿਰ ਮੁਕੰਮਲ ਰੂਪ ਵਿਚ ਪੰਜਾਬ ਦੀ ਸਰਕਾਰ ਅਧੀਨ ਕੀਤਾ ਜਾਵੇ । ਤਾਂ ਜੋ ਇਸਦੀ ਦੁਰਵਰਤੋ ਨਾ ਹੋ ਸਕੇ । ਦੂਸਰਾ ਇਨ੍ਹਾਂ ਡੈਮਾਂ ਤੋ ਪੈਦਾ ਹੋਣ ਵਾਲੀ ਕੀਮਤੀ ਬਿਜਲੀ ਨੂੰ ਸੈਟਰ ਦੇ ਹੁਕਮਰਾਨ ਖੋਹਕੇ ਦਿੱਲੀ, ਹਰਿਆਣਾ, ਰਾਜਸਥਾਂਨ ਨੂੰ ਦੇ ਰਹੇ ਹਨ । ਜਦੋਕਿ ਇਨ੍ਹਾਂ ਡੈਮਾਂ ਤੋ ਪੈਦਾ ਹੋਣ ਵਾਲੀ ਬਿਜਲੀ ਨਾਲ ਪੰਜਾਬ ਦੀ ਵੀ ਮੰਗ ਪੂਰੀ ਨਹੀ ਹੋ ਸਕਦੀ । ਇਨ੍ਹਾਂ ਹੈੱਡਵਰਕਸਾਂ ਦੀ ਪੂਰੀ ਮਲਕੀਅਤ ਅਤੇ ਪੈਦਾ ਹੋਣ ਵਾਲੀ ਬਿਜਲੀ ਦਾ ਪੂਰਨ ਕੰਟਰੋਲ ਪੰਜਾਬ ਸਰਕਾਰ ਦੇ ਅਧੀਨ ਕੀਤਾ ਜਾਵੇ ।
7. ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਦਾ ਤੁਰੰਤ ਐਲਾਨ ਹੋਵੇ:- ਅੱਜ ਦੇ ਇਕੱਠ ਦੇ ਦੂਜੇ ਮਤੇ ਰਾਹੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅਤੇ 30-30, 32-32 ਸਾਲਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਬੰਦੀ ਬਣਾਏ ਗਏ ਅਤੇ ਸਜਾਵਾਂ ਪੂਰੀਆ ਕਰ ਚੁੱਕੇ ਰਾਜਸੀ ਕੈਦੀਆਂ ਦੀ ਬਿਨ੍ਹਾਂ ਦੇਰੀ ਕੀਤਿਆ ਰਿਹਾਈ ਦੀ ਮੰਗ ਕੀਤੀ ਗਈ ਤਾਂ ਜੋ ਸਿੱਖ ਕੌਮ ਵਿਚ ਜ਼ਾਬਰ ਹੁਕਮਰਾਨਾਂ ਦੀਆਂ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਕੀਤੀਆ ਜਾ ਰਹੀਆ ਕਾਰਵਾਈਆ ਦੀ ਬਦੌਲਤ ਹੁਕਮਰਾਨਾਂ ਵਿਰੁੱਧ ਦਿਨ-ਬ-ਦਿਨ ਵੱਧਦੇ ਜਾ ਰਹੇ ਵੱਡੇ ਰੋਹ ਨੂੰ ਸਹੀ ਸਮੇ ਤੇ ਸਹੀ ਢੰਗ ਨਾਲ ਸ਼ਾਂਤ ਕੀਤਾ ਜਾ ਸਕੇ ਅਤੇ ਇਥੋ ਦੀ ਸਥਿਤੀ ਨੂੰ ਵਿਸਫੋਟਕ ਬਣਾਉਣ ਤੋ ਰੋਕਿਆ ਜਾ ਸਕੇ ।
8. ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ ਤੁਰੰਤ ਪੰਜਾਬ ਦੇ ਹਵਾਲੇ ਕੀਤੇ ਜਾਣ:- ਅੱਜ ਦਾ ਇਕੱਠ ਕੌਮਾਂਤਰੀ ਅਤੇ ਇਥੋ ਦੇ ਕਾਨੂੰਨਾਂ ਅਨੁਸਾਰ ਸੰਜ਼ੀਦਾ ਮੰਗ ਕਰਦਾ ਹੈ ਕਿ ਜੋ ਪੰਜਾਬੀ ਬੋਲਦੇ ਇਲਾਕੇ ਹੁਕਮਰਾਨਾਂ ਵੱਲੋ 1966 ਵਿਚ ਮੰਦਭਾਵਨਾ ਅਧੀਨ ਬਹੁਤ ਪਹਿਲੇ ਪੰਜਾਬ ਤੋ ਬਾਹਰ ਕੱਢ ਦਿੱਤੇ ਗਏ ਸਨ ਅਤੇ ਜੋ ਪੰਜਾਬੀਆਂ ਨੂੰ ਉਜਾੜਕੇ ਪੰਜਾਬ ਦੀ ਮਲਕੀਅਤ ਜਮੀਨ ਉਤੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਬਣਾਈ ਗਈ ਹੈ ਅਤੇ ਕਰਨਾਲ ਤੋ ਪਹਾੜ ਵਾਲੇ ਉਤਰੀ ਜਿਲ੍ਹੇ ਜਿਵੇ ਅੰਬਾਲਾ, ਸਿਰਸਾ, ਪੰਚਕੂਲਾ ਆਦਿ ਹਿਮਚਾਲ ਦੇ ਕਾਂਗੜਾ, ਚੰਬਾ, ਹਮੀਰਪੁਰ, ਊਨਾ, ਨਾਲਾਗੜ੍ਹ ਤੇ ਕਸੌਲੀ, ਪਾਊਟਾ ਸਾਹਿਬ ਆਦਿ ਨੂੰ ਪੰਜਾਬ ਵਿਚ ਸਾਮਿਲ ਕੀਤਾ ਜਾਵੇ ਅਤੇ ਚੰਡੀਗੜ੍ਹ ਨੂੰ ਲਾਹੌਰ ਦੇ ਸਥਾਂਨ ਤੇ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਕਾਨੂੰਨੀ ਰੂਪ ਵਿਚ ਪੰਜਾਬ ਦੇ ਹਵਾਲੇ ਕੀਤੀ ਜਾਵੇ ।
9. ਮੋਦੀ ਹਕੂਮਤ ਵੱਲੋ ਹਿੱਟ ਐਂਡ ਰਨ ਬਣਾਏ ਜਾ ਰਹੇ ਜਾਬਰ ਕਾਨੂੰਨ ਨੂੰ ਮੁੱਢੋ ਰੱਦ ਕੀਤਾ ਜਾਂਦਾ ਹੈ, 13 ਫਰਵਰੀ ਦੇ ਕਿਸਾਨ ਅੰਦੋਲਨ ਦੀ ਪੂਰਨ ਹਮਾਇਤ:- ਅੱਜ ਦਾ ਇਕੱਠ ਮੌਜੂਦਾ ਸੈਂਟਰ ਦੀ ਮੋਦੀ ਹਕੂਮਤ ਵੱਲੋ ਟਰਾਸਪੋਰਟਰਾਂ ਅਤੇ ਆਪਣੀਆ ਗੱਡੀਆ, ਕਾਰਾਂ ਰੱਖਣ ਵਾਲੇ ਨਿਵਾਸੀਆ ਉਤੇ ਅਣਮਨੁੱਖੀ ਢੰਗ ਨਾਲ ਜ਼ਬਰ ਢਾਹੁਣ ਵਾਲੇ ਬਣਾਏ ਜਾ ਰਹੇ ਹਿੱਟ ਐਂਡ ਰਨ ਕਾਨੂੰਨ ਜਿਸ ਰਾਹੀ ਕਿਸੇ ਗੱਡੀ ਦੇ ਡਰਾਈਵਰ ਤੋ ਐਕਸੀਡੈਟ ਹੋ ਜਾਣ ਤੇ 10 ਸਾਲ ਦੀ ਕੈਦ ਅਤੇ 7 ਲੱਖ ਰੁਪਏ ਦੀ ਵੱਡੀ ਰਕਮ ਦਾ ਜੁਰਮਾਨਾ ਕਰਨ ਦੇ ਕੀਤੇ ਜਾ ਰਹੇ ਅਮਲ ਬਿਲਕੁਲ ਗੈਰ ਵਿਧਾਨਿਕ ਅਤੇ ਗੈਰ ਇਨਸਾਨੀਅਤ ਹਨ । ਇਹ ਕਾਨੂੰਨ ਟਰਾਸਪੋਰਟਰ ਅਤੇ ਵਹੀਕਲਜ ਰੱਖਣ ਵਾਲਿਆ ਉਤੇ ਜ਼ਬਰ ਢਾਹੁਣ ਵਾਲਾ ਹੈ । ਕਿਉਂਕਿ ਕੋਈ ਵੀ ਡਰਾਈਵਰ ਜਾਂ ਗੱਡੀ ਦਾ ਮਾਲਕ ਜਾਣਬੁੱਝ ਕੇ ਐਕਸੀਡੈਟ ਨਹੀ ਕਰਦਾ । ਫਿਰ ਜਦੋ ਐਕਸੀਡੈਟ ਵਿਚ ਕੋਈ ਕਿਸੇ ਦੀ ਮੌਤ ਜਾਂ ਜਖਮੀ ਹੋ ਜਾਂਦਾ ਹੈ ਤਾਂ ਲੋਕ ਡਰਾਈਵਰ ਨੂੰ ਦੋਸ਼ੀ ਮੰਨਦੇ ਹੋਏ ਬੁਰੀ ਤਰ੍ਹਾਂ ਕੁੱਟਦੇ ਮਾਰਦੇ ਹਨ ਅਤੇ ਕਈ ਵਾਰ ਤਾਂ ਡਰਾਈਵਰ ਨੂੰ ਮਾਰ ਵੀ ਦਿੰਦੇ ਹਨ । ਇਸ ਬਣਾਏ ਜਾ ਰਹੇ ਜਾਬਰ ਕਾਨੂੰਨ ਨੂੰ ਮੁੱਢੋ ਰੱਦ ਕਰਦੇ ਹੋਏ ਅੱਜ ਦਾ ਇਕੱਠ ਇਸਦੀ ਪੂਰਨ ਰੂਪ ਵਿਚ ਵਿਰੋਧਤਾ ਕਰਦਾ ਹੈ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਮੁਲਕ ਦੇ ਕਿਸਾਨਾਂ ਵੱਲੋ ਆਪਣੀਆ ਸੰਜ਼ੀਦਾ ਮੁਸਕਿਲਾਂ ਨੂੰ ਹੱਲ ਕਰਵਾਉਣ ਲਈ ਦਿੱਲੀ ਵਿਖੇ 13 ਫਰਵਰੀ ਨੂੰ ਸੁਰੂ ਕੀਤੇ ਜਾ ਰਹੇ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹੋਏ ਪੰਜਾਬੀਆਂ ਤੇ ਸਿੱਖਾਂ ਨੂੰ ਇਸ ਵਿਚ ਹਰ ਤਰ੍ਹਾਂ ਮਦਦ ਕਰਨ ਦੀ ਅਪੀਲ ਕਰਦਾ ਹੈ।
10. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਲਾਪਤਾ ਕਰਨ ਵਾਲੇ ਦੋਸ਼ੀਆਂ ਅਤੇ ਬਹਿਬਲ ਕਲਾਂ ਦੇ ਕਾਤਲਾਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆ ਜਾਣ:- ਅੱਜ ਦਾ ਇਕੱਠ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਤੋਂ ਇਹ ਸੰਜ਼ੀਦਾ ਮੰਗ ਕਰਦਾ ਹੈ ਕਿ ਜਿਨ੍ਹਾਂ ਦੋਸ਼ੀਆਂ ਨੇ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਲਾਪਤਾ ਕੀਤੇ ਹਨ ਅਤੇ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਬਹਿਬਲ ਕਲਾਂ ਵਿਖੇ ਗੋਲੀ ਚਲਾਕੇ ਸ਼ਹੀਦ ਭਾਈ ਗੁਰਜੀਤ ਸਿੰਘ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕੀਤਾ ਹੈ, ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦੇਣ ਦਾ ਪ੍ਰਬੰਧ ਹੋਵੇ ।
11. ਪੰਜਾਬੀਆਂ ਦੀ ਮਾਲੀ ਹਾਲਤ ਦੀ ਬਿਹਤਰੀ ਲਈ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਵਪਾਰ ਲਈ ਖੋਲ੍ਹੀਆਂ ਜਾਣ:- ਅੱਜ ਦੇ ਮਹਾਨ ਸਮਾਗਮ ਦਾ ਇਕੱਠ ਹੁਕਮਰਾਨਾਂ ਤੋਂ ਇਹ ਸੰਜ਼ੀਦਾ ਮੰਗ ਕਰਦਾ ਹੈ ਕਿ ਪੰਜਾਬੀਆਂ ਅਤੇ ਸਿੱਖ ਕੌਮ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਅਤੇ ਇਥੋ ਦੀ ਬੇਰੁਜਗਾਰ ਨੌਜ਼ਵਾਨੀ ਨੂੰ ਵੱਡੇ ਪੱਧਰ ਤੇ ਰੁਜਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਤੁਰੰਤ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਨੂੰ ਸੜਕੀ ਤੇ ਰੇਲਵੇ ਆਵਾਜਾਈ ਰਾਹੀ ਖੋਲ੍ਹਕੇ ਵਪਾਰ ਨੂੰ ਪ੍ਰਫੁੱਲਿਤ ਕਰਨ ਵਿਚ ਯੋਗਦਾਨ ਪਾਇਆ ਜਾਵੇ । ਜਿਸ ਨਾਲ ਬੇਰੁਜਗਾਰੀ ਨੂੰ ਕਾਫ਼ੀ ਹੱਦ ਤੱਕ ਦੂਰ ਕਰਨ ਵਿਚ ਮਦਦ ਮਿਲੇਗੀ ।
12. ਭਾਨਾ ਸਿੱਧੂ, ਲੱਖਾ ਸਿਧਾਣਾ ਦੇ ਪਰਿਵਾਰਿਕ ਮੈਬਰਾਂ ਅਤੇ ਹੋਰਨਾਂ ਨੌਜ਼ਵਾਨਾਂ ਉਤੇ ਪਾਏ ਝੂਠੇ ਕੇਸ ਵਾਪਸ ਲੈਕੇ ਸ੍ਰੀ ਭਾਨਾ ਸਿੱਧੂ ਨੂੰ ਕੀਤੇ ਵਾਅਦੇ ਅਨੁਸਾਰ ਰਿਹਾਅ ਕੀਤਾ ਜਾਵੇ:- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਸਰਕਾਰਾਂ ਭਾਵੇ ਕਿਸੇ ਵੀ ਜਮਾਤ ਦੀਆਂ ਹੋਣ, ਉਹ ਲੋਕਾਈ ਦੇ ਵੱਡੇ ਰੋਹ ਪੂਰਨ ਸੰਘਰਸ਼ ਨੂੰ ਵੇਖਦੇ ਹੋਏ ਮੌਕਾਪ੍ਰਸਤੀ ਦੀ ਸੋਚ ਅਧੀਨ ਪੰਜਾਬ ਨਿਵਾਸੀਆਂ ਤੇ ਸਿੱਖ ਕੌਮ ਨਾਲ ਵਾਅਦੇ ਕਰ ਲੈਦੀਆਂ ਹਨ, ਪਰ ਉਨ੍ਹਾਂ ਨੂੰ ਪੂਰਨ ਨਹੀਂ ਕਰਦੀਆਂ ਜਿਵੇਕਿ ਭਾਨਾ ਸਿੱਧੂ ਦੇ ਸੰਬੰਧ ਵਿਚ ਸਰਕਾਰ ਵੱਲੋ ਆਪਣੇ ਵੱਡੇ ਪੁਲਿਸ ਅਫਸਰ ਨੂੰ ਭੇਜਕੇ 10 ਫਰਵਰੀ ਨੂੰ ਭਾਨਾ ਸਿੱਧੂ ਰਿਹਾਅ ਕਰਨਗੇ । ਪਰ ਉਲਟਾ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਅਤੇ ਇਸ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੇ ਸ੍ਰੀ ਲੱਖਾ ਸਿਧਾਣਾਂ ਤੇ ਹੋਰ ਨੌਜ਼ਵਾਨੀ ਉਤੇ ਦਹਿਸਤ ਪਾਉਣ ਹਿੱਤ ਝੂਠੇ ਕੇਸ ਦਰਜ ਕਰਨ ਦੀ ਕਾਰਵਾਈ ਦੀ ਜੋਰਦਾਰ ਨਿੰਦਾ ਕਰਦੇ ਹੋਏ ਸਰਕਾਰ ਨੂੰ ਵਿਸਫੋਟਕ ਸਥਿਤੀ ਬਣਾਉਣ ਤੋ ਗੁਰੇਜ ਕਰਨ ਦੀ ਨੇਕ ਸਲਾਹ ਦਿੰਦਾ ਹੈ ।
13. ਤਿੰਨ ਪ੍ਰਮਾਣੂ ਤਾਕਤਾਂ ਵਿਚਕਾਰ ਬਫ਼ਰ ਸਟੇਂਟ ਦਾ ਕਾਇਮ ਹੋਣਾ ਅਤਿ ਜ਼ਰੂਰੀ:- ਅੱਜ ਦਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਦੀ ਵੱਡੀ ਖੁਸ਼ੀ ਦਾ ਆਨੰਦ ਲੈਦੇ ਹੋਏ ਅਤੇ ਇਸ ਦਿਹਾੜੇ ਦੀ ਸਮੂਹਿਕ ਅਰਦਾਸ ਕਰਦੇ ਹੋਏ ਇਹ ਮਹਿਸੂਸ ਕਰਦਾ ਹੈ ਕਿਉਂਕਿ ਇੰਡੀਆਂ, ਪਾਕਿਸਤਾਨ ਅਤੇ ਚੀਨ ਤਿੰਨੇ ਪ੍ਰਮਾਣੂ ਤਾਕਤਾਂ ਨਾਲ ਲੈਂਸ ਮੁਲਕ ਹਨ । ਦੂਸਰਾ ਤਿੰਨਾਂ ਦੀ ਆਪਸ ਵਿਚ ਪੁਰਾਤਨ ਕੱਟੜ ਦੁਸ਼ਮਣੀ ਹੈ । ਜੰਗ ਹੋਣ ਦੀ ਸੂਰਤ ਵਿਚ ਸਿੱਖ ਵਸੋ ਵਾਲਾ ਇਲਾਕਾ ਹੀ ਮੈਦਾਨ-ਏ-ਜੰਗ ਬਣੇਗਾ ਜਿਸ ਨਾਲ ਸਿੱਖ ਵਸੋ ਤਾਂ ਬਿਲਕੁਲ ਖ਼ਤਮ ਹੋ ਕੇ ਰਹਿ ਜਾਵੇਗੀ । ਇਸ ਲਈ ਸਾਡੀ ਹੋਂਦ ਨੂੰ ਬਰਕਰਾਰ ਰੱਖਣ ਲਈ ਇਹ ਜਰੂਰੀ ਹੈ ਕਿ ਤਿੰਨੇ ਪ੍ਰਮਾਣੂ ਤਾਕਤਾਂ ਦੀ ਤ੍ਰਿਕੋਣ ਦੇ ਵਿਚਕਾਰ ਕੌਮਾਂਤਰੀ ਕਾਨੂੰਨਾਂ ਅਤੇ ਜਮਹੂਰੀਅਤ ਪਸ਼ੰਦ ਮੁਲਕਾਂ ਦੀ ਦੇਖਰੇਖ ਹੇਠ ਬਿਨ੍ਹਾਂ ਕਿਸੇ ਖੂਨ-ਖਰਾਬੇ ਦੇ ਕੋਸੋਵੋ ਦੀ ਤਰ੍ਹਾਂ ਸਾਡਾ ਸੰਪੂਰਨ ਪ੍ਰਭੂਸਤਾ ਆਜਾਦ ਸਿੱਖ ਰਾਜ ‘ਖ਼ਾਲਿਸਤਾਨ’ ਜ਼ਮਹੂਰੀਅਤ ਲੀਹਾਂ ਤੇ ਹਰ ਕੀਮਤ ਤੇ ਕਾਇਮ ਹੋਵੇ ਜਿਥੇ ਕੇਵਲ ਸਿੱਖ ਵਸੋ ਹੀ ਨਹੀ ਬਲਕਿ ਸਭ ਕੌਮਾਂ, ਧਰਮ, ਫਿਰਕੇ, ਕਬੀਲੇ ਆਦਿ ਗੁਰੂ ਸਾਹਿਬਾਨ ਜੀ ਦੀ ਸਾਂਝੀ ਸੋਚ ਅਧੀਨ ਹਲੀਮੀ ਰਾਜ ਦੀ ਸਰਪ੍ਰਸਤੀ ਹੇਠ ਸਾਂਝੇ ਤੌਰ ਤੇ ਅਮਨਮਈ ਤੇ ਖੁਸ਼ਹਾਲ ਭਰੀ ਜਿੰਦਗੀ ਬਤੀਤ ਕਰਨ ਦੇ ਸਮਰੱਥ ਹੋ ਸਕਣ । ਅੱਜ ਦਾ ਇਕੱਠ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਆਪਣਾ ਆਜਾਦ ਬਾਦਸਾਹੀ ਖਾਲਸਾ ਰਾਜ ਕਾਇਮ ਕਰਨ ਲਈ ਪ੍ਰਣ ਕਰਦਾ ਹੈ ।
ਖ਼ਾਲਿਸਤਾਨ ਜਿ਼ੰਦਾਬਾਦ !!!
ਗੁਰੂਘਰ ਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਮਾਨ,
ਮੈਂਬਰ ਪਾਰਲੀਮੈਂਟ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।