ਕੈਂਪ ਆਫਿਸ,
ਫ਼ਤਹਿਗੜ੍ਹ ਸਾਹਿਬ, ਮਿਤੀ 12 ਫਰਵਰੀ 2023

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ 76ਵੇਂ ਜਨਮ ਦਿਹਾੜੇ ਸਮਾਗਮ ‘ਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਕੌਮੀ ਅਤੇ ਧਾਰਮਿਕ ਮਤੇ

ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਸਿੱਖ ਕੌਮ ਦੀ ਆਨ-ਸ਼ਾਨ ਨੂੰ ਕਾਇਮ ਰੱਖਣ ਹਿੱਤ ਕੇਵਲ ਜ਼ਾਬਰ ਹੁਕਮਰਾਨਾਂ ਵਿਰੁੱਧ ਬਾਦਲੀਲ ਢੰਗ ਨਾਲ ਸੰਘਰਸ਼ ਹੀ ਨਹੀਂ ਆਰੰਭਿਆ ਬਲਕਿ ਸਿੱਖ ਕੌਮ ਦੀ ਵੱਖਰੀ ਅਤੇ ਅਣਖ਼ੀਲੀ ਪਹਿਚਾਣ ਨੂੰ ਕਾਇਮ ਰੱਖਣ ਹਿੱਤ ਤਿੰਨ ਦਿਨ ਤੱਕ ਸੋਵੀਅਤ ਰੂਸ, ਬਰਤਾਨੀਆ ਅਤੇ ਇੰਡੀਆਂ ਦੀਆਂ ਫ਼ੌਜਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਨਹੀਂ ਹੋਣ ਦਿੱਤਾ ਅਤੇ ਸ੍ਰੀ ਦਰਬਾਰ ਸਾਹਿਬ ਦੀ ਅਤੇ ਸਿੱਖ ਕੌਮ ਦੀ ਅਜਮਤ ਦੀ ਰਾਖੀ ਲਈ ਆਪਣੀ ਸ਼ਹਾਦਤ ਦੇ ਕੇ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ ‘ਆਜ਼ਾਦ ਬਾਦਸ਼ਾਹੀ ਸਿੱਖ ਰਾਜ’ (ਖ਼ਾਲਿਸਤਾਨ) ਦੀ ਨੀਂਹ ਨੂੰ ਮਜ਼ਬੂਤ ਕੀਤਾ। ਉਨ੍ਹਾਂ ਵੱਲੋਂ ਸਿੱਖ ਕੌਮ ਨੂੰ ਦਿੱਤੀ ਗਈ ਧਾਰਮਿਕ ਤੇ ਸਿਆਸੀ ਅਗਵਾਈ ਨੂੰ ਯਾਦ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਰ ਸਾਲ 12 ਫਰਵਰੀ ਦੇ ਦਿਨ ਉਨ੍ਹਾਂ ਦੇ ਜਨਮ ਦਿਹਾੜੇ ਦਾ ਸਮਾਗਮ ਕਰਦੇ ਹੋਏ ਸਮੁੱਚੀ ਸਿੱਖ ਕੌਮ ਨੂੰ ਜਿਥੇ ਮੁਬਾਰਕਬਾਦ ਦਿੱਤੀ ਜਾਂਦੀ ਹੈ, ਉਥੇ ਉਨ੍ਹਾਂ ਵੱਲੋਂ ਸ਼ਹਾਦਤ ਤੋਂ ਪਹਿਲੇ ਕਹੇ ਇਨ੍ਹਾਂ ਸ਼ਬਦਾਂ ‘ਜਿਸ ਦਿਨ ਹਿੰਦ ਫ਼ੌਜਾਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨਗੀਆ, ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ’ ਦੇ ਮਿਸ਼ਨ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੂਰਨ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਮੰਜਿ਼ਲ ਵੱਲ ਲਿਜਾ ਰਿਹਾ ਹੈ । ਅੱਜ ਇਸ ਮਹਾਨ ਮੌਕੇ ਤੇ ਜਿਥੇ ਅਸੀਂ ਸਮੁੱਚੀ ਸਿੱਖ ਕੌਮ ਨੂੰ ਉਨ੍ਹਾਂ ਦੇ 76ਵੇਂ ਜਨਮ ਦਿਹਾੜੇ ਦੀ ਖੁਸ਼ੀ ਨੂੰ ਸਾਂਝੇ ਕਰਦੇ ਹੋਏ ਮੁਬਾਰਕਬਾਦ ਦਿੰਦੇ ਹਾਂ, ਉਥੇ ਉਨ੍ਹਾਂ ਵੱਲੋਂ ਕੌਮੀ ਆਜ਼ਾਦੀ ਲਈ ਦਿੱਤੀ ਅਗਵਾਈ ਨੂੰ ਸਮਰਪਿਤ ਹੁੰਦੇ ਹੋਏ ਉਨ੍ਹਾਂ ਦੀ ਸੋਚ ਤੇ ਇਕ ਤਾਕਤ ਹੋ ਕੇ ਪਹਿਰਾ ਦੇਣ ਦੀ ਜੋਰਦਾਰ ਅਪੀਲ ਵੀ ਕਰਦੇ ਹਾਂ । ਅੱਜ ਦੇ ਇਸ ਮਹਾਨ ਦਿਹਾੜੇ ਤੇ ਨਿਮਨਲਿਖਤ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ :-

1. ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਤੁਰੰਤ ਰਿਹਾਈ ਹੋਵੇ, ਕੌਮੀ ਇਨਸਾਫ਼ ਮੋਰਚੇ ਦੀ ਪੂਰਨ ਹਮਾਇਤ:- ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ 76ਵੇਂ ਜਨਮ ਦਿਹਾੜੇ ਦੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕੀਤੇ ਜਾਣ ਵਾਲੇ ਕੌਮੀ ਸਮਾਗਮ ਦਾ ਅੱਜ ਠਾਠਾ ਮਾਰਦਾ ਇਕੱਠ ਸਰਬਸੰਮਤੀ ਨਾਲ ਪਹਿਲੇ ਮਤੇ ਰਾਹੀ ਸੈਂਟਰ ਤੇ ਪੰਜਾਬ ਦੇ ਹੁਕਮਰਾਨਾਂ ਤੋਂ ਇਨਸਾਫ਼ ਦੇ ਤਕਾਜੇ ਨੂੰ ਮੁੱਖ ਰੱਖਦੇ ਹੋਏ ਆਪਣੀਆ ਸਜਾਵਾਂ ਤੋਂ ਵੱਧ ਸਜ਼ਾ ਭੁਗਤ ਚੁੱਕੇ ਬੰਦੀ ਸਿੱਖਾਂ ਦੀ ਤੁਰੰਤ ਵਿਧਾਨ ਤੇ ਕਾਨੂੰਨ ਅਨੁਸਾਰ ਰਿਹਾਈ ਦੀ ਮੰਗ ਕਰਦਾ ਹੈ ਅਤੇ ਜੋ ਸਮੁੱਚੇ ਖ਼ਾਲਸਾ ਪੰਥ ਵੱਲੋਂ ਮੋਹਾਲੀ ਵਿਖੇ ਕੌਮੀ ਇਨਸਾਫ਼ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਮਕਸਦ ਨੂੰ ਲੈਕੇ ਸੁਰੂ ਕੀਤਾ ਗਿਆ ਹੈ, ਦੀ ਪੂਰਨ ਹਮਾਇਤ ਕਰਦਾ ਹੈ । ਜਿਵੇਂ ਹੁਕਮਰਾਨਾਂ ਨੇ ਜੇਕਰ 15 ਅਗਸਤ 2022 ਨੂੰ ਬਿਲਕਿਸ ਬਾਨੋ ਦੇ ਬਲਾਤਕਾਰੀ ਤੇ ਕਾਤਲਾਂ ਨੂੰ ਰਿਹਾਅ ਕਰ ਦਿੱਤਾ ਹੈ ਤਾਂ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਵੀ ਫੌਰੀ ਰਿਹਾਅ ਕੀਤਾ ਜਾਵੇ ।

2. ਸਿੱਖ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ ਤੁਰੰਤ ਜਰਨਲ ਚੋਣਾਂ ਕਰਵਾਉਣ ਲਈ ਗ੍ਰਹਿ ਵਿਭਾਗ ਐਲਾਨ ਕਰੇ:- ਕਿਉਂਕਿ ਐਸ.ਜੀ.ਪੀ.ਸੀ. ਸਿੱਖ ਕੌਮ ਦੀ ਸਿਰਮੌਰ ਸੰਸਥਾ ਬਤੌਰ ਸਿੱਖ ਪਾਰਲੀਮੈਂਟ ਦੇ ਤੌਰ ਤੇ ਕੰਮ ਕਰ ਰਹੀ ਹੈ । ਜਿਸਦੀ ਜਰਨਲ ਚੋਣ ਹਰ 5 ਸਾਲ ਬਾਅਦ ਕਾਨੂੰਨ ਅਨੁਸਾਰ ਹੁੰਦੀ ਹੈ । ਲੇਕਿਨ ਬੀਤੇ 12 ਸਾਲਾਂ ਤੋਂ ਸੈਂਟਰ ਦਾ ਗ੍ਰਹਿ ਵਿਭਾਗ ਇਨ੍ਹਾਂ ਚੋਣਾਂ ਨੂੰ ਕਰਵਾਉਣ ਤੋ ਆਨਾਕਾਨੀ ਕਰਕੇ ਸਿੱਖ ਕੌਮ ਦੀ ਜਮਹੂਰੀਅਤ ਦਾ ਕਤਲ ਕਰ ਰਿਹਾ ਹੈ । ਅੱਜ ਦਾ ਇਕੱਠ ਐਸ.ਜੀ.ਪੀ.ਸੀ. ਮਿੰਨੀ ਪਾਰਲੀਮੈਂਟ ਦੀ ਤੁਰੰਤ ਚੋਣ ਕਰਵਾਉਣ ਦਾ ਐਲਾਨ ਕਰਨ ਦੀ ਮੰਗ ਕਰਦਾ ਹੈ ।

3. ਇੰਡੀਅਨ ਪਾਰਲੀਮੈਂਟ ਵਿਚ ਸਿੱਖਾਂ ਨੂੰ ਬੋਲਣ ਦਾ ਸਮਾਂ ਨਾ ਦੇਣਾ, ਬੇਗਾਨਗੀ ਦਾ ਅਹਿਸਾਸ ਕਰਵਾਉਣ ਦੇ ਤੁੱਲ:- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਪੰਜਾਬੀਆਂ ਅਤੇ ਸਿੱਖ ਦੇ ਚੁਣੇ ਹੋਏ ਐਮ.ਪੀਜ਼ ਨੂੰ ਹੁਕਮਰਾਨ ਪਾਰਲੀਮੈਂਟ ਵਿਚ ਆਪਣੇ ਸਟੇਂਟ ਅਤੇ ਆਪਣੇ ਲੋਕਾਂ ਦੀਆਂ ਮੁਸ਼ਕਿਲਾਂ ਉਤੇ ਬੋਲਣ ਦਾ ਲੋੜੀਦਾ ਸਮਾਂ ਹੀ ਨਹੀ ਦਿੰਦੇ ਜੋ ਵੱਡੀ ਬੇਇਨਸਾਫ਼ੀ ਹੈ । ਫਿਰ ਜੋ ਮਨਰੇਗਾ ਵਰਗੀਆਂ ਯੋਜਨਾਵਾਂ ਅਧੀਨ ਗਰੀਬਾਂ ਦੀ ਮਾਲੀ ਹਾਲਤ ਠੀਕ ਕਰਨਾ ਹੈ, ਉਸਨੂੰ ਵੀ ਪੰਜਾਬ ਸੂਬੇ ਵਿਚ ਨਾ ਤਾਂ ਅਮਲੀ ਰੂਪ ਵਿਚ ਲਾਗੂ ਕਰਦੇ ਹਨ ਅਤੇ ਨਾ ਹੀ ਉਨ੍ਹਾਂ ਦਾ ਮਿਹਨਤਾਨਾ ਸਹੀ ਰੂਪ ਵਿਚ ਦਿੱਤਾ ਜਾਂਦਾ ਹੈ ।

4. ਦੀਪ ਸਿੰਘ ਸਿੱਧੂ, ਸਿੱਧੂ ਮੂਸੇਵਾਲਾ ਦੇ ਕਤਲਾਂ ਦੀ ਨਿਰਪੱਖਤਾ ਨਾਲ ਜਾਂਚ ਹੋਵੇ:- ਅੱਜ ਦਾ ਇਕੱਠ ਜਿਥੇ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਦੇ ਹਰਿਆਣੇ ਵਿਚ ਹੋਏ ਕਤਲ ਅਤੇ ਸਿੱਧੂ ਮੂਸੇਵਾਲਾ ਦੇ ਹਰਮਨ ਪਿਆਰੇ ਗਾਇਕ ਦੇ ਪੰਜਾਬ ਵਿਚ ਹੋਏ ਕਤਲਾਂ ਦੀ ਤੁਰੰਤ ਨਿਰਪੱਖਤਾ ਨਾਲ ਜਾਂਚ ਦੀ ਮੰਗ ਕਰਦਾ ਹੈ । ਉਥੇ ਰੂਸ ਤੋ ਆਏ 2 ਆਗੂ ਮਿਸਟਰ ਵਾਲਦੀਮੀਰ ਬਾਇਦਾਨੋਵ ਅਤੇ ਪਾਵੇਲ ਅੰਤੋਵ ਦੇ ਕਤਲਾਂ ਦੀ ਵੀ ਤੁਰੰਤ ਜਾਂਚ ਕਰਵਾਉਣ ਅਤੇ ਇਨ੍ਹਾਂ ਸਾਜਿਸਾਂ ਨੂੰ ਸਾਹਮਣੇ ਲਿਆਕੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੀ ਜੋਰਦਾਰ ਮੰਗ ਕਰਦਾ ਹੈ ।

5. ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ 328 ਲਾਪਤਾ ਸਰੂਪਾਂ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦਿੱਤੀਆ ਜਾਣ:- 2015 ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਜਸੀ ਢੰਗ ਨਾਲ ਅਪਮਾਨ ਕਰਨ ਵਾਲੇ ਦੋਸ਼ੀਆਂ ਅਤੇ ਜਿਨ੍ਹਾਂ ਨੇ ਸਾਜਿਸ ਅਧੀਨ 328 ਸਰੂਪ ਲਾਪਤਾ ਕੀਤੇ ਹਨ, ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਧਾਰਾ 295ਏ ਅਧੀਨ ਸਜਾਵਾਂ ਦੇਣ ਦੀ ਅੱਜ ਦਾ ਇਕੱਠ ਜੋਰਦਾਰ ਮੰਗ ਕਰਦਾ ਹੈ ।

6. ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਅਸਲ ਨਾਇਕ ਕਰਨਲ ਸਫਦਰ ਜਾਵੇਦ ਕਾਹਲੋ ਅਤੇ ਉਨ੍ਹਾਂ ਦੀ ਬੇਗਮ ਰਫਤ ਜਾਵੇਦ ਕਾਹਲੋ ਐਮ.ਪੀ. ਦਾ ਅੱਜ ਦਾ ਇੱਕਠ ਸਨਮਾਨ ਸਹਿਤ ਧੰਨਵਾਦ ਕਰਦਾ ਹੈ:- ਲਹਿੰਦੇ ਪੰਜਾਬ ਦੇ ਨਾਰੋਵਾਲ ਤੋਂ ਨੈਸਨਲ ਅੰਸੈਬਲੀ ਦੇ 2002-03 ਵਿਚ ਜਿੱਤੇ ਮੈਬਰ ਅਤੇ ਉਨ੍ਹਾਂ ਦੀ ਸਤਿਕਾਰਯੋਗ ਬੇਗਮ ਰਫਤ ਜਾਵੇਦ ਕਾਹਲੋ ਐਮ.ਪੀ ਨਾਰੋਵਾਲ ਨੇ ਉਸ ਸਮੇ ਦੇ ਪਾਕਿਸਤਾਨ ਦੇ ਪ੍ਰੈਜੀਡੈਟ ਜਨਾਬ ਪ੍ਰਵੇਜ ਮੁਸੱਰਫ ਤੋ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲਣ ਦੀ ਪ੍ਰਵਾਨਗੀ ਕਰਵਾਈ ਸੀ । 2004 ਵਿਚ ਇਹ ਦੋਵੇ ਸਤਿਕਾਰਯੋਗ ਮੈਬਰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਆਏ ਸਨ । ਜਿਨ੍ਹਾਂ ਨੂੰ ਸ. ਅਵਤਾਰ ਸਿੰਘ ਮੱਕੜ ਪ੍ਰਧਾਨ ਐਸ.ਜੀ.ਪੀ.ਸੀ, ਦਮਦਮੀ ਟਕਸਾਲ ਅਤੇ ਸ. ਵਡਾਲਾ ਤੇ ਹੋਰ ਜਥੇਬੰਦੀਆਂ ਵੱਲ ਉਨ੍ਹਾਂ ਦੇ ਕੀਤੇ ਉਦਮਾਂ ਸਦਕਾ ਭਰਪੂਰ ਸਵਾਗਤ ਕਰਦੇ ਹੋਏ ਸਨਮਾਨ ਕੀਤਾ ਗਿਆ ਸੀ । ਲੇਕਿਨ ਪੰਜਾਬੀ ਅਤੇ ਸਿੱਖ ਕੌਮ ਵੱਡਾ ਉਦਮ ਕਰਨ ਵਾਲੀਆ ਇਨ੍ਹਾਂ ਦੋਵਾਂ ਸਖਸ਼ੀਅਤਾਂ ਨੂੰ ਭੁੱਲੀ ਵਿਸਰੀ ਬੈਠੀ ਹੈ । ਅੱਜ ਦਾ ਇਹ ਮਹਾਨ ਇਕੱਠ ਕਰਨਲ ਸਫਦਰ ਜਾਵੇਦ ਕਾਹਲੋ ਅਤੇ ਬੇਗਮ ਰਫਤ ਜਾਵੇਦ ਕਾਹਲੋ ਐਮ.ਪੀ ਦਾ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਸਨਮਾਨ, 8ਸਵਾਗਤ ਅਤੇ ਧੰਨਵਾਦ ਕਰਦਾ ਹੈ ।

7. ਇੰਡੀਆਂ ਦੇ ਹਰ ਉੱਚ ਅਹੁਦੇ ਤੋਂ ਸਿੱਖ ਸਖਸ਼ੀਅਤਾਂ ਨੂੰ ਮਨਫ਼ੀ ਕਰਨ ਦੇ ਅਮਲ ਅਤਿ ਨਿੰਦਣਯੋਗ:- ਅੱਜ ਦਾ ਇਕੱਠ ਇੰਡੀਆਂ ਦੇ ਹਿੰਦੂਤਵ ਹੁਕਮਰਾਨਾਂ ਦੀ ਉਸ ਸੋਚ ਅਤੇ ਅਮਲ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ਜਿਸ ਅਨੁਸਾਰ ਯੋਗਤਾ ਅਤੇ ਉੱਚ ਕਾਬਲੀਅਤ ਦੇ ਮਾਲਕ ਸਿੱਖਾਂ ਨੂੰ ਇੰਡੀਆ ਦੇ ਹਰ ਤਰ੍ਹਾਂ ਦੇ ਉੱਚ ਅਹੁਦੇ ਤੋਂ ਇਕ ਡੂੰਘੀ ਸਾਜਿਸ ਤਹਿਤ ਦੂਰ ਰੱਖਿਆ ਜਾ ਰਿਹਾ ਹੈ । ਅੱਜ ਸੁਪਰੀਮ ਕੋਰਟ ਦੇ ਮੁੱਖ ਜੱਜ ਜਾਂ ਹੋਰ ਜੱਜਾਂ ਵਿਚ ਇਕ ਵੀ ਸਿੱਖ ਨਹੀ, ਹਾਈਕੋਰਟ ਦੇ ਚੀਫ਼ ਜਸਟਿਸ ਵਿਚ ਕੋਈ ਸਿੱਖ ਨਹੀ । ਸੈਂਟਰ ਦੀ ਕੈਬਨਿਟ ਜਿਸ ਵਿਚ ਰੱਖਿਆ, ਗ੍ਰਹਿ, ਵਿੱਤ, ਵਿਦੇਸ਼ ਵਿਭਾਗ ਦੇ ਵਜ਼ੀਰ ਵਿਚੋ ਇਕ ਉਤੇ ਸਿੱਖ ਨੂੰ ਲਗਾਇਆ ਜਾਂਦਾ ਸੀ, ਜੋ ਖ਼ਤਮ ਕਰ ਦਿੱਤਾ ਗਿਆ ਹੈ । ਬਾਹਰਲੇ ਮੁਲਕਾਂ ਦੇ ਸਫੀਰਾਂ ਵਿਚ, ਸੂਬਿਆਂ ਦੇ ਗਵਰਨਰਾਂ ਵਿਚ, ਮੁੱਖ ਚੋਣ ਕਮਿਸਨਰ, ਤਿੰਨੇ ਫ਼ੌਜਾਂ ਦੇ ਮੁੱਖੀਆਂ ਵਿਚੋ ਕਿਸੇ ਵੀ ਸਿੱਖ ਨੂੰ ਬਿਰਾਜਮਾਨ ਨਹੀ ਕੀਤਾ ਜਾ ਰਿਹਾ । ਇਥੋ ਤੱਕ ਮੁਲਕ ਅਤੇ ਸੂਬੇ ਦੇ ਉੱਚ ਅਧਿਕਾਰੀਆਂ ਦੀਆਂ ਪਦਵੀਆ ਉਤੇ ਵੀ ਇਹ ਵਿਤਕਰਾ ਨਿਰੰਤਰ ਜਾਰੀ ਹੈ । ਚੰਡੀਗੜ੍ਹ ਜੋ ਪੰਜਾਬੀਆਂ ਨੂੰ ਉਜਾੜਕੇ ਬਣਾਇਆ ਗਿਆ ਹੈ ਅਤੇ ਜਿਸਦੀ ਅਫਸਰਾਨ ਦੀ ਪ੍ਰਤੀਸ਼ਤਾਂ 60-40% ਦੀ ਹੈ, ਉਸਦਾ ਸੰਤੁਲਨ ਵੀ ਹੁਕਮਰਾਨਾਂ ਨੇ ਜਾਣਬੁੱਝ ਕੇ ਵਿਗਾੜਿਆ ਹੋਇਆ ਹੈ ਅਤੇ ਇਨ੍ਹਾਂ ਅਹੁਦਿਆ ਉਤੇ ਹਰਿਆਣਵੀਆ ਤੇ ਹੋਰ ਸੂਬਿਆਂ ਦੇ ਆਈ.ਏ.ਐਸ ਅਧਿਕਾਰੀ ਤਾਇਨਾਤ ਕੀਤੇ ਹੋਏ ਹਨ ਜੋ ਸਿੱਖ ਕੌਮ ਨਾਲ ਵਿਤਕਰੇ ਤੇ ਬੇਇਨਸਾਫ਼ੀ ਦੀ ਪ੍ਰਤੱਖ ਮਿਸ਼ਾਲ ਹੈ ।

8. ਪੰਜਾਬੀਆਂ ਦੀ ਮਾਲੀ ਹਾਲਤ ਦੀ ਬਿਹਤਰੀ ਲਈ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਵਪਾਰ ਲਈ ਖੋਲ੍ਹੀਆਂ ਜਾਣ:- ਅੱਜ ਦੇ ਮਹਾਨ ਸਮਾਗਮ ਦਾ ਇਕੱਠ ਹੁਕਮਰਾਨਾਂ ਤੋਂ ਇਹ ਸੰਜ਼ੀਦਾ ਮੰਗ ਕਰਦਾ ਹੈ ਕਿ ਪੰਜਾਬੀਆਂ ਅਤੇ ਸਿੱਖ ਕੌਮ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਅਤੇ ਇਥੋ ਦੀ ਬੇਰੁਜਗਾਰ ਨੌਜ਼ਵਾਨੀ ਨੂੰ ਵੱਡੇ ਪੱਧਰ ਤੇ ਰੁਜਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਤੁਰੰਤ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਨੂੰ ਸੜਕੀ ਤੇ ਰੇਲਵੇ ਆਵਾਜਾਈ ਰਾਹੀ ਖੋਲ੍ਹਕੇ ਵਪਾਰ ਨੂੰ ਪ੍ਰਫੁੱਲਿਤ ਕਰਨ ਵਿਚ ਯੋਗਦਾਨ ਪਾਇਆ ਜਾਵੇ । ਜਿਸ ਨਾਲ ਬੇਰੁਜਗਾਰੀ ਨੂੰ ਕਾਫ਼ੀ ਹੱਦ ਤੱਕ ਦੂਰ ਕਰਨ ਵਿਚ ਮਦਦ ਮਿਲੇਗੀ ।

9. ਰਾਵੀ, ਬਿਆਸ ਅਤੇ ਸਤਲੁਜ ਦਰਿਆਵਾ ਦੇ ਪਾਣੀਆ ਉਤੇ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬੀਆਂ ਦਾ ਕਾਨੂੰਨੀ ਹੱਕ:- ਉਪਰੋਕਤ ਤਿੰਨੇ ਦਰਿਆ ਰੀਪੇਰੀਅਨ ਕਾਨੂੰਨ ਅਨੁਸਾਰ ਮਲਕੀਅਤ ਵੱਜੋ ਪੰਜਾਬ ਸੂਬੇ ਦੇ ਆਉਦੇ ਹਨ । ਲੇਕਿਨ ਹੁਕਮਰਾਨਾਂ ਵੱਲੋ ਇਨ੍ਹਾਂ ਤਿੰਨਾਂ ਦਰਿਆਵਾ ਵਿਚੋ ਜ਼ਬਰੀ ਪਾਣੀ ਖੋਹਕੇ ਹਰਿਆਣਾ, ਦਿੱਲੀ, ਰਾਜਸਥਾਂਨ ਨੂੰ ਦੇਣਾ ਗੈਰ ਕਾਨੂੰਨੀ ਤੇ ਬੇਇਨਸਾਫ਼ੀ ਹੈ । ਇਹ ਜ਼ਬਰੀ ਪਾਣੀ ਦੇਣਾ ਜਿਥੇ ਬੰਦ ਕੀਤਾ ਜਾਵੇ, ਉਥੇ ਹੁਣ ਤੱਕ ਸਾਡੇ ਲੁੱਟੇ ਗਏ ਪਾਣੀ ਦੀ ਜੋ 16 ਹਜਾਰ ਕਰੋੜ ਰੁਪਏ ਰਿਅਲਟੀ ਕੀਮਤ ਬਣਦੀ ਹੈ, ਉਹ ਪੰਜਾਬ ਸੂਬੇ ਨੂੰ ਭੁਗਤਾਨ ਕੀਤਾ ਜਾਵੇ । ਜਿਵੇਕਿ ਅਸੀ ਰਾਜਸਥਾਂਨ ਨੂੰ ਪੱਥਰ ਦੀ ਅਤੇ ਬਿਹਾਰ ਨੂੰ ਕੋਲੇ ਦੀ ਰਿਅਲਟੀ ਕੀਮਤ ਦਿੰਦੇ ਹਾਂ । ਉਸੇ ਤਰ੍ਹਾਂ ਸਾਡੇ ਪਾਣੀਆਂ ਦੀ ਰਿਅਲਟੀ ਕੀਮਤ ਤੁਰੰਤ ਭੁਗਤਾਨ ਕਰਵਾਈ ਜਾਵੇ ।

10. ਮੌਜੂਦਾ ਇੰਡੀਅਨ ਬਜਟ ਵਿਚ ਕਿਸਾਨਾਂ ਲਈ ਕੁਝ ਨਾ ਕਰਨਾ ਵੱਡੀ ਬੇਇਨਸਾਫ਼ੀ:- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਹਿੰਦੂਤਵ ਹੁਕਮਰਾਨਾਂ ਵੱਲੋ ਮੌਜੂਦਾ ਪਾਰਲੀਮੈਂਟ ਸੈਸਨ ਦੌਰਾਨ ਪਾਸ ਕੀਤੇ ਗਏ ਬਜਟ ਵਿਚ ਕਿਸਾਨ ਵਰਗ ਲਈ ਕੁਝ ਨਹੀ ਕੀਤਾ ਗਿਆ । ਨਾ ਹੀ ਖਾਂਦਾ ਉਤੇ ਸਬਸਿਡੀ ਦੇਣ, ਫਸਲਾਂ ਉਤੇ ਤਹਿਸੁਦਾ ਐਮ.ਐਸ.ਪੀ. ਦੇਣ, ਸੁਆਮੀ ਨਾਥਨ ਰਿਪੋਰਟ ਅਨੁਸਾਰ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਨੂੰ ਲਾਗੂ ਨਾ ਕਰਕੇ ਹੁਕਮਰਾਨ ਕਿਸਾਨ ਵਰਗ ਨਾਲ ਵੱਡੀ ਬੇਇਨਸਾਫ਼ੀ ਕਰ ਰਿਹਾ ਹੈ । ਐਮ.ਐਸ.ਪੀ, ਸਬਸਿਡੀ ਦਾ ਤੁਰੰਤ ਐਲਾਨ ਹੋਵੇ ਤੇ ਸੁਆਮੀ ਨਾਥਨ ਰਿਪੋਰਟ ਇਨ-ਬਿਨ ਲਾਗੂ ਹੋਵੇ ।

11. ਗੁਜਰਾਤ ਦੇ 60 ਹਜਾਰ ਉਜਾੜੇ ਗਏ ਸਿੱਖਾਂ ਦਾ ਮੁੜ ਵਸੇਬਾ ਕੀਤਾ ਜਾਵੇ:2013 ਵਿਚ ਜਦੋਂ ਸ੍ਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਫਿਰਕੂ ਸੋਚ ਅਧੀਨ ਉਥੇ ਪੱਕੇ ਤੌਰ ਤੇ 50-50, 60-60 ਸਾਲਾਂ ਤੋ ਵੱਸੇ ਆਪਣੀਆ ਜ਼ਮੀਨਾਂ ਅਤੇ ਘਰਾਂ ਦੇ ਮਾਲਕ ਬਣੇ 60 ਹਜਾਰ ਸਿੱਖ ਜਿੰਮੀਦਾਰਾਂ ਨੂੰ ਜ਼ਬਰੀ ਗੈਰ ਕਾਨੂੰਨੀ ਢੰਗ ਨਾਲ ਬੇਘਰ ਤੇ ਬੇਜਮੀਨੇ ਕਰ ਦਿੱਤਾ ਸੀ । ਜਿਨ੍ਹਾਂ ਦਾ ਅੱਜ ਤੱਕ ਮੁੜ ਵਸੇਬਾ ਨਹੀ ਕੀਤਾ ਗਿਆ । ਅੱਜ ਦਾ ਇਕੱਠ ਉਨ੍ਹਾਂ 60 ਹਜਾਰ ਪਰਿਵਾਰਾਂ ਦੇ ਫੌਰੀ ਮੁੜ ਵਸੇਬੇ ਦੀ ਮੰਗ ਕਰਦਾ ਹੈ ।
ਲਤੀਫਪੁਰ ਉਜਾੜੇ ਗਏ ਸਿੱਖ ਪਰਿਵਾਰਾਂ ਦਾ ਤੁਰੰਤ ਮੁੜ ਵਸੇਬਾ ਕੀਤਾ ਜਾਵੇ:ਜੋ 80 ਸਿੱਖ ਪਰਿਵਾਰ 1947 ਵਿਚ ਵੰਡ ਵੇਲੇ ਉਜੜਕੇ ਲਤੀਫਪੁਰ (ਜਲੰਧਰ) ਆ ਕੇ ਵੱਸੇ ਸਨ, ਜਿਨ੍ਹਾਂ ਨੂੰ 70 ਸਾਲ ਦਾ ਸਮਾਂ ਹੋ ਗਿਆ ਹੈ, ਉਨ੍ਹਾਂ ਨੂੰ ਜ਼ਬਰੀ ਉਜਾੜਨਾ ਅਤੇ ਉਨ੍ਹਾਂ ਦੇ ਘਰ ਢਹਿ-ਢੇਰੀ ਕਰਨਾ ਗੈਰ ਇਨਸਾਨੀਅਤ ਤੇ ਅਣਮਨੁੱਖੀ ਕਾਰਵਾਈ ਹੈ। ਜਿਸਦੀ ਅੱਜ ਦਾ ਇਕੱਠ ਜਿਥੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ ਉਥੇ ਇਹ ਮੰਗ ਕਰਦਾ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਉਸੇ ਸਥਾਂਨ ਤੇ ਘਰ ਬਣਾਕੇ ਤੁਰੰਤ ਦਿੱਤੇ ਜਾਣ ਅਤੇ ਮੁੜ ਵਸੇਬਾ ਕੀਤਾ ਜਾਵੇ ।

12. ਰੂਸ ਵੱਲੋਂ ਯੂਕਰੇਨ ਦੇ ਕਰੀਮੀਆ ਉਤੇ ਕਬਜੇ ਦੀ ਇੰਡੀਆਂ ਵੱਲੋਂ ਨਿਖੇਧੀ ਨਾ ਕਰਨਾ ਅਫਸੋਸਨਾਕ:- 2014 ਵਿਚ ਰੂਸ ਨੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਕੇ ਯੂਕਰੇਨ ਦੇ ਕਰੀਮੀਆ ਸੂਬੇ ਉਤੇ ਆਪਣਾ ਫੌ਼ਜੀ ਕਬਜਾ ਕਰ ਲਿਆ ਸੀ ਅਤੇ ਹੁਣ 2022 ਵਿਚ ਯੂਕਰੇਨ ਦੇ ਬਹੁਤ ਵੱਡੇ ਇਲਾਕੇ ਉਤੇ ਜ਼ਬਰੀ ਕਬਜਾ ਕੀਤਾ ਹੈ । ਇੰਡੀਆ ਵਿਚ ਕਰੀਮੀਆ ਸਮੇ ਅਤੇ ਹੁਣ ਨਿਖੇਧੀ ਨਾ ਕਰਨਾ ਜਿਥੇ ਅਤਿ ਅਫਸੋਸਨਾਕ ਹੈ, ਉਥੇ ਇਸ ਅਮਲ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਲਦਾਖ ਅਤੇ ਨੀਫਾ ਵਿਚ ਚੀਨ ਦੇ ਹੋਏ ਕਬਜੇ ਨੂੰ ਇਹ ਇੰਡੀਅਨ ਹੁਕਮਰਾਨ ਇਸੇ ਸੁਰ ਵਿਚ ਪ੍ਰਵਾਨ ਕਰ ਰਹੇ ਹਨ । ਫਿਰ ਉਸੇ ਚੀਨ ਤੇ ਮਿਹਰਬਾਨ ਹੋ ਕੇ 1 ਬਿਲੀਅਨ ਡਾਲਰ ਦਾ ਘਾਟੇ ਦਾ ਵਪਾਰ ਵੀ ਕਰਦੇ ਹਨ, ਕਿਉਂ ?

13. ਹਿੰਦੂਤਵ ਹੁਕਮਰਾਨਾਂ ਨੂੰ ਫ਼ੌਜ ਦਾ ਕੋਈ ਤੁਜਰਬਾ ਨਹੀਂ:- ਹੁਣ ਤੱਕ ਦੀਆਂ ਸੈਂਟਰ ਵਿਚ ਕਾਂਗਰਸ, ਬੀਜੇਪੀ, ਵੀ.ਪੀ. ਸਿੰਘ, ਚੰਦਰਸੇਖਰ ਅਤੇ ਹੋਰ ਸਾਂਝੀਆ ਬਣੀਆਂ ਸਰਕਾਰਾਂ ਨੂੰ ਫ਼ੌਜ ਦੇ ਰੱਖ ਰਖਾਓ ਅਤੇ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਟ੍ਰੇਨਿੰਗ ਦਾ ਕੋਈ ਵੀ ਤੁਜਰਬਾ ਨਹੀ । ਪੁਰਾਤਨ ਸਮੇਂ ਦੇ ਜੈਗੂਅਰ, ਮਿੱਗ, ਮਿਰਾਜ ਜਹਾਜਾਂ ਦੇ ਨਾਲ-ਨਾਲ ਥਲ ਸੈਨਾ ਦੇ ਸਦੀਆਂ ਪੁਰਾਣੇ ਹਥਿਆਰਾਂ ਨਾਲ ਅਜੋਕੇ ਸਮੇ ਦੀ ਜੰਗ ਲੜਨ ਦੀ ਸਮਰੱਥਾਂ ਬਿਲਕੁਲ ਨਹੀ ਰੱਖਦੇ । ਜਦੋਕਿ ਪਾਕਿਸਤਾਨ-ਚੀਨ ਕੋਲ ਆਧੁਨਿਕ ਹਥਿਆਰਾਂ ਦੇ ਜਖੀਰੇ ਹਨ । ਫਿਰ ਇਨ੍ਹਾਂ ਦੀ ਭਰਤੀ ਦੀ ਦੋਸ਼ਪੂਰਨ ਪ੍ਰਣਾਲੀ ਖੁਦ ਹੀ ਫ਼ੌਜ ਦੀਆਂ ਕੰਮਜੋਰੀਆਂ ਨੂੰ ਪ੍ਰਤੱਖ ਕਰਦੀ ਹੈ ਜਿਸ ਅਧੀਨ 4 ਸਾਲਾਂ ਲਈ ਨੌਜ਼ਵਾਨਾਂ ਨੂੰ ਭਰਤੀ ਕਰਦੇ ਹਨ । ਜਦੋਕਿ ਇਨ੍ਹਾਂ 4 ਸਾਲਾਂ ਵਿਚ ਤਾਂ ਇਕ ਫ਼ੌਜੀ ਦੀ ਮੁੱਢਲੀ ਟ੍ਰੇਨਿੰਗ ਵੀ ਪੂਰੀ ਨਹੀ ਹੁੰਦੀ । ਇਹ ਸਭ ਤੁਜਰਬੇ ਦੀ ਘਾਟ ਹੈ ਕਿਉਂਕਿ ਇਨ੍ਹਾਂ ਨੇ ਅਯੁੱਧਿਆ ਤੋ ਇਲਾਵਾ ਜੋ ਕਿ ਮਿਥਿਹਾਸ ਹੈ, ਕਦੀ ਰਾਜ ਨਹੀ ਕੀਤਾ । ਹੁਣ ਤੱਕ ਦੇ ਪੰਜਾਬ ਦੇ ਰਹਿ ਚੁੱਕੇ ਮੁੱਖ ਮੰਤਰੀਆਂ ਵਿਚ ਅਣਖ਼, ਗੈਰਤ ਦੀ ਗੱਲ ਨਜ਼ਰ ਨਹੀ ਆਉਦੀ। ਸਭ ਸੈਂਟਰ ਦੇ ਹੁਕਮਰਾਨਾਂ ਦੇ ਗੁਲਾਮ ਬਣਕੇ ਵਿਚਰਦੇ ਆ ਰਹੇ ਹਨ । ਇਹੀ ਵਜਹ ਹੈ ਕਿ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਵਿਧਾਨਿਕ, ਸਮਾਜਿਕ, ਭੂਗੋਲਿਕ, ਮਾਲੀ ਅਤੇ ਇਖਲਾਕੀ ਹੱਕਾਂ ਦੀ ਰੱਖਿਆ ਨਹੀ ਕਰ ਸਕੇ । ਹੁਣ ਕੈਪਟਨ ਅਮਰਿੰਦਰ ਸਿੰਘ, ਕੇਵਲ ਸਿੰਘ ਢਿੱਲੋਂ, ਬਲਵੀਰ ਸਿੰਘ ਸਿੱਧੂ, ਮਨਪ੍ਰੀਤ ਬਾਦਲ, ਗੁਰਪ੍ਰੀਤ ਸਿੰਘ ਕਾਂਗੜ ਆਦਿ ਸਿੱਖ ਆਗੂ ਆਪਣੀ ਅਣਖ-ਗੈਰਤ ਨੂੰ ਮਾਰਕੇ ਬੀਜੇਪੀ ਦੀਆਂ ਨਿੱਕਰਾਂ ਪਾ ਕੇ ਦੁਸ਼ਮਣਾਂ ਦੇ ਕੈਂਪ ਵਿਚ ਸਾਮਿਲ ਹੋਣ ਨੂੰ ਫਖ਼ਰ ਮਹਿਸੂਸ ਕਰ ਰਹੇ ਹਨ, ਜਦੋਕਿ ਇਨ੍ਹਾਂ ਹਿੰਦੂਤਵ ਜਮਾਤਾਂ ਤੇ ਆਗੂਆਂ ਨੇ ਪੰਜਾਬ ਸੂਬੇ ਅਤੇ ਪੰਜਾਬੀਆਂ ਨੂੰ ਅੱਜ ਤੱਕ ਕਦੀ ਇਨਸਾਫ਼ ਨਹੀ ਦਿੱਤਾ। ਫਿਰ ਉਨ੍ਹਾਂ ਵਿਚ ਸਾਮਿਲ ਹੋ ਕੇ ਸੂਬੇ ਤੇ ਆਪਣਾ ਕੀ ਸਵਾਰਨਗੇ ।

14. ਟ੍ਰਿਬਿਊਨ ਗਰੁੱਪ ਵੱਲੋਂ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਫਿਰ ਤੋਂ 1984 ਵਾਲੇ ਹਾਲਾਤ ਬਣਾਉਣ ਦੀਆਂ ਕਾਰਵਾਈਆਂ ਨਿੰਦਣਯੋਗ:- ਜਿਵੇਂ 1984 ਤੋਂ ਪਹਿਲੇ ਦਾ ਟ੍ਰਿਬਿਊਨ ਗਰੁੱਪ ਦੇ ਐਡੀਟਰ ਸ੍ਰੀ ਪ੍ਰੇਮ ਭਾਟੀਆ ਨੇ ਉਸ ਸਮੇਂ ਦੀ ਵਜ਼ੀਰ-ਏ-ਆਜਮ ਮਰਹੂਮ ਇੰਦਰਾ ਗਾਂਧੀ ਨੂੰ ਆਪਣੀਆ ਲਿਖਤਾਂ ਅਤੇ ਸਲਾਹਾ ਰਾਹੀ ਉਕਸਾਕੇ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ ਸੀ ਅਤੇ ਸਿੱਖ ਕੌਮ ਵਿਰੁੱਧ ਗੈਰ ਦਲੀਲ ਢੰਗ ਨਾਲ ਸਮੁੱਚੇ ਇੰਡੀਆ ਤੇ ਬਹੁਗਿਣਤੀ ਵਿਚ ਨਫਰਤ ਪੈਦਾ ਕੀਤੀ ਸੀ, ਉਸੇ ਤਰ੍ਹਾਂ ਮੌਜੂਦਾ ਟ੍ਰਿਬਿਊਨ ਦੇ ਸੰਪਾਦਕ ਤੇ ਟਰੱਸਟੀ ਉਸੇ ਮੰਦਭਾਵਨਾ ਭਰੀ ਸੋਚ ਉਤੇ ਅਮਲ ਕਰਦੇ ਹੋਏ ਮੋਹਾਲੀ ਵਿਖੇ 07 ਜਨਵਰੀ ਤੋਂ ਸੁਰੂ ਹੋਏ ਕੌਮੀ ਇਨਸਾਫ ਮੋਰਚੇ ਦੇ ਦੋਵੇ ਵੱਡੇ ਮਕਸਦਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ, ਬੰਦੀ ਸਿੰਘਾਂ ਦੀ ਰਿਹਾਈ ਨੂੰ ਖੂਹ-ਖਾਤੇ ਵਿਚ ਪਾਉਣ ਲਈ ਉਸੇ ਤਰ੍ਹਾਂ ਦਾ ਮਾਹੌਲ ਸਿਰਜਣਾ ਸੁਰੂ ਕਰ ਦਿੱਤਾ ਹੈ ਤਾਂ ਜੋ ਇੰਡੀਅਨ ਹੁਕਮਰਾਨਾਂ ਨੂੰ ਮੁਤੱਸਵੀ ਸੋਚ ਅਧੀਨ ਫਿਰ ਸਿੱਖ ਕੌਮ ਅਤੇ ਉਨ੍ਹਾਂ ਦੇ ਗੁਰੂਘਰਾਂ ਤੇ ਉਨ੍ਹਾਂ ਦੇ ਜਮਹੂਰੀਅਤ ਪਸ਼ੰਦ ਚੱਲ ਰਹੇ ਮੋਰਚਿਆ ਨੂੰ ਨਿਸ਼ਾਨਾਂ ਬਣਾਕੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਕੀਤੀਆ ਜਾ ਸਕਣ । ਅੱਜ ਦਾ ਇਹ ਇਕੱਠ ਦਾ ਟ੍ਰਿਬਿਊਨ ਗਰੁੱਪ ਦੇ ਅਦਾਰੇ ਦੇ ਸਮੁੱਚੇ ਟਰੱਸਟੀ ਪ੍ਰਬੰਧਕਾਂ ਦੀ ਪੰਜਾਬ ਸੂਬੇ, ਪੰਜਾਬੀਆਂ ਵਿਸ਼ੇਸ਼ ਤੌਰ ਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਫਿਰ ਤੋ ਸੁਰੂ ਕੀਤੀਆ ਜਾ ਰਹੀਆ ਕਾਰਵਾਈਆ ਦੀ ਜਿਥੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ, ਉਥੇ ਇਸ ਅਦਾਰੇ ਦੇ ਪ੍ਰਬੰਧਕਾਂ, ਟਰੱਸਟੀਆਂ, ਐਡੀਟਰ ਨੂੰ ਸਿੱਖ ਕੌਮ ਵਿਰੋਧੀ ਅਪਣਾਈ ਗਈ ਨੀਤੀ ਦੇ ਭਿਆਨਕ ਨਤੀਜਿਆ ਲਈ ਖ਼ਬਰਦਾਰ ਕਰਦਾ ਹੈ ਕਿ ਜੇਕਰ ਫਿਰ ਪੰਜਾਬ ਦੇ ਹਾਲਾਤ ਪਹਿਲੇ ਵਰਗੇ ਬਣੇ ਤਾਂ ਉਸ ਲਈ ਮੁੱਖ ਤੌਰ ਤੇ ਦਾ ਟ੍ਰਿਬਿਊਨ ਗਰੁੱਪ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗਾ । ਪੰਜਾਬ ਅਤੇ ਸਿੱਖ ਕੌਮ ਦੇ ਦੁਸ਼ਮਣਾਂ ਦੀ ਕਤਾਰ ਵਿਚ ਟ੍ਰਿਬਿਊਨ ਵੀ ਖੜ੍ਹਾ ਕੀਤਾ ਜਾਵੇਗਾ । ਇਹ ਮੰਦਭਾਵਨਾ ਇਸ ਗੱਲ ਤੋ ਵੀ ਪ੍ਰਤੱਖ ਹੋ ਜਾਂਦੀ ਹੈ ਕਿ ਮੇਰੇ ਵੱਲੋਂ ਪਾਰਲੀਮੈਟ ਵਿਚ ਦਿੱਤੀ ਤਕਰੀਰ ਦਾ ਇਕ ਸ਼ਬਦ ਵੀ ਟ੍ਰਿਬਿਊਨ ਗਰੁੱਪ ਨੇ ਪ੍ਰਕਾਸਿਤ ਨਹੀ ਕੀਤਾ । ਜਦੋਕਿ ਬੀਜੇਪੀ, ਕਾਂਗਰਸ ਦੇ ਐਮ.ਪੀਜ਼ ਦੀਆਂ ਨਿਰੰਤਰ ਤਕਰੀਰਾਂ ਦਿੰਦੇ ਆ ਰਹੇ ਹਨ ।

15. ਤਿੰਨ ਪ੍ਰਮਾਣੂ ਤਾਕਤਾਂ ਵਿਚਕਾਰ ਬਫ਼ਰ ਸਟੇਂਟ ਦਾ ਕਾਇਮ ਹੋਣਾ ਅਤਿ ਜ਼ਰੂਰੀ:- ਅੱਜ ਦਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਦੀ ਵੱਡੀ ਖੁਸ਼ੀ ਦਾ ਆਨੰਦ ਲੈਦੇ ਹੋਏ ਅਤੇ ਇਸ ਦਿਹਾੜੇ ਦੀ ਸਮੂਹਿਕ ਅਰਦਾਸ ਕਰਦੇ ਹੋਏ ਇਹ ਮਹਿਸੂਸ ਕਰਦਾ ਹੈ ਕਿਉਂਕਿ ਇੰਡੀਆਂ, ਪਾਕਿਸਤਾਨ ਅਤੇ ਚੀਨ ਤਿੰਨੇ ਪ੍ਰਮਾਣੂ ਤਾਕਤਾਂ ਨਾਲ ਲੈਂਸ ਮੁਲਕ ਹਨ । ਦੂਸਰਾ ਤਿੰਨਾਂ ਦੀ ਆਪਸ ਵਿਚ ਪੁਰਾਤਨ ਕੱਟੜ ਦੁਸ਼ਮਣੀ ਹੈ । ਜੰਗ ਹੋਣ ਦੀ ਸੂਰਤ ਵਿਚ ਸਿੱਖ ਵਸੋ ਵਾਲਾ ਇਲਾਕਾ ਹੀ ਮੈਦਾਨ-ਏ-ਜੰਗ ਬਣੇਗਾ ਜਿਸ ਨਾਲ ਸਿੱਖ ਵਸੋ ਤਾਂ ਬਿਲਕੁਲ ਖ਼ਤਮ ਹੋ ਕੇ ਰਹਿ ਜਾਵੇਗੀ । ਇਸ ਲਈ ਸਾਡੀ ਹੋਂਦ ਨੂੰ ਬਰਕਰਾਰ ਰੱਖਣ ਲਈ ਇਹ ਜਰੂਰੀ ਹੈ ਕਿ ਤਿੰਨੇ ਪ੍ਰਮਾਣੂ ਤਾਕਤਾਂ ਦੀ ਤ੍ਰਿਕੋਣ ਦੇ ਵਿਚਕਾਰ ਕੌਮਾਂਤਰੀ ਕਾਨੂੰਨਾਂ ਅਤੇ ਜਮਹੂਰੀਅਤ ਪਸ਼ੰਦ ਮੁਲਕਾਂ ਦੀ ਦੇਖਰੇਖ ਹੇਠ ਬਿਨ੍ਹਾਂ ਕਿਸੇ ਖੂਨ-ਖਰਾਬੇ ਦੇ ਕੋਸੋਵੋ ਦੀ ਤਰ੍ਹਾਂ ਸਾਡਾ ਸੰਪੂਰਨ ਪ੍ਰਭੂਸਤਾ ਆਜਾਦ ਸਿੱਖ ਰਾਜ ‘ਖ਼ਾਲਿਸਤਾਨ’ ਜ਼ਮਹੂਰੀਅਤ ਲੀਹਾਂ ਤੇ ਹਰ ਕੀਮਤ ਤੇ ਕਾਇਮ ਹੋਵੇ ਜਿਥੇ ਕੇਵਲ ਸਿੱਖ ਵਸੋ ਹੀ ਨਹੀ ਬਲਕਿ ਸਭ ਕੌਮਾਂ, ਧਰਮ, ਫਿਰਕੇ, ਕਬੀਲੇ ਆਦਿ ਗੁਰੂ ਸਾਹਿਬਾਨ ਜੀ ਦੀ ਸਾਂਝੀ ਸੋਚ ਅਧੀਨ ਹਲੀਮੀ ਰਾਜ ਦੀ ਸਰਪ੍ਰਸਤੀ ਹੇਠ ਸਾਂਝੇ ਤੌਰ ਤੇ ਅਮਨਮਈ ਤੇ ਖੁਸ਼ਹਾਲ ਭਰੀ ਜਿੰਦਗੀ ਬਤੀਤ ਕਰਨ ਦੇ ਸਮਰੱਥ ਹੋ ਸਕਣ । ਅੱਜ ਦਾ ਇਕੱਠ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਆਪਣਾ ਆਜਾਦ ਬਾਦਸਾਹੀ ਖਾਲਸਾ ਰਾਜ ਕਾਇਮ ਕਰਨ ਲਈ ਪ੍ਰਣ ਕਰਦਾ ਹੈ ।

ਖ਼ਾਲਿਸਤਾਨ ਜਿ਼ੰਦਾਬਾਦ !!!

ਗੁਰੂਘਰ ਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਮਾਨ,
ਮੈਂਬਰ ਪਾਰਲੀਮੈਂਟ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

Leave a Reply

Your email address will not be published. Required fields are marked *