ਸ੍ਰੀ ਮੋਦੀ ਨੇ ਜਿਵੇਂ ਕੌਮੀਅਤ ਨੂੰ ਉਭਾਰਿਆ ਹੈ, ਸਿੱਖ ਕੌਮ ਉਸੇ ਤਰ੍ਹਾਂ ‘ਮੈਂ ਮਰਾਂ ਪੰਥ ਜੀਵੇ’ ਦੇ ਆਸੇ ਅਨੁਸਾਰ ਆਪਣੀ ਕੌਮੀਅਤ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 25 ਜਨਵਰੀ ( ) “ਬੇਸੱਕ ਸਮਾਜਿਕ, ਇਖਲਾਕੀ, ਸਿਆਸੀ ਅਤੇ ਭੂਗੋਲਿਕ ਮੁੱਦਿਆ ਉਤੇ ਖ਼ਾਲਸਾ ਪੰਥ, ਪੰਜਾਬ, ਪੰਜਾਬੀਆਂ ਦਾ ਸੈਂਟਰ ਦੇ ਹਿੰਦੂਤਵ ਹੁਕਮਰਾਨਾਂ, ਬੀਜੇਪੀ-ਆਰ.ਐਸ.ਐਸ, ਕਾਂਗਰਸ ਆਦਿ ਨਾਲ ਹਰ ਖੇਤਰ ਵਿਚ ਦਲੀਲ ਸਹਿਤ ਸੰਘਰਸ਼ ਕੀਤਾ ਜਾ ਰਿਹਾ ਹੈ । ਤਾਂ ਕਿ ਖ਼ਾਲਸਾ ਪੰਥ ਤੇ ਪੰਜਾਬੀਆਂ ਨਾਲ ਹੋ ਰਹੇ ਵਿਤਕਰਿਆ, ਬੇਇਨਸਾਫ਼ੀਆਂ, ਜ਼ਬਰ ਜੁਲਮ ਦਾ ਖਾਤਮਾ ਹੋ ਸਕੇ । ਪਰ ਜਿਸ ਸਿੱਦਤ ਅਤੇ ਦ੍ਰਿੜਤਾ ਨਾਲ ਮੋਦੀ ਹਕੂਮਤ ਤੇ ਸ੍ਰੀ ਮੋਦੀ ਨੇ ਆਪਣੀ ਹਿੰਦੂ ਕੌਮੀਅਤ ਨੂੰ ਉਭਾਰਿਆ ਹੈ ਅਤੇ ਮਜ਼ਬੂਤ ਕੀਤਾ ਹੈ, ਉਸੇ ਤਰ੍ਹਾਂ ਖ਼ਾਲਸਾ ਪੰਥ ਨੂੰ ਵੀ ਆਪਣੇ ਬੁਲੰਦ ਨਾਅਰੇ ‘ਮੈਂ ਮਰਾਂ ਪੰਥ ਜੀਵੇ’ ਨੂੰ ਮੁੱਖ ਰੱਖਕੇ ਆਪਣੀ ਸਿੱਖ ਕੌਮੀਅਤ ਨੂੰ ਮਜਬੂਤ ਕਰਨ ਅਤੇ ਉਭਾਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ । ਇਸ ਨੂੰ ਉਭਾਰਨ ਲਈ ਜਲਦੀ ਹੀ ਖ਼ਾਲਸਾ ਪੰਥ ਨੂੰ ਵੱਡਾ ਮੌਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆ ਚੋਣਾਂ ਵਿਚ ਮਿਲ ਰਿਹਾ ਹੈ । ਇਸ ਲਈ ਹਰ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਜੋ ਉਸ ਅਕਾਲ ਪੁਰਖ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਵਿਚ ਵਿਸਵਾਸ ਰੱਖਦਾ ਹੈ, ਉਸਦੀ ਜਿੰਮੇਵਾਰੀ ਬਣਦੀ ਹੈ ਕਿ ਉਹ 29 ਫਰਵਰੀ ਤੋਂ ਪਹਿਲੇ-ਪਹਿਲੇ ਆਪਣੀਆ ਅਤੇ ਆਪਣੇ ਇਲਾਕੇ ਵਿਚ ਗੁਰਸਿੱਖਾਂ ਦੀਆਂ ਵੱਧ ਤੋ ਵੱਧ ਵੋਟਾਂ ਬਣਾਉਣ ਦੀ ਜਿੰਮੇਵਾਰੀ ਨਿਭਾਉਣ ਅਤੇ ਫਿਰ ਜਦੋ ਵੀ ਚੋਣਾਂ ਦਾ ਐਲਾਨ ਹੋਵੇ, ਤਾਂ ਖ਼ਾਲਸਾ ਪੰਥ ਦੀ ਵੱਡਮੁੱਲੀ ਸੋਚ ਉਤੇ ਪਹਿਰਾ ਦਿੰਦੇ ਹੋਏ ਅਜਿਹੇ ਗੁਰਮੁੱਖ ਸਿੱਖਾਂ ਨੂੰ ਚੋਣਾਂ ਵਿਚ ਅੱਗੇ ਲਿਆਉਣ ਜੋ ਅਮਲੀ ਰੂਪ ਵਿਚ ਸਿੱਖੀ ਸਿਧਾਤਾਂ ਤੇ ਸੋਚ ਅਨੁਸਾਰ ਇਹ ਚੋਣਾਂ ਜਿੱਤਕੇ ਖ਼ਾਲਸਾ ਪੰਥ ਤੇ ਮਨੁੱਖਤਾ ਦੀ ਸੇਵਾ ਕਰਨ ਦੇ ਸਮਰੱਥ ਹੋਣ । ਅਸੀ ਅਜਿਹੇ ਉਮੀਦਵਾਰ ਪੰਜਾਬੀਆਂ ਤੇ ਸਿੱਖਾਂ ਨੂੰ ਦੇਣ ਦਾ ਬਚਨ ਕਰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਖ਼ਾਲਸਾ ਪੰਥ ਨੂੰ ਅਤੇ ਸੁਹਿਰਦ ਪੰਜਾਬੀਆਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਅਤੇ ਗੁਰਸਿੱਖਾਂ ਨੂੰ 29 ਫਰਵਰੀ ਤੋ ਪਹਿਲੇ-ਪਹਿਲੇ ਆਪੋ-ਆਪਣੀਆ ਅਤੇ ਆਪਣੇ ਇਲਾਕੇ ਦੀਆਂ ਵੱਧ ਤੋ ਵੱਧ ਵੋਟਾਂ ਬਣਾਉਣ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਅੱਜ ਕੌਮਾਂਤਰੀ ਪੱਧਰ ਉਤੇ ਸੰਸਾਰ ਦੇ ਵੱਡੇ ਜਮਹੂਰੀਅਤ ਪਸ਼ੰਦ ਮੁਲਕ ਸਿੱਖ ਕੌਮ ਨਾਲ ਹਿੰਦੂਤਵ ਹੁਕਮਰਾਨਾਂ ਵੱਲੋ ਹੋ ਰਹੇ ਜ਼ਬਰ ਜੁਲਮ ਨੂੰ ਮਹਿਸੂਸ ਕਰਦੇ ਹੋਏ ਸਾਡੇ ਹੱਕ ਵਿਚ ਇਨਸਾਨੀਅਤ ਕਦਰਾਂ ਕੀਮਤਾਂ ਦੇ ਆਧਾਰ ਤੇ ਆਵਾਜ ਬੁਲੰਦ ਕਰ ਰਹੇ ਹਨ ਅਤੇ ਸਿੱਖ ਕੌਮ ਦੀ ਸੰਪੂਰਨ ਆਜਾਦ ਬਾਦਸਾਹੀ ਸਿੱਖ ਰਾਜ ਨੂੰ ਕਾਇਮ ਕਰਨ ਦੇ ਚੱਲ ਰਹੇ ਕੌਮੀ ਸੰਘਰਸ਼ ਦੇ ਮਨੁੱਖਤਾ ਪੱਖੀ ਮਕਸਦ ਨੂੰ ਸਮਝ ਚੁੱਕੇ ਹਨ । ਤਾਂ ਇਸ ਸਮੇਂ ਸਾਨੂੰ ਸਭ ਸਿੱਖਾਂ ਨੂੰ ਚਾਹੀਦਾ ਹੈ ਕਿ ਜਿਥੇ ਅਸੀਂ ਆਪਣੀ ਸੱਚ ਹੱਕ ਦੀ ਆਵਾਜ ਅਤੇ ਆਪਣੇ ਖਾਲਸਾਈ ਰਾਜ ਨੂੰ ਕਾਇਮ ਕਰਨ ਲਈ ਕੌਮਾਂਤਰੀ ਪੱਧਰ ਤੇ ਬਾਦਲੀਲ ਢੰਗ ਨਾਲ ਸਰਗਰਮੀਆਂ ਕਰ ਰਹੇ ਹਾਂ, ਉਥੇ ਇਸ ਹਿੰਦੂਤਵ ਮੁਲਕ ਜਿਸ ਵਿਚ ਲੰਮੇ ਸਮੇ ਤੋ ਸਿੱਖ ਕੌਮ ਤੇ ਪੰਜਾਬੀਆਂ ਨਾਲ ਹੁਕਮਰਾਨ ਜਿਆਦਤੀਆ ਕਰਦੇ ਆ ਰਹੇ ਹਨ । ਉਸ ਵਿਚ ਵੀ ਆਪਣੀ ਕੌਮੀਅਤ ਅਤੇ ਸਿੱਖੀ ਸੋਚ ਨੂੰ ਮਜਬੂਤ ਕਰਨ ਹਿੱਤ ਸਿਆਸੀ ਅਤੇ ਸਮਾਜਿਕ ਤੌਰ ਤੇ ਵੀ ਆਪਣੀਆ ਬਣਦੀਆ ਜਿੰਮੇਵਾਰੀਆ ਨੂੰ ਪੂਰਨ ਕਰੀਏ । ਕਿਉਂਕਿ ਅੱਜ ਸੰਸਾਰ ਵਿਚ ਪ੍ਰਚਾਰ ਸਾਧਨਾਂ, ਬਿਜਲਈ ਮੀਡੀਆ ਦੀ ਬਹੁਤ ਵੱਡੀ ਭੂਮਿਕਾ ਹੈ ਤਾਂ ਇਸ ਦੀ ਸਹੀ ਵਰਤੋ ਕਰਦੇ ਹੋਏ ਅਸੀ ਆਪਣੀ ਮਿੱਥੀ ਕੌਮੀ ਮੰਜਿਲ ਵੱਲ ਪ੍ਰਚਾਰ ਕਰਦੇ ਹੋਏ ਵੱਧ ਸਕੀਏ ਅਤੇ ਜਮਹੂਰੀਅਤ ਪਸ਼ੰਦ ਚੋਣਾਂ ਤੇ ਵੋਟਾਂ ਦੇ ਢੰਗ ਰਾਹੀ ਆਪਣੀ ਕੌਮੀ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਮੀਰੀ-ਪੀਰੀ ਵਾਲੇ ਇਤਿਹਾਸਿਕ ਪਲੇਟਫਾਰਮ ਦੀ ਸੁਚੱਜੇ ਢੰਗ ਨਾਲ ਵਰਤੋ ਕਰਕੇ ਜਿਥੇ ਆਪਣਾ ਰਾਜ ਭਾਗ ਕਾਇਮ ਕਰਨ ਵਿਚ ਯੋਗਦਾਨ ਪਾ ਸਕੀਏ, ਉਥੇ ਆਪਣੀ ਕੌਮੀ ਅਣਖ਼-ਗੈਰਤ ਨੂੰ ਕਾਇਮ ਰੱਖਦੇ ਹੋਏ ਸੰਸਾਰ ਪੱਧਰ ਤੇ ਆਪਣੀ ਵੱਖਰੀ ਅਣਖ਼ੀਲੀ ਅਤੇ ਮਨੁੱਖਤਾ ਪੱਖੀ ਪਹਿਚਾਣ ਨੂੰ ਕਾਇਮ ਕਰਨ ਵਿਚ ਵੀ ਆਪਣੇ ਫਰਜਾਂ ਦੀ ਪੂਰਤੀ ਕਰ ਸਕੀਏ।