ਪੰਜਾਬ ਰਾਜ ਸਿਹਤ ਸਿਸਟਮ ਕਾਰਪੋਰੇਸ਼ਨ ਵੱਲੋਂ 108 ਐਬੂਲੈਸ ਸੇਵਾ ਦੇ ਮੁਲਾਜ਼ਮਾਂ ਨਾਲ ਹੋ ਰਹੇ ਜ਼ਬਰ ਨੂੰ ਸਹਿਣ ਨਹੀ ਕੀਤਾ ਜਾ ਸਕਦਾ : ਮਾਨ
325 ਐਬੂਲੈਸਾਂ ਵਿਚੋਂ ਖੜ੍ਹੀਆ ਐਬੂਲੈਸਾਂ ਦੇ ਫਰਜੀ ਬਿੱਲ ਅਤੇ ਤਨਖਾਹਾਂ ਪਾ ਕੇ ਹੋ ਰਹੀ ਕਰੋੜਾਂ-ਅਰਬਾਂ ਦੀ ਲੁੱਟ ਬੰਦ ਕੀਤੀ ਜਾਵੇ
ਫ਼ਤਹਿਗੜ੍ਹ ਸਾਹਿਬ, 01 ਦਸੰਬਰ ( ) “ਜੋ ਪੰਜਾਬ ਰਾਜ ਸਿਹਤ ਸਿਸਟਮ ਕਾਰਪੋਰੇਸ਼ਨ ਦੇ 108 ਐਬੂਲੈਸ ਇੰਪਲਾਈਜ ਯੂਨੀਅਨ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਜਾਇਜ ਮੰਗਾਂ ਦੇ ਹੱਕ ਵਿਚ ਅੱਜ ਮੋਹਾਲੀ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਇਹ ਬਿਲਕੁਲ ਕਾਰਪੋਰੇਸ਼ਨ ਵਿਚ ਵੱਡੇ ਪੱਧਰ ਤੇ ਸਰਕਾਰੀ ਖਜਾਨੇ ਨਾਲ ਕੀਤੇ ਜਾ ਰਹੇ ਵੱਡੇ ਧੋਖੇ, ਫਰੇਬ ਵਿਰੁੱਧ ਅਤੇ ਇਨ੍ਹਾਂ ਬੱਸਾਂ ਵਿਚ ਸੇਵਾ ਕਰਨ ਵਾਲੇ ਮੁਲਾਜ਼ਮਾਂ ਤੋਂ ਗਲਤ ਢੰਗ ਨਾਲ ਕੰਮ ਲੈਣ ਅਤੇ ਉਨ੍ਹਾਂ ਨੂੰ ਦਿੱਤੀਆ ਜਾਣ ਵਾਲੀਆ ਸਹੂਲਤਾਂ ਤੋਂ ਵਾਂਝੇ ਰੱਖਣ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖ਼ਤ ਸ਼ਬਦਾਂ ਵਿਚ ਜਿਥੇ ਨਿੰਦਾ ਕਰਦਾ ਹੈ, ਉਥੇ ਸੰਬੰਧਤ ਕਾਰਪੋਰੇਸ਼ਨ ਦੇ ਮੌਜੂਦਾਂ ਉੱਚ ਅਫਸਰਾਨ ਵੱਲੋ ਜੋ ਮੁਲਾਜ਼ਮਾਂ ਵਿਰੋਧੀ ਵਤੀਰਾ ਅਪਣਾਇਆ ਹੋਇਆ ਹੈ, ਇਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਦਾਚਿਤ ਬਰਦਾਸਤ ਨਹੀ ਕਰੇਗਾ । ਜੇਕਰ ਸੰਬੰਧਤ ਅਫਸਰਾਨ ਨੇ ਮੁਲਾਜ਼ਮਾਂ ਦੀਆਂ ਇਨ੍ਹਾਂ ਮੰਗਾਂ ਨੂੰ ਸੁਹਿਰਦਤਾ ਨਾਲ ਪੂਰਨ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਮਜ਼ਬੂਰਨ ਇਨ੍ਹਾਂ ਮੁਲਾਜ਼ਮਾਂ ਦੇ ਸੰਘਰਸ਼ ਵਿਚ ਕੁੱਦਣਾ ਪਵੇਗਾ । ਇਸ ਲਈ ਬਿਹਤਰ ਹੋਵੇਗਾ ਕਿ ਅਫਸਰਾਨ ਸੂਝਵਾਨਤਾ ਨਾਲ ਇਨ੍ਹਾਂ ਦੇ ਗੰਭੀਰ ਮਸਲੇ ਨੂੰ ਹੱਲ ਕਰਕੇ ਜਿਥੇ ਮੁਲਾਜ਼ਮਾਂ ਵਿਚ ਉੱਠੇ ਵੱਡੇ ਰੋਸ਼ ਨੂੰ ਸ਼ਾਂਤ ਕਰਨ, ਉਥੇ ਪੰਜਾਬ ਦੇ ਮਾਹੌਲ ਨੂੰ ਵੀ ਸੁਖਾਵਾਂ ਬਣਾਉਣ ਵਿਚ ਸਹਿਯੋਗ ਕਰਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਰਾਜ ਸਿਹਤ ਸਿਸਟਮ ਕਾਰਪੋਰੇਸ਼ਨ ਦੇ 108 ਐਮਰਜੈਸੀ ਐਬੂਲੈਸ ਸੇਵਾ ਇੰਪਲਾਈਜ ਯੂਨੀਅਨ ਵੱਲੋ ਆਪਣੀਆਂ ਮੰਗਾਂ ਤੇ ਹੱਕ ਦੀ ਪੂਰਤੀ ਲਈ ਵਿੱਢੇ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹੋਏ ਅਤੇ ਇਸ ਕਾਰਪੋਰੇਸ਼ਨ ਦੇ ਉੱਚ ਅਫਸਰਾਨ ਨੂੰ ਇਸ ਗੰਭੀਰ ਵਿਸੇ ਉਤੇ ਕੀਤੀ ਜਾ ਰਹੀ ਅਣਗਹਿਲੀ ਪ੍ਰਤੀ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿਹਤ ਕਾਰਪੋਰੇਸ਼ਨ ਕੋਲ ਮਰੀਜਾਂ ਦੀਆਂ ਸੇਵਾਵਾਂ ਲਈ ਚਲਾਈਆ ਗਈਆ ਕੁੱਲ 325 ਐਬੂਲੈਸਾਂ ਹਨ, ਜਿਨ੍ਹਾਂ ਵਿਚੋ ਬਹੁਤੀਆਂ ਐਬੂਲੈਸਾਂ ਦੇ ਪੈਟਰੋਲ, ਮੁਲਾਜ਼ਮਾਂ ਦੇ ਹੋਰ ਖਰਚੇ ਫਰਜੀ ਰੂਪ ਵਿਚ ਪਾ ਕੇ ਪੰਜਾਬ ਦੀ ਜਨਤਾ ਦੇ ਖਜਾਨੇ ਨੂੰ ਅਫਸਰਾਨ ਬੁਰੀ ਤਰ੍ਹਾਂ ਲੁੱਟ ਰਹੇ ਹਨ । ਜਦੋਕਿ ਬਹੁਤੀਆਂ 108 ਐਬੂਲੈਸਾਂ ਖੜ੍ਹੀਆਂ ਰਹਿੰਦੀਆਂ ਹਨ । ਦੂਸਰਾ ਜੋ ਮੁਲਾਜ਼ਮਾਂ ਤੋਂ ਡਿਊਟੀ ਲੈਦੇ ਹੋਏ ਰਾਤ ਦੇ 11 ਅਤੇ ਸਵੇਰੇ 5 ਵਜੇ ਤੱਕ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ, ਅਜਿਹਾ ਅਪਮਾਨਜਨਕ ਵਤੀਰਾ ਅਤੇ ਵਿਵਹਾਰ ਫੌਰੀ ਬੰਦ ਕੀਤਾ ਜਾਵੇ ਅਤੇ ਉਨ੍ਹਾਂ ਦੇ ਜੀਵਨ ਨਿਰਵਾਹ ਲਈ ਦਿੱਤੀ ਜਾਂਦੀ ਤਨਖਾਹ ਅਤੇ ਭੱਤਿਆ ਵਿਚ ਮਹਿੰਗਾਈ ਅਨੁਸਾਰ ਲੋੜੀਦਾਂ ਵਾਧਾ ਵੀ ਕੀਤਾ ਜਾਵੇ। ਸ. ਮਾਨ ਨੇ ਪੰਜਾਬ ਰਾਜ ਸਿਹਤ ਸਿਸਟਮ ਕਾਰਪੋਰੇਸ਼ਨ ਦੇ ਉੱਚ ਅਫਸਰਾਨ ਤੋ ਇਹ ਉਮੀਦ ਪ੍ਰਗਟ ਕੀਤੀ ਕਿ ਪਾਰਟੀ ਵੱਲੋਂ ਇਨ੍ਹਾਂ ਦੀ ਪੂਰਨ ਰੂਪ ਵਿਚ ਕੀਤੀ ਗਈ ਹਮਾਇਤ ਉਪਰੰਤ ਇਨ੍ਹਾਂ ਦੀਆਂ ਮੰਗਾਂ ਨੂੰ ਸੰਜ਼ੀਦਾ ਢੰਗ ਨਾਲ ਲੈਦੇ ਹੋਏ ਸੀਮਤ ਸਮੇ ਵਿਚ ਪੂਰੀ ਕਰ ਦੇਣਗੇ । ਤਾਂ ਕਿ ਪੰਜਾਬ ਸੂਬੇ ਦਾ ਮਾਹੌਲ ਅਤੇ ਇਨ੍ਹਾਂ ਮੁਲਾਜ਼ਮਾਂ ਦੇ ਘਰੇਲੂ ਜੀਵਨ ਦਾ ਮਾਹੌਲ ਅਮਨ ਪੂਰਵਕ ਬਣਿਆ ਰਹੇ ।