ਇੰਡੀਆਂ, ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਸਿਰਕੱਢ ਪੰਥਕ ਸੋਚ ਵਾਲੇ ਸਿੱਖਾਂ ਦੇ ਕਤਲੇਆਮ ਹੋਣ ਦਾ ਚੱਲ ਰਿਹਾ ਵਰਤਾਰਾ ਇਕ ਸਾਜਿਸ, ਤੁਰੰਤ ਬੰਦ ਹੋਵੇ : ਮਾਨ

ਐਸ.ਜੀ.ਪੀ.ਸੀ. ਸਿੱਖ ਕੌਮ ਦੀ ਧਾਰਮਿਕ ਸੰਸਥਾਂ ਦੇ ਪ੍ਰਬੰਧ ਵਿਚ ਕਿਸੇ ਤਰ੍ਹਾਂ ਦਾ ਹਕੂਮਤੀ ਦਖਲ ਨਹੀ ਹੋ ਸਕਦਾ 

ਫ਼ਤਹਿਗੜ੍ਹ ਸਾਹਿਬ, 22 ਜੂਨ ( ) “ਜਦੋਂ ਅੰਗਰੇਜ਼ਾਂ ਦੇ ਰਾਜਭਾਗ ਸਮੇਂ ਸਿੱਖ ਕੌਮ ਨਾਲ ਸੰਬੰਧਤ ਇਤਿਹਾਸਿਕ ਗੁਰੂਘਰਾਂ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਹਿੱਤ ਗੁਰਦੁਆਰਾ ਐਕਟ 1925 ਹੋਦ ਵਿਚ ਆਇਆ ਸੀ ਤਾਂ ਇਸ ਕਾਨੂੰਨ ਵਿਚ ਸਪੱਸਟ ਸ਼ਬਦਾਂ ਵਿਚ ਦਰਜ ਹੈ ਕਿ ਸਿੱਖ ਗੁਰੂਘਰਾਂ ਦੇ ਪ੍ਰਬੰਧ ਨੂੰ ਚਲਾਉਣ ਲਈ ਇਸ ਸੰਸਥਾਂ ਦੇ ਪਲੇਟਫਾਰਮ ਤੇ ਚੁਣੇ ਜਾਣ ਵਾਲੇ ਸਿੱਖ ਹੀ ਇਸ ਦੀ ਦੇਖਰੇਖ ਤੇ ਪ੍ਰਬੰਧ ਕਰਨਗੇ । ਜਿਸ ਵਿਚ ਹਕੂਮਤ ਦੀ ਕਿਸੇ ਤਰ੍ਹਾਂ ਦੀ ਦਖਲਅੰਦਾਜੀ ਨਹੀ ਹੋ ਸਕਦੀ । ਉਸ ਸਮੇ ਦੇ ਸਾਡੇ ਸਿੱਖ ਆਗੂ ਮਾਸਟਰ ਤਾਰਾ ਸਿੰਘ ਜੋ ਅਕਾਲੀ ਦਲ ਦੇ ਪ੍ਰਧਾਨ ਸਨ ਅਤੇ ਸਰਕਾਰ ਵਿਚਕਾਰ ਹੋਏ ਸਮਝੋਤੇ ਸਮੇ ਇਹ ਗੱਲ ਪ੍ਰਤੱਖ ਰੂਪ ਵਿਚ ਦਰਜ ਕੀਤੀ ਗਈ ਸੀ ਕਿ ਸਿੱਖ ਕੌਮ ਦੇ ਗੁਰਦੁਆਰਾ ਐਕਟ ਵਿਚ ਹਕੂਮਤ ਕੋਈ ਦਖਲ ਨਹੀ ਦੇਵੇਗੀ । ਜੇਕਰ ਇਸ ਗੁਰਦੁਆਰਾ ਐਕਟ ਵਿਚ ਕਿਸੇ ਤਰ੍ਹਾਂ ਦੀ ਸੋਧ ਕਰਨ ਦੀ ਸਿੱਖ ਕੌਮ ਜਾਂ ਸਾਡੀ ਸਿੱਖ ਪਾਰਲੀਮੈਟ ਮਹਿਸੂਸ ਕਰੇ ਤਾਂ ਉਨ੍ਹਾਂ ਦੀ ਇੱਛਾ ਅਨੁਸਾਰ ਹੀ ਸਹੀ ਦਿਸ਼ਾ ਵੱਲ ਵਿਧਾਨ ਸਭਾ ਸਰਕਾਰ ਅਤੇ ਐਸ.ਜੀ.ਪੀ.ਸੀ ਸਾਂਝੇ ਤੌਰ ਤੇ ਸਹਿਮਤੀ ਨਾਲ ਸੋਧ ਕਰ ਸਕਦੇ ਹਨ । ਕੋਈ ਵੀ ਸਰਕਾਰ ਆਪਣੀ ਮਰਜੀ ਜਾਂ ਸਿੱਖਾਂ ਦੀਆਂ ਇਛਾਵਾ ਦੇ ਵਿਰੁੱਧ ਜਾ ਕੇ ਕੋਈ ਸੋਧ ਜਾਂ ਤਬਦੀਲੀ ਨਹੀ ਕਰ ਸਕਦੀ । ਇਸ ਲਈ ਜੋ ਸ. ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਸਾਡੇ ਗੁਰੂ ਸਾਹਿਬਾਨ ਜੀ ਦੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਕਰਨ ਹਿੱਤ ਮੀਡੀਏ ਅਤੇ ਚੈਨਲਾਂ ਨੂੰ ਇਹ ਹੱਕ ਦੇਣ ਸੰਬੰਧੀ 125ਏ ਧਾਰਾ ਰਾਹੀ ਸੋਧ ਕਰਨ ਦਾ ਬਿਲ ਲਿਆਂਦਾ ਗਿਆ ਹੈ, ਇਹ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਕੁੱਚਲਣ ਦੇ ਨਾਲ-ਨਾਲ ਗੁਰਦੁਆਰਾ ਐਕਟ ਦੀ ਅਸਲ ਭਾਵਨਾ ਨੂੰ ਨਜ਼ਰ ਅੰਦਾਜ ਕਰਨ ਵਾਲੇ ਦੁੱਖਦਾਇਕ ਤੇ ਸਿੱਖ ਕੌਮ ਵਿਰੋਧੀ ਅਮਲ ਹਨ । ਜਿਨ੍ਹਾਂ ਨੂੰ ਸਮੁੱਚੀ ਸਿੱਖ ਕੌਮ ਕਤਈ ਸਹਿਣ ਨਹੀ ਕਰੇਗੀ ।”

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅੱਜ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਗਵਰਨਰ ਪੰਜਾਬ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਦੀ ਅਗਵਾਈ ਹੇਠ ਤਿੰਨ ਮੈਬਰੀ ਵਫਦ ਵੱਲੋ ਮੁਲਾਕਾਤ ਕਰਦੇ ਹੋਏ ਅਤੇ ਗੁਰਦੁਆਰਾ ਐਕਟ ਵਿਚ ਸਰਕਾਰ ਵੱਲੋ ਜ਼ਬਰੀ ਦਖਲ ਦੇਣ ਦੇ ਵਿਰੁੱਧ ਗਵਰਨਰ ਪੰਜਾਬ ਨੂੰ ਇਕ ਯਾਦ ਪੱਤਰ ਦਿੰਦੇ ਹੋਏ ਕੀਤਾ ਗਿਆ। ਇਸ ਵਫਦ ਵਿਚ ਸ. ਮਾਨ ਤੋ ਇਲਾਵਾ ਸ. ਇਮਾਨ ਸਿੰਘ ਮਾਨ ਅਤੇ ਸ. ਗੋਪਾਲ ਸਿੰਘ ਝਾੜੋ ਪ੍ਰਧਾਨ ਚੰਡੀਗੜ੍ਹ ਸਟੇਟ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਾਮਿਲ ਸਨ । ਸ. ਸਿਮਰਨਜੀਤ ਸਿੰਘ ਮਾਨ ਅਤੇ ਇਮਾਨ ਸਿੰਘ ਮਾਨ ਨੇ ਯਾਦ ਪੱਤਰ ਵਿਚਲੇ ਦੋਵੇ ਗੰਭੀਰ ਮੁੱਦਿਆ ਨੂੰ ਛੋਹਦੇ ਹੋਏ ਗਵਰਨਰ ਪੰਜਾਬ ਨੂੰ ਵਿਸਥਾਰ ਨਾਲ ਕਾਨੂੰਨੀ ਅਤੇ ਗੁਰਦੁਆਰਾ ਐਕਟ ਦੇ ਵੇਰਵੇ ਦਿੰਦੇ ਹੋਏ ਪੰਜਾਬ ਸਰਕਾਰ ਵੱਲੋ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੀ ਜਾਣ ਵਾਲੀ ਸੋਧ ਨੂੰ ਤੁਰੰਤ ਰੱਦ ਕਰਨ ਦੀ ਜੋਰਦਾਰ ਗੁਜਾਰਿਸ ਕੀਤੀ ਤਾਂ ਕਿ ਸਿੱਖ ਕੌਮ ਵਿਚ ਇਸ ਸੰਬੰਧੀ ਉੱਠੇ ਵੱਡੇ ਰੋਹ ਅਤੇ ਗੁਰੂਘਰਾਂ ਵਿਚ ਹਕੂਮਤੀ ਦਖਲ ਦੇ ਅਮਲਾਂ ਨੂੰ ਤੁਰੰਤ ਰੋਕਿਆ ਜਾ ਸਕੇ । ਕਿਉਂਕਿ ਇਸ ਅਮਲ ਨੂੰ ਸਿੱਖ ਕੌਮ ਨੇ ਨਾ ਕਦੇ ਬੀਤੇ ਸਮੇ ਵਿਚ ਬਰਦਾਸਤ ਕੀਤਾ ਹੈ ਅਤੇ ਨਾ ਹੀ ਹੁਣ ਕੀਤਾ ਜਾਵੇਗਾ । ਦੂਸਰਾ ਜੋ ਸਾਡੀ ਸਿੱਖ ਪਾਰਲੀਮੈਂਟ ਐਸ.ਜੀ.ਪੀ.ਸੀ. ਦੀ ਹੁਕਮਰਾਨਾਂ ਨੇ ਬੀਤੇ 12 ਸਾਲਾਂ ਤੋ ਚੋਣਾਂ ਨਾ ਕਰਵਾਕੇ ਜਮਹੂਰੀਅਤ ਭੰਗ ਕੀਤੀ ਹੋਈ ਹੈ, ਉਸ ਸੰਬੰਧੀ ਸੈਂਟਰ ਤੇ ਪੰਜਾਬ ਪੱਧਰ ਤੇ ਫੌਰੀ ਅਮਲ ਕਰਵਾਕੇ ਸਾਡੀ ਸਿੱਖ ਪਾਰਲੀਮੈਂਟ ਦੀਆਂ ਸੀਮਤ ਸਮੇ ਵਿਚ ਚੋਣਾਂ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇ ।

ਦੋਵਾਂ ਆਗੂਆਂ ਨੇ ਆਪਣੇ ਇਸ ਯਾਦ ਪੱਤਰ ਵਿਚ ਦੂਸਰੇ ਅਤਿ ਗੰਭੀਰ ਵਿਸੇ ਉਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਸੈਂਟਰ ਦੀ ਮੋਦੀ ਹਕੂਮਤ ਅਤੇ ਉਸਦੀਆਂ ਏਜੰਸੀਆਂ ਵੱਲੋ ਬੀਤੇ ਕਾਫ਼ੀ ਲੰਮੇ ਸਮੇ ਤੋ ਸਿਰਕੱਢ ਸੂਝਵਾਨ ਸਿੱਖ ਸਖਸ਼ੀਅਤਾਂ ਨੂੰ ਨਿਸ਼ਾਨਾਂ ਬਣਾਉਦੇ ਹੋਏ ਇੰਡੀਆ, ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਸਾਜਸੀ ਢੰਗਾਂ ਰਾਹੀ ਕਤਲ ਕੀਤਾ ਜਾਂਦਾ ਆ ਰਿਹਾ ਹੈ । ਜਿਨ੍ਹਾਂ ਵਿਚ ਭਾਈ ਸੰਦੀਪ ਸਿੰਘ (ਦੀਪ ਸਿੰਘ ਸਿੱਧੂ) ਨੂੰ ਦਿੱਲੀ ਤੋਂ ਆਉਦੇ ਹੋਏ ਹਰਿਆਣਾ ਵਿਚ ਦਾਖਲ ਹੁੰਦੇ ਹੋਏ ਇਕ ਐਕਸੀਡੈਟ ਦਿਖਾਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਸ ਉਪਰੰਤ ਸਾਡੀ ਸਿੱਖ ਕੌਮ ਤੇ ਪੰਜਾਬ ਦੇ ਵਿਰਸੇ-ਵਿਰਾਸਤ ਦੇ ਸੰਬੰਧ ਵਿਚ ਆਪਣੇ ਗੀਤਾਂ ਰਾਹੀ ਕੌਮੀ ਭਾਵਨਾਵਾ ਨੂੰ ਉਜਾਗਰ ਕਰਨ ਵਾਲੇ ਉੱਘੇ ਲੇਖਕ ਤੇ ਗਾਇਕ ਸ. ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹਕੂਮਤੀ ਪੱਧਰ ਤੇ ਦਿੱਤੀ ਹੋਈ ਸੁਰੱਖਿਆ ਨੂੰ ਵਾਪਸ ਲੈਕੇ ਦੁਸ਼ਮਣਾਂ ਨੂੰ ਮਾਰਨ ਲਈ ਮਾਹੌਲ ਤਿਆਰ ਕਰ ਦਿੱਤਾ ਸੀ ਜਿਸ ਅਧੀਨ ਉਨ੍ਹਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਇਸ ਉਪਰੰਤ ਸ. ਰਿਪਦੁਮਨ ਸਿੰਘ ਮਲਿਕ ਦਾ ਬ੍ਰਿਟਿਸ ਕੋਲੰਬੀਆ ਦੇ ਸਰੀ ਸ਼ਹਿਰ ਵਿਚ ਕਤਲ ਕਰ ਦਿੱਤਾ ਗਿਆ, ਇਸ ਉਪਰੰਤ ਪਾਕਿਸਤਾਨ ਦੇ ਲਾਹੌਰ ਵਿਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਗੋਲੀ ਦਾ ਨਿਸ਼ਾਨਾਂ ਬਣਾਕੇ ਕਤਲ ਕਰ ਦਿੱਤਾ ਗਿਆ, ਫਿਰ ਭਾਈ ਅਵਤਾਰ ਸਿੰਘ ਖੰਡਾ ਜੋ ਬਾਦਲੀਲ ਢੰਗ ਨਾਲ ਸਿੱਖ ਕੌਮ ਤੇ ਪੰਜਾਬੀਆਂ ਦੀ ਆਵਾਜ ਨੂੰ ਬੁਲੰਦ ਕਰਨ ਦੀ ਜਿੰਮੇਵਾਰੀ ਨਿਭਾਅ ਰਹੇ ਸਨ, ਉਨ੍ਹਾਂ ਬਰਮਿੰਗਮ ਬਰਤਾਨੀਆ ਵਿਚ ਕਤਲ ਕਰ ਦਿੱਤਾ ਗਿਆ ਅਤੇ ਹੁਣ ਕੁਝ ਦਿਨ ਪਹਿਲੇ ਸ. ਹਰਦੀਪ ਸਿੰਘ ਨਿੱਝਰ ਜੋ ਕੈਨੇਡਾ ਸਰੀ ਦੇ ਗੁਰੂਘਰਾਂ ਦੀ ਤਾਲਮੇਲ ਕਮੇਟੀ ਦੇ ਪ੍ਰਧਾਨ ਦੀ ਸੇਵਾ ਨਿਭਾਉਦੇ ਹੋਏ ਕੌਮੀ ਭਾਵਨਾਵਾ ਉਤੇ ਸੁਹਿਰਦਤਾ ਨਾਲ ਅਮਲ ਕਰ ਰਹੇ ਸਨ, ਉਨ੍ਹਾਂ ਦਾ ਸਰੀ ਵਿਚ ਕਤਲ ਕਰ ਦਿੱਤਾ ਗਿਆ । ਜੋ ਸੈਂਟਰ ਹਕੂਮਤ ਅਤੇ ਖੂਫੀਆ ਏਜੰਸੀਆ ਵੱਲੋ ਇਨਸਾਨੀਅਤ ਤੇ ਮਨੁੱਖਤਾ ਦਾ ਗੈਰ ਵਿਧਾਨਿਕ ਢੰਗਾਂ ਨਾਲ ਕਤਲ ਕਰਨ ਦੇ ਅਮਲ ਕੀਤੇ ਜਾ ਰਹੇ ਹਨ, ਜਿਸਨੂੰ ਸਿੱਖ ਕੌਮ ਕਤਈ ਬਰਦਾਸਤ ਨਹੀ ਕਰ ਸਕਦੀ ਅਤੇ ਨਾ ਹੀ ਆਪਣੀਆ ਕੌਮੀ ਸਖਸ਼ੀਅਤਾਂ ਦੀਆਂ ਜਿੰਦਗਾਨੀਆਂ ਨਾਲ ਹੁਕਮਰਾਨਾਂ ਨੂੰ ਇਸ ੱਤਰ੍ਹਾਂ ਖਿਲਵਾੜ ਕਰਨ ਦੀ ਇਜਾਜਤ ਦਿੱਤੀ ਜਾਵੇਗੀ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਗਵਰਨਰ ਪੰਜਾਬ ਨੂੰ ਇਸ ਵਿਸੇ ਤੇ ਉਚੇਚੇ ਤੌਰ ਤੇ ਕੌਮ ਦਾ ਪੱਖ ਅਤੇ ਸੋਚ ਤੋ ਸੈਟਰ ਦੇ ਸਿੱਖ ਕੌਮ ਵਿਰੋਧੀ ਹੁਕਮਰਾਨਾਂ ਅਤੇ ਖੂਫੀਆ ਏਜੰਸੀਆਂ ਦੇ ਮੁੱਖੀਆਂ ਨੂੰ ਗਵਰਨਰ ਪੰਜਾਬ ਵੱਲੋ ਜਿਥੇ ਸਖਤੀ ਨਾਲ ਤਾੜਨਾ ਕਰਨ ਦੇ ਫਰਜ ਅਦਾ ਕਰਨੇ ਚਾਹੀਦੇ ਹਨ, ਉਥੇ ਇੰਡੀਆ ਦੀ ਪ੍ਰੈਜੀਡੈਟ ਬੀਬੀ ਦ੍ਰੋਪਦੀ ਮੁਰਮੂ ਦੇ ਧਿਆਨ ਹਿੱਤ ਲਿਖਤੀ ਰੂਪ ਵਿਚ ਇਸ ਅਤਿ ਗੰਭੀਰ ਵਿਸੇ ਨੂੰ ਲਿਆਉਦੇ ਹੋਏ ਸੈਟਰ ਦੀ ਹਕੂਮਤ ਨੂੰ ਇਸ ਗੈਰ ਕਾਨੂੰਨੀ ਤੇ ਅਣਮਨੁੱਖੀ ਸਿੱਖ ਕੌਮ ਵਿਰੋਧੀ ਅਮਲ ਨੂੰ ਰੋਕਣ ਲਈ ਫੌਰੀ ਕਾਰਵਾਈ ਕਰਵਾਉਣੀ ਚਾਹੀਦੀ ਹੈ । ਤਾਂ ਕਿ ਸਿੱਖ ਕੌਮ ਨਾਲ 1947 ਤੋਂ ਹੋ ਰਹੇ ਹਰ ਖੇਤਰ ਵਿਚ ਵਿਤਕਰੇ ਤੇ ਬੇਇਨਸਾਫ਼ੀਆਂ ਦੀ ਬਦੌਲਤ, ਇਸ ਸੁਰੂ ਹੋਏ ਕਤਲੇਆਮ ਦੀ ਬਦੌਲਤ ਦਿਨੋ ਦਿਨ ਵੱਧ ਰਹੇ ਬ਼ਗਾਵਤੀ ਰੋਹ ਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਦਾ ਸਹੀ ਸਮੇ ਤੇ ਹੱਲ ਹੋ ਸਕੇ ਅਤੇ ਇਥੋ ਦੇ ਹਾਲਾਤ ਅਮਨਮਈ ਤੇ ਜਮਹੂਰੀਅਤ ਪੱਖੀ ਬਣੇ ਰਹਿਣ । ਗਵਰਨਰ ਪੰਜਾਬ ਨੇ ਦੋਵਾਂ ਆਗੂਆਂ ਦੀ ਗੱਲਬਾਤ ਨੂੰ ਬਹੁਤ ਹੀ ਸਹਿਜ ਤੇ ਸੰਜੀਦਗੀ ਨਾਲ ਸੁਣਦੇ ਹੋਏ ਵਿਸਵਾਸ ਦਿਵਾਇਆ ਕਿ ਉਨ੍ਹਾਂ ਵੱਲੋ ਦਿੱਤੇ ਗਏ ਯਾਦ ਪੱਤਰ ਦੇ ਦੋਵੇ ਪੰਜਾਬ ਸੂਬੇ ਤੇ ਸਿੱਖ ਕੌਮ ਸੰਬੰਧੀ ਸੰਜ਼ੀਦਾ ਮੁੱਦਿਆ ਨੂੰ ਸਹੀ ਢੰਗ ਨਾਲ ਪੇਸ਼ ਕਰਦੇ ਹੋਏ ਹੱਲ ਕਰਨ ਦੀ ਹਰ ਸੰਭਵ ਕੋਸਿ਼ਸ਼ ਕੀਤੀ ਜਾਵੇਗੀ ।

Leave a Reply

Your email address will not be published. Required fields are marked *