ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬਾਬਾ ਹਰਨਾਮ ਸਿੰਘ ਧੂੰਮਾ ਮੁੱਖੀ ਦਮਦਮੀ ਟਕਸਾਲ ਚੌਕ ਮਹਿਤਾ ਨੂੰ ਲਿਖਿਆ ਗਿਆ ਖੁੱਲ੍ਹਾ ਪੱਤਰ ।

8056/ਸਅਦਅ/2022 14 ਫਰਵਰੀ 2022

ਬਾਬਾ ਹਰਨਾਮ ਸਿੰਘ ਧੂੰਮਾ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥

ਇਸ ਲਿਖੇ ਜਾ ਰਹੇ ਹੱਥਲੇ ਪੱਤਰ ਰਾਹੀ ਨਿਮਰਤਾ ਸਹਿਤ ਆਪ ਜੀ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ ਜਿਸ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸੋਚ ਉਤੇ ਅਧਾਰਿਤ ਲੰਮੇ ਸਮੇ ਤੋ ਸਿੱਖ ਕੌਮ ਦੇ ਸਿਧਾਤਾਂ ਤੇ ਸੋਚ ਉਤੇ ਕਾਇਮ ਹੋਈ ਅਤੇ ਪਹਿਰਾ ਦਿੰਦੀ ਆ ਰਹੀ ਦਮਦਮੀ ਟਕਸਾਲ ਚੌਕ ਮਹਿਤਾ ਦੇ 14ਵੇਂ ਮੁੱਖੀ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆ ਨੇ ਕੌਮੀ ਅਤੇ ਇਤਿਹਾਸਿਕ ਸੋਚ ਉਤੇ ਪਹਿਰਾ ਦਿੰਦਿਆ ਜਾਬਰ ਹੁਕਮਰਾਨਾਂ ਅੱਗੇ ਨਾ ਤਾਂ ਈਨ ਮੰਨੀ ਅਤੇ ਨਾ ਹੀ ਇਨ੍ਹਾਂ ਤਾਕਤਾਂ ਨੂੰ ਸਿੱਖ ਕੌਮ ਦੀਆਂ ਮਰਿਯਾਦਾਵਾਂ, ਅਸੂਲਾਂ, ਨਿਯਮਾਂ, ਸਿੱਖੀ ਸੋਚ ਨਾਲ ਕਿਸੇ ਤਰ੍ਹਾਂ ਖਿਲਵਾੜ ਕਰਨ ਦੀ ਕਦੀ ਇਜਾਜਤ ਦਿੱਤੀ । ਬਲਕਿ ਕੌਮ ਦੀ ਅਜਮਤ ਦੀ ਰਾਖੀ ਲਈ ਤਿੰਨ ਮੁਲਕਾਂ ਦੀਆਂ ਫ਼ੌਜਾਂ ਦਾ ਮੁਕਾਬਲਾ ਕਰਦੇ ਹੋਏ ਮਹਾਨ ਸ਼ਹਾਦਤ ਦਿੱਤੀ ਅਤੇ ਕੌਮੀ ਇਤਿਹਾਸ ਵਿਚ ਆਪਣੇ ਨਾਮ ਨੂੰ ਸੁਨਹਿਰੀ ਅੱਖਰਾਂ ਵਿਚ ਦਰਜ ਕੀਤਾ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਉਸ ਮਹਾਨ ਟਕਸਾਲ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਆਪ ਜੀ ਵੱਲੋ ਉਨ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਤਾਕਤਾਂ ਅਤੇ ਸ਼ਕਤੀਆ ਨਾਲ ਸਾਂਝ ਪਾਈ ਗਈ ਹੈ ਜਿਨ੍ਹਾਂ ਨੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਨੂੰ ਕਰਵਾਉਣ ਲਈ ਮਰਹੂਮ ਇੰਦਰਾ ਗਾਂਧੀ ਦੀ ਸਾਜਿ਼ਸ ਵਿਚ ਖੁਦ ਭਾਈਵਾਲ ਰਹੇ, ਪੰਜਾਬ ਵਿਚ ਸਿੱਖ ਨੌਜ਼ਵਾਨੀ ਦੇ ਝੂਠੇ ਮੁਕਾਬਲਿਆ ਦੇ ਅਮਲ ਕਰਨ ਅਤੇ ਕਰਵਾਉਣ ਵਿਚ ਭਾਗੀ ਰਹੇ ਹਨ, ਆਪਣੇ ਪਰਿਵਾਰਿਕ ਮਾਲੀ ਅਤੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਪੰਜਾਬ ਵਿਚ ਮੁਤੱਸਵੀ ਹੁਕਮਰਾਨਾਂ ਨਾਲ ਸਾਂਝ ਪਾਕੇ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਅਮਲ ਕਰਦੇ ਰਹੇ ਹਨ । ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਆ ਜਿਨ੍ਹਾਂ ਨੇ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਵਿਰਸੇ-ਵਿਰਾਸਤ ਨਾਲ ਬੀਤੇ ਸਮੇ ਵਿਚ ਖਿਲਵਾੜ ਕੀਤੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆ ਕਰਵਾਈਆ, ਐਸ.ਜੀ.ਪੀ.ਸੀ. ਦੀ ਕੌਮੀ ਸੰਸਥਾਂ ਦੇ ਸਮੁੱਚੇ ਸਾਧਨਾਂ ਦੀ, ਗੋਲਕਾ ਦੀ, ਇਸ ਅਧੀਨ ਚੱਲ ਰਹੀਆ ਵਿਦਿਅਕ ਅਤੇ ਸਿਹਤਕ ਸੰਸਥਾਵਾਂ ਤੇ ਨਿੱਜੀ ਟਰੱਸਟ ਬਣਾਕੇ ਨਿਰੰਤਰ ਲੁੱਟਦੇ ਆ ਰਹੇ ਹਨ, ਗੁਰੂਘਰਾਂ ਦੀਆਂ ਜ਼ਮੀਨਾਂ-ਜਾਇਦਾਦਾਂ ਨੂੰ ਆਪਣੇ ਸੰਬੰਧੀਆ, ਰਿਸਤੇਦਾਰਾਂ ਨੂੰ ਕੌਡੀਆਂ ਦੇ ਭਾਅ ਠੇਕੇ ਤੇ ਦੇਕੇ ਗਬਨ ਕਰਦੇ ਆ ਰਹੇ ਹਨ, ਗੁਰੂਘਰਾਂ ਦੀਆਂ ਇਮਾਰਤਾ ਵਿਚ ਵਰਤੋ ਆਉਣ ਵਾਲੀਆ ਵਸਤਾਂ ਅਤੇ ਲੰਗਰ ਵਿਚ ਵਰਤੋ ਆਉਣ ਵਾਲੀ ਰਸਦ ਦੀ ਖਰੀਦੋ-ਫਰੋਖਤ ਵਿਚ ਵੱਡੇ ਗਬਨ ਕਰਨ ਦੇ ਦੋਸ਼ੀ ਹਨ। ਜਿਨ੍ਹਾਂ ਨੇ ਸਭ ਸਿੱਖੀ ਮਰਿਯਾਦਾਵਾ, ਨਿਯਮਾਂ ਦੀ ਤੋਹੀਨ ਕਰਕੇ ਧਾਰਮਿਕ ਖੇਤਰ ਵਿਚ ਵੀ ਸਿੱਖ ਕੌਮ ਦਾ ਤੇ ਸਿੱਖੀ ਸੰਸਥਾਵਾਂ ਦੀ ਮਹਾਨਤਾ ਦਾ ਵੱਡਾ ਨੁਕਸਾਨ ਕੀਤਾ ਹੈ, ਉਨ੍ਹਾਂ ਤਾਕਤਾਂ ਨੂੰ ਆਪ ਜੀ ਵੱਲੋ ਮੌਜੂਦਾ ਪੰਜਾਬ ਦੇ ਹਾਲਾਤਾਂ ਵਿਚ ਸਮਰਥਨ ਦੇਣ ਦੀ ਕਾਰਵਾਈ ਸਮੁੱਚੀ ਸਿੱਖ ਕੌਮ ਲਈ ਅਸਹਿ ਤੇ ਅਕਹਿ ਹੈ ।

ਆਪ ਜੀ ਨੂੰ ਇਹ ਚੇਤੇ ਹੋਵੇਗਾ ਕਿ ਜਦੋ ਢੱਡਰੀਆ ਵਾਲੇ ਨਾਲ ਆਪ ਜੀ ਦਾ ਵਿਚਾਰਕ ਝਗੜਾ ਹੋਇਆ ਸੀ ਅਤੇ ਆਪ ਜੀ ਨੇ ਉਨ੍ਹਾਂ ਉਤੇ ਗੋਲੀ ਚਲਵਾਈ ਸੀ, ਅਜਿਹੀ ਗਲਤੀ ਹੁਣ ਆਪ ਜੀ ਫਿਰ ਦੁਹਰਾਉਣ ਦੀ ਗੱਲ ਕਦੇ ਨਾ ਸੋਚਣਾ ਕਿਉਂਕਿ ਦਮਦਮੀ ਟਕਸਾਲ ਦੇ ਮੁੱਖੀ ਹੋਣ ਦੇ ਨਾਤੇ ਲੰਮੇ ਸਮੇ ਤੋ ਖ਼ਾਲਸਾ ਪੰਥ ਵਿਰੋਧੀ ਹੋ ਰਹੇ ਅਮਲਾਂ ਨੇ ਆਪ ਜੀ ਦੀ ਸਥਿਤੀ ਅਤੇ ਸਤਿਕਾਰ ਨੂੰ ਵੱਡਾ ਨੁਕਸਾਨ ਕੀਤਾ ਹੈ । ਜੋ ਆਪ ਜੀ ਨੇ ਬਾਦਲ ਦਲੀਆ ਨੂੰ ਗੈਰ-ਦਲੀਲ ਢੰਗ ਨਾਲ ਸਮਰਥਨ ਦੇਣ ਦੀ ਅਖਬਾਰੀ ਬਿਆਨਬਾਜੀ ਕੀਤੀ ਹੈ, ਜੇਕਰ ਆਪ ਜੀ ਸਿੱਖ ਸੰਗਤ ਵਿਚ ਜਾ ਕੇ ਵਿਚਰੋ ਤਾਂ ਆਪ ਜੀ ਨੂੰ ਗਿਆਨ ਹੋ ਜਾਵੇਗਾ ਕਿ ਖ਼ਾਲਸਾ ਪੰਥ ਵਿਚ ਆਪ ਜੀ ਦੇ ਇਸ ਕੀਤੇ ਗਏ ਦੁੱਖਦਾਇਕ ਅਮਲ ਦੀ ਬਦੌਲਤ ਕਿੰਨਾ ਵੱਡਾ ਰੋਹ ਹੈ ਅਤੇ ਇਸਦੇ ਨਤੀਜੇ ਕਿਹੋ ਜਿਹੇ ਨਿਕਲਣਗੇ । ਆਪ ਜੀ ਨੂੰ ਮੈਂ ਉਸ ਵਰਤਾਰੇ ਤੋ ਵੀ ਜਾਣੂ ਕਰਵਾਉਣਾ ਆਪਣਾ ਫਰਜ ਸਮਝਦਾ ਹਾਂ ਕਿ ਜਦੋ ਦਮਦਮੀ ਟਕਸਾਲ ਦੇ ਮੁੱਖੀ ਵੱਜੋ ਆਪ ਜੀ ਦੀ ਦਸਤਾਰਬੰਦੀ ਹੋਣੀ ਸੀ, ਤਾਂ ਉਸ ਸਮੇ ਮੇਰਾ ਪਾਰਟੀ ਵੱਲੋ ਆਸਟ੍ਰੇਲੀਆ ਦਾ ਦੌਰਾ ਸੁਰੂ ਹੋਣਾ ਸੀ। ਲੇਕਿਨ ਆਪ ਜੀ ਦਾ ਮੈਨੂੰ ਫੋਨ ਤੇ ਸੁਨੇਹਾ ਆਇਆ ਕਿ ਮੇਰੀ ਦਸਤਾਰਬੰਦੀ ਵਿਚ ਹਰ ਕੀਮਤ ਤੇ ਆਉਣਾ ਪਵੇਗਾ। ਦਾਸ ਨੇ ਦਮਦਮੀ ਟਕਸਾਲ ਵੱਲੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਸਮੇ ਮਿਲੇ ਪਿਆਰ-ਸਤਿਕਾਰ, ਮਾਣ-ਇੱਜਤ ਨੂੰ ਮੁੱਖ ਰੱਖਦੇ ਹੋਏ ਆਪ ਜੀ ਦੀ ਦਸਤਾਰਬੰਦੀ ਵਿਚ ਸਮੂਲੀਅਤ ਕੀਤੀ, ਲੇਕਿਨ ਆਪਣਾ ਆਸਟ੍ਰੇਲੀਆ ਦਾ ਦੌਰਾ ਰੱਦ ਕਰ ਦਿੱਤਾ । ਦਾਸ ਦਾ ਕੌਮੀ ਸੋਚ, ਮਰਿਯਾਦਾਵਾ, ਨਿਯਮਾਂ, ਅਸੂਲਾਂ ਅਤੇ ਖ਼ਾਲਸਾ ਪੰਥ ਦੇ ਬੋਲਬਾਲੇ ਦੀ ਭਾਵਨਾ ਦੀ ਬਦੌਲਤ ਬਾਬਾ ਦੀਪ ਸਿੰਘ ਜੀ ਦੀ ਦਮਦਮੀ ਟਕਸਾਲ ਨਾਲ ਡੂੰਘਾਂ ਸੰਬੰਧ ਰਿਹਾ ਹੈ, ਲੇਕਿਨ ਆਪ ਜੀ ਨੇ ਪੰਜਾਬ ਸੂਬੇ ਅਤੇ ਖ਼ਾਲਸਾ ਪੰਥ ਵਿਰੋਧੀ ਬਾਦਲ ਦਲੀਆ ਜਿਨ੍ਹਾਂ ਨੂੰ ਅੱਜ ਸਮੁੱਚੀ ਸਿੱਖ ਕੌਮ ਅਤੇ ਪੰਜਾਬੀ ਨਫਰਤ ਕਰਦੇ ਹਨ, ਉਸ ਪੰਥ ਵਿਰੋਧੀ ਤਾਕਤ ਨੂੰ ਸਮਰਥਨ ਦੇਣ ਪਿੱਛੇ ਕਿਹੜੀ ਪੰਥਕ ਸੋਚ ਹੈ ਜਾਂ ਫਿਰ ਕੋਈ ਆਪ ਜੀ ਦਾ ਨਿੱਜੀ ਸਵਾਰਥ ? ਇਸ ਬਾਰੇ ਤਾਂ ਆਪ ਜੀ ਖੁਦ ਹੀ ਸਿੱਖ ਕੌਮ ਨੂੰ ਜਾਣਕਾਰੀ ਦੇ ਸਕਦੇ ਹੋ । ਲੇਕਿਨ ਆਪ ਪ੍ਰਤੀ ਅੱਜ ਸਿੱਖ ਕੌਮ ਵਿਚ ਡੂੰਘੇ ਤੇ ਵੱਡੇ ਪ੍ਰਸ਼ਨ ਖੜ੍ਹੇ ਹੋ ਚੁੱਕੇ ਹਨ । ਜਿਸਦਾ ਜੁਆਬ ਆਪ ਜੀ ਨੂੰ ਅਵੱਸ ਦੇਣਾ ਪਵੇਗਾ । ਜੋ ਬਾਦਲ ਦਲੀਆ ਨੂੰ ਗੈਰ-ਸਿਧਾਤਿਕ ਢੰਗ ਨਾਲ ਆਪ ਜੀ ਵੱਲੋ ਦਮਦਮੀ ਟਕਸਾਲ ਦੇ ਬਿਨ੍ਹਾਂ ਤੇ ਸਮਰਥਨ ਦੇਕੇ ਬਜਰ ਗੁਸਤਾਖੀ ਤੇ ਗੁਨਾਹ ਕੀਤਾ ਗਿਆ ਹੈ, ਇਸ ਸਵਾਲ ਦਾ ਜੁਆਬ ਸਮੁੱਚੀ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪ ਜੀ ਕੋਲੋ ਜਨਤਕ ਤੌਰ ਤੇ ਮੰਗਦਾ ਹੈ । ਜੋ ਆਪ ਜੀ ਨੂੰ ਦੇਣਾ ਹੀ ਪਵੇਗਾ । ਪੂਰਨ ਉਮੀਦ ਕਰਦੇ ਹਾਂ ਕਿ ਮੇਰੇ ਵੱਲੋ ਲਿਖੇ ਜਾ ਰਹੇ ਇਸ ਪੱਤਰ ਦੀਆਂ ਭਾਵਨਾਵਾ ਅਤੇ ਦਰਦ ਨੂੰ ਮਹਿਸੂਸ ਕਰਦੇ ਹੋਏ ਜਾਂ ਤਾਂ ਆਪ ਜੀ ਆਪਣੇ ਵੱਲੋ ਪੰਥ ਵਿਰੋਧੀ ਤਾਕਤ ਬਾਦਲ ਦਲੀਆ ਨੂੰ ਦਿੱਤੇ ਗਏ ਸਮਰਥਨ ਨੂੰ ਜਨਤਕ ਤੌਰ ਤੇ ਵਾਪਸ ਲਵੋਗੇ ਜਾਂ ਫਿਰ ਸਿੱਖ ਕੌਮ ਦੀ ਕਚਹਿਰੀ ਵਿਚ ਹਾਜਰ ਹੋ ਕੇ ਜੁਆਬ ਦੇਵੋਗੇ । ਧੰਨਵਾਦੀ ਹੋਵਾਂਗੇ ।

‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥’

ਪੂਰਨ ਸਤਿਕਾਰ ਤੇ ਉਮੀਦ ਸਹਿਤ,

ਗੁਰੂਘਰ ਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

ਬਾਬਾ ਹਰਨਾਮ ਸਿੰਘ ਧੂੰਮਾ,
ਮੁੱਖ ਸੇਵਾਦਾਰ,
ਦਮਦਮੀ ਟਕਸਾਲ ਚੌਕ ਮਹਿਤਾ
ਜਿ਼ਲ੍ਹਾ ਅੰਮ੍ਰਿਤਸਰ ।

Leave a Reply

Your email address will not be published. Required fields are marked *