ਚੀਨ ਵੱਲੋਂ ਸੀਆ-ਸੁੰਨੀ ਦੋਵੇ ਮੁਸਲਿਮ ਵਰਗਾਂ ਨੂੰ ਇਕੱਤਰ ਕਰਕੇ ਅਤੇ ਅੱਜ ਇਰਾਨ ਅਤੇ ਸਾਊਦੀ ਅਰਬੀਆ ਨੂੰ ਇਕੱਠੇ ਕੰਮ ਕਰਨ ਲਈ ਉਤਸਾਹਿਤ ਕਰਨਾ ਸਹੀ ਕਦਮ : ਮਾਨ

ਫ਼ਤਹਿਗੜ੍ਹ ਸਾਹਿਬ, 07 ਅਪ੍ਰੈਲ ( ) “ਚੀਨ ਮੁਲਕ ਵੱਲੋਂ ਪਹਿਲੇ ਸੰਸਾਰ ਦੇ ਸੀਆ-ਸੁੰਨੀ ਮੁਸਲਿਮ ਵਰਗ ਨੂੰ ਜੋ ਕੁਝ ਦਿਨ ਪਹਿਲੇ ਬੀਜਿੰਗ ਵਿਚ ਮੀਟਿੰਗ ਕਰਦੇ ਹੋਏ ਦੋਵਾਂ ਨੂੰ ਇਕ ਕਰਨ ਦਾ ਉੱਦਮ ਕੀਤਾ ਹੈ, ਇਸ ਨਾਲ ਅਰਬ ਮੁਲਕਾਂ ਅਤੇ ਦੋਵੇ ਮੁਸਲਿਮ ਵਰਗਾਂ ਦੇ ਮਾਲੀ, ਸਮਾਜਿਕ, ਭੂਗੋਲਿਕ ਅਤੇ ਧਾਰਮਿਕ ਸੰਬੰਧਾਂ ਵਿਚ ਵੱਡੇ ਪੱਧਰ ਤੇ ਕੇਵਲ ਮਜਬੂਤੀ ਹੀ ਨਹੀ ਹੋਵੇਗੀ, ਬਲਕਿ ਇਹ ਸਭ ਅਰਬ ਮੁਲਕਾਂ ਵਿਚ ਵੱਸਣ ਵਾਲੇ ਸੀਆ-ਸੁੰਨੀ ਇਕ ਹੋਣ ਤੇ ਫਖ਼ਰ ਮਹਿਸੂਸ ਕਰਦੇ ਹੋਏ ਤੇਜ਼ੀ ਨਾਲ ਹਰ ਖੇਤਰ ਵਿਚ ਪ੍ਰਫੁੱਲਿਤ ਹੋਣਗੇ । ਇਸ ਕੀਤੇ ਗਏ ਉੱਦਮ ਲਈ ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਚੀਨ ਦੀ ਸ੍ਰੀ ਜਿਨਪਿੰਗ ਸਰਕਾਰ ਨੂੰ ਹਾਰਦਿਕ ਮੁਬਾਰਕਬਾਦ ਭੇਜਦਾ ਹੈ, ਉਥੇ ਸਾਊਦੀ ਅਰਬ, ਇਰਾਨ ਅਤੇ ਹੋਰ ਸਭ ਅਰਬ ਤੇ ਹੋਰ ਮੁਲਕਾਂ ਵਿਚ ਵੱਸਣ ਵਾਲੇ ਸੀਆ-ਸੁੰਨੀਆਂ ਵਿਚ ਪਿਆਰ ਅਤੇ ਮੁਹੱਬਤ ਨੂੰ ਵੱਡਾ ਬਲ ਮਿਲਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਉੱਦਮ ਨਾਲ ਸਮੁੱਚੇ ਸੰਸਾਰ ਵਿਚ ਵੱਸਣ ਵਾਲੀ ਮੁਸਲਿਮ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਦੀ ਸੁਰੱਖਿਆ ਵਿਚ ਖੁਦ-ਬ-ਖੁਦ ਢੇਰ ਸਾਰਾ ਵਾਧਾ ਹੋ ਜਾਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੀਨ ਦੀ ਜਿਨਪਿੰਗ ਸਰਕਾਰ ਵੱਲੋ ਸੰਸਾਰ ਪੱਧਰ ਤੇ ਮੁਸਲਿਮ ਕੌਮ ਦੇ ਦੋਵਾਂ ਵਰਗਾਂ ਸੀਆ-ਸੁੰਨੀ ਨੂੰ ਇਕ ਕਰਨ ਦੇ ਕੀਤੇ ਗਏ ਉੱਦਮ ਦੀ ਭਰਪੂਰ ਸਲਾਘਾ ਕਰਦੇ ਹੋਏ ਅਤੇ ਬੀਤੇ ਦਿਨੀ ਇਰਾਨ ਅਤੇ ਸਾਊਦੀ ਅਰਬ ਦੇ ਵਿਦੇਸ ਵਜੀਰਾਂ ਦੀ ਚੀਨ ਦੇ ਵਿਦੇਸ ਵਜੀਰ ਸ੍ਰੀ ਮਾਓ ਪਿੰਗ ਨਾਲ ਹੋਈ ਅਰਥਭਰਪੂਰ ਇਕੱਤਰਤਾ ਅਤੇ ਇਨ੍ਹਾਂ ਮੁਲਕਾਂ ਵੱਲੋ ਆਰਥਿਕ, ਸਮਾਜਿਕ ਤੇ ਵਪਾਰਿਕ ਤੌਰ ਤੇ ਇਕੱਠੇ ਕਰਨ ਦੀਆਂ ਕਾਰਵਾਈਆਂ ਨੂੰ ਅੱਛਾ ਕਦਮ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇ 1992 ਵਿਚ ਇੰਡੀਆਂ ਦੇ ਹਿੰਦੂਤਵ ਹੁਕਮਰਾਨਾਂ ਨੇ ਮੁਸਲਿਮ ਕੌਮ ਦੇ ਧਾਰਮਿਕ ਸਥਾਂਨ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕਰਕੇ ਉਥੇ ਰਾਮ ਮੰਦਰ ਉਸਾਰਨ ਦੀ ਸੋਚ ਨੂੰ ਅਮਲੀ ਰੂਪ ਦੇਣ, ਫਿਰ 2002 ਵਿਚ ਗੁਜਰਾਤ ਵਿਚ ਮੁਸਲਿਮ ਕੌਮ ਦਾ ਕਤਲੇਆਮ ਕਰਨ, ਉਨ੍ਹਾਂ ਦੀਆਂ ਬੀਬੀਆਂ ਨਾਲ ਜਬਰ ਜਨਾਹ ਕਰਨ, ਫਿਰ 05 ਅਗਸਤ 2019 ਨੂੰ ਕਸ਼ਮੀਰੀਆਂ ਦੇ ਸੂਬੇ ਜੰਮੂ-ਕਸ਼ਮੀਰ ਦੀ ਖੁਦਮੁਖਤਿਆਰੀ ਨੂੰ ਜ਼ਬਰੀ ਖ਼ਤਮ ਕਰਕੇ ਉਥੇ ਧਾਰਾ 370 ਅਤੇ 35ਏ ਨੂੰ ਰੱਦ ਕਰਕੇ ਜੋ ਕਸ਼ਮੀਰੀਆਂ ਦੇ ਵਿਧਾਨਿਕ ਹੱਕ ਕੁੱਚਲੇ ਹਨ, ਸੀਆ-ਸੁੰਨੀ ਦੇ ਇਕੱਤਰ ਹੋਣ ਤੇ ਜੋ ਸੰਸਾਰ ਪੱਧਰ ਤੇ ਮੁਸਲਿਮ ਕੌਮ ਤੇ ਇਸਲਾਮਿਕ ਦੇਸ਼ਾਂ ਦੀ ਤਾਕਤ ਵਿਚ ਵਾਧਾ ਹੋਇਆ ਹੈ, ਇਸ ਨਾਲ ਸਭ ਮੁਲਕਾਂ ਵਿਚ ਵੱਸਣ ਵਾਲੇ ਮੁਸਲਿਮ ਅਤੇ ਹੋਰ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਵਿਸਵਾਸ ਵਿਚ ਵਾਧਾ ਹੋਵੇਗਾ ।

ਸ. ਮਾਨ ਨੇ ਇਸ ਗੱਲ ਤੇ ਗਹਿਰਾ ਦੁੱਖ ਜਾਹਰ ਕੀਤਾ ਕਿ ਇੰਡੀਆ ਦੇ ਮੁਤੱਸਵੀ ਸੋਚ ਵਾਲੇ ਹੁਕਮਰਾਨ ਮੁਸਲਿਮ ਬਾਦਸ਼ਾਹਾਂ ਵੱਲੋ ਮੁਸਲਿਮ ਨਾਵਾਂ ਤੇ ਵਸਾਏ ਗਏ ਅਤੇ ਆਬਾਦ ਕੀਤੇ ਗਏ ਵੱਡੇ ਸ਼ਹਿਰ ਜਿਵੇ ਇਲਾਹਾਬਾਦ, ਔਰਾਗਾਬਾਦ, ਮੁਗਲ ਸਰਾਏ, ਸੁਲਤਾਨਪੁਰ, ਮਿਰਾਜਪੁਰ, ਅਲੀਗੜ੍ਹ, ਫਿਰੋਜ਼ਾਬਾਦ, ਮੈਨਪੁਰੀ, ਆਗਰਾ, ਮੁਜੱਫਰਨਗਰ, ਮਿਆਗੰਜ ਆਦਿ ਸ਼ਹਿਰਾਂ ਦੇ ਨਾਮ ਬਦਲਕੇ ਪ੍ਰਿਯਾਗਰਾਜ, ਅਯੋਧਿਆ, ਕੁੱਸ ਭਵਨਪੁਰ, ਹਰੀਗੜ੍ਹ, ਮਾਇਆ ਨਗਰ, ਚੰਦਰਾ ਨਗਰ, ਵਿਨਦਿਆ ਧਾਮ, ਅਗਰਵਾਨ, ਲਕਛਮੀ ਨਗਰ ਆਦਿ ਹਿੰਦੂ ਨਾਮ ਦੇ ਦਿੱਤੇ ਗਏ ਹਨ। ਇਹ ਫਿਰਕੂ ਸੋਚ ਅਤੇ ਘੱਟ ਗਿਣਤੀਆਂ ਦੀਆਂ ਨਿਸਾਨੀਆਂ ਨੂੰ ਖਤਮ ਕਰਨ ਦੀ ਮੰਦਭਾਵਨਾ ਹੈ । ਜੋ ਨਹੀ ਹੋਣੀ ਚਾਹੀਦੀ । ਇਸੇ ਤਰ੍ਹਾਂ ਮੁਗਲ ਗਾਰਡਨ ਜਿਸਦਾ ਆਪਣਾ ਇਕ ਇਤਿਹਾਸ ਹੈ, ਉਸਦਾ ਨਾਮ ਬਦਲੇ ਅੰਮ੍ਰਿਤ ਊਦਿਆਣ ਰੱਖ ਦਿੱਤਾ ਗਿਆ ਹੈ । ਇਸੇ ਤਰ੍ਹਾਂ 15 ਦਸੰਬਰ 2019 ਨੂੰ ਜਾਮੀਆ ਮਿਲਿਆ ਇਸਲਾਮਿਆ ਯੂਨੀਵਰਸਿਟੀ ਨੂੰ ਨਿਸ਼ਾਨਾਂ ਬਣਾਉਦੇ ਹੋਏ ਹੁਕਮਰਾਨਾਂ ਨੇ ਸਾਜਸੀ ਢੰਗ ਨਾਲ ਦੰਗੇ ਕਰਵਾਏ ਜਿਸ ਵਿਚ 200 ਮੁਸਲਿਮ ਵਿਦਿਆਰਥੀ ਬੁਰੀ ਤਰ੍ਹਾਂ ਜਖਮੀ ਹੋਏ । ਇਹ ਵੀ ਫਿਰਕੂ ਸੋਚ ਦਾ ਹੀ ਨਤੀਜਾ ਸੀ । 

ਸ. ਮਾਨ ਨੇ ਇਰਾਨ ਤੇ ਸਾਊਦੀ ਅਰਬ ਦੀ ਹਕੂਮਤ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਸਿੱਖ ਧਰਮ ਵਿਚ ਅਤੇ ਸਿੱਖ ਗ੍ਰੰਥਾਂ ਵਿਚ ਫਾਰਸੀ ਬੋਲੀ ਦਾ ਬਹੁਤ ਵੱਡਾ ਮਹੱਤਵ ਹੈ । ਇਸ ਲਈ ਸਿੱਖ ਕੌਮ ਨੂੰ ਫਾਰਸੀ ਦੀ ਵਾਕਫੀਅਤ ਹੋਣਾ ਅਤਿ ਜ਼ਰੂਰੀ ਹੈ । ਜੇਕਰ ਇਰਾਨ ਦੀ ਹਕੂਮਤ ਸਾਨੂੰ ਪੰਜਾਬ ਵਿਚ ਇਕ ਵੱਡਾ ਫਾਰਸੀ ਨੂੰ ਸਿਖਾਉਣ ਦਾ ਸੈਂਟਰ ਉਪਲੱਬਧ ਕਰ ਦੇਵੇ ਤਾਂ ਇਸ ਨਾਲ ਸਿੱਖ ਕੌਮ ਨੂੰ ਫਾਰਸੀ ਬੋਲੀ-ਭਾਸ਼ਾ ਦੀ ਜਿਥੇ ਡੂੰਘੀ ਜਾਣਕਾਰੀ ਪ੍ਰਾਪਤ ਹੋ ਜਾਵੇਗੀ, ਉਥੇ ਇਸ ਬੋਲੀ-ਭਾਸ਼ਾ ਰਾਹੀ ਇਰਾਨ ਅਤੇ ਸਾਊਦੀ ਅਰਬੀਆ ਨਾਲ ਵੀ ਸਿੱਖ ਕੌਮ ਦੇ ਆਪਸੀ ਸੰਬੰਧਾਂ ਵਿਚ ਹੋਰ ਪ੍ਰਫੁੱਲਤਾ ਹੋ ਸਕੇਗੀ । ਜੋ ਕਿ ਸੰਸਾਰ ਪੱਧਰ ਤੇ ਤੇਜ਼ੀ ਨਾਲ ਬਦਲ ਦੀਆਂ ਪ੍ਰਸਥਿਤੀਆਂ ਲਈ ਆਉਣ ਵਾਲੇ ਸਮੇ ਵਿਚ ਚੰਗੇ ਨਤੀਜੇ ਦੇਵੇਗਾ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਇਰਾਨ ਅਤੇ ਸਾਊਦੀ ਅਰਬ ਦੀਆਂ ਸਰਕਾਰਾਂ ਸਾਨੂੰ ਪੰਜਾਬ ਵਿਚ ਫਾਰਸੀ ਦੀ ਵਾਕਫੀਅਤ ਦੇਣ ਲਈ ਇਹ ਉੱਦਮ ਜ਼ਰੂਰ ਕਰਨਗੇ ।

Leave a Reply

Your email address will not be published. Required fields are marked *