ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ 07 ਅਪ੍ਰੈਲ ਨੂੰ ਕੀਤੀ ਜਾ ਰਹੀ ਇਕੱਤਰਤਾ ਵਿਚ ਪੰਥਕ ਮੁੱਦੇ ਵੀ ਵਿਚਾਰਣੇ ਅਤਿ ਜ਼ਰੂਰੀ : ਮਾਨ

ਚੰਡੀਗੜ੍ਹ, 06 ਅਪ੍ਰੈਲ ( ) “ਇੰਡੀਆ ਦੀ ਮੁਤੱਸਵੀ ਮੋਦੀ ਹਕੂਮਤ ਅਤੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਹਕੂਮਤ ਵੱਲੋਂ ਆਪਸੀ ਸਾਂਝ ਨਾਲ ਵਿਚਾਰਾਂ ਕਰਦੇ ਹੋਏ ਜੋ ਅਮਨਮਈ ਵੱਸਦੇ ਪੰਜਾਬ ਸੂਬੇ ਦੇ ਨਿਵਾਸੀਆ ਦੇ ਆਤਮਿਕ ਆਨੰਦ ਅਤੇ ਬਿਨ੍ਹਾਂ ਕਿਸੇ ਡਰ-ਭੈ ਦੇ ਜਿੰਦਗੀ ਜਿਊਣ ਦਾ ਅਮਲ ਸਹੀ ਢੰਗ ਨਾਲ ਚੱਲ ਰਿਹਾ ਸੀ, ਨੂੰ ਕਿਸੇ ਮੰਦਭਾਵਨਾ ਭਰੀ ਸੋਚ ਅਧੀਨ ਜੋ ਜਾਣਬੁੱਝ ਕੇ ਪੰਜਾਬ ਸੂਬੇ ਦੇ ਮਾਹੌਲ ਨੂੰ ਗੰਧਲਾ ਕਰਕੇ ਇਥੋ ਦੀ ਪੰਜਾਬੀ ਤੇ ਸਿੱਖ ਨੌਜਵਾਨੀ ਨੂੰ ਨਿਸ਼ਾਨਾਂ ਬਣਾਉਦੇ ਹੋਏ ਖੁਦ ਹੀ ਸਰਕਾਰਾਂ ਵੱਲੋ ਹਾਲਾਤ ਵਿਸਫੋਟਕ ਬਣਾਏ ਜਾ ਰਹੇ ਹਨ । ਪੰਜਾਬ ਸੂਬੇ ਵਿਚ ਬਣਾਉਟੀ ਤੌਰ ਤੇ ਦਹਿਸਤ ਪੈਦਾ ਕੀਤੀ ਜਾ ਰਹੀ ਹੈ, ਇਸ ਬਣੇ ਹਾਲਾਤਾਂ ਅਤੇ ਪੈਦਾ ਹੋਈ ਸਥਿਤੀ ਉਤੇ ਵਿਚਾਰਾਂ ਕਰਨ ਲਈ ਜੋ ਗਿਆਨੀ ਹਰਪ੍ਰੀਤ ਸਿੰਘ ਵੱਲੋ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 07 ਅਪ੍ਰੈਲ ਨੂੰ ਪੰਜਾਬ ਦੇ ਜਰਨਲਿਸਟਾਂ, ਪੱਤਰਕਾਰਾਂ ਅਤੇ ਉੱਘੇ ਲੇਖਕਾਂ ਦੀ ਇਕੱਤਰਤਾ ਸੱਦੀ ਗਈ ਹੈ, ਉਸ ਵਿਚ ਪੰਜਾਬ ਦੇ ਭਖਦੇ ਅਤਿ ਗੰਭੀਰ ਪੰਥਕ ਮਸਲਿਆ ਉਤੇ ਵੀ ਵਿਚਾਰ ਵਟਾਂਦਰਾ ਹੋਣਾ ਅਤਿ ਜ਼ਰੂਰੀ ਹੈ । ਇਸ ਲਈ ਗਿਆਨੀ ਹਰਪ੍ਰੀਤ ਸਿੰਘ ਅਤੇ ਇਸ ਇਕੱਤਰਤਾ ਵਿਚ ਪਹੁੰਚਣ ਵਾਲੇ ਜਰਨਲਿਸਟਾਂ ਨੂੰ ਇਹ ਸੰਜੀਦਗੀ ਭਰੀ ਅਪੀਲ ਹੈ ਕਿ ਪੈਦਾ ਹੋਏ ਹਾਲਾਤਾਂ ਦੇ ਨਾਲ-ਨਾਲ ਬੀਤੇ ਸਮੇ ਦੇ ਗੰਭੀਰ ਪੰਥਕ ਮਸਲਿਆ ਉਤੇ ਵੀ ਵਿਚਾਰ ਵਟਾਂਦਰਾ ਕਰਦੇ ਹੋਏ ਕੌਮੀ ਭਾਵਨਾਵਾ ਅਨੁਸਾਰ ਸਮੂਹਿਕ ਰੂਪ ਵਿਚ ਅਗਲਾ ਪੈਤੜਾਂ ਤੇ ਕਦਮ ਉਠਾਇਆ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਉਣ ਵਾਲੇ ਕੱਲ੍ਹ ਮਿਤੀ 07 ਅਪ੍ਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਗਿਆਨੀ ਹਰਪ੍ਰੀਤ ਸਿੰਘ ਵੱਲੋ ਪੰਜਾਬ ਦੇ ਦੂਰ ਅੰਦੇਸ਼ੀ ਰੱਖਣ ਵਾਲੇ ਜਰਨਲਿਸਟਾਂ, ਪੱਤਰਕਾਰਾਂ, ਲੇਖਕਾਂ ਦੀ ਸੱਦੀ ਇਕੱਤਰਤਾ ਵਿਚ ਦਰਪੇਸ਼ ਆ ਰਹੇ ਪੰਥਕ ਮੁੱਦਿਆ ਉਤੇ ਵੀ ਵਿਚਾਰ ਕਰਨ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦੋਵੇ ਸਰਕਾਰਾਂ ਦੁਆਰਾ ਖੁਦ ਪੈਦਾ ਕੀਤੇ ਜਾਣ ਵਾਲੇ ਦਹਿਸਤ ਵਾਲੇ ਹਾਲਾਤਾਂ ਦਾ ਮੁਕਾਬਲਾ ਕਰਨ ਲਈ, ਹਿੰਦੂਤਵ ਹੁਕਮਰਾਨਾਂ ਦੇ ਮਨਸੂਬਿਆ ਤੋ ਸਮੁੱਚੇ ਸੰਸਾਰ ਨੂੰ ਜਾਣੂ ਕਰਵਾਉਣ ਹਿੱਤ ਇਹ ਮੀਟਿੰਗ ਕਰਨਾ ਚੰਗੀ ਗੱਲ ਹੈ, ਲੇਕਿਨ ਹੁਣ ਤੱਕ ਲੰਮੇ ਸਮੇ ਤੋ ਖੜ੍ਹੇ ਪੰਥਕ ਮੁੱਦਿਆ ਉਤੇ ਗੱਲ ਨਾ ਕਰਨ ਨਾਲ, ਇਸ ਇਕੱਤਰਤਾ ਦੇ ਹੋਣ ਵਾਲੇ ਫੈਸਲਿਆ ਦਾ ਦੂਰ ਅੰਦੇਸ਼ੀ ਵਾਲਾ ਨਤੀਜਾ ਨਹੀ ਨਿਕਲ ਸਕੇਗਾ । ਇਸ ਲਈ ਜਿਨ੍ਹਾਂ ਮੁੱਖ ਮੁੱਦਿਆ ਜਿਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਅਪਮਾਨ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ, ਲਾਪਤਾ ਕੀਤੇ ਗਏ 328 ਪਾਵਨ ਸਰੂਪਾਂ, ਬਰਗਾੜੀ ਮੋਰਚੇ ਦੇ ਦੌਰਾਨ ਸ਼ਹੀਦ ਕੀਤੇ ਗਏ 2 ਸਿੱਖ ਨੌਜਵਾਨਾਂ, ਐਸ.ਜੀ.ਪੀ.ਸੀ ਦੀ ਸਿੱਖ ਪਾਰਲੀਮੈਟ ਦੀਆਂ ਬੀਤੇ 12 ਸਾਲਾਂ ਤੋ ਚੋਣਾਂ ਨਾ ਕਰਵਾਉਣ, ਸਿੱਖ ਇਕ ਵੱਖਰੀ ਕੌਮ, ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਆਦਿ ਮਸਲਿਆ ਉਤੇ ਵੀ ਵਿਚਾਰਾਂ ਕਰਦੇ ਹੋਏ ਇਕ ਕੌਮੀ ਰਾਏ ਬਣਨੀ ਜ਼ਰੂਰੀ ਹੈ । 

ਪਰ ਦੁੱਖ ਅਤੇ ਅਫਸੋਸ ਹੈ ਕਿ ਜਦੋ ਸਮੇ ਦੀ ਨਜਾਕਤ ਸਭ ਸਿੱਖ ਧਿਰਾਂ, ਸੰਗਠਨਾਂ, ਜਥੇਬੰਦੀਆਂ ਵੱਲੋ ਅਜਿਹੀਆ ਹੋਣ ਵਾਲੀਆ ਇਕੱਤਰਤਾਵਾ ਵਿਚ ਸੱਦਾ ਦੇਣਾ ਜ਼ਰੂਰੀ ਹੈ, ਤਾਂ ਉਸ ਸਮੇ ਗਿਆਨੀ ਹਰਪ੍ਰੀਤ ਸਿੰਘ ਵੱਲੋ ਮਿਤੀ 27 ਮਾਰਚ 2023 ਨੂੰ ਮੀਰੀ-ਪੀਰੀ ਦੇ ਮਹਾਨ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰੱਖੀ ਗਈ ਇਕੱਤਰਤਾ ਵਿਚ ਕੇਵਲ ਧਾਰਮਿਕ ਆਗੂਆ ਨੂੰ ਬੁਲਾਕੇ ਅਤੇ ਦੂਸਰੀਆਂ ਧਿਰਾਂ ਨੂੰ ਨਜ਼ਰ ਅੰਦਾਜ ਕਰਕੇ ਜੋ ਇਕੱਤਰਤਾ ਰੱਖੀ ਗਈ ਸੀ, ਉਹ ਤਾਂ ਮੀਰੀ-ਪੀਰੀ ਦੀ ਮਹਾਨ ਸੋਚ ਉਤੇ ਅਮਲ ਕਰਨ ਦੀ ਬਜਾਇ ਅਵੱਗਿਆ ਕਰਨ ਵਾਲੇ ਦੁੱਖਦਾਇਕ ਅਮਲ ਹੋਏ ਹਨ । ਜਦੋਕਿ ਇਸ ਔਖੀ ਘੜੀ ਵਿਚ ਸਿੱਖ ਕੌਮ ਦੇ ਸਭ ਵਰਗਾਂ ਦੀ ਸਮੂਹਿਕ ਏਕਤਾ ਨੂੰ ਬਲ ਦੇਣ ਵਾਲੇ ਅਮਲ ਹੋਣੇ ਚਾਹੀਦੇ ਸਨ । ਫਿਰ ਜਿਨ੍ਹਾਂ ਲੋਕਾਂ ਨੇ ਐਸ.ਜੀ.ਪੀ.ਸੀ. ਦੇ ਖਜਾਨੇ ਵਿਚੋਂ 92 ਲੱਖ ਰੁਪਏ ਖ਼ਰਚ ਕਰਕੇ, ਸਿਰਸੇਵਾਲੇ ਬਲਾਤਕਾਰੀ ਤੇ ਕਾਤਲ ਸਾਧ ਨੂੰ ਗੈਰ ਸਿਧਾਤਿਕ ਤਰੀਕੇ ਮੁਆਫ਼ੀ ਦਿਵਾਉਣ ਦੀ ਕਾਰਵਾਈ ਨੂੰ ਜਾਇਜ ਠਹਿਰਾਉਣ ਲਈ ਇਸਤਿਹਾਰਬਾਜੀ ਉਤੇ ਖਰਚ ਕਰਦੇ ਹੋਏ ਦੇਸ਼ ਵਿਦੇਸ਼ ਵਿਚ ਬੈਠੇ ਸਿੱਖਾਂ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਾਈ । ਜਿਸਦੀ ਬਦੌਲਤ ਬਾਹਰਲੇ ਮੁਲਕਾਂ ਦੇ ਸਿੱਖਾਂ ਨੇ ਹੋ ਰਹੇ ਜ਼ਬਰ ਜੁਲਮ ਵਿਰੁੱਧ ਇੰਡੀਆ ਦੇ ਸਫਾਰਤਖਾਨਿਆ ਤੇ ਇਕੱਠੇ ਹੋ ਕੇ ਰੋਸ਼ ਮੁਜਾਹਰੇ ਕੀਤੇ, ਉਨ੍ਹਾਂ ਦੀਆਂ ਭਾਵਨਾਵਾ ਨੂੰ ਵੀ ਮੱਦੇਨਜਰ ਰੱਖਦੇ ਹੋਏ ਅਮਲ ਹੋਣੇ ਚਾਹੀਦੇ ਸਨ ਜੋ ਕਿ 27 ਮਾਰਚ ਦੀ ਮੀਟਿੰਗ ਵਿਚ ਨਹੀ ਵਿਚਾਰੇ ਗਏ, ਕੋਈ ਗੱਲ ਨਹੀ । ਪਰ ਹੁਣ ਜਦੋ ਪੰਜਾਬ ਸੂਬੇ ਦੇ, ਪੰਜਾਬੀਆਂ ਤੇ ਸਿੱਖ ਕੌਮ ਉਤੇ ਹੋ ਰਹੇ ਸਰਕਾਰੀ ਜ਼ਬਰ, ਪਾਈ ਜਾ ਰਹੀ ਦਹਿਸਤ, ਨੌਜਵਾਨਾਂ ਦੀ ਫੜੋ-ਫੜਾਈ ਅਤੇ ਉਨ੍ਹਾਂ ਕੋਲੋ ਨਿੱਜੀ ਦਸਤਾਵੇਜ ਮੰਗਦੇ ਹੋਏ ਕੀਤੀਆ ਜਾ ਰਹੀਆ ਗੈਰ ਕਾਨੂੰਨੀ ਜਾਚਾਂ ਰਾਹੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ 07 ਅਪ੍ਰੈਲ ਨੂੰ ਹੋਣ ਵਾਲੀ ਇਕੱਤਰਤਾ ਵਿਚ ਗਿਆਨੀ ਜੀ ਨੂੰ ਇਹ ਸਭ ਵਿਚਾਰਾਂ ਕਰਨੀਆ ਬਣਦੀਆ ਹਨ । ਜੇਕਰ ਪ੍ਰਬੰਧਕਾਂ ਵੱਲੋ ਕਿਸੇ ਸਿਆਸੀ ਪ੍ਰਭਾਵ ਅਧੀਨ ਇਹ ਗੰਭੀਰ ਮੁੱਦੇ ਨਹੀ ਛੋਹੇ ਜਾਂਦੇ ਤਾਂ ਇਸ ਇਕੱਤਰਤਾ ਵਿਚ ਪਹੁੰਚਣ ਵਾਲੇ ਜਰਨਲਿਸਟਾਂ, ਵਿਦਵਾਨਾਂ, ਬੁੱਧੀਜੀਵੀਆਂ ਨੂੰ ਇਹ ਵਿਚਾਰਾਂ ਦ੍ਰਿੜਤਾ ਨਾਲ ਜ਼ਰੂਰ ਕਰਨੀਆ ਚਾਹੀਦੀਆ ਹਨ । ਤਾਂ ਕਿ ਕੌਮ ਦੀ ਇਨ੍ਹਾਂ ਮਸਲਿਆ ਤੇ ਇਕ ਰਾਏ ਬਣਦੀ ਹੋਈ ਕੌਮੀ ਸੰਘਰਸ਼ ਦੀ ਸਹੀ ਦਿਸ਼ਾ ਵੱਲ ਫੈਸਲਾਕੁੰਨ ਗੱਲ ਸਾਹਮਣੇ ਆ ਸਕੇ । 

Leave a Reply

Your email address will not be published. Required fields are marked *