ਬੇਮੌਸਮੀ ਤੀਜੀ ਵਾਰ ਹੋਈ ਬਾਰਿਸ ਨਾਲ ਕਣਕ ਦੀ ਫ਼ਸਲ ਦੇ ਹੋਏ ਵੱਡੇ ਨੁਕਸਾਨ ਦਾ ਸਰਕਾਰ ਫੌਰੀ ਸੈਟੇਲਾਇਟ ਰਾਹੀ ਗਰਦਾਵਰੀ ਕਰਵਾਕੇ ਮੁਆਵਜਾ ਦੇਵੇ : ਇਮਾਨ ਸਿੰਘ ਮਾਨ

ਸੰਗਰੂਰ/ਬਰਨਾਲਾ, 31 ਮਾਰਚ ( ) “ਜਿੰਮੀਦਾਰਾਂ ਵੱਲੋਂ ਪੈਦਾ ਕੀਤੀ ਜਾਣ ਵਾਲੀ ਕਣਕ ਦੀ ਫ਼ਸਲ ਅਜੇ ਹਰੀ ਹੀ ਖੜ੍ਹੀ ਹੈ ਜਦੋਕਿ ਬੇਮੌਸਮੀ ਬਾਰਿਸ ਦਾ ਤੀਜੀ ਵਾਰ ਹੋਣ ਨਾਲ ਸਮੁੱਚੇ ਪੰਜਾਬ ਅਤੇ ਆਲੇ ਦੁਆਲੇ ਦੇ ਇਲਾਕਿਆ ਵਿਚ ਕਣਕ ਦੀ ਫ਼ਸਲ ਬੁਰੀ ਤਰ੍ਹਾਂ ਡਿੱਗ ਗਈ ਹੈ ਅਤੇ ਬਹੁਤ ਵੱਡਾ ਮਾਲੀ ਨੁਕਸਾਨ ਹੋਇਆ ਹੈ । ਉਸ ਨਾਲ ਕਿਸਾਨ ਵਰਗ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰ ਵੱਡੀ ਚਿੰਤਾ ਵਿਚ ਹਨ ਕਿ ਉਹ ਕਿਸ ਤਰ੍ਹਾਂ ਆਪਣਾ ਗੁਜਾਰਾ ਤੇ ਜੀਵਨ ਨਿਰਵਾਹ ਕਰਨਗੇ ? ਇਸ ਲਈ ਸਰਕਾਰ ਨੂੰ ਕਿਸਾਨ ਵਰਗ ਨਾਲ ਸੰਬੰਧਤ ਇਸ ਅਤਿ ਗੰਭੀਰ ਵਿਸੇ ਉਤੇ ਫੌਰੀ ਗੌਰ ਕਰਦੇ ਹੋਏ ਸੈਟੇਲਾਇਟ ਰਾਹੀ ਗਰਦਾਵਰੀਆਂ ਕਰਵਾਕੇ, ਨੁਕਸਾਨੀ ਗਈ ਕਣਕ ਦੀ ਫ਼ਸਲ ਦੇ ਕਾਸਤਕਾਰਾਂ ਤੇ ਜ਼ਮੀਨ ਦੇ ਮਾਲਕਾਂ ਨੂੰ ਬਣਦਾ ਮੁਆਵਜਾ ਜਿੰਨੀ ਜਲਦੀ ਹੋ ਸਕੇ ਉਨ੍ਹਾਂ ਦੇ ਹੱਥਾਂ ਵਿਚ ਪਹੁੰਚਦਾ ਕਰਨਾ ਚਾਹੀਦਾ ਹੈ । ਤਾਂ ਕਿ ਜਿੰਮੀਦਾਰ ਪਰਿਵਾਰਾਂ ਉਤੇ ਪਏ ਮਾਨਸਿਕ ਅਤੇ ਮਾਲੀ ਬੋਝ ਨੂੰ ਦੂਰ ਕਰਦੇ ਹੋਏ ਉਨ੍ਹਾਂ ਦੀ ਸਹਾਇਤਾ ਹੋ ਸਕੇ ਅਤੇ ਉਨ੍ਹਾਂ ਪਰਿਵਾਰਾਂ ਦੀ ਆਪਣੇ ਜੀਵਨ ਸੰਬੰਧੀ ਵੱਡੀ ਚਿੰਤਾ ਖਤਮ ਹੋ ਸਕੇ ।”

ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਫ਼ਤਹਿਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਬਰਨਾਲਾ ਆਦਿ ਜਿ਼ਲ੍ਹਿਆਂ ਦੇ ਇਲਾਕੇ ਦਾ ਦੌਰਾ ਕਰਦੇ ਹੋਏ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ ਕਣਕ ਦੀ ਫ਼ਸਲ ਦੀ ਪੈਦਾ ਹੋਈ ਚਿੰਤਾ ਨੂੰ ਦੂਰ ਕਰਨ ਲਈ ਸਰਕਾਰ ਨੂੰ ਫੌਰੀ ਸੈਟੇਲਾਇਟ ਪ੍ਰਣਾਲੀ ਰਾਹੀ ਗਰਦਾਵਰੀਆਂ ਕਰਵਾਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਪਹੁੰਚਦਾ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮਾਲ ਵਿਭਾਗ ਮਹਿਕਮਾ ਅਕਸਰ ਹੀ ਅਜਿਹੇ ਸਮਿਆ ਉਤੇ ਕਿਸਾਨਾਂ ਨੂੰ ਮੁਆਵਜਾ ਦੇਣ ਦੀ ਬਿਆਨਬਾਜੀ ਜ਼ਰੂਰ ਕਰਦੇ ਹਨ, ਪਰ ਸਹੀ ਸਮੇ ਤੇ ਉਨ੍ਹਾਂ ਨੂੰ ਮਿਲਣ ਵਾਲੀ ਮਾਲੀ ਮਦਦ ਦਾ ਪ੍ਰਬੰਧ ਨਾ ਕਰਕੇ ਉਨ੍ਹਾਂ ਦੀ ਵੱਡੀ ਚਿੰਤਾ ਨੂੰ ਘਟਾਉਣ ਦੀ ਬਜਾਇ ਵਧਾਉਣ ਦੇ ਹੀ ਜਿੰਮੇਵਾਰ ਬਣਦੇ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਇਹ ਸੰਜ਼ੀਦਾ ਅਪੀਲ ਹੈ ਕਿ ਉਹ ਪੀੜ੍ਹਤ ਕਿਸਾਨਾਂ ਦੇ ਦੁੱਖ ਨੂੰ ਮਹਿਸੂਸ ਕਰਦੇ ਹੋਏ, ਇਸ ਵਿਸ਼ੇ ਤੇ ਅਮਲੀ ਕਦਮ ਉਠਾਉਣ । ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰਾਂ ਪਟਵਾਰੀਆ ਰਾਹੀ ਗਰਦਾਵਰੀਆ ਕਰਵਾਉਣ ਦੀ ਗੱਲ ਨੂੰ ਲੈਕੇ ਲੰਮਾਂ ਸਮਾਂ ਲੰਘਾ ਦਿੰਦੀਆ ਹਨ ਅਤੇ ਕਈ ਵਾਰੀ ਤਾਂ ਇਹ ਮੁਆਵਜੇ ਦੀਆਂ ਗੱਲਾਂ ਅਖਬਾਰੀ ਹੀ ਰਹਿ ਜਾਂਦੀਆ ਹਨ । ਇਸ ਲਈ ਸਾਡੀ ਇਹ ਜੋਰਦਾਰ ਮੰਗ ਹੈ ਕਿ ਸੈਟਰ ਅਤੇ ਪੰਜਾਬ ਸਰਕਾਰ ਵੱਲੋ ਜਿਵੇ ਪਰਾਲੀ ਸਾੜਨ ਦੇ ਮਾਮਲੇ ਵਿਚ ਸੈਟੇਲਾਇਟ ਪ੍ਰਣਾਲੀ ਦੀ ਵਰਤੋ ਕਰਕੇ ਸੰਬੰਧਤ ਕਿਸਾਨਾਂ ਨੂੰ ਜੁਰਮਾਨੇ ਕਰਦੀ ਰਹੀ ਹੈ, ਉਸੇ ਪ੍ਰਣਾਲੀ ਦੀ ਹੁਣ ਵਰਤੋ ਕਰਕੇ ਸਰਕਾਰ ਫੌਰੀ ਨੁਕਸਾਨੀ ਗਈ ਫ਼ਸਲ ਤੋ ਪੀੜ੍ਹਤ ਜਿੰਮੀਦਾਰ ਪਰਿਵਾਰਾਂ ਨੂੰ ਫੋਰੀ ਮਾਲੀ ਮਦਦ ਪਹੁੰਚਾਈ ਜਾਵੇ ਅਤੇ ਉਨ੍ਹਾਂ ਦੇ ਜੀਵਨ ਨਿਰਵਾਹ ਉਤੇ ਲੱਗੇ ਡੂੰਘੇ ਪ੍ਰਸ਼ਨ ਚਿੰਨ੍ਹ ਦਾ ਫੌਰੀ ਹੱਲ ਕੀਤਾ ਜਾਵੇ ।

Leave a Reply

Your email address will not be published. Required fields are marked *