ਅਫਗਾਨੀਸਤਾਨ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਇਸ ਅਫਗਾਨੀਸਤਾਨ ਨੂੰ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਹੀ ਫ਼ਤਹਿ ਕੀਤਾ ਸੀ, ਹੋਰ ਕੋਈ ਨਹੀ ਸੀ ਕਰ ਸਕਿਆ : ਮਾਨ

ਫ਼ਤਹਿਗੜ੍ਹ ਸਾਹਿਬ, 25 ਮਾਰਚ ( ) “ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਅਫ਼ਗਾਨੀਸਤਾਨ ਸੰਬੰਧੀ ਦਿੱਤੀ ਬਿਆਨਬਾਜੀ ਦਾ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਸ. ਭਗਵੰਤ ਮਾਨ ਨੂੰ ਇਹ ਨਹੀ ਪਤਾ ਕਿ ਅਫਗਾਨੀਸਤਾਨ ਦੇ ਕਸ਼ਮੀਰ ਸੂਬੇ ਨੂੰ 1819 ਵਿਚ ਮਹਾਰਾਜਾ ਰਣਜੀਤ ਸਿੰਘ ਦੀਆਂ ਖ਼ਾਲਸਾ ਫ਼ੌਜਾਂ ਨੇ ਫ਼ਤਹਿ ਕਰਕੇ ਆਪਣੇ ਰਾਜ ਭਾਗ ਵਿਚ ਸ਼ਾਮਿਲ ਕੀਤਾ ਸੀ । ਇਸੇ ਤਰ੍ਹਾਂ ਲਦਾਖ ਨੂੰ 1834 ਵਿਚ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਫ਼ਤਹਿ ਕੀਤਾ ਸੀ । ਇਸ ਤੋਂ ਇਲਾਵਾ ਨਾ ਬਰਤਾਨੀਆ, ਨਾ ਰੂਸ, ਨਾ ਅਮਰੀਕਾ, ਅਤੇ ਨਾ ਹੀ ਕੋਈ ਹੋਰ ਮੁਲਕ ਦੀ ਫ਼ੌਜੀ ਤਾਕਤ ਅੱਜ ਤੱਕ ਅਫਗਾਨੀਸਤਾਨ ਉਤੇ ਫਤਹਿ ਨਹੀ ਪ੍ਰਾਪਤ ਕਰ ਸਕੀ । ਜਿਸ ਕਸ਼ਮੀਰ ਅਤੇ ਲਦਾਖ ਨੂੰ ਅਸੀ ਆਪਣੇ ਰਾਜ ਭਾਗ ਦਾ ਹਿੱਸਾ ਬਣਾਇਆ ਸੀ, ਉਹ ਅੱਧਾ ਕਸ਼ਮੀਰ ਅੱਜ ਪਾਕਿਸਤਾਨ ਦੇ ਕਬਜੇ ਵਿਚ ਹੈ । ਸਾਡੇ ਲਦਾਖ ਜਿੱਤੇ ਇਲਾਕੇ ਦਾ 39000 ਸਕੇਅਰ ਵਰਗ ਕਿਲੋਮੀਟਰ 1962 ਵਿਚ ਚੀਨ ਨੇ ਇਨ੍ਹਾਂ ਤੋ ਖੋਹ ਲਿਆ । 2020 ਅਤੇ 2022 ਵਿਚ 2000 ਸਕੇਅਰ ਵਰਗ ਕਿਲੋਮੀਟਰ ਇਲਾਕਾ ਚੀਨ ਵੱਲੋਂ ਕਬਜਾ ਕਰ ਲਿਆ ਗਿਆ । ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਫਗਾਨੀਸਤਾਨ ਦੇ ਬਾਦਸ਼ਾਹ ਸ਼ਾਹ ਸੂਜਾ ਦੁਰਾਨੀ ਤੋਂ ਕੋਹੇਨੂਰ ਹੀਰਾ ਪ੍ਰਾਪਤ ਕੀਤਾ ਸੀ ਜਿਸਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਲਾਹੌਰ ਖ਼ਾਲਸਾ ਰਾਜ ਦਰਬਾਰ ਦੇ ਸਮੇ ਪਨਾਹ ਵੀ ਦਿੱਤੀ ਸੀ । ਇਹ ਮੋਦੀ-ਸ਼ਾਹ ਅਤੇ ਭਗਵੰਤ ਮਾਨ ਫੋਕੇ ਦਗਮਜੇ ਮਾਰਨ ਵਾਲੇ ਅਜੇ ਤੱਕ ਸਾਡੇ ਖ਼ਾਲਸਾ ਰਾਜ ਦੇ ਇਹ ਇਲਾਕੇ ਵਾਪਸ ਨਹੀ ਲੈ ਸਕੇ । ਸਾਨੂੰ ਉਪਰੋਕਤ ਜੰਗਜੂ ਇਲਾਕੇ ਫਤਹਿ ਕਰਨ ਵਾਲਿਆ ਨੂੰ ਇਹ ਅੱਜ ਗਿੱਦੜ ਭਬਕੀਆ ਰਾਹੀ ਡਰਾਵੇ ਦੇ ਰਹੇ ਹਨ । ਜਦੋਕਿ ਇਨ੍ਹਾਂ ਨੇ ਸਾਡੇ ਇਤਿਹਾਸ ਦਾ ਵੱਡਾ ਹਿੱਸਾ ਅਜੇ ਤੱਕ ਪੜ੍ਹਿਆ ਹੀ ਨਹੀ । ਇਹ ਮੁਕਾਰਤਾ ਨਾਲ ਭਰੇ ਹੁਕਮਰਾਨ ਅਤੇ ਉਨ੍ਹਾਂ ਦੇ ਗੁਲਾਮ ਬਣੇ ਭਗਵੰਤ ਸਿੰਘ ਮਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਫਗਾਨੀਸਤਾਨ ਨਾਲ ਕਿਵੇ ਸਿੰਝਣਾ ਹੈ, ਮੁਕਾਰਤਾ ਨਾਲ ਭਰੇ ਹੁਕਮਰਾਨਾਂ ਨਾਲ ਕਿਵੇ ਅਤੇ ਉਨ੍ਹਾਂ ਦੇ ਗੁਲਾਮ ਬਣੇ ਸ੍ਰੀ ਕੇਜਰੀਵਾਲ ਅਤੇ ਭਗਵੰਤ ਮਾਨ ਨਾਲ ਕਿਵੇ । ਇਹ ਸਾਨੂੰ ਆਪਣੀਆ ਫ਼ੌਜਾਂ ਤੇ ਹੋਰ ਤਾਕਤ ਦੇ ਡਰਾਵੇ ਨਾ ਦੇਣ ਆਪਣੇ ਅੰਦਰ ਅਤੇ ਸਾਡੇ ਸਿੱਖ ਇਤਿਹਾਸ ਤੇ ਝਾਂਤੀ ਮਾਰ ਲੈਣ ਕਿ ਸੰਗਰੂਰ ਦਾ ਉਹ ਇਲਾਕਾ ਤੇ ਸੰਗਰੂਰ ਦੇ ਨਿਵਾਸੀ ਤੇ ਅਕਾਲੀ ਫੂਲਾ ਸਿੰਘ ਵਰਗੇ ਐਨੇ ਬਹਾਦਰ ਹਨ ਜਿਨ੍ਹਾਂ ਨੇ ਅਹਿਮਦਸ਼ਾਹ ਅਬਦਾਲੀ ਵਰਗੇ ਜਾਲਮ ਨੂੰ ਕੁੱਪ, ਕੁਤਬ ਅਤੇ ਗਹਿਲਾ ਦੀ ਵੱਡੇ ਘੱਲੂਘਾਰਿਆ ਵਿਚ ਮੂੰਹ ਤੋੜ ਜੁਆਬ ਦੇ ਕੇ ਐਸਾ ਭਜਾਇਆ ਕਿ ਮੁੜ ਕੋਈ ਵੀ ਹਮਲਾਵਰ ਅਫਗਾਨੀਸਤਾਨ ਵਾਲੇ ਪਾਸਿਓ ਅਤੇ ਖੈਬਰ ਦਰੇ ਵਿਚੋ ਪੰਜਾਬ ਵੱਲ ਦਾਖਲ ਹੋਣ ਦੀ ਜੁਰਅਤ ਨਾ ਕਰ ਸਕਿਆ ।”

ਉਨ੍ਹਾਂ ਕਿਹਾ ਕਿ ਜਦੋਂ ਚੀਨ ਨੇ ਸੀਆ ਅਤੇ ਸੁੰਨੀ ਮੁਸਲਮਾਨਾਂ ਨੂੰ ਸੰਸਾਰ ਪੱਧਰ ਤੇ ਇਕੱਤਰ ਕਰ ਦਿੱਤਾ ਹੈ ਤਾਂ ਹੁਣ ਸੰਸਾਰ ਦੀ ਭੂਗੋਲਿਕ ਸਥਿਤੀ ਬਦਲ ਚੁੱਕੀ ਹੈ । ਅਮਰੀਕਾ, ਆਸਟ੍ਰੇਲੀਆ, ਬਰਤਾਨੀਆ, ਕੈਨੇਡਾ ਵਰਗੇ ਵੱਡੇ ਮੁਲਕਾਂ ਵਿਚ ਉਥੋ ਦੇ ਸਿੱਖ ਵੱਡੇ ਪੱਧਰ ਤੇ ਰੋਸ਼ ਵਿਖਾਵੇ ਕਰਕੇ ਇਨ੍ਹਾਂ ਮੁਤੱਸਵੀ ਹੁਕਮਰਾਨਾਂ ਦੇ ਰਾਜ ਪ੍ਰਬੰਧ ਦਾ ਜਨਾਜ਼ਾਂ ਕੱਢ ਰਹੇ ਹਨ । ਹੁਣ ਸਿੱਖ ਸੁੱਤੇ ਨਹੀ ਪਏ ਬਲਕਿ ਉਹ ਮੁਤੱਸਵੀ ਹੁਕਮਰਾਨਾਂ ਅਤੇ ਉਨ੍ਹਾਂ ਦੇ ਗੁਲਾਮ ਬਣੇ ਕੇਜਰੀਵਾਲ ਅਤੇ ਭਗਵੰਤ ਮਾਨ ਵਰਗਿਆ ਦੀ ਹਰ ਕਾਰਵਾਈ ਉਤੇ ਬਾਜ਼ ਨਜ਼ਰ ਰੱਖ ਰਹੇ ਹਨ । ਬਾਜ ਨੇ ਕਦੋ ਆਪਣੇ ਸਿ਼ਕਾਰ ਉਤੇ ਝੱਪਟਣਾ ਹੈ, ਇਹ ਬਾਜ਼ ਨੂੰ ਪਤਾ ਹੈ ਸਿ਼ਕਾਰ ਹੋਣ ਵਾਲੇ ਨੂੰ ਨਹੀਂ । ਉਨ੍ਹਾਂ ਕਿਹਾ ਕਿ ਮੁਤੱਸਵੀ ਹੁਕਮਰਾਨਾਂ ਨੇ ਬੀਤੇ ਲੰਮੇ ਸਮੇ ਤੋਂ ਲਹਿੰਦੇ ਉੱਤਰੀ ਅਤੇ ਚੜ੍ਹਦੇ ਵਾਲੇ ਸੂਬਿਆਂ ਵਿਚ ਵੱਸ ਰਹੀਆ ਕੌਮਾਂ ਨਾਲ ਜੋ ਜ਼ਬਰ ਬੇਇਨਸਾਫ਼ੀਆਂ ਦਾ ਦੌਰ ਸੁਰੂ ਕੀਤਾ ਹੋਇਆ ਹੈ, ਉਸ ਅਧੀਨ 1966 ਵਿਚ ਮਿਜੋ ਨਾਂਗਿਆ ਨਾਲ ਮਰਹੂਮ ਇੰਦਰਾ ਗਾਂਧੀ ਨੇ ਆਪਣੇ ਹੀ ਲੋਕਾਂ ਉਤੇ ਅੱਗ ਦੇ ਬੰਬਾਂ ਦੀ ਬੰਬਾਰਮੈਂਟ ਕਰਕੇ ਏਅਰਫੋਰਸ ਤੋ ਕਤਲੇਆਮ ਕਰਵਾਇਆ । ਫਿਰ ਮਾਰਚ 1966 ਵਿਚ ਬਸਤਰ ਦੇ ਰਾਜਾ ਪਰਾਵੀਰ ਚੰਦਰਾ ਭਾਨ ਦਿਓ ਜੋ ਆਦਿਵਾਸੀਆ ਦੇ ਹੱਕ ਹਕੂਕਾ ਦੀ ਰੱਖਿਆ ਲਈ ਸੰਘਰਸ਼ ਕਰ ਰਿਹਾ ਸੀ, ਉਸਨੂੰ ਆਪਣੇ ਹੀ ਫ਼ੌਜੀ ਤੇ ਹੋਰ ਤਾਕਤਾਂ ਨਾਲ ਸਾਜਸੀ ਢੰਗ ਨਾਲ ਮਰਵਾ ਦਿੱਤਾ ਸੀ । ਫਿਰ 1984 ਵਿਚ ਇਨ੍ਹਾਂ ਮੁਕਾਰਤਾ ਨਾਲ ਭਰੇ ਹੁਕਮਰਾਨਾਂ ਨੇ ਕੇਵਲ ਸਾਡੇ ਸ੍ਰੀ ਅਕਾਲ ਤਖ਼ਤ ਤੇ ਸ੍ਰੀ ਦਰਬਾਰ ਸਾਹਿਬ ਉਤੇ ਰੂਸ ਤੇ ਬਰਤਾਨੀਆ ਦੀਆਂ ਫ਼ੌਜਾਂ ਨਾਲ ਮਿਲਕੇ ਬਲਿਊ ਸਟਾਰ ਦਾ ਹਮਲਾ ਕਰਕੇ ਢਹਿ-ਢੇਰੀ ਹੀ ਨਹੀ ਕਰਵਾਏ ਬਲਕਿ 25 ਹਜਾਰ ਨਿਰਦੋਸ਼ ਅਤੇ ਨਿਹੱਥੇ ਸਿੱਖ ਸਰਧਾਲੂਆਂ ਦਾ ਵੀ ਵੈਹਸੀਆਨਾ ਢੰਗ ਨਾਲ ਕਤਲੇਆਮ ਕੀਤਾ ਹੈ । ਫਿਰ ਅਕਤੂਬਰ 1984 ਵਿਚ ਇਕ ਡੂੰਘੀ ਸਾਜਿਸ ਤਹਿਤ ਮੁਲਕ ਦੇ ਵੱਖ-ਵੱਖ ਹਿੱਸਿਆ ਵਿਚ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ ਗਈ, ਕਤਲੇਆਮ ਕੀਤਾ ਗਿਆ, ਜ਼ਬਰ-ਜ਼ਨਾਹ ਕੀਤੇ ਗਏ । ਇਸ ਤੋ ਇਲਾਵਾ ਕਸ਼ਮੀਰ ਵਿਚ ਅਫਸਪਾ ਵਰਗੇ ਕਾਲੇ ਕਾਨੂੰਨ ਲਗਾਕੇ ਕਸ਼ਮੀਰੀਆਂ ਨੂੰ ਕੋਹ ਕੋਹਕੇ ਅਣਮਨੁੱਖੀ ਢੰਗ ਨਾਲ ਮਾਰਿਆ ਗਿਆ । ਜ਼ਬਰ-ਜ਼ਨਾਹ ਕੀਤੇ ਗਏ, ਸਰੀਰਕ ਅਤੇ ਮਾਨਸਿਕ ਤਸੱਦਦ ਕੀਤੇ ਗਏ, ਅਗਵਾਹ ਕੀਤੇ ਗਏ ਆਦਿ । ਹੁਣ ਸੰਸਾਰਿਕ, ਭੂਗੋਲਿਕ ਸਥਿਤੀ ਬਦਲ ਚੁੱਕੀ ਹੈ ਸਿੱਖ ਕੌਮ ਖ਼ਤਰਿਆ ਵਿਚ ਜੰਮੀ ਹੈ, ਖਤਰਿਆ ਵਿਚ ਵਿਚਰਦੀ ਹੈ, ਖਤਰਿਆ ਨਾਲ ਖੇਡਕੇ ਹੀ ਦੁਸ਼ਮਣ ਨੂੰ ਕਦੋ ਤੇ ਕਿਵੇ ਸਬਕ ਸਿਖਾਉਣਾ ਹੈ, ਇਹ ਸਿੱਖਾਂ ਨੂੰ ਪਤਾ ਹੈ । ਸਿੱਖ ਕਦੇ ਵੀ ਕਿਸੇ ਤਰ੍ਹਾਂ ਦੇ ਜ਼ਬਰ ਜੁਲਮ ਅੱਗੇ ਨਾ ਝੁਕੇ ਹਨ, ਨਾ ਝੁਕਣਗੇ । ਸਿੱਖ ਕਦੀ ਵੀ ਹਾਰ ਨੂੰ ਪ੍ਰਵਾਨ ਨਹੀ ਕਰਦੇ ਅਤੇ ਨਾ ਹੀ ਦੁਸ਼ਮਣ ਨੂੰ ਕਦੀ ਭੁੱਲਦੇ ਹਨ । ਇਸ ਗੱਲ ਦਾ ਇਥੋ ਦੇ ਹੁਕਮਰਾਨਾਂ ਅਤੇ ਭਗਵੰਤ ਮਾਨ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ । 

Leave a Reply

Your email address will not be published. Required fields are marked *